ਰਾਇ ਬੁਲਾਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਾਇ ਬੁਲਾਰ (ਅਨੁ. ਮ. 1515 ਈ.): ਜਨਮਸਾਖੀ ਸਾਹਿਤ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਦੈਵੀ ਅਜ਼ਮਤ ਨੂੰ ਪਛਾਣਨ ਵਾਲਾ ਪਹਿਲਾ ਵਿਅਕਤੀ ਰਾਇ ਬੁਲਾਰ ਸੀ। ਭੱਟੀ ਜਾਤਿ ਦਾ ਮੁਸਲਮਾਨ ਰਾਇ ਬੁਲਾਰ ਪੰਦਰ੍ਹਵੀਂ ਸਦੀ ਦੇ ਪਿਛਲੇ ਅੱਧ ਵਿਚ ਤਲਵੰਡੀ ਰਾਇ ਭੋਏ ਦਾ ਪ੍ਰਸ਼ਾਸਕ ਸੀ। ਗੁਰੂ ਨਾਨਕ ਦੇਵ ਜੀ ਪ੍ਰਤਿ ਇਸ ਦਾ ਵਿਸ਼ੇਸ਼ ਸਨੇਹ ਅਤੇ ਆਦਰ ਸੀ।
ਇਕ ਵਾਰ ਕਿਸੇ ਕਿਸਾਨ ਦੀ ਖੇਤੀ ਗੁਰੂ ਨਾਨਕ ਦੇਵ ਜੀ ਦੁਆਰਾ ਚਰਾਈਆਂ ਜਾਂਦੀਆਂ ਮੱਝਾਂ ਨੇ ਬਰਬਾਦ ਕਰ ਦਿੱਤੀ। ਸ਼ਿਕਾਇਤ ਹੋਣ ’ਤੇ ਰਾਇ ਬੁਲਾਰ ਨੇ ਹਰਜਾਨਾ ਭਰਨ ਲਈ ਗੁਰੂ ਜੀ ਦੇ ਪਿਤਾ ਬਾਬਾ ਕਾਲੂ ਨੂੰ ਬੁਲਾਇਆ। ਪਰ ਜਦੋਂ ਰਾਇ ਬੁਲਾਰ ਦਾ ਬੰਦਾ ਨੁਕਸਾਨੇ ਹੋਏ ਖੇਤ ਦੀ ਕਛ ਕਰਨ ਲਈ ਗਿਆ, ਤਾਂ ਖੇਤ ਨੂੰ ਬਿਲਕੁਲ ਸਹੀ ਹਾਲਤ ਵਿਚ ਵੇਖਿਆ ਅਤੇ ਕਿਸਾਨ ਨੇ ਵੀ ਉਸ ਨੂੰ ਸਹੀ ਵੇਖਿਆ। ਆਪਣੇ ਬੰਦੇ ਤੋਂ ਖੇਤ ਦੇ ਹਰਿਆ ਹੋਣ ਦੀ ਗੱਲ ਸੁਣ ਕੇ ਰਾਇ ਬੁਲਾਰ ਨੂੰ ਬੜੀ ਹੈਰਾਨੀ ਹੋਈ। ਫਿਰ ਇਕ ਦਿਨ ਰਾਇ ਬੁਲਾਰ ਦੁਪਹਿਰ ਪਿਛੋਂ ਆਪਣੇ ਬੰਦਿਆਂ ਨਾਲ ਪਿੰਡ ਨੂੰ ਪਰਤ ਰਿਹਾ ਸੀ, ਤਾਂ ਉਸ ਨੇ ਕੀ ਵੇਖਿਆ ਕਿ ਬਾਕੀ ਦਰਖ਼ਤਾਂ ਦੀ ਛਾਂ ਢਲ ਗਈ ਹੈ, ਪਰ ਜਿਸ ਹੇਠਾਂ ਗੁਰੂ ਨਾਨਕ ਦੇਵ ਜੀ ਬਿਸਰਾਮ ਕਰ ਰਹੇ ਸਨ , ਉਸ ਦੀ ਛਾਂ ਸਥਿਰ ਹੈ। ਇਹ ਵੇਖ ਕੇ ਰਾਇ ਬੁਲਾਰ ਨੂੰ ਵਿਸ਼ਵਾਸ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਕੋਈ ਮਹਾਪੁਰਸ਼ ਹਨ। ਉਸ ਨੇ ਪਿੰਡ ਪਰਤ ਕੇ ਬਾਬੇ ਕਾਲੂ ਨੂੰ ਬੁਲਾਇਆ ਅਤੇ ਦਸਿਆ ਕਿ ਤੇਰਾ ਪੁੱਤਰ ਮਹਾਨ ਹੈ ਅਤੇ ਉਸ ਕਰਕੇ ਅਸੀਂ ਸਾਰੇ, ਸਾਰਾ ਪਿੰਡ ਵੀ ਮਹਾਨ ਹੋ ਗਿਆ ਹੈ।
ਗੁਰੂ ਨਾਨਕ ਦੇਵ ਜੀ ਜਦੋਂ ਵੀ ਉਦਾਸੀਆਂ ਤੋਂ ਪਰਤਦੇ ਤਾਂ ਰਾਇ ਬੁਲਾਰ ਨੂੰ ਮਿਲਣ ਜਾਂਦੇ। ਇਸ ਦਾ ਦੇਹਾਂਤ 1515 ਈ. (ਅਨੁਮਾਨਿਕ) ਵਿਚ ਹੋਇਆ ਦਸਿਆ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First