ਰਾਗ ਗੁਰਬਾਣੀ ਦੇ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਾਗ ਗੁਰਬਾਣੀ ਦੇ: ਗੁਰੂ ਸਾਹਿਬਾਨ ਨੇ ਕੁਲ 31 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਹੈ। ਇਨ੍ਹਾਂ ਰਾਗਾਂ ਅਧੀਨ ਬਾਣੀ ਨੂੰ ਰਾਗ-ਬੱਧ ਬਾਣੀ ਕਿਹਾ ਜਾਂਦਾ ਹੈ। ਇਨ੍ਹਾਂ ਰਾਗਾਂ ਦੇ ਸਰੂਪ, ਸਮੇਂ ਅਤੇ ਤਕਨੀਕ ਬਾਰੇ ਸੰਖਿਪਤ ਜਾਣਕਾਰੀ ਇਸ ਪ੍ਰਕਾਰ ਹੈ :
ਸਿਰੀ ਰਾਗ: ਇਹ ਬਹੁਤ ਪ੍ਰਾਚੀਨ ਰਾਗ ਹੈ। ਬਹੁਤ ਸਾਰੇ ਰਾਗ-ਮਤਾਂ ਨੇ ਇਸ ਨੂੰ ਪ੍ਰਮੁਖ ਸਥਾਨ ਦਿੱਤਾ ਹੈ। ਇਸ ਦਾ ਸਥਾਨ ਗੁਰਬਾਣੀ ਵਿਚ ਵੀ ਸਰਵ ਪ੍ਰਮੁਖ ਮੰਨਿਆ ਗਿਆ ਹੈ। ਗੁਰੂ ਅਮਰਦਾਸ ਜੀ ਨੇ ਵਾਰ ਮ. ੪ ਦੇ ਇਕ ਸ਼ਲੋਕ ਵਿਚ ਰਾਗਾਂ ਵਿਚ ਸਿਰੀ ਰਾਗ ਹੈ ਕਹਿ ਕੇ ਇਸ ਰਾਗ ਦੀ ਮਹੱਤਵ-ਸਥਾਪਨਾ ਕੀਤੀ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਪਹਿਲਾ ਸਥਾਨ ਦਿੱਤਾ ਹੈ। ਭਾਈ ਗੁਰਦਾਸ ਨੇ ਇਸ ਰਾਗ ਨੂੰ ਪੱਥਰਾਂ ਵਿਚ ਪਾਰਸ ਕਹਿ ਕੇ ਸਾਰੇ ਰਾਗਾਂ ਵਿਚੋਂ ਸ਼ਿਰੋਮਣੀ ਮੰਨਿਆ ਹੈ—ਰਾਗਨ ਮੇ ਸਿਰੀਰਾਗ ਪਾਰਸ ਪਖ਼ਾਨ ਹੈ। ਇਹ ਪੂਰਵੀ ਠਾਟ ਦਾ ਔੜਵ ਸੰਪੂਰਣ ਰਾਗ ਹੈ। ਇਸ ਦੇ ਗਾਉਣ ਦਾ ਸਮਾਂ ਪਿਛਲਾ ਪਹਿਰ ਜਾਂ ਲੌਢਾ ਵੇਲਾ ਹੈ। ਇਸ ਰਾਗ ਦੀ ਪ੍ਰਕ੍ਰਿਤੀ ਗੰਭੀਰ ਅਤੇ ਸਰੂਪ ਸੁਤੰਤਰ ਹੈ। ਆਮ ਤੌਰ ’ਤੇ ਭਗਤੀਮਈ ਪਦਿਆਂ ਨੂੰ ਗਾਉਣ ਲਈ ਇਸ ਰਾਗ ਨੂੰ ਵਰਤਿਆ ਜਾਂਦਾ ਹੈ। ਇਸ ਨੂੰ ਬਨਵਾਸੀ ਰਿਸ਼ੀਆਂ ਮੁਨੀਆਂ ਦਾ ਰਾਗ ਦਸਿਆ ਜਾਂਦਾ ਹੈ। ਭਾਰਤੀ ਪਰੰਪਰਾ ਨਾਲ ਸੰਬੰਧਿਤ ਹੋਣ ਕਾਰਣ ਇਸ ਵਿਚ ਰਚੀ ਬਾਣੀ ਦੀ ਸ਼ਬਦਾਵਲੀ ਅਧਿਕਤਰ ਭਾਰਤੀ ਵਿਰਸੇ ਵਾਲੀ ਹੈ।
ਮਾਝ ਰਾਗ: ਸੰਗੀਤ ਦੇ ਮਾਹਿਰਾਂ ਅਨੁਸਾਰ ਇਸ ਰਾਗ ਦੀ ਵਿਵਸਥਾ ਪੰਜਾਬ ਦੇ ਮਾਝਾ ਖੇਤਰ ਵਿਚ ਪ੍ਰਚਲਿਤ ਲੋਕ-ਧੁਨਿ ਦੇ ਆਧਾਰ’ਤੇ ਕੀਤੀ ਗਈ ਹੈ। ਪੂਰਵ-ਵਰਤੀ ਸੰਗੀਤ ਸ਼ਾਸਤ੍ਰਾਂ ਵਿਚ ਇਸ ਦਾ ਉੱਲੇਖ ਨਹੀਂ ਹੈ। ਅਸਲ ਵਿਚ, ਗੁਰੂ ਸਾਹਿਬਾਨ ਨੇ ਜਿਗਿਆਸੂਆਂ ਨੂੰ ਉਪਦੇਸ਼ ਦੇਣ ਲਈ ਜਿਥੇ ਲੋਕ-ਕਾਵਿ-ਰੂਪਾਂ, ਲੋਕ-ਸ਼ਬਦਾਵਲੀ, ਲੌਕਿਕ ਉਪਮਾਨਾਂ ਅਤੇ ਬਿੰਬਾਂ ਦੀ ਵਰਤੋਂ ਕੀਤੀ ਹੈ ਉਥੇ ਲੋਕ-ਧੁਨਾਂ ਨੂੰ ਵੀ ਮਹੱਤਵ ਦਿੱਤਾ ਹੈ ਕਿਉਂਕਿ ਇਸ ਨਾਲ ਬਾਣੀ ਦਾ ਲੋਕਾਂ ਨਾਲ ਸੰਪਰਕ ਜੁੜਦਾ ਹੈ। ਇਸ ਤਰ੍ਹਾਂ ਔੜਵ ਜਾਤਿ ਦਾ ਇਹ ਸੰਪੂਰਣ ਰਾਗ ਸੰਗੀਤ ਸ਼ਾਸਤ੍ਰ ਨੂੰ ਗੁਰੂ ਨਾਨਕ ਦੇਵ ਜੀ ਦੀ ਮੌਲਿਕ ਦੇਣ ਹੈ। ਇਸ ਦੇ ਗਾਉਣ ਦਾ ਸਮਾਂ ਚੌਥਾ ਪਹਿਰ ਹੈ। ਪੰਜਾਬ ਨਾਲ ਸੰਬੰਧਿਤ ਹੋਣ ਕਰਕੇ ਇਸ ਵਿਚ ਇਲਾਕਾਈ ਯੁਗ-ਚਿਤ੍ਰਣ ਬੜੇ ਸਜੀਵ ਰੂਪ ਵਿਚ ਹੋਇਆ ਹੈ। ਚੂੰਕਿ ਉਦੋਂ ਤਕ ਪੰਜਾਬ ਵਿਚ ਮੁਸਲਮਾਨ ਕਾਫ਼ੀ ਸਮੇਂ ਤੋਂ ਵਸ ਚੁਕੇ ਸਨ , ਇਸ ਲਈ ਉਨ੍ਹਾਂ ਦੇ ਸਭਿਆਚਾਰ ਨਾਲ ਸੰਬੰਧਿਤ ਕੁਝ ਸ਼ਬਦ ਅਤੇ ਭਾਵਨਾਵਾਂ ਇਸ ਰਾਗ ਦੀ ਬਾਣੀ ਵਿਚ ਮਿਲ ਜਾਂਦੀਆਂ ਹਨ। ਧਾਰਮਿਕ ਤੰਗਨਜ਼ਰੀ ਨੂੰ ਦੂਰ ਕਰਨ ਲਈ ਇਸ ਬਾਣੀ ਵਿਚ ਕਈ ਉਪਦੇਸ਼ ਦਿੱਤੇ ਮਿਲਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਨੰਬਰ ਦੂਜਾ ਹੈ।
ਗਉੜੀ ਰਾਗ: ਸੰਪੂਰਣ ਜਾਤਿ ਦੇ ਇਸ ਪ੍ਰਸਿੱਧ ਰਾਗ ਨੂੰ ਪੁਰਾਤਨ ਸੰਗੀਤ ਗ੍ਰੰਥਾਂ ਵਿਚ ਗੋਰੀ , ਗਵਾਰੀ, ਗੌੜੀ , ਗਉਰੀ ਆਦਿ ਨਾਂਵਾਂ ਨਾਲ ਲਿਖਿਆ ਗਿਆ ਹੈ। ਪ੍ਰਾਚੀਨ ਰਾਗ ਹੋਣ ਕਰਕੇ ਸਮੇਂ ਸਮੇਂ ਸੰਗੀਤ ਸ਼ਾਸਤ੍ਰੀਆਂ ਨੇ ਹੋਰ ਰਾਗਾਂ ਨਾਲ ਮਿਸ਼ਰਿਤ ਕਰਕੇ ਇਸ ਦੇ ਕੁਝ ਹੋਰ ਰੂਪ ਵੀ ਸਾਹਮਣੇ ਲਿਆਉਂਦੇ ਹਨ। ਗੁਰਬਾਣੀ ਵਿਚ ਭਿੰਨ ਭਿੰਨ ਰਾਗਾਂ ਦੀਆਂ ਸੁਰਾਂ ਜਾਂ ਧੁਨੀਆਂ ਨੂੰ ਜੋੜਨ ਅਥਵਾ ਉੱਤਰੀ, ਪੂਰਵੀ, ਦੱਖਣੀ ਪੱਧਤੀਆਂ ਨੂੰ ਪਰਸਪਰ ਮਿਲਾਉਣ ਦਾ ਯਤਨ ਕੀਤਾ ਗਿਆ ਹੈ ਅਤੇ ਕਈ ਮਿਸ਼ਰਿਤ ਪ੍ਰਯੋਗ ਵੀ ਹੋਏ ਹਨ, ਜਿਵੇਂ ਗਉੜੀ ਗੁਆਰੇਰੀ, ਦੱਖਣੀ, ਚੇਤੀ , ਬੈਰਾਗਣਿ, ਦੀਪਕੀ, ਪੂਰਬੀ, ਪੂਰਬੀ ਦੀਪਕੀ, ਮਾਝ , ਮਾਲਵਾ , ਮਾਲਾ, ਸੋਰਠਿ ਆਦਿ। ਇਨ੍ਹਾਂ ਵਿਚੋਂ ਕੁਝ ਰੂਪ ਪਰੰਪਰਾਗਤ ਹਨ। ਕੁਝ ਅਪ੍ਰਚਲਿਤ ਹਨ ਅਤੇ ਕੁਝ ਗੁਰੂ ਸਾਹਿਬਾਨ ਦੁਆਰਾ ਨਵੇਂ ਸਿਰਜੇ ਗਏ ਹਨ ਜੋ ਨਿਸਚੇ ਹੀ ਗੁਰਬਾਣੀ ਦੀ ਸੰਗੀਤ ਸ਼ਾਸਤ੍ਰ ਨੂੰ ਵਿਸ਼ੇਸ਼ ਦੇਣ ਹੈ। ਇਨ੍ਹਾਂ ਸਭ ਭੇਦਾਂ-ਪ੍ਰਭੇਦਾਂ ਦੇ ਗਾਉਣ ਦਾ ਸਮਾਂ ਲਗਭਗ ਸ਼ਾਮ ਦਾ ਵੇਲਾ ਜਾਂ ਚੌਥਾ ਪਹਿਰ ਹੈ। ਇਸ ਰਾਗ ਦਾ ਵਾਯੂਮੰਡਲ ਗੰਭੀਰ ਹੈ। ਦਾਰਸ਼ਨਿਕ ਤੱਥਾਂ ਨੂੰ ਇਸ ਵਿਚ ਜ਼ਿਆਦਾ ਉਘਾੜਿਆ ਗਿਆ ਹੈ। ਸ਼ਬਦਾਵਲੀ ਦਾ ਸਰੂਪ ਭਾਰਤੀ ਪਰੰਪਰਾ ਵਾਲਾ ਹੈ।
ਗੁਰਬਾਣੀ ਵਿਚ ਇਸ ਰਾਗ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ। ਇਸ ਰਾਗ ਬਾਰੇ ਗੁਰੂ ਅਰਜਨ ਦੇਵ ਜੀ ਦੀ ਦਿੱਤੀ ਟਿੱਪਣੀ ਇਸ ਪ੍ਰਕਾਰ ਹੈ—ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ। ਭਾਣੈ ਚਲੈ ਸਤਿਗੁਰੂ ਕੇ ਐਸਾ ਸੀਗਾਰੁ ਕਰੇਇ। (ਗੁ.ਗ੍ਰੰ.311)। ਗੁਰੂ ਗ੍ਰੰਥ ਸਾਹਿਬ ਵਿਚ ਇਹ ਤੀਜੇ ਨੰਬਰ ਉਤੇ ਦਰਜ ਹੈ।
ਆਸਾ ਰਾਗ: ਗੁਰੂ ਗ੍ਰੰਥ ਸਾਹਿਬ ਵਿਚ ਚੌਥੇ ਕ੍ਰਮਾਂਕ ਉਤੇ ਦਰਜ ਆਸਾ ਰਾਗ ਦਾ ਗਾਇਨ ਆਮ ਤੌਰ’ਤੇ ਸਵੇਰ ਵੇਲੇ ਹੁੰਦੇ ਹੈ। ‘ਆਸਾ ਕੀ ਵਾਰ ’ ਨੂੰ ਅੰਮ੍ਰਿਤ ਵੇਲੇ ਗਾਉਣ ਦੀ ਰੀਤ ਗੁਰੂ ਅੰਗਦ ਦੇਵ ਜੀ ਨੇ ਤੋਰੀ ਸੀ। ਸੋਦਰ ਦੀ ਚੌਕੀ ਦਾ ਵਿਧਾਨ ਸੰਝ ਵੇਲੇ ਕੀਤਾ ਜਾਂਦਾ ਹੈ। ਇਸ ਨੂੰ ਸੰਪੂਰਣ ਜਾਤਿ ਦੀ ਦੇਸੀ ਰਾਗਿਨੀ ਮੰਨਦੇ ਹੋਇਆਂ ਵਿਦਵਾਨਾਂ ਨੇ ਇਸ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੁਆਰਾ ਕੀਤਾ ਗਿਆ ਦਸਿਆ ਹੈ। ਵਿਸ਼ੇਸ਼ਤਾ ਇਹ ਹੈ ਕਿ ਇਸ ਰਾਗ ਨੂੰ ਸਵੇਰੇ ਅਤੇ ਸੰਝ ਦੋਹਾਂ ਵੇਲੇ ਗਾਉਣ ਦਾ ਵਿਧਾਨ ਗੁਰੂ-ਪਰੰਪਰਾ ਵਿਚ ਹੈ। ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨ ਫ਼ਕੀਰਾਂ ਪ੍ਰਤਿ ਜੋ ਬਾਣੀ ਉਚਾਰੀ, ਉਹ ਅਧਿਕਤਰ ਇਸੇ ਰਾਗ ਵਿਚ ਹੈ। ਇਸ ਬਾਣੀ ਵਿਚ ਪਾਖੰਡਾਂ ਦੇ ਖੰਡਨ ਅਤੇ ਅੰਧਵਿਸ਼ਵਾਸਾਂ ਨੂੰ ਤਿਆਗਣ ਦੀ ਪ੍ਰੇਰਣਾ ਦਿੱਤੀ ਗਈ ਹੈ। ‘ਆਸਾਵਰੀ ’ ਅਤੇ ‘ਕਾਫ਼ੀ’ ਨੂੰ ਇਸ ਰਾਗ ਨਾਲ ਰਲਾ ਕੇ ਗਾਉਣ ਦਾ ਵਿਧਾਨ ਵੀ ਗੁਰੂ ਗ੍ਰੰਥ ਸਾਹਿਬ ਵਿਚ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਦੁਆਰਾ ਇਸੇ ਰਾਗ ਵਿਚ ਰਚੇ 24 ਛਕੇ ਛੰਤਾਂ ਨੂੰ ‘ਆਸਾ ਕੀ ਵਾਰ’ ਦੀਆਂ 24 ਪਉੜੀਆਂ ਨਾਲ ਜੋੜ ਕੇ ਕੀਰਤਨ ਕਰਨ ਦੀ ਪਿਰਤ ਪਾਈ ਹੈ। ਹੁਣ ਗੁਰੂ-ਧਾਮਾਂ ਵਿਚ ਇਸੇ ਵਿਧੀ ਨਾਲ ‘ਆਸਾ ਕੀ ਵਾਰ’ ਦਾ ਕੀਰਤਨ ਹੁੰਦਾ ਹੈ।
ਗੂਜਰੀ ਰਾਗ: ਇਸ ਬਾਰੇ ਵਿਦਵਾਨਾਂ ਦੀ ਸਥਾਪਨਾ ਹੈ ਕਿ ਇਹ ਇਕ ਪ੍ਰਾਚੀਨ ਰਾਗ ਹੈ ਅਤੇ ਭੈਰਉ ਤੇ ਰਾਮਕਲੀ ਰਾਗਾਂ ਦੇ ਸੁਮੇਲ ਨਾਲ ਬਣਿਆ ਹੈ। ਇਸ ਨੂੰ ਟੋਡੀ ਠਾਟ ਦੀ ਖਾੜਵ ਰਾਗਨੀ ਵੀ ਕਿਹਾ ਜਾਂਦਾ ਹੈ। ਇਸ ਦਾ ਮੂਲ ਸਰੋਤ ਗੁਜਰ ਰਾਤਿ ਦਾ ਲੋਕ-ਸੰਗੀਤ ਮੰਨਿਆ ਜਾਂਦਾ ਹੈ। ਪੰਜਾਬ ਅਤੇ ਉਸ ਦੇ ਨਿਕਟਵਰਤੀ ਪ੍ਰਦੇਸ਼ਾਂ ਵਿਚ ਗੁਜਰ ਜਾਤਿ ਦਾ ਵਿਸ਼ੇਸ਼ ਰੂਪ ਵਿਚ ਨਿਵਾਸ ਰਿਹਾ ਹੈ। ਇਸ ਲਈ ਇਸ ਰਾਗ ਦਾ ਪ੍ਰਚਲਨ ਵੀ ਇਸੇ ਖੇਤਰ ਵਿਚ ਅਧਿਕ ਹੋਇਆ ਹੈ। ਇਹ ਰਾਗ ਸਾਰੀਆਂ ਰੁਤਾਂ ਵਿਚ ਸਵੇਰ ਵੇਲੇ ਗਾਇਆ ਜਾਂਦਾ ਹੈ। ਗੰਭੀਰ ਪ੍ਰਕ੍ਰਿਤੀ ਵਾਲਾ ਹੋਣ ਕਾਰਣ ਇਸ ਵਿਚ ਭਗਤੀਮਈ ਉਦਗਾਰ ਵਿਸ਼ੇਸ਼ ਢੁਕਵੇਂ ਢੰਗ ਨਾਲ ਪ੍ਰਗਟਾਏ ਜਾ ਸਕਦੇ ਹਨ। ਇਸ ਨੂੰ ਕਰੁਣ ਰਸ ਦਾ ਧਾਰਣੀ ਵੀ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਨੂੰ ਪੰਜਵੇਂ ਸਥਾਨ ਉਤੇ ਰਖਿਆ ਗਿਆ ਹੈ।
ਦੇਵ ਗੰਧਾਰੀ ਰਾਗ: ਇਹ ਇਕ ਪੁਰਾਤਨ ਰਾਗ ਹੈ ਜੋ ਬਹੁਤ ਜਟਿਲ ਹੋਣ ਕਰਕੇ ਅਪ੍ਰਚਲਿਤ ਹੀ ਰਿਹਾ ਹੈ। ਇਸ ਦਾ ਉੱਲੇਖ ਪੁਰਾਤਨ ਸੰਗੀਤ-ਗ੍ਰੰਥਾਂ ਵਿਚ ਮਿਲ ਜਾਂਦਾ ਹੈ। ਇਸ ਨੂੰ ਬਿਲਾਵਲ ਠਾਟ ਦੀ ਸੰਪੂਰਣ ਰਾਗਨੀ ਮੰਨਿਆ ਗਿਆ ਹੈ। ਇਹ ਆਮ ਤੌਰ’ਤੇ ਸਵੇਰੇ ਦਿਨ ਚੜ੍ਹੇ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਛੇਵੇਂ ਨੰਬਰ’ਤੇ ਦਰਜ ਹੋਇਆ ਹੈ।
ਬਿਹਾਗੜਾ ਰਾਗ: ਇਹ ਬਿਲਾਵਲ ਠਾਟ ਦਾ ਸੰਪੂਰਣ ਰਾਗ ਹੈ। ਵਿਦਵਾਨਾਂ ਅਨੁਸਾਰ ਬਿਹਾਗ ਵਿਚ ਕੋਮਲ ਸੁਰ ਲਿਆਉਣ ਨਾਲ ਬਿਹਾਗੜਾ ਬਣ ਜਾਂਦਾ ਹੈ। ਇਸ ਨੂੰ ਕੇਦਾਰਾ ਅਤੇ ਗਉੜੀ ਦੇ ਸੁਮੇਲ ਦਾ ਸਿੱਟਾ ਵੀ ਕਿਹਾ ਜਾਂਦਾ ਹੈ। ਇਹ ਉੱਤਰੀ ਭਾਰਤੀ ਦੀ ਸੰਗੀਤ ਪਰੰਪਰਾ ਦਾ ਮਧੁਰ ਰਾਗ ਹੈ। ਇਸ ਦੇ ਗਾਉਣ ਦਾ ਸਮਾਂ ਅੱਧੀ ਰਾਤ ਹੈ। ਇਸ ਦੇ ਦੋ ਰੂਪ ਪ੍ਰਚਲਿਤ ਹਨ। ਇਕ ਰੂਪ ਵਿਚ ਦੋਵੇਂ ਮਧਿਅਮ ਪ੍ਰਯੋਗ ਕੀਤੇ ਜਾਂਦੇ ਹਨ ਅਤੇ ਦੂਜੇ ਵਿਚ ਦੋਵੇਂ ਨਿਸ਼ਾਦ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਕ੍ਰਮ ਸੱਤਵਾਂ ਹੈ।
ਵਡਹੰਸ ਰਾਗ: ਲੋਕ ਸੰਗੀਤ ਤੋਂ ਵਿਕਸਿਤ ਹੋਇਆ ਇਹ ਕਮਾਚ ਠਾਟ ਦਾ ਸੰਪੂਰਣ ਰਾਗ ਹੈ। ਇਸ ਨੂੰ ਆਮ ਤੌਰ’ਤੇ ਦੁਪਹਿਰ ਵੇਲੇ ਅਤੇ ਰਾਤ ਦੇ ਦੂਜੇ ਪਹਿਰ ਵਿਚ ਗਾਇਆ ਜਾਂਦਾ ਹੈ। ਕੁਝ ਵਿਦਵਾਨਾਂ ਨੇ ਇਸ ਨੂੰ ਮਾਰੂ , ਗੌਰਾਨੀ, ਦੁਰਗਾ, ਧਨਾਸਰੀ ਅਤੇ ਜੈਤੀ ਦਾ ਮਿਸ਼ਰਣ ਮੰਨਿਆ ਹੈ। ਇਸ ਵਿਚ ਵਿਸ਼ਾਦ ਜਾਂ ਦੁਖ ਦੇ ਸੂਚਕ ਕਾਵਿ- ਰੂਪ ਅਲਾਹਣੀਆਂ ਅਤੇ ਸੁਖ ਦੇ ਮਾਹੌਲ ਨਾਲ ਸੰਬੰਧਿਤ ਕਾਵਿ-ਰੂਪ ਘੋੜੀਆਂ ਨੂੰ ਵਰਤ ਕੇ ਗੁਰਬਾਣੀ ਵਿਚਲੀ ਦੁਖ-ਸੁਖ ਦੀ ਸਮਾਨਤਾ ਦੀ ਭਾਵਨਾ ਨੂੰ ਉਜਾਗਰ ਕੀਤਾ ਗਿਆ ਹੈ। ਇਸ ਦਾ ਇਕ ਭੇਦ ਵਡਹੰਸ-ਦੱਖਣੀ ਵੀ ਹੈ। ਇਸ ਦਾ ਗੁਰੂ ਗ੍ਰੰਥ ਸਾਹਿਬ ਵਿਚ ਅੱਠਵਾਂ ਨੰਬਰ ਹੈ।
ਗੁਰੂ ਅਮਰਦਾਸ ਜੀ ਦੀ ਇਸ ਰਾਗ ਸੰਬੰਧੀ ਸਥਾਪਨਾ ਹੈ—ਸਬਦਿ ਰਤੇ ਵਡਹੰਸ ਹੈ ਸਚੁ ਨਾਮੁ ਉਰਿ ਧਾਰਿ। ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ। (ਗੁ.ਗ੍ਰੰ.585)।
ਸੋਰਠਿ ਰਾਗ: ਇਸ ਦੇ ਸਰੂਪ ਬਾਰੇ ਦੋ ਮਤ ਪ੍ਰਚਲਿਤ ਹਨ। ਕੁਝ ਵਿਦਵਾਨਾਂ ਨੇ ਇਸ ਨੂੰ ਕਮਾਚ ਠਾਟ ਦਾ ਔੜਵ ਸੰਪੂਰਣ ਰਾਗ ਮੰਨਿਆ ਹੈ ਅਤੇ ਕੁਝ ਨੇ ਇਸ ਨੂੰ ਮੇਘ ਦੀ ਇਕ ਰਾਗਨੀ ਦਸਿਆ ਹੈ। ਇਸ ਵਿਚ ਗੰਧਾਰ ਸ੍ਵਰ ਦੀ ਵਰਤੋਂ ਗੁਪਤ ਢੰਗ ਨਾਲ ਹੁੰਦੀ ਹੈ। ਪਰ ਇਸ ਵਿਚ ਕੋਮਲ ਗੰਧਾਰ ਸ੍ਵਰ ਦੀ ਵਰਤੋਂ ਅਨੁਚਿਤ ਹੈ। ਇਹ ਰਾਤ ਦੇ ਦੂਜੇ ਪਹਿਰ ਗਾਇਆ ਜਾਂਦਾ ਹੈ ਅਤੇ ਆਮ ਤੌਰ’ਤੇ ਇਸ ਨੂੰ ਸਰਦ ਰੁਤ ਨਾਲ ਸੰਬੰਧਿਤ ਕੀਤਾ ਜਾਂਦਾ ਹੈ। ਗੰਭੀਰ ਪ੍ਰਕ੍ਰਿਤੀ ਵਾਲਾ ਹੋਣ ਕਾਰਣ ਇਸ ਨੂੰ ਵੈਰਾਗਮਈ ਬਾਣੀ ਲਈ ਵਰਤਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਕ੍ਰਮਾਂਕ ਨੌਵਾਂ ਹੈ।
ਗੁਰੂ ਅਰਜਨ ਦੇਵ ਜੀ ਨੇ ਇਸ ਰਾਗ ਸੰਬੰਧੀ ਆਪਣੀ ਧਾਰਣਾ ਸਪੱਸ਼ਟ ਕਰਦਿਆਂ ਕਿਹਾ ਹੈ—ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ। ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ। (ਗੁ.ਗ੍ਰੰ.1425)।
ਧਨਾਸਰੀ ਰਾਗ: ਕਾਫ਼ੀ ਠਾਟ ਦੀ ਸੰਪੂਰਣ ਰਾਗਨੀ ਮੰਨੇ ਜਾਣ ਵਾਲੇ ਇਸ ਰਾਗ ਨੂੰ ਦਿਨ ਦੇ ਤੀਜੇ ਪਹਿਰ ਵਿਚ ਗਾਇਆ ਜਾਂਦਾ ਹੈ। ਇਹ ਭਾਵੇਂ ਬਹੁਤਾ ਪ੍ਰਸਿੱਧ ਨਹੀਂ, ਪਰ ਇਸ ਵਿਚ ਮਧੁਰ ਭਾਵਨਾਵਾਂ ਸੁੰਦਰ ਢੰਗ ਨਾਲ ਪ੍ਰਗਟਾਈਆਂ ਜਾ ਸਕਦੀਆਂ ਹਨ। ਵੈਰਾਗ ਦੀ ਭਾਵਨਾ ਲਈ ਇਸ ਰਾਗ ਦੁਆਰਾ ਬਹੁਤ ਢੁਕਵਾਂ ਵਾਤਾਵਰਣ ਪੈਦਾ ਕੀਤਾ ਜਾ ਸਕਦਾ ਹੈ। ਸਚੀ ਭਗਤੀ ਦੇ ਰਸਤੇ ਵਿਚ ਰੁਕਾਵਟ ਪੈਦਾ ਕਰਨ ਵਾਲੇ ਆਡੰਬਰਾਂ ਅਤੇ ਕਰਮ-ਕਾਂਡਾਂ ਦਾ ਇਸ ਰਾਗ ਵਿਚਲੀ ਬਾਣੀ ਵਿਚ ਖੰਡਨ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਰਾਗ ਦਸਵੇਂ ਨੰਬਰ ਤੇ ਦਰਜ ਹੈ।
ਧਨਾਸਰੀ ਰਾਗ ਬਾਰੇ ਗੁਰੂ ਅਮਰਦਾਸ ਜੀ ਦੀ ਸਥਾਪਨਾ ਹੈ ਕਿ —ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ। (ਗੁ.ਗ੍ਰੰ.1419)।
ਜੈਤਸਰੀ ਰਾਗ: ਇਹ ਰਾਗ ‘ਜੈਤ ’ ਅਤੇ ‘ਸਿਰੀ’ ਰਾਗਾਂ ਦੇ ਸੰਯੋਗ ਨਾਲ ਬਣਿਆ ਹੈ। ਇਹ ਪੂਰਬੀ ਠਾਟ ਦੀ ਔੜਵ ਸੰਪੂਰਣ ਰਾਗਨੀ ਹੈ। ਇਸ ਨੂੰ ਆਮ ਤੌਰ’ਤੇ ਦਿਨ ਦੇ ਚੌਥੇ ਪਹਿਰ ਵਿਚ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ 11ਵੇਂ ਨੰਬਰਾਂ ਉਤੇ ਦਰਜ ਹੈ।
ਟੋਡੀ ਰਾਗ: ਇਸ ਨੂੰ ਸਰਲ ਅਤੇ ਮਧੁਰ ਰਾਗ ਮੰਨਿਆ ਜਾਂਦਾ ਹੈ, ਪਰ ਉਂਜ ਇਸ ਦੀ ਪ੍ਰਕ੍ਰਿਤੀ ਗੰਭੀਰ ਹੈ। ਇਸ ਨੂੰ ਦਿਨ ਦੇ ਦੂਜੇ ਪਹਿਰ ਵਿਚ ਗਾਇਆ ਜਾਂਦਾ ਹੈ। ਕੁਝ ਵਿਦਵਾਨਾਂ ਨੇ ਇਸ ਨੂੰ ਟੋਡੀ ਠਾਟ ਦੀ ਸੰਪੂਰਣ ਰਾਗਨੀ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ 12ਵੇਂ ਨੰਬਰ ਉਤੇ ਦਰਜ ਹੈ। ਇਸ ਦਾ ਇਕ ਨਾਮਾਂਤਰ ‘ਤੋੜੀ ’ ਵੀ ਹੈ।
ਬੈਰਾੜੀ ਰਾਗ: ਇਸ ਨੂੰ ਵਿਦਵਾਨਾਂ ਨੇ ਮਾਰੂ ਠਾਟ ਦੀ ਸੰਪੂਰਣ ਰਾਗਨੀ ਦਸਿਆ ਹੈ। ਇਹ ਰਾਗ ਪ੍ਰਾਚੀਨ ਕਾਲ ਤੋਂ ਹੀ ਬਹੁਤ ਪ੍ਰਸਿੱਧ ਚਲਿਆ ਆ ਰਿਹਾ ਹੈ। ਇਹ ਸੰਗੀਤ ਦੀਆਂ ਦੋਹਾਂ ਪਰੰਪਰਾਵਾਂ ਵਿਚ ਪ੍ਰਚਲਿਤ ਹੈ। ਇਸ ਨੂੰ ਕੁਝ ਵਿਦਵਾਨਾਂ ਨੇ ਦਿਨ ਦੇ ਦੂਜੇ ਪਹਿਰ ਦਾ ਰਾਗ ਮੰਨਿਆ ਹੈ ਅਤੇ ਕੁਝ ਨੇ ਸ਼ਾਮ ਵੇਲੇ ਦਾ। ਪੁਰਾਤਨ ਗ੍ਰੰਥਾਂ ਵਿਚ ਇਸ ਨੂੰ ਵਰਾਟੀ, ਬਰਾਰੀ ਆਦਿ ਨਾਂ ਨਾਲ ਵੀ ਲਿਖਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ 13ਵੇਂ ਨੰਬਰ ਉਤੇ ਦਰਜ ਹੈ।
ਤਿਲੰਗ ਰਾਗ: ਇਸ ਨੂੰ ਬਿਲਾਵਲ ਠਾਟ ਦਾ ਇਕ ਔੜਵ ਰਾਗ ਮੰਨਿਆ ਗਿਆ ਹੈ। ਇਸ ਦਾ ਸੰਬੰਧ ਅਧਿਕਤਰ ਦੱਖਣ ਨਾਲ ਹੈ। ਇਸ ਨੂੰ ਪੰਜਾਬੀ ਸੂਫ਼ੀ ਫ਼ਕੀਰਾਂ ਨੇ ਅਧਿਕ ਪ੍ਰਚਲਿਤ ਕੀਤਾ ਹੈ। ਇਸ ਦੇ ਗਾਉਣ ਦਾ ਸਮਾਂ ਕੁਝ ਵਿਦਵਾਨਾਂ ਨੇ ਦਿਨ ਦਾ ਤੀਜਾ ਪਹਿਰ ਮੰਨਿਆ ਹੈ ਅਤੇ ਕੁਝ ਨੇ ਵਰਸ਼ਾ ਰੁਤ ਜਾਂ ਸਰਦੀਆ ਦੀ ਅੱਧ ਰਾਤ ਨੂੰ ਗਾਏ ਜਾਣ ਵਾਲਾ ਰਾਗ ਦਸਿਆ ਹੈ। ਕਿਤੇ ਕਿਤੇ ਇਸ ਨੂੰ ਹਿੰਡੋਲ ਦੀ ਰਾਗਨੀ ਵੀ ਕਿਹਾ ਗਿਆ ਹੈ। ਇਸ ਨਾਲ ਕਾਫ਼ੀ ਦੇ ਮੇਲ ਨਾਲ ਤਿਲੰਗ ਕਾਫ਼ੀ ਰਾਗ ਵੀ ਬਣਾਉਣ ਦੀ ਰੁਚੀ ਵੇਖੀ ਗਈ ਹੈ। ਇਸ ਵਿਚ ਰਚੀ ਬਾਣੀ ਦਾ ਯੁਗ-ਚਿਤ੍ਰਣ ਬਹੁਤ ਮਹੱਤਵਪੂਰਣ ਹੈ। ਕੁਝ ਵਿਦਵਾਨਾਂ ਨੇ ਇਸ ਦਾ ਤਿਲੰਗ ਨਾਂ ਤੈਲੰਗ ਪ੍ਰਦੇਸ਼ ਨਾਲ ਸੰਬੰਧਿਤ ਹੋਣ ਕਰਕੇ ਮੰਨਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ 14ਵੇਂ ਨੰਬਰ ਉਤੇ ਦਰਜ ਹੈ।
ਸੂਹੀ ਰਾਗ: ਇਹ ਇਕ ਅਪ੍ਰਸਿੱਧ ਰਾਗ ਹੈ, ਜਿਸ ਲਈ ਇਸ ਦੇ ਸਰੂਪ ਬਾਰੇ ਵਿਦਵਾਨਾਂ ਵਿਚ ਮਤਭੇਦ ਹੈ। ਕੁਝ ਦਾ ਵਿਚਾਰ ਹੈ ਕਿ ਇਹ ਕਾਫ਼ੀ ਠਾਟ ਦੀ ਖਾੜਵ ਰਾਗਨੀ ਹੈ ਅਤੇ ਇਸ ਦਾ ਨਾਮਾਂਤਰ ‘ਸੂਹਾ’ ਵੀ ਹੈ। ਕੁਝ ਦਾ ਮਤ ਹੈ ਕਿ ਇਹ ਕਾਨੜਾ ਅਤੇ ਮੇਘ ਮਲਾਰ ਦੇ ਸੰਯੋਗ ਨਾਲ ਬਣਦਾ ਹੈ ਅਤੇ ਕੁਝ ਹੋਰਾਂ ਦੀ ਸਥਾਪਨਾ ਹੈ ਕਿ ਇਸ ਦੀ ਰਚਨਾ ਕਾਨੜਾ ਅਤੇ ਸਾਰੰਗ ਦੇ ਮੇਲ ਨਾਲ ਹੁੰਦੀ ਹੈ। ਇਸ ਦੇ ਗਾਉਣ ਦਾ ਸਮਾਂ ਦੋ ਘੜੀ ਦਿਨ ਚੜ੍ਹੇ ਹੈ, ਪਰ ਕੁਝ ਸੰਗੀਤਕਾਰਾਂ ਅਨੁਸਾਰ ਇਸ ਨੂੰ ਦਿਨ ਦੇ ਦੂਜੇ ਪਹਿਰ ਦੇ ਅੰਤ ਉਤੇ ਗਾਉਣਾ ਚਾਹੀਦਾ ਹੈ। ਇਸ ਵਿਚ ਸੂਹੀ ਕਾਫ਼ੀ ਅਤੇ ਸੂਹੀ ਲਲਿਤ ਦੋ ਭੇਦ ਵੀ ਹਨ ਜਿਨ੍ਹਾਂ ਵਿਚ ਰਚੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ 15ਵੇਂ ਕ੍ਰਮ ਉਤੇ ਸੰਕਲਿਤ ਹੈ।
ਬਿਲਾਵਲ ਰਾਗ: ਇਸ ਰਾਗ ਨੂੰ ‘ਰਾਗਮਾਲਾ ’ ਵਿਚ ਭੈਰਵ ਰਾਗ ਦਾ ਪੁੱਤਰ ਮੰਨਿਆ ਗਿਆ ਹੈ। ਪਰ ਕੁਝ ਵਿਦਵਾਨ ਇਸ ਨੂੰ ਸੰਪੂਰਣ ਜਾਤਿ ਦਾ ਰਾਗ ਮੰਨਦੇ ਹਨ ਅਤੇ ਕੁਝ ਵਿਦਵਾਨ ਰਾਗਨੀ ਦਸਦੇ ਹਨ। ਅਸਲ ਵਿਚ ਇਹ ਬਹੁਤ ਪੁਰਾਤਨ ਰਾਗ ਹੈ ਅਤੇ ਉੱਤਰੀ ਤੇ ਦੱਖਣੀ ਦੋਹਾਂ ਸੰਗੀਤ ਪਰੰਪਰਾਵਾਂ ਵਿਚ ਇਸ ਦੀ ਮਾਨਤਾ ਹੈ। ਇਸ ਦੀ ਰਚਨਾ ਬਿਲਾਵਲ ਠਾਟ ਤੋਂ ਹੁੰਦੀ ਦਸੀ ਜਾਂਦੀ ਹੈ। ਕੁਝ ਸੰਗੀਤਕਾਰਾਂ ਨੇ ਇਸ ਦੇ ਗਾਉਣ ਦਾ ਸਮਾਂ ਸਵੇਰ ਦਾ ਪਹਿਲਾ ਪਹਿਰ ਮੰਨਿਆ ਹੈ ਅਤੇ ਕੁਝ ਇਸ ਨੂੰ ਦਿਨ ਦੇ ਦੂਜੇ ਪਹਿਰ ਦਾ ਆਰੰਭ ਦਸਦੇ ਹਨ। ਇਸ ਦਾ ਇਕ ਭੇਦ ਬਿਲਾਵਲ ਮੰਗਲ ਵੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਕ੍ਰਮ 16ਵਾਂ ਹੈ।
ਗੁਰੂ ਰਾਮਦਾਸ ਜੀ ਨੇ ਇਸ ਰਾਗ ਸੰਬੰਧੀ ਆਪਣਾ ਪ੍ਰਭਾਵ ਇਸ ਤਰ੍ਹਾਂ ਪ੍ਰਗਟ ਕੀਤਾ ਹੈ—ਹਰਿ ਉਤਮੁ ਹਰਿ ਪ੍ਰਭੁ ਗਾਇਆ ਕਰਿ ਨਾਦੁ ਬਿਲਾਵਲੁ ਰਾਗੁ। ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ। (ਗੁ.ਗ੍ਰੰ.849)। ਹੋਰ ਵੀ ਲਿਖਿਆ ਹੈ—ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ। (ਗੁ.ਗ੍ਰੰ.849); ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ। (ਗੁ.ਗ੍ਰੰ.849)।
ਗੋਂਡ ਰਾਗ: ਇਹ ਇਕ ਬਹੁਤ ਪ੍ਰਾਚੀਨ ਅਤੇ ਅਪ੍ਰਚਲਿਤ ਰਾਗ ਹੈ ਅਤੇ ਗਾਉਣ ਵਿਚ ਔਖਾ ਵੀ ਹੈ, ਪਰ ਪ੍ਰਬੀਨ ਸੰਗੀਤਕਾਰ ਇਸ ਨੂੰ ਬੜੇ ਸ਼ੌਕ ਨਾਲ ਗਾਉਂਦੇ ਹਨ। ਇਸ ਨੂੰ ਸੰਪੂਰਣ ਜਾਤਿ ਦਾ ਰਾਗ ਮੰਨਿਆ ਜਾਂਦਾ ਹੈ। ਇਸ ਦੇ ਗਾਉਣ ਦਾ ਸਮਾਂ ਦੁਪਹਿਰ ਹੈ। ਇਸ ਦੇ ਮੇਲ ਨਾਲ ਗੌਂਡ ਮਲਾਰ, ਗੌਂਡ ਸਾਰੰਗ ਦੀ ਰਚਨਾ ਹੁੰਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿਚ ਇਸ ਤੋਂ ਬਿਲਾਵਲ ਗੌਂਡ ਦੀ ਰਚਨਾ ਹੁੰਦੀ ਦਸੀ ਗਈ ਹੈ। ਇਸ ਰੂਪ ਵਿਚ ਬਿਲਾਵਲ ਅਤੇ ਗੌਂਡ ਦੀਆਂ ਮਧੁਰ ਸੁਰਾਵਲੀਆਂ ਦਾ ਸੁਮੇਲ ਹੋਇਆ ਹੈ। ਭਗਤ ਨਾਮਦੇਵ ਨੇ ਇਸ ਸੁਮੇਲ ਵਿਚ ਇਕ ਸ਼ਬਦ ਦੀ ਰਚਨਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਕ੍ਰਮ 17ਵਾਂ ਹੈ।
ਰਾਮਕਲੀ ਰਾਗ: ਇਸ ਰਾਗ ਨੂੰ ਨਾਥ-ਯੋਗੀਆਂ ਨੇ ਵਿਸ਼ੇਸ਼ ਰੂਪ ਵਿਚ ਅਪਣਾਇਆ ਹੈ। ਗੁਰੂ ਨਾਨਕ ਦੇਵ ਜੀ ਨੇ ਨਾਥ-ਯੋਗੀਆਂ ਜਾਂ ਸਿੱਧਾਂ ਨਾਲ ਜਿਥੇ ਵੀ ਵਿਚਾਰ- ਵਟਾਂਦਰਾ ਕੀਤਾ ਜਾਂ ਉਨ੍ਹਾਂ ਪ੍ਰਤਿ ਆਪਣਾ ਮਤ ਦਰਸਾਇਆ, ਉਥੇ ਆਪਣੀ ਬਾਣੀ ਇਸੇ ਰਾਗ ਵਿਚ ਉਚਾਰੀ। ਇਸ ਨੂੰ ਭੈਰਵ ਠਾਟ ਦੀ ਔੜਵ ਸੰਪੂਰਣ ਰਾਗਨੀ ਮੰਨਿਆ ਗਿਆ ਹੈ। ਸੰਗੀਤ-ਜਗਤ ਵਿਚ ਇਹ ਰਾਗ ਬਹੁਤ ਪ੍ਰਸਿੱਧ ਹੈ। ਪਰ ‘ਰਾਗਮਾਲਾ’ ਵਿਚ ਇਸ ਦਾ ਉੱਲੇਖ ਤਕ ਨਹੀਂ। ਇਸ ਦੇ ਗਾਉਣ ਦਾ ਸਮਾਂ ਸੂਰਜ ਨਿਕਲਣ ਤੋਂ ਲੈ ਕੇ ਪਹਿਰ ਦਿਨ ਚੜ੍ਹੇ ਤਕ ਹੈ। ਇਸ ਦਾ ਰਾਮਕਲੀ ਦੱਖਣੀ ਨਾਂ ਦਾ ਇਕ ਭੇਦ ਵੀ ਹੈ ਜਿਸ ਵਿਚ ਗੁਰੂ ਨਾਨਕ ਦੇਵ ਜੀ ਨੇ ‘ਓਅੰਕਾਰ ’ ਨਾਂ ਦੀ ਬਾਣੀ ਉਚਾਰੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਅਠਾਰ੍ਹਵੇਂ ਨੰਬਰ ਉਤੇ ਦਰਜ ਹੈ।
ਰਾਮਕਲੀ ਰਾਗ ਬਾਰੇ ਗੁਰੂ ਅਮਰਦਾਸ ਜੀ ਦੀ ਧਾਰਣਾ ਹੈ—ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ। ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰ। (ਗੁ.ਗ੍ਰੰ.950)।
ਨਟ ਨਾਰਾਇਨ ਰਾਗ: ਇਹ ਸੰਪੂਰਣ ਜਾਤਿ ਦਾ ਰਾਗ ਹੈ। ਇਸ ਦੀ ਰਚਨਾ ਬਿਲਾਵਲ ਅਤੇ ਕਲਿਆਣ ਦੇ ਮੇਲ ਨਾਲ ਹੁੰਦੀ ਹੈ। ਭਾਵੇਂ ਇਹ ਬਹੁਤ ਪ੍ਰਾਚੀਨ ਰਾਗ ਹੈ, ਪਰ ਇਸ ਦੇ ਸਰੂਪ ਸੰਬੰਧੀ ਸਪੱਸ਼ਟਤਾ ਦਾ ਅਭਾਵ ਹੈ। ਇਸ ਦੇ ਗਾਉਣ ਦਾ ਸਮਾਂ ਦਿਨ ਦਾ ਚੌਥਾ ਪਹਿਰ ਹੈ। ‘ਦਸਮ- ਗ੍ਰੰਥ’ ਵਿਚ ਇਸ ਦਾ ਇਕ ਨਾਮਾਂਤਰ ‘ਨਟ ਨਾਇਕ’ ਵੀ ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ 19ਵੇਂ ਨੰਬਰ ਉਤੇ ਹੈ।
ਮਾਲੀ ਗਉੜਾ ਰਾਗ: ਇਹ ਉੱਤਰੀ ਭਾਰਤੀ ਸੰਗੀਤ ਸ਼ਾਖਾ ਦਾ ਪੁਰਾਤਨ, ਪਰੰਤੂ ਅਪ੍ਰਚਲਿਤ ਰਾਗ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਾ ਬਹੁਤ ਪ੍ਰਚਲਨ ਹੋਇਆ ਨਹੀਂ ਮਿਲਦਾ। ਮਾਰੂ ਠਾਟ ਦੇ ਇਸ ਸੰਪੂਰਣ ਰਾਗ ਦਾ ਇਕ ਨਾਮਾਂਤਰ ‘ਮਾਲੀ ਗੌਰਾ ’ ਵੀ ਹੈ। ਇਸ ਦੇ ਗਾਉਣ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਕ੍ਰਮ ਵੀਹਵਾਂ ਹੈ।
ਮਾਰੂ ਰਾਗ: ਇਹ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ ਅਤੇ ਉੱਤਰੀ ਤੇ ਦੱਖਣੀ ਦੋਹਾਂ ਸੰਗੀਤ ਪਰੰਪਰਾਵਾਂ ਵਿਚ ਇਸ ਨੂੰ ਸਵੀਕਾਰ ਕੀਤਾ ਗਿਆ ਹੈ। ਵਿਦਵਾਨਾਂ ਨੇ ਇਸ ਨੂੰ ਖਾੜਵ ਜਾਤਿ ਦਾ ਰਾਗ ਮੰਨਿਆ ਹੈ। ‘ਰਾਗਮਾਲਾ’ ਵਿਚ ਇਸ ਨੂੰ ਮਾਲਕੌਂਸ ਦਾ ਪੁੱਤਰ ਲਿਖਿਆ ਹੈ। ਇਸ ਨੂੰ ਦਿਨ ਦੇ ਤੀਜੇ ਪਹਿਰ ਵਿਚ ਬੜੇ ਸਾਧਾਰਣ ਢੰਗ ਨਾਲ ਗਾਇਆ ਜਾਂਦਾ ਹੈ। ਪੁਰਾਤਨ ਕਾਲ ਤੋਂ ਇਸ ਨੂੰ ਯੁੱਧ ਦੇ ਸੰਬੰਧ ਵਿਚ ਜਾਂ ਵੀਰ-ਰਸੀ ਭਾਵਨਾਵਾਂ ਦੀ ਅਭਿਵਿਅਕਤੀ ਲਈ ਵਰਤਿਆ ਜਾਂਦਾ ਹੈ। ਮ੍ਰਿਤੂ ਦੇ ਅਵਸਰ’ਤੇ ਵੀ ਇਸ ਦੇ ਗਾਉਣ ਦਾ ਵਿਧਾਨ ਹੈ। ਵੀਰ-ਰਸੀ ਭਾਵਨਾ ਨੂੰ ਪ੍ਰਗਟ ਕਰਨ ਲਈ ਗੁਰਬਾਣੀ ਵਿਚ ਇਸ ਰਾਗ ਦੁਆਰਾ ਮਨ ਨਾਲ ਯੁੱਧ ਕਰਨ ਲਈ ਜਿਗਿਆਸੂ ਨੂੰ ਪ੍ਰੇਰਿਆ ਗਿਆ ਹੈ ਅਤੇ ਬਾਹਰਲੇ ਦਿਖਾਵੇ ਅਤੇ ਪਾਖੰਡਾਂ ਦਾ ਖੰਡਨ ਕੀਤਾ ਗਿਆ ਹੈ। ਇਸ ਰਾਗ ਦੇ ਹੋਰ ਭੇਦ ਹਨ—ਮਾਰੂ-ਕਾਫ਼ੀ, ਮਾਰੂ ਦੱਖਣੀ ਆਦਿ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਨੰਬਰ 21ਵਾਂ ਹੈ।
ਗੁਰੂ ਅਰਜਨ ਦੇਵ ਨੇ ਇਸ ਰਾਗ ਦੀ ਸਫਲਤਾ ਬਾਰੇ ਸੰਕੇਤ ਕਰਦਿਆਂ ਲਿਖਿਆ ਹੈ—ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ। (ਗੁ.ਗ੍ਰੰ.1425)।
ਤੁਖਾਰੀ ਰਾਗ: ਇਹ ਸੰਪੂਰਣ ਜਾਤਿ ਦੀ ਇਕ ਰਾਗਨੀ ਹੈ ਜਿਸ ਦੇ ਗਾਉਣ ਦਾ ਸਮਾਂ ਚਾਰ ਘੜੀ ਦਿਨ ਚੜ੍ਹਨ ਦਾ ਹੈ। ਕੁਝ ਸੰਗੀਤਕਾਰਾਂ ਨੇ ਇਸ ਨੂੰ ਸ਼ਾਮ ਵੇਲੇ ਦਾ ਰਾਗ ਮੰਨਿਆ ਹੈ। ਇਹ ਰਾਗ ਭਾਵੇਂ ਬਹੁਤ ਪ੍ਰਾਚੀਨ ਹੈ, ਪਰ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਇਕ ਪ੍ਰਕਾਰ ਦਾ ਮੌਲਿਕ ਰੂਪ ਪ੍ਰਦਾਨ ਕੀਤਾ ਹੈ। ਇਹ ਅਕਸਰ ਭੈਰਵ, ਟੋਡੀ ਅਤੇ ਰਾਮਕਲੀ ਦੇ ਸੰਯੋਗ ਨਾਲ ਬਣਦਾ ਹੈ। ‘ਰਾਗਮਾਲਾ’ ਵਿਚ ਇਸ ਦਾ ਨਾਂ ਨਹੀਂ ਲਿਖਿਆ। ਇਸ ਦੇ ਨਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਕਿਸੇ ਸਰਦ ਇਲਾਕੇ ਦੀ ਉਪਜ ਹੈ। ਇਸ ਵਿਚ ਆਮ ਤੌਰ’ਤੇ ਵਿਯੋਗ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੋਇਆ ਹੈ। ਪਰ ਕਈ ਪ੍ਰਾਚੀਨ ਗ੍ਰੰਥਾਂ ਵਿਚ ਇਸ ਨੂੰ ਵੀਰ-ਰਸ ਵਾਲਾ ਰਾਗ ਮੰਨਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ 22ਵੇਂ ਨੰਬਰ’ਤੇ ਆਇਆ ਹੈ।
ਕੇਦਾਰਾ ਰਾਗ: ਇਹ ਬਹੁਤ ਪ੍ਰਾਚੀਨ ਰਾਗ ਹੈ। ਭਾਰਤੀ ਸੰਗੀਤ ਗ੍ਰੰਥਾਂ ਵਿਚ ਇਸ ਦਾ ਆਮ ਵਰਣਨ ਹੋਇਆ ਹੈ। ਇਸ ਦੇ ਸਰੂਪ ਸੰਬੰਧੀ ਵਿਦਵਾਨਾਂ ਵਿਚ ਮਤਭੇਦ ਹੈ। ਇਕ ਮਤ ਅਨੁਸਾਰ ਇਸ ਨੂੰ ਕਲਿਆਣ ਠਾਟ ਦਾ ਇਕ ਸੰਪੂਰਣ ਰਾਗ ਮੰਨਿਆ ਜਾਂਦਾ ਹੈ ਅਤੇ ਦੂਜੇ ਮਤ ਵਾਲਿਆਂ ਨੇ ਇਸ ਨੂੰ ਮੇਘ ਰਾਗ ਦਾ ਪੁੱਤਰ ਅਤੇ ਨਟ ਰਾਗ ਦੀ ਇਕ ਰਾਗਨੀ ਦਸਿਆ ਹੈ। ਇਸ ਨੂੰ ਰਾਤ ਦੇ ਦੂਜੇ ਪਹਿਰ ਵਿਚ ਗਾਉਣ ਦਾ ਨਿਯਮ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ 23ਵੇਂ ਕ੍ਰਮ ਉਤੇ ਦਰਜ ਹੈ।
ਇਸ ਦੇ ਮਹੱਤਵ ਉਤੇ ਪ੍ਰਕਾਸ਼ ਪਾਂਦੇ ਹੋਇਆਂ ਗੁਰੂ ਅਮਰਦਾਸ ਜੀ ਨੇ ਲਿਖਿਆ ਹੈ—ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ। ਸਤਸੰਗਤਿ ਸਿਉ ਮਿਲਦੋ ਰਹੈ ਸਚੇ ਧਰੇ ਪਿਆਰੁ। (ਗੁ.ਗ੍ਰੰ.1087)।
ਭੈਰਉ ਰਾਗ: ਇਸ ਨੂੰ ਭਗਤੀ ਭਾਵਨਾ ਨੂੰ ਪ੍ਰਗਟਾਉਣ ਵਾਲਾ ਮੁੱਖ ਰਾਗ ਮੰਨਿਆ ਗਿਆ ਹੈ। ਇਸ ਲਈ ਇਸ ਦੇ ਗਾਉਣ ਦਾ ਵੇਲਾ ਪ੍ਰਭਾਤ ਹੈ। ਇਹ ਸੰਪੂਰਣ ਜਾਤਿ ਦਾ ਮਾਰਗੀ ਰਾਗ ਹੈ ਅਤੇ ਇਸ ਦੀ ਗਿਣਤੀ ਛੇ ਹੋਰਨਾਂ ਰਾਗਾਂ ਵਿਚ ਵੀ ਹੁੰਦੀ ਹੈ। ਇਸ ਨੂੰ ‘ਰਾਗਮਾਲਾ’ ਵਿਚ ਪਹਿਲਾ ਸਥਾਨ ਮਿਲਿਆ ਹੈ। ਇਸ ਦੀ ਰਚਨਾ ਕੁਝ ਵਿਦਵਾਨਾਂ ਅਨੁਸਾਰ ਰਾਮਕਲੀ, ਟੋਡੀ ਅਤੇ ਗਉੜੀ ਦੇ ਸੰਯੋਗ ਨਾਲ ਹੋਈ ਹੈ। ਇਸ ਦੀ ਪ੍ਰਕ੍ਰਿਤੀ ਗੰਭੀਰ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਨੰਬਰ 24ਵਾਂ ਹੈ।
ਬਸੰਤ ਰਾਗ: ਇਹ ਬਹੁਤ ਪੁਰਾਤਨ ਅਤੇ ਪ੍ਰਸਿੱਧ ਰਾਗ ਮੰਨਿਆ ਗਿਆ ਹੈ। ਇਹ ਪੂਰਬੀ ਠਾਟ ਦਾ ਸੰਪੂਰਣ ਰਾਗ ਹੈ। ‘ਰਾਗਮਾਲਾ’ ਵਿਚ ਇਸ ਨੂੰ ਹਿੰਡੋਲ ਦਾ ਪੁੱਤਰ ਲਿਖਿਆ ਗਿਆ ਹੈ। ਇਸ ਦਾ ਸੰਬੰਧ ਬਸੰਤ ਰੁਤ ਨਾਲ ਹੈ। ਇਸ ਦੇ ਗਾਉਣ ਦਾ ਵਿਧਾਨ ਰਾਤ ਵੇਲੇ ਹੈ। ਰੁਤ ਦੇ ਪ੍ਰਭਾਵ ਕਾਰਣ ਇਸ ਵਿਚ ਹਰਿ-ਭਗਤੀ ਲਈ ਉਲਾਸ ਦੀ ਭਾਵਨਾ ਅਧਿਕ ਹੈ। ਇਸ ਦਾ ਇਕ ਭੇਦ ਬਸੰਤ-ਹਿੰਡੋਲ ਵੀ ਹੈ। ਗੁਰਮਤਿ ਸੰਗੀਤ ਵਿਚ ਬਸੰਤ ਰੁਤ ਦੇ ਖੇੜੇ ਨੂੰ ਅਧਿਆਤਮਿਕ ਆਨੰਦ ਦੀ ਅਨੁਭੂਤੀ ਨਾਲ ਜੋੜ ਕੇ ਇਸ ਨੂੰ ਨਿਵੇਕਲਾ ਸਥਾਨ ਪ੍ਰਦਾਨ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦਾ ਕ੍ਰਮ 25ਵਾਂ ਹੈ।
ਗੁਰੂ ਅਮਰਦਾਸ ਜੀ ਨੇ ਬਸੰਤ ਰੁਤ ਬਾਰੇ ਲਿਖਿਆ ਹੈ—ਬਨਸਪਤਿ ਮਉਲੀ ਚੜਿਆ ਬਸੰਤੁ। ਇਹੁ ਮਨੁ ਮਉਲਿਆ ਸਤਿਗੁਰੂ ਸੰਗਿ। (ਗੁਗ੍ਰੰ.1176)।
ਸਾਰੰਗ ਰਾਗ: ਇਸ ਨੂੰ ਕਾਫ਼ੀ ਠਾਟ ਦਾ ਔੜਵ ਖਾੜਵ ਰਾਗ ਕਿਹਾ ਜਾਂਦਾ ਹੈ, ਪਰ ‘ਰਾਗਮਾਲਾ’ ਵਿਚ ਇਸ ਨੂੰ ਸਿਰੀ ਰਾਗ ਦਾ ਪੁੱਤਰ ਮੰਨਿਆ ਗਿਆ ਹੈ। ਇਸ ਨੂੰ ਕੁਝ ਸੰਗੀਤਕਾਰਾਂ ਨੇ ਮੇਘ ਦਾ ਪੁੱਤਰ ਵੀ ਕਿਹਾ ਹੈ। ਭਾਰਤੀ ਸੰਗੀਤ ਪਰੰਪਰਾ ਵਿਚ ਬਹੁਤ ਪਹਿਲਾਂ ਤੋਂ ਇਹ ਰਾਗ ਪ੍ਰਚਲਿਤ ਰਿਹਾ ਹੈ। ਇਸ ਨੂੰ ਦੁਪਹਿਰ ਵੇਲੇ ਗਾਉਣ ਦੀ ਵਿਵਸਥਾ ਹੈ। ਇਸ ਦਾ ਵਿਧਾਨ ਲੋਕ-ਗੀਤਾਂ ਦੀ ਪਰੰਪਰਾ ਵਿਚ ਹੋਇਆ ਹੈ। ਇਸ ਦੇ ਕਈ ਭੇਦ ਵੀ ਪ੍ਰਚਲਿਤ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਹ ਛਬੀਹਵੇਂ ਕ੍ਰਮ ਤੇ ਦਰਜ ਹੈ।
ਮਲਾਰ ਰਾਗ: ਇਸ ਨੂੰ ਕਮਾਚ ਠਾਟ ਦਾ ਔੜਵ ਰਾਗ ਕਿਹਾ ਜਾਂਦਾ ਹੈ। ‘ਰਾਗਮਾਲਾ’ ਅਨੁਸਾਰ ਇਹ ਮੇਘ ਰਾਗ ਦੀ ਰਾਗਨੀ ਹੈ। ਇਸ ਦੀ ਸਿਰਜਨਾ ਮੇਘ, ਗੌਂਡ ਅਤੇ ਸਾਰੰਗ ਦੇ ਸੰਯੋਗ ਨਾਲ ਹੁੰਦੀ ਹੈ। ਇਸ ਰਾਗ ਦਾ ਸੰਬੰਧ ਵਰਸ਼ਾ ਰੁਤ ਨਾਲ ਹੈ, ਇਸ ਲਈ ਇਸ ਦਾ ਵਾਤਾਵਰਣ ਵਰਸ਼ਾ ਅਤੇ ਪ੍ਰਕ੍ਰਿਤੀ ਨਾਲ ਸੰਬੰਧਿਤ ਹੈ। ਵਰਸ਼ਾ ਰੁਤ ਤੋਂ ਬਿਨਾ ਇਸ ਦੇ ਗਾਉਣ ਦਾ ਸਮਾਂ ਅੱਧ ਰਾਤ ਵੀ ਹੈ। ਇਸ ਵਿਚ ਭਗਤੀ ਰਸ ਵਾਲੇ ਪਦ ਅਧਿਕ ਗਾਏ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਕ੍ਰਮ 27ਵਾਂ ਹੈ।
ਗੁਰੂ ਗ੍ਰੰਥ ਸਾਹਿਬ ਇਸ ਰਾਗ ਬਾਰੇ ਦੋ ਗੁਰ-ਵਾਕ ਹਨ— (1) ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ। (ਗੁ.ਗ੍ਰੰ.1285); (2) ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ। (ਗੁ.ਗ੍ਰੰ.1283)।
ਕਾਨੜਾ ਰਾਗ: ਇਹ ਇਕ ਪੁਰਾਤਨ ਰਾਗ ਹੈ। ਸੰਗੀਤਕਾਰਾਂ ਦੀ ਇਸ ਨੂੰ ਗਾਉਣ ਵਿਚ ਵਿਸ਼ੇਸ਼ ਰੁਚੀ ਹੈ। ਅਕਬਰ ਦੇ ਦਰਬਾਰੀ ਸੰਗੀਤਕਾਰ ਤਾਨਸੈਨ ਨੇ ਇਸ ਵਿਚ ਕਾਫ਼ੀ ਸੁਧਾਰ ਕੀਤਾ। ਫਲਸਰੂਪ ਉਸ ਦੁਆਰਾ ਗਾਏ ਇਸ ਰਾਗ ਨੂੰ ‘ਦਰਬਾਰੀ ਕਾਨੜਾ’ ਕਿਹਾ ਜਾਣ ਲਗਾ। ਉਂਜ ਇਹ ਆਸਾਵਰੀ ਠਾਟ ਦਾ ਖਾੜਵ ਸੰਪੂਰਣ ਰਾਗ ਹੈ। ਇਸ ਦੇ ਗਾਉਣ ਦਾ ਸਮਾਂ ਅੱਧੀ ਰਾਤ ਮੰਨਿਆ ਜਾਂਦਾ ਹੈ। ਇਸ ਦੇ ਸੰਗੀਤਕਾਰਾਂ ਨੇ ਕਈ ਭੇਦ ਦਸੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਹ 28ਵੇਂ ਨੰਬਰ ਉਤੇ ਦਰਜ ਹੈ।
ਕਲਿਆਨ ਰਾਗ: ਇਸ ਰਾਗ ਨੂੰ ਕਲਿਆਨ ਠਾਟ ਦੀ ਔੜਵ ਸੰਪੂਰਣ ਰਾਗਨੀ ਮੰਨਿਆ ਜਾਂਦਾ ਹੈ। ਇਹ ਬਹੁਤ ਪੁਰਾਣਾ ਅਤੇ ਪ੍ਰਸਿੱਧ ਰਾਗ ਹੈ ਅਤੇ ਇਸ ਦਾ ਸਰੂਪ ਮਧੁਰ ਹੈ। ਇਸ ਕਰਕੇ ਇਸ ਨੂੰ ਭਗਤੀ-ਭਾਵਨਾ ਵਾਲਿਆਂ ਪਦਿਆਂ ਲਈ ਉਚੇਚੇ ਤੌਰ’ਤੇ ਵਰਤਿਆ ਜਾਂਦਾ ਹੈ। ਇਸ ਨੂੰ ਰਾਤ ਦੇ ਪਹਿਲੇ ਪਹਿਰ ਵਿਚ ਗਾਇਆ ਜਾਂਦਾ ਹੈ। ਇਸ ਦਾ ਇਕ ਭੇਦ ਕਲਿਆਨ ਭੋਪਾਲੀ ਵੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਨੂੰ 29ਵੇਂ ਕ੍ਰਮ ਉਤੇ ਰਖਿਆ ਗਿਆ ਹੈ।
ਪ੍ਰਭਾਤੀ ਰਾਗ: ਇਸ ਰਾਗ ਦੀ ਸਿਰਜਨਾ ਕਈ ਰਾਗਾਂ ਦੇ ਸੰਯੋਗ ਨਾਲ ਹੁੰਦੀ ਹੈ ਜਿਵੇਂ ਭੈਰਵ, ਰਾਮਕਲੀ, ਕਲਿੰਗੜਾ, ਲਲਿਤ, ਆਸਾ ਆਦਿ। ‘ਰਾਗਮਾਲਾ’ ਵਿਚ ਇਸ ਦਾ ਉੱਲੇਖ ਨਹੀਂ ਹੈ। ਇਹ ਭੈਰਵ ਠਾਟ ਦੀ ਸੰਪੂਰਣ ਰਾਗਨੀ ਹੈ ਅਤੇ ਇਸ ਦੇ ਗਾਉਣ ਦਾ ਸਮਾਂ ਸਵੇਰ ਦਾ ਪਹਿਲਾ ਪਹਿਰ ਹੈ। ਇਸ ਦੇ ਕਈ ਭੇਦ ਵੀ ਹਨ, ਜਿਵੇਂ ਪ੍ਰਭਾਤੀ ਦੱਖਣੀ, ਪ੍ਰਭਾਤੀ ਬਿਭਾਸ ਅਤੇ ਬਿਭਾਸ ਪ੍ਰਭਾਤੀ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਤੀਹਵਾਂ ਨੰਬਰ ਹੈ।
ਜੈਜਾਵੰਤੀ ਰਾਗ: ਇਸ ਰਾਗ ਵਿਚ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਰਚੀ ਹੋਈ ਮਿਲਦੀ ਹੈ ਜੋ ਦਸਮ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੰਤਿਮ ਰੂਪ ਦੇਣ ਲਈ ਸੰਕਲਿਤ ਕਰਵਾਈ ਸੀ। ਇਹ ਕਮਾਚ ਠਾਟ ਦੀ ਸੰਪੂਰਣ ਜਾਤਿ ਦੀ ਰਾਗਨੀ ਹੈ। ਇਹ ਬਹੁਤ ਪੁਰਾਤਨ ਰਾਗ ਹੈ ਅਤੇ ਇਸ ਨੂੰ ਸੋਰਠ ਅੰਗ ਅਤੇ ਬਾਗੇਸ਼ਰੀ ਅੰਗ ਤੋਂ ਗਾਇਆ ਜਾਂਦਾ ਹੈ। ਇਸ ਦੇ ਗਾਉਣ ਦਾ ਵੇਲਾ ਕੁਝ ਸੰਗੀਤਕਾਰਾਂ ਨੇ ਪ੍ਰਭਾਤ ਦਸਿਆ ਹੈ ਅਤੇ ਕੁਝ ਨੇ ਰਾਤ ਦਾ ਦੂਜਾ ਪਹਿਰ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਕ੍ਰਮ 31ਵਾਂ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First