ਰਾਗ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰਾਗ (ਨਾਂ,ਪੁ) ਤਾਲ, ਲੈ ਅਤੇ ਸੁਰਾਂ ਦੇ ਉਤਰਾ- ਚੜਾਅ ਨਾਲ ਗਾਇਆ ਜਾਣ ਵਾਲਾ ਢੰਗ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਰਾਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਾਗ: ਇਸ ਦਾ ਸੰਬੰਧ ਸਿੱਖ ਧਰਮ ਨਾਲ ਬਹੁਤ ਨਿਕਟ ਦਾ ਹੈ ਕਿਉਂਕਿ ਗੁਰਬਾਣੀ ਰਾਗ-ਬਧ ਹੈ। ਕੀਰਤਨ ਸਿੱਖ ਧਰਮ ਦੀ ਰੂਹ ਦੀ ਭੂਮਿਕਾ ਨਿਭਾਉਂਦਾ ਹੈ। ਰਾਗ ਉਸ ਸੁਰ-ਪ੍ਰਬੰਧ ਨੂੰ ਕਿਹਾ ਜਾਂਦਾ ਹੈ ਜਿਸ ਦੇ ਸੁਣਨ ਨਾਲ ਮਨ ਵਿਚ ਰਾਗ (ਪ੍ਰੇਮ) ਪੈਦਾ ਹੁੰਦਾ ਹੋਵੇ। ਇਸ ਨੂੰ ‘ਸੰਗੀਤ’ ਵੀ ਕਿਹਾ ਜਾਂਦਾ ਹੈ।
ਭਾਰਤੀ ਸੰਸਕ੍ਰਿਤੀ ਵਿਚ ਰਾਗ ਦੀ ਬਹੁਤ ਪੁਰਾਤਨ ਪਰੰਪਰਾ ਹੈ। ਰਿਗ-ਵੇਦ, ਸਾਮ-ਵੇਦ, ਆਦਿ ਮੁਢਲੀਆਂ ਰਚਨਾਵਾਂ ਵਿਚ ਇਸ ਦੀ ਪ੍ਰਵਾਨਗੀ ਸ਼ੁਰੂ ਹੋ ਗਈ ਸੀ। ਵੈਦਿਕ ਰਿਚਾਵਾਂ ਨੂੰ ਗਾਣ ਲਈ ਸੁਰਾਂ ਨੂੰ ਸਾਧਣ ਦੀ ਲੋੜ ਪਈ। ਇਹ ਸੁਰਾਂ ਵਧਦਿਆਂ ਵਧਦਿਆਂ ਸੱਤ ਹੋ ਗਈਆਂ, ਜਿਵੇਂ —ਖਾੜਜ, ਰਿਸ਼ਭ, ਗਾਂਧਾਰ, ਮਧੑਯਮ, ਪੰਚਮ, ਧੈਵਤ ਅਤੇ ਨਿਸ਼ਾਦ।
ਬਾਲਮੀਕ ਨੇ ਲਵ-ਕੁਸ਼ ਨੂੰ ਰਾਮਾਇਣ ਗਾਉਣ ਲਈ ਸਿਖਿਆ ਦਿੱਤੀ ਸੀ ਅਤੇ ਉਨ੍ਹਾਂ ਨੇ ਸ੍ਰੀ ਰਾਮ ਚੰਦਰ ਦੇ ਦਰਬਾਰ ਵਿਚ ਰਾਮਾਇਣ ਨੂੰ ਗਾ ਕੇ ਸੁਣਾਇਆ ਸੀ। ਡਾ. ਵਿੰਟਰਨਿਟਜ਼ ਨੇ ਆਪਣੇ ਇਤਿਹਾਸ-ਗ੍ਰੰਥ ਵਿਚ ‘ਮਹਾਭਾਰਤ ’ ਨੂੰ ਮੂਲ ਰੂਪ ਵਿਚ ਸੂਤਾਂ , ਮਾਗਧਾਂ ਅਤੇ ਕੁਸ਼ੀਲਵਾਂ ਦੇ ਗੀਤਾਂ ਤੋਂ ਵਿਕਸਿਤ ਹੋਇਆ ਮੰਨਿਆ ਹੈ।
ਭਰਤ ਮੁਨੀ ਦੇ ‘ਨਾਟੑਯ ਸ਼ਾਸਤ੍ਰ’ ਦੀ ਰਚਨਾ ਤੋਂ ਬਾਦ ਰਾਗ ਦੀਆਂ ਸੱਤ ਸੁਰਾਂ ਦਾ ਪ੍ਰਚਲਨ ਹੋਣ ਲਗ ਗਿਆ। ਮੂਰਛਨਾ ਅਤੇ ਤਿੰਨ ਗ੍ਰਾਮਾਂ ਦੀ ਹੋਂਦ ਵੀ ਮੰਨੀ ਜਾਣ ਲਗੀ। ਕਾਲੀਦਾਸ ਦੇ ਸਮੇਂ ਤਕ ਕੁਝ ਰਾਗ ਰਾਗਨੀਆਂ ਦੇ ਨਾਂ ਵੀ ਪ੍ਰਚਲਿਤ ਹੋਣ ਲਗ ਗਏ। ਇਨ੍ਹਾਂ ਤੋਂ ਹੀ ਅਗੇ ਚਲ ਕੇ ਸ਼ਾਸਤ੍ਰੀ ਰਾਗਾਂ ਦਾ ਵਿਕਾਸ ਹੋਇਆ। ਉਧਰ ਜੈਨ-ਸਾਹਿਤ ਵਿਚ ਵਰਤੀਆਂ ਲੋਕ-ਧੁਨਾਂ ਤੋਂ, ਜੋ ‘ਢਾਲ ’ ਨਾਂ ਨਾਲ ਪ੍ਰਚਲਿਤ ਹੋਈਆਂ ਸਨ , ਦੇਸੀ ਰਾਗ-ਰਾਗਨੀਆਂ ਆਪਣਾ ਸਰੂਪ ਗ੍ਰਹਿਣ ਕਰਨ ਲਗੀਆਂ।
ਸਹਿਜਯਾਨੀ ਬੌਧੀਆਂ ਦੁਆਰਾ ਚਰਿਯਾ ਗੀਤਾਂ ਦੀ ਪਰੰਪਰਾ ਵੀ ਸਾਹਮਣੇ ਆਈ ਜਿਸ ਨੂੰ ਬਾਦ ਵਿਚ ਸਿੱਧਾਂ ਨੇ ਆਪਣੀਆਂ ਬਾਣੀਆਂ ਨੂੰ ਗਾਉਣ ਲਈ ਅਨੁਕੂਲ ਰੂਪ ਪ੍ਰਦਾਨ ਕੀਤਾ। ਨਾਥ-ਯੋਗੀਆਂ ਦੀਆਂ ਸਬਦੀਆਂ ਲੋਕ -ਧੁਨਾ ਉਤੇ ਪ੍ਰਚਲਿਤ ਹੋਈਆਂ ਅਤੇ ਇਨ੍ਹਾਂ ਨੂੰ ਵਿਸ਼ੇਸ਼ ਰਾਗਾਂ ਵਿਚ ਗਾਇਆ ਜਾਣ ਲਗਾ। ਗੋਰਖਨਾਥ ਨੂੰ ਕਈ ਰਾਗਾਂ ਦਾ ਸਿਰਜਕ ਵੀ ਮੰਨਿਆ ਜਾਂਦਾ ਹੈ।
ਦੱਖਣ ਦੇ ਅਲਵਾਰਾਂ, ਵਾਰਕਰੀ ਸੰਪ੍ਰਦਾਇ ਦੇ ਸੰਤਾਂ, ਬੰਗਾਲ ਦੇ ਬਾਉਲ, ਨਰਸਰੀ ਮਹਿਤਾ ਆਦਿ ਨੇ ਆਪਣੀਆਂ ਰਚਨਾਵਾਂ ਨੂੰ ਰਾਗ-ਬਧ ਕੀਤਾ ਅਤੇ ਜਨ-ਮਨ ਨੂੰ ਵਿਸਮਾਦੀ ਅਵਸਥਾ ਵਿਚ ਲਿਆਉਂਦਾ। ਸਹਿਜੇ ਸਹਿਜੇ ਰਾਗਾਂ ਦੇ ਕਈ ਭੇਦ ਅਤੇ ਰੂਪ ਸਾਹਮਣੇ ਆਉਣ ਲਗੇ ਅਤੇ ਸੰਗੀਤ ਸ਼ਾਸਤ੍ਰ ਦੀ ਰਚਨਾ ਦੁਆਰਾ ਇਨ੍ਹਾਂ ਦਾ ਸੂਖਮ ਅਧਿਐਨ ਹੋਣ ਲਗਾ ਅਤੇ ਕਈ ਪ੍ਰਕਾਰ ਦੇ ਮਤ ਪ੍ਰਚਲਿਤ ਹੋ ਗਏ।
ਰਾਗਾਂ ਦੀਆਂ ਕਈ ਜਾਤੀਆਂ ਮੰਨੀਆਂ ਗਈਆਂ ਹਨ। ਇਨ੍ਹਾਂ ਜਾਤੀਆਂ ਦਾ ਨਿਰਧਾਰਣ ਸੁਰਾਂ ਦੀ ਗਿਣਤੀ ਤੋਂ ਹੁੰਦਾ ਹੈ। ਕਿਸੇ ਰਾਗ ਵਿਚ ਘਟੋ ਘਟ ਪੰਜ ਅਤੇ ਵਧ ਤੋਂ ਵਧ ਸੱਤ ਸੁਰਾਂ ਦੀ ਵਰਤੋਂ ਹੁੰਦੀ ਹੈ। ਸੁਰਾਂ ਦੀ ਗਿਣਤੀ ਦੇ ਆਧਾਰ’ਤੇ ਰਾਗਾਂ ਨੂੰ ਮੁੱਖ ਰੂਪ ਵਿਚ ਤਿੰਨ ਜਾਤੀਆਂ ਵਿਚ ਵੰਡਿਆ ਜਾਂਦਾ ਹੈ, ਜਿਵੇਂ ਸੰਪੂਰਣ, ਖਾੜਵ ਅਤੇ ਔੜਵ। ‘ਸੰਪੂਰਣ’ ਰਾਗ ਵਿਚ ਸੱਤੇ ਸੁਰਾਂ ਪ੍ਰਯੁਕਤ ਹੁੰਦੀਆਂ ਹਨ। ‘ਖਾੜਵ’ ਰਾਗ ਵਿਚ ਕੋਈ ਇਕ ਸੁਰ ਵਰਜਿਤ ਹੋਣ ਕਰਕੇ, ਬਾਕੀ ਛੇ ਸੁਰਾਂ ਪ੍ਰਯੁਕਤ ਹੁੰਦੀਆਂ ਹਨ। ‘ਔੜਵ’ ਵਿਚ ਕੋਈ ਵੀ ਦੋ ਸੁਰਾਂ ਵਰਜਿਤ ਕਰਕੇ ਬਾਕੀ ਪੰਜ ਸੁਰਾਂ ਵਰਤੀਆਂ ਹੁੰਦੀਆਂ ਹਨ। ਪਰ ਧਿਆਨ ਰਹੇ ਕਿ ‘ਸ’ ਸੁਰ ਵਰਜਿਤ ਸੁਰਾਂ ਵਿਚ ਸ਼ਾਮਲ ਨਹੀਂ ਕੀਤੀ ਜਾ ਸਕਦੀ।
ਉਪਰੋਕਤ ਤਿੰਨ ਜਾਤੀਆ ਦਾ ਵਿਕਾਸ ਅਗੋਂ ਨੌਂ ਉਪ-ਜਾਤੀਆਂ ਵਿਚ ਹੋਇਆ ਹੈ। ਕਾਰਣ ਇਹ ਹੈ ਕਿ ਤਿੰਨ ਮੁੱਖ ਜਾਤੀਆਂ ਸਾਰੇ ਰਾਗਾਂ ਨੂੰ ਆਪਣੇ ਵਿਚ ਸਮੇਟ ਨਹੀਂ ਸਕਦੀਆਂ ਹਨ। ਰਾਗ ਵਿਚ ਆਰੋਹ ਅਤੇ ਅਵਰੋਹ ਦੇ ਸੰਯੋਗ ਨਾਲ ਸੁਰਾਂ ਦੀ ਵਖ ਵਖ ਸਥਿਤੀ ਹੋ ਜਾਂਦੀ ਹੈ। ਫਲਸਰੂਪ ਕਈ ਉਪ-ਜਾਤੀਆਂ ਆਪਣੀ ਹੋਂਦ ਦਰਸਾਣ ਲਗ ਜਾਂਦੀਆਂ ਹਨ। ਹਰ ਇਕ ਜਾਤੀ ਵਿਚੋਂ ਤਿੰਨ ਤਿੰਨ ਹੋਰ ਜਾਤੀਆਂ ਦੇ ਨਿਕਲਣ ਨਾਲ ਇਨ੍ਹਾਂ ਦੀ ਗਿਣਤੀ ਨੌਂ ਹੋ ਜਾਂਦੀ ਹੈ।
ਕੁਝ ਰਾਗਾਂ ਵਿਚ ਵਿਵਾਦੀ ਸੁਰਾਂ ਦੀ ਵਰਤੋਂ ਕਰਕੇ ਸੁਰਾਂ ਦੀ ਗਿਣਤੀ ਵਿਚ ਵਾਧਾ ਹੋ ਜਾਂਦਾ ਹੈ। ਇਸ ਵਾਧੇ ਨਾਲ ਬਣੇ ਰਾਗ ਉਪਰੋਕਤ ਨੌਂ ਰਾਗਾਂ ਵਿਚ ਨਹੀਂ ਆਉਂਦੇ। ਇਸ ਪ੍ਰਕਾਰ ਦੇ ਰਾਗ ਮਿਸ਼ਰਿਤ ਜਾਤੀਆਂ ਵਾਲੇ ਅਖਵਾਉਂਦੇ ਹਨ। ਇਸ ਤਰ੍ਹਾਂ ਰਾਗਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਆਇਆ ਹੈ।
ਭਾਰਤੀ ਸੰਗੀਤ ਵਿਚ ਰਾਗਾਂ ਦਾ ਸਮਾਂ ਨਿਸਚਿਤ ਕੀਤਾ ਗਿਆ ਹੈ। ਜੇ ਰਾਗ ਨੂੰ ਆਪਣੇ ਨਿਸਚਿਤ ਸਮੇਂ ਵਿਚ ਗਾਇਆ ਜਾਏ ਤਾਂ ਰਾਗ ਦੀ ਮਧੁਰਤਾ ਕਾਇਮ ਰਹਿੰਦੀ ਹੈ ਅਤੇ ਉਹ ਆਨੰਦ-ਦਾਇਕ ਹੁੰਦਾ ਹੈ। ਪਰ ਜੇ ਉਸ ਨੂੰ ਸਮੇਂ ਦੀ ਸੀਮਾ ਵਿਚ ਨ ਗਾਇਆ ਜਾਏ ਤਾਂ ਉਹ ਆਨੰਦ-ਦਾਇਕ ਨਹੀਂ ਹੋ ਸਕਦਾ ਕਿਉਂਕਿ ਅਢੁਕਵੇਂ ਸਮੇਂ ਵਿਚ ਉਨ੍ਹਾਂ (ਰਾਗਾਂ) ਦੀ ਮ੍ਰਿਤੂ ਹੋ ਜਾਂਦੀ ਹੈ।
ਰਾਗਾਂ ਦੇ ਸਮੇਂ ਦਾ ਨਿਰਧਾਰਣ ਪਹਿਲਾਂ ਰੁਤਾਂ ਅਨੁਸਾਰ ਕੀਤਾ ਜਾਂਦਾ ਹੈ। ਇਹ ਰੁਤਾਂ ਛੇ ਹਨ—ਗ੍ਰੀਸ਼ਮ (ਗਰਮੀ), ਪਾਵਸ (ਵਰਖਾ), ਸਰਦ (ਅੱਸੂ-ਕਤਕ ਦੀ ਰੁਤ), ਹੇਮੰਤ (ਮਘਰ-ਪੋਹ ਦੀ ਰੁਤ), ਸ਼ਿਸ਼ਿਰ (ਮਾਘ-ਫਗਣ ਦੀ ਰੁਤ) ਅਤੇ ਬਸੰਤ। ਇਨ੍ਹਾਂ ਰੁਤਾਂ ਅਨੁਸਾਰ ਗਾਏ ਜਾਣ ਵਾਲੇ ਰਾਗਾਂ ਨੂੰ ‘ਰੁਤ-ਕਾਲੀਨ-ਰਾਗ’ ਕਿਹਾ ਜਾਂਦਾ ਹੈ।
ਸਮੇਂ ਨਿਰਧਾਰਿਤ ਕਰਨ ਦਾ ਦੂਜਾ ਤਰੀਕਾ ਹੈ ਪੂਰਵਾਂਗ ਅਤੇ ਉਤਰਾਂਗ ਵਿਚ ਗਾਉਣਾ। ਦਿਨ ਰਾਤ ਦੇ 24 ਘੰਟਿਆਂ ਵਿਚੋਂ, ਦਿਨ ਦੇ 12 ਵਜੇ (ਦੁਪਹਿਰ) ਤੋਂ ਰਾਤ ਦੇ 12 ਵਜੇ (ਅੱਧ ਰਾਤ) ਤਕ ਦਾ ਸਮਾਂ ਪੂਰਵਾਂਗ ਹੈ ਅਤੇ ਰਾਤ ਦੇ 12 ਵਜੇ ਤੋਂ ਦੂਜੇ ਦਿਨ ਦੇ 12 ਵਜੇ ਤਕ ਉਤਰਾਂਗ ਹੈ। ਇਨ੍ਹਾਂ 12, 12 ਘੰਟਿਆਂ ਦੇ ਸਮੇਂ ਵਿਚ ਵੀ ਹੋਰ ਸਮਾਂ-ਖੰਡ ਬਣਾਏ ਗਏ ਹਨ। ਇਸ ਤਰ੍ਹਾਂ ਭਾਰਤੀ ਸੰਗੀਤ ਆਚਾਰਯਾਂ ਨੇ ਰਾਗ ਦੀਆਂ ਸੂਖਮਤਾਵਾਂ ਨੂੰ ਬੜੇ ਸੋਹਣੇ ਢੰਗ ਨਾਲ ਸਪੱਸ਼ਟ ਕੀਤਾ ਹੈ।
ਰਾਗਾਂ ਦੀ ਇਸ ਲੰਬੀ ਪਰੰਪਰਾ ਤੋਂ ਪ੍ਰੇਰਿਤ ਹੋ ਕੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੀ ਰਚਨਾ ਰਾਗ-ਬੱਧ ਕੀਤੀ। ਭਾਈ ਮਰਦਾਨਾ ਬਾਣੀ ਦੇ ਗਾਉਣ ਵੇਲੇ ਰਬਾਬ ਨਾਲ ਸੁਰ ਪੂਰਦਾ ਸੀ। ਪਰਵਰਤੀ ਗੁਰੂਆਂ ਨੇ ਵੀ ਰਾਗ-ਅਨੁਸ਼ਾਸਨ ਅਧੀਨ ਬਾਣੀ ਦੀ ਰਚਨਾ ਕੀਤੀ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਵੇਲੇ ਸਾਰੀ ਬਾਣੀ ਨੂੰ ਰਾਗ-ਬੱਧ ਕਰਕੇ ਤਕਨੀਕੀ ਤੌਰ ’ਤੇ ਇਸ ਦਾ ਸਰੂਪ ਸਥਿਰ ਕਰ ਦਿੱਤਾ। ਸਾਰੀ ਬਾਣੀ ਨੂੰ 30 ਰਾਗਾਂ (31ਵੇਂ ਰਾਗ ਜੈਜੈਵੰਤੀ ਵਿਚ ਗੁਰੂ ਤੇਗ ਬਹਾਦਰ ਜੀ ਨੇ ਰਚਨਾ ਬਾਦ ਵਿਚ ਕੀਤੀ ਸੀ) ਅਧੀਨ ਸੰਕਲਿਤ ਕੀਤਾ। ਇਨ੍ਹਾਂ ਰਾਗਾਂ ਦੇ ਨਾਂ ਇਸ ਪ੍ਰਕਾਰ ਹਨ—ਸਿਰੀ ਰਾਗ, ਮਾਝ , ਗਉੜੀ, ਆਸਾ , ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ , ਤਿਲੰਗ, ਸੂਹੀ, ਬਿਲਾਵਲ, ਗੌਂਡ , ਰਾਮਕਲੀ, ਨਟ- ਨਾਰਾਇਨ, ਮਾਲੀਗਉੜਾ, ਮਾਰੂ , ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਨ ਅਤੇ ਪ੍ਰਭਾਤੀ।
ਧਿਆਨ ਦੇਣ ਦੀ ਗੱਲ ਇਹ ਹੈ ਕਿ ਗੁਰਬਾਣੀ ਨੂੰ ਰਾਗ-ਬੱਧ ਕਰਨ ਦਾ ਮਨੋਰਥ ਪਰਮਾਤਮਾ ਦਾ ਸੰਕੀਰਤਨ ਰਾਹੀਂ ਯਸ਼-ਗਾਨ ਕਰਨਾ ਹੈ। ਇਹ ਦਰਬਾਰੀ ਬਿਰਤੀ ਵਾਲੇ ਰਾਗਾਂ ਤੋਂ ਬਿਲਕੁਲ ਭਿੰਨ ਹੈ। ਦਰਬਾਰੀ ਸੰਗੀਤ ਦਾ ਉਦੇਸ਼ ਸਰੋਤਿਆਂ ਦਾ ਮਨੋਰੰਜਨ ਕਰਨਾ ਹੈ ਅਤੇ ਕਿਸੇ ਹਦ ਤਕ ਵਿਲਾਸੀ ਰੁਚੀਆਂ ਨੂੰ ਤ੍ਰਿਪਤ ਕਰਨਾ ਹੈ। ਪਰ ਗੁਰਬਾਣੀ- ਸੰਗੀਤ ਵਿਚ ਸੰਗੀਤ ਮਨੋਰੰਜਨ ਦੀ ਥਾਂ ਸਰੋਤਿਆਂ ਨੂੰ ਅਗੰਮੀ ਅਤੇ ਵਿਸਮਾਦੀ ਅਵਸਥਾ ਵਿਚ ਲਿਆਉਂਦਾ ਹੈ ਅਤੇ ਧਰਤੀ ਤੋਂ ਸਚਖੰਡੀ ਸਥਿਤੀ ਵਿਚ ਪਹੁੰਚਾਉਣ ਦੀ ਭੂਮਿਕਾ ਨਿਭਾਉਂਦਾ ਹੈ। ਇਸ ਲਈ ਗੁਰੂ ਸਾਹਿਬਾਨ ਨੇ ਕਿਤੇ ਕਿਤੇ ਰਾਗਾਂ ਸੰਬੰਧੀ ਜੋ ਆਪਣੀਆਂ ਮਾਨਤਾਵਾਂ ਸਥਾਪਿਤ ਕੀਤੀਆਂ ਹਨ, ਉਹ ਵੀ ਸੰਗਤ-ਸ਼ਾਸਤ੍ਰੀਆਂ ਤੋਂ ਹਟ ਕੇ ਧਰਮ-ਸਾਧਕਾਂ ਵਾਲੀਆਂ ਹਨ ਅਤੇ ਅਧਿਆਤਮਿਕ ਰਸ ਨਾਲ ਭਰਪੂਰ ਹਨ। ਇਨ੍ਹਾਂ ਬਾਰੇ ‘ਰਾਗ ਗੁਰਬਾਣੀ ਦੇ ’ ਇੰਦਰਾਜ ਵਿਚ ਗੱਲ ਸਪੱਸ਼ਟ ਕੀਤੀ ਹੈ, ਖ਼ਾਸ ਕਰਕੇ ਸਿਰੀ, ਗਉੜੀ, ਸੋਰਠਿ, ਧਨਾਸਰੀ, ਬਿਲਾਵਲ, ਵਡਹੰਸ, ਰਾਮਕਲੀ, ਮਾਰੂ, ਕੇਦਾਰਾ ਅਤੇ ਮਲਾਰ ਬਾਰੇ।
ਸਾਰਿਆਂ ਰਾਗਾਂ ਵਿਚੋਂ ਕਿਹੜਾ ਸ੍ਰੇਸ਼ਠ ਹੈ, ਇਸ ਬਾਰੇ ਗੁਰੂ ਰਾਮਦਾਸ ਜੀ ਦੀ ਧਾਰਣਾ ਹੈ ਕਿ ਉਹੀ ਰਾਗ ਉੱਤਮ ਹੈ ਜਿਸ ਗਾਉਣ ਨਾਲ ਪ੍ਰਭੂ ਮਨ ਵਿਚ ਵਸ ਜਾਂਦਾ ਹੈ—ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ। ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ। ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ। (ਗੁ.ਗ੍ਰੰ.1423)। ਹੋਰ ਵੀ ਲਿਖਿਆ ਹੈ—ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ। (ਗੁ.ਗ੍ਰੰ.849); ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ। (ਗੁ.ਗ੍ਰੰ.958)। ਹੋਰ ਵਿਸਤਾਰ ਲਈ ਵੇਖੋ ‘ਕੀਰਤਨ’ ਅਤੇ ‘ਸੰਗੀਤ, ਗੁਰਬਾਣੀ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਰਾਗ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਰਾਗ (ਸੰ.। ਸੰਸਕ੍ਰਿਤ ਰਾਗ=ਸੰਗੀਤ, ਪ੍ਰੇਮ , ਰੰਗ) ਜੋ ਸੁਰ ਤਾਲ ਵਿਚ ਉਚਾਰੀ ਜਾਵੇ ਤੇ ਮਨ ਨੂੰ ਕਿਸੇ ਭਾਵ ਵਿਚ ਲੈ ਜਾਵੇ, ਉਹ ਰਾਗ ਹੈ*। ਯਥਾ-‘ਰਾਗੁ ਨਾਦੁ ਸਭੁ ਸਚੁ ਹੈ’।
ਦੇਖੋ, ‘ਰਾਗ ਨਾਦ’, ‘ਰਾਗੀ ਨਾਦੀ’
੨. ਪ੍ਰੇਮ। ਯਥਾ-‘ਰਾਗ ਰਤਨ ਪਰਵਾਰ ਪਰੀਆ’ ਅਰਥ ਤਾਂ ਏਥੇ ਰਾਗ ਦਾ ਸੰਗੀਤ ਹੀ ਹੈ, ਪਰ ਗ੍ਯਾਨੀ ਐਉਂ ਬੀ ਕਰਦੇ ਹਨ- ਭਾਵਾਰਥ-(ਰਾਗ) ਪ੍ਰੇਮ (ਰਤਨ) ਵੈਰਾਗ (ਪਰੀਆ) ਕਰੁਣਾ ਮੈਤ੍ਰੀ ਤੇ (ਪਰਵਾਰ) ਸਤ ਸੰਤੋਖਾਦਿਕ ਹਨ। ੨. ਰੰਗ ।
ਦੇਖੋ, ‘ਰਾਗੀ ੪.’
----------
* ਰਾਗ ਇਕ ਵਿਦ੍ਯਾ ਤੇ ਉਨਰ ਹੈ ਜਿਸ ਦੀ ਵਿਆਖਿਆ ਦੇ ਕਈ ਆਚਾਰਜ ਤੇ ਕਈ ਮਤ ਹੋਏ ਹਨ। ਗੁਰਮਤ ਦੇ ਰਾਗਾਂ ਦਾ ਵੇਰਵਾ ਰਾਗ ਮਾਲਾ ਵਿਚ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਰਾਗ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਰਾਗ : ਭਾਵੇਂ ਰਾਗ ਸ਼ਬਦ ਦੇ ਕਈ ਅਰਥ ਹਨ––ਰੰਗ, ਵਰਣਨ, ਅਨੁਰਾਮ (ਪ੍ਰੇਮ), ਕ੍ਰੋਧ, ਰਾਜਾ, ਚੰਨ, ਸੂਰਜ ਤੇ ਕਵਚ ਆਦਿ, ਫਿਰ ਵੀ ਸੰਗੀਤ ਦੇ ਖੇਤਰ ਵਿਚ ਰਾਗ ਅਜਿਹਾ ਸਵਰ ਪ੍ਰਬੰਧ (harmonious composition) ਹੁੰਦਾ ਹੈ ਜਿਸ ਦੇ ਸੁਣਨ ਤੋਂ ਮਨ ਵਿਚ ਪ੍ਰੀਤ ਤੇ ਆਨੰਦ ਜਾਂ ਪ੍ਰੇਰਣਾ ਉਪਜੇ। ਸੰਗੀਤ ਆਚਾਰਯਾਂ ਨੇ ਇਹ ਛੇ ਰਾਗ ਪ੍ਰਧਾਨ ਮੰਨੇ ਹਨ––ਭੈਰਵ, ਮਲਾਰ, ਸ੍ਰੀ ਰਾਗ, ਵਸੰਤ, ਹਿੰਦੋਲ ਅਤੇ ਦੀਪਕ। ਇਸ ਤਰ੍ਹਾਂ ਹੋਰ ਵਿਦਵਾਨਾਂ ਨੇ ਰਾਗਾਂ ਦੇ ਤਿੰਨ ਭੇਦ ਮੰਨੇ ਹਨ––(1) ਔੜਵ–ਪੰਜ ਸੁਰਾਂ ਵਾਲੇ, (2) ਸ਼ਾੜਵ–ਛੇ ਸੁਰਾਂ ਵਾਲੇ ਅਤੇ (3) ਸੰਪੂਰਣ–ਸੱਤ ਸੁਰਾਂ ਵਾਲੇ।
ਸੰਗੀਤ ਸ਼ਾਸਤ੍ਰ ਵਿਚ ਰਾਗਾਂ ਦੇ ਹੇਠ ਲਿਖੇ ਤਿੰਨ ਭੇਦ ਦੱਸੇ ਗਏ ਹਨ :
(1) ਸ਼ੁੱਧ : ਜਿਨ੍ਹਾਂ ਰਾਗਾਂ ਵਿਚ ਮੁੱਢ ਤੋਂ ਥਾਪੇ ਹੋਏ ਸੁਰ ਸ਼ਾਮਲ ਹਨ ਜਾਂ ਜਿਨ੍ਹਾਂ ਦੇ ਪ੍ਰਬੰਧ ਵਿਚ ਕੋਈ ਵਿਕਾਰ ਨਹੀਂ ਹੋਇਆ।
(2) ਛਾਇਆ ਲਿੰਗਿਤ : ਜਿਨ੍ਹਾਂ ਰਾਗਾਂ ਵਿਚ ਦੂਜੇ ਰਾਗਾਂ ਦੇ ਸਰੂਪ ਦੀ ਕੁਝ ਝਲਕ ਮਿਲਦੀ ਹੈ।
(3) ਸੰਕੀਰਣ : ਰਾਗਾਂ ਦੇ ਬਹੁਤ ਸੁਰ ਜਾਂ ਛਾਇਆ ਅਲਿੰਗਿਤ ਰਾਗਾਂ ਦੇ ਆਪਸੀ ਮਿਲਾਪ ਤੋਂ ਜੋ ਭੇਦ ਬਣ ਜਾਣ।
ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਰਾਗ–ਬੱਧ ਹੈ। ਇਸ ਵਿਚ ਸ਼ਾਸਤ੍ਰੀ ਅਤੇ ਦੇਸੀ ਕਈ ਪ੍ਰਕਾਰ ਦੇ ਰਾਗਾਂ ਦੀ ਵਰਤੋਂ ਹੋਈ ਹੈ। ਇਸ ਵਿਚ ਵਰਤੇ ਗਏ 31 ਰਾਗ ਇਸ ਪ੍ਰਕਾਰ ਹਨ––ਸਿਰੀਰਾਗ, ਮਾਝ, ਗਉੜੀ, ਆਸਾ, ਗੁਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਊ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਤੇ ਜੈਜਾਵੰਤੀ। [ਸਹਾ. ਗ੍ਰੰਥ––ਮ. ਕੋ.]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First