ਰਾਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਜ [ਨਾਂਪੁ] ਸ਼ਾਸਨ, ਸਰਕਾਰ , ਹਕੂਮਤ; ਕਿਸੇ ਰਾਜੇ ਦਾ ਇਲਾਕਾ; ਉਹ ਦੇਸ਼ ਜਾਂ ਰਿਆਸਤ ਜਿਸ ਵਿੱਚ ਖੇਤਰ ਪਰਜਾ ਪ੍ਰਭੁਤਾ ਅਤੇ ਸਰਕਾਰ ਮੌਜੂਦ ਹੋਵੇ; ਸੂਬਾ, ਪ੍ਰਾਂਤ; ਸੁੱਖ, ਐਸ਼, ਅਰਾਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਾਜ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

State_ਰਾਜ: ਉਹ ਕੌਮ ਜਿਸ ਨੇ ਨਿਸਚਿਤ ਰਾਜ-ਖੇਤਰ ਮਲਿਆ ਹੋਇਆ ਹੋਵੇ ਅਤੇ ਸਾਂਝੇ ਕਾਨੂੰਨ , ਆਦਤਾਂ ਅਤੇ ਰਵਾਜਾਂ ਦੁਆਰਾ ਇਕ ਰਾਸ਼ਟਰ ਵਿਚ ਪਰੋਈ ਹੋਈ ਸੁਤੰਤਰ, ਪ੍ਰਭਤਧਾਰੀ ਸੰਗਠਤ ਸਰਕਾਰ ਦੇ ਮਾਧਿਅਮ ਰਾਹੀਂ ਆਪਣੀਆਂ ਸਰਹੱਦਾਂ ਦੇ ਅੰਦਰ ਸਭ ਲੋਕਾਂ ਅਤੇ ਚੀਜ਼ਾਂ ਉਤੇ ਕੰਟਰੋਲ ਰਖਣ ਵਾਲੀ, ਜੰਗ ਕਰਨ ਅਤੇ ਅਮਨ ਲਿਆਉਣ ਦੀ ਸਮਰਥਾ ਰਖਦੀ ਅਤੇ ਸੰਸਾਰ ਦੇ ਹੋਰ ਭਾਈਚਾਰਿਆਂ ਨਾਲ ਕੌਮਾਂਤਰੀ ਸਬੰਧ ਕਾਇਮ ਕਰਨ ਲਈ ਸ਼ਕਤਵਾਨ ਹੈ, ਰਾਜ ਗਠਤ ਕਰਦੀ ਹੈ।

       ਸਾਧਾਰਨ ਖੰਡ ਐਕਟ, 1897 ਦੀ ਧਾਰਾ 3 (58) ‘ਰਾਜ’ ਸ਼ਬਦ ਨੂੰ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ:-

       ‘ਰਾਜ’ ਦਾ ਮਤਲਬ-

(ੳ)   ਸੰਵਿਧਾਨ (ਸਤਵੀਂ ਸੋਧ) ਐਕਟ, 1956 ਦੇ ਅਰੰਭ ਤੋਂ ਪਹਿਲਾਂ ਦੇ ਕਿਸੇ ਸਮੇਂ ਬਾਰੇ ਕੋਈ ਭਾਗ ‘ੳ’ ਰਾਜ, ਭਾਗ ਅ ਰਾਜ ਜਾਂ ਭਾਗ ੲ ਰਾਜ ਹੋਵੇਗਾ; ਅਤੇ

(ਅ)   ਅਜਿਹੇ ਅਰੰਭ ਤੋਂ ਪਿਛੋਂ ਕਿਸੇ ਸਮੇਂ ਬਾਰੇ, ਸੰਵਿਧਾਨ ਦੀ ਪਹਿਲੀ ਅਨੁਸੂਚੀ ਵਿਚ ਉਲਿਖਤ ਕੋਈ ਰਾਜ ਹੋਵੇਗਾ ਅਤੇ ਇਸ ਵਿਚ ਕੋਈ ਸੰਘ ਰਾਜ-ਖੇਤਰ ਸ਼ਾਮਲ ਹੋਵੇਗਾ।

       ਰਾਮ ਕਿਸ਼ੋਰ ਸੇਨ ਬਨਾਮ ਭਾਰਤ ਦਾ ਸੰਘ (ਏ ਆਈ ਆਰ 1965 ਕਲਕਤਾ 282) ਅਨੁਸਾਰ ਸੰਘ ਰਾਜ-ਖੇਤਰ ਵਾਕੰਸ਼ ਨੂੰ ਸੰਵਿਧਾਨ ਦੇ ਅਨੁਛੇਦ 366 (30) ਵਿਚ ਲਗਭਗ ਉਪਰੋਕਤ ਸ਼ਬਦਾਂ ਵਿਚ ਹੀ ਪਰਿਭਾਸ਼ਤ ਕੀਤਾ ਗਿਆ ਹੈ। ਇਸ ਤਰ੍ਹਾਂ ਰਾਜ ਦੇ ਅਰਥ ਉਪਰੋਕਤ ਅਨੁਸਾਰ ਲਏ ਜਾਣਗੇ।

       ਸੰਵਿਧਾਨ ਦੇ ਅਨੁਛੇਦ 12 ਵਿਚ ਪਰਿਭਾਸ਼ਤ ਅਨੁਸਾਰ ਰਾਜ ਵਿਚ ਉਹ ਬਾਡੀਆਂ ਸ਼ਾਮਲ ਹਨ ਜੋ ਲੋਕਾਂ ਦੇ ਸਿਖਿਅਕ ਅਤੇ ਆਰਥਕ ਹਿੱਤਾਂ ਨੂੰ ਫ਼ਰੋਗ ਦੇਣ ਲਈ ਸਿਰਜੀਆਂ ਜਾਂਦੀਆਂ ਹਨ। ਇਥੇ ਇਹ ਵੀ ਯਾਦ ਰਖਣ ਵਾਲੀ ਗੱਲ ਹੈ ਕਿ ਅਨੁਛੇਦ 12 ਵਿਚ ਦਿੱਤੀ ‘ਰਾਜ’ ਦੀ ਪਰਿਭਾਸ਼ਾ ਸੰਵਿਧਾਨ ਦੇ ਕੇਵਲ ਭਾਗ III ਨੂੰ ਲਾਗੂ ਹੁੰਦੀ ਹੈ ਜਿਸ ਵਿਚ ਮੂਲ ਅਧਿਕਾਰ ਦਿੱਤੇ ਗਏ ਹਨ। ਉਹ ਪਰਿਭਾਸ਼ਾ ਨਿਮਨ ਅਨੁਸਾਰ ਹੈ:-

       ‘‘ਇਸ ਭਾਗ ਵਿਚ ਜੇਕਰ ਪ੍ਰਸੰਗ ਤੋਂ ਹੋਰਵੇਂ ਲੋੜੀਦਾ ਨ ਹੋਵੇ, ਤਾਂ ‘ਰਾਜ ਵਿਚ ਭਾਰਤ ਦੀ ਸਰਕਾਰ ਅਤੇ ਸੰਸਦ ਅਤੇ ਰਾਜਾਂ ਵਿਚੋਂ ਹਰੇਕ ਦੀ ਸਰਕਾਰ ਅਤੇ ਵਿਧਾਨ ਮੰਡਲ, ਅਤੇ ਭਾਰਤ ਦੇ ਰਾਜ-ਖੇਤਰ ਅੰਦਰ ਜਾਂ ਭਾਰਤ ਸਰਕਾਰ ਦੇ ਕੰਟਰੋਲ ਅਧੀਨ ਸਭ ਸਥਾਨਕ ਜਾਂ ਹੋਰ ਅਥਾਰਿਟੀਆਂ ਸ਼ਾਮਲ ਹਨ।’’

       ਇਸ ਦਾ ਸਪਸ਼ਟ ਮਤਲਬ ਇਹ ਹੈ ਕਿ ਨਾਗਰਿਕ ਜਾਂ ਵਿਅਕਤੀ ਨੂੰ, ਜਿਹੀ ਕਿ ਸੂਰਤ ਹੋਵੇ , ਮੂਲ ਅਧਿਕਾਰ ਕੇਵਲ ਭਾਰਤ ਸਰਕਾਰ ਅਤੇ ਸੰਸਦ ਅਤੇ ਰਾਜਾਂ ਵਿਚੋਂ ਹਰੇਕ ਦੀ ਸਰਕਾਰ ਅਤੇ ਸਥਾਨਕ ਅਤੇ ਹੋਰ ਅਥਾਰਿਟੀਆਂ ਦੇ ਵਿਰੁਧ ਪ੍ਰਾਪਤ ਹਨ। ਰਾਜਸਥਾਨ ਰਾਜ ਬਿਜਲੀ ਬੋਰਡ ਬਨਾਮ ਮੋਹਨ ਲਾਲ (ਏ ਆਈ ਆਰ 1967 ਐਸ ਸੀ 1857) ਵਿਚ ਸਪਸ਼ਟ ਕੀਤਾ ਗਿਆ ਹੈ ਕਿ ਸੰਵਿਧਾਨਕ ਜਾਂ ਪ੍ਰਵਿਧਾਨਕ ਅਥਾਰਿਟੀਆਂ ਜੋ ਕਾਨੂੰਨ ਦੁਆਰਾ ਸ਼ਕਤੀ-ਪ੍ਰਾਪਤ ਹਨ, ਪਰ ਪ੍ਰਭੂ-ਸੱਤਾ ਵਿਚ ਹਿੱਸੇਦਾਰ ਨਹੀਂ ਹਨ ਉਹ ਅਨੁਛੇਦ 12 ਵਿਚ ਯਥਾ-ਪਰਿਭਾਸ਼ਤ ਰਾਜ ਦੇ ਵਾਕੰਸ਼ ਵਿਚ ਨਹੀਂ ਆਉਂਦੀਆਂ। ਜਿਹੜੀਆਂ ਅਥਾਰਿਟੀਆਂ ਨੂੰ ਪ੍ਰਭੂ-ਸੱਤਾ ਅਰਥਾਤ ਨਿਯਮ ਅਤੇ ਵਿਨਿਯਮ ਬਣਾਉਣ  ਅਤੇ ਉਸ ਅਨੁਸਾਰ ਸ਼ਾਸਨ ਚਲਾਉਣ ਜਾਂ ਨਾਗਰਿਕਾਂ ਅਤੇ ਹੋਰਨਾਂ ਦੇ  ਹਾਲਤ ਵਿਚ ਉਨ੍ਹਾਂ ਨੂੰ ਨਾਫ਼ਜ਼ ਕਰਨ ਦੀ ਸ਼ਕਤੀ-ਪ੍ਰਾਪਤ ਕਰਵਾਈ ਗਈ ਹੈ, ਉਹ ਅਨੁਛੇਦ 12 ਵਿਚ ਦਿੱਤੀ ਪਰਿਭਾਸ਼ਾ ਦੇ ਅੰਦਰ ਆਉਂਦੀਆਂ ਹਨ; ਅਤੇ ਜਿਹੜੀਆਂ ਸੰਵਿਧਾਨਕ ਅਤੇ ਪ੍ਰਵਿਧਾਨਕ ਬਾਡੀਆਂ ਜੋ ਰਾਜ ਦੀ ਪ੍ਰਭੂ-ਸੱਤਾ ਵਿਚ ਹਿੱਸੇਦਾਰ ਨਹੀਂ ਹਨ, ਉਹ ਸੰਵਿਧਾਨ ਦੇ ਅਨੁਛੇਦ 12 ਦੇ ਅਰਥਾਂ ਅੰਦਰ ਰਾਜ ਨਹੀਂ ਹਨ। ਸ਼ੇਰ ਸਿੰਘ ਬਨਾਮ ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ (ਏ ਆਈ ਆਰ 1969 ਪੰ. ਅਤੇ ਹ. 391) ਅਨੁਸਾਰ ਅਨੁਛੇਦ 12 ਵਿਚ ਯਥਾ-ਪਰਿਭਾਸ਼ਤ ਵਾਕੰਸ਼ ਰਾਜ ਵਿਚ ਆਉਂਦੀ ਹੈ, ਪਰ ਸਿਰਫ਼ ਭਾਗ III ਦੇ ਪ੍ਰਯੋਜਨਾਂ ਲਈ। ਸੰਵਿਧਾਨ ਦੇ ਰਾਜ XIV (ਜਿਸ ਵਿਚ ਸੰਘ ਅਤੇ ਰਾਜਾਂ ਅਧੀਨ ਸੇਵਾਵਾਂ ਦੇ ਮੁਤੱਲਕ ਉਪਬੰਧ ਰਖੇ ਗਏ ਹਨ) ਵਿਚ ਵਾਕੰਸ਼ ‘ਭਾਗ’ ਦੀ ਉਸ ਭਾਵ ਵਿਚ ਵਰਤੋਂ ਨਹੀਂ ਕੀਤੀ ਗਈ।

       ਏਅਰ ਕਾਰਪੋਰੇਸ਼ਨ ਐਂਪਲਾਈਜ਼ ਯੂਨੀਅਨ ਬਨਾਮ ਜੀ ਬੀ ਭੈਰੇਡ (ਏ ਆਈ ਆਰ 1971 ਬੰਬੇ 288) ਵਿਚ ਇਸ ਸਬੰਧੀ ਇਕ ਹੋਰ ਗੱਲ ਸਪਸ਼ਟ ਕੀਤੀ ਗਈ ਹੈ ਕਿ ਸੰਵਿਧਾਨ ਦੇ ਅਨੁਛੇਦ 311 ਅਧੀਨ ਆਉਂਦੇ ਕੇਸਾਂ ਦੇ ਸਿਵਾਏ, ਅਨੁਛੇਦ 226 ਅਧੀਨ ਕੇਵਲ ਕਿਸੇ ਅਜਿਹੀ ਅਥਾਰਿਟੀ ਦੇ ਵਿਰੁਧ ਹੀ ਪੈਟੀਸ਼ਨ ਲਿਆਂਦਾ ਜਾ ਸਕਦਾ ਹੈ ਜੋ  ਅਨੁਛੇਦ 12 ਦੀ ਪਰਿਭਾਸ਼ਾ ਅੰਦਰ ਆਉਂਦੀ ਹੋਵੇ। ਅਨੁਛੇਦ 226 ਅਧੀਨ ਕਿਸੇ ਪ੍ਰਵਿਧਾਨਕ ਜਾਂ ਪਬਲਿਕ ਕਰਤੱਵ ਦੀ ਪਾਲਣਾ ਨਾਫ਼ਜ਼ ਕਰਾਉਣ ਦੇ ਮੰਤਵ ਨਾਲ ਕਿਸੇ ਪ੍ਰਵਿਧਾਨਕ ਕਾਰਪੋਰੇਸ਼ਨ ਦੇ ਵਿਰੁਧ ਪੈਟੀਸ਼ਨ ਦਾਇਰ ਕੀਤਾ ਜਾ ਸਕਦਾ ਹੈ।

       ਅਜੀਤ ਸਿੰਘ ਬਨਾਮ ਪੰਜਾਬ ਰਾਜ (ਏ ਆਈ ਆਰ 1967 ਐਸ ਸੀ 856) ਗ੍ਰਾਮ ਪੰਚਾਇਤ ਸਥਾਨਕ ਅਥਾਰਿਟੀ ਹੋਣ ਕਾਰਨ ਰਾਜ ਵਾਕੰਸ਼ ਵਿਚ ਸ਼ਾਮਲ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਰਾਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰਾਜ (ਸੰ.। ਸੰਸਕ੍ਰਿਤ) ੧. ਪਾਤਸ਼ਾਹਤ। ਯਥਾ-‘ਨਿਹਚਲੁ ਹੋਵੈ ਰਾਜੁ ’।

                        ਦੇਖੋ , ‘ਰਾਜ ਬਿਭੈ’

੨. (ਸੰਸਕ੍ਰਿਤ) ਪ੍ਰਕਾਸ਼ਕ। ਯਥਾ-‘ਸੋਈ ਰਾਜ ਨਰਿੰਦੁ’।

੩. (ਸੰਸਕ੍ਰਿਤ ਰਜਜੁੑ। ਪੁ. ਪੰਜਾਬੀ ਰਾਜ) ਰਜੂ , ਰੱਸੀ। ਯਥਾ-‘ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ’।

੪. ਰਾਜ ਸੰਬੰਧੀ।       ਦੇਖੋ, ‘ਰਾਜ ਕੁਆਰਿ’

੫. ਜੋਗ ਦੀ ਇਕ ਕਿਸਮ।

                         ਦੇਖੋ, ‘ਰਾਜ ਜੋਗ’

੬. ਰਾਜਾ। ਦੇਖੋ, ‘ਰਾਜ ਨਰਿੰਦੁ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 19888, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਰਾਜ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਰਾਜ : ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਮਨੁੱਖ ਸਮਾਜ ਵਿੱਚ ਜਨਮ ਲੈਂਦਾ ਹੈ ਅਤੇ ਸਮਾਜ ਵਿੱਚ ਹੀ ਉਸ ਦਾ ਅੰਤ ਹੁੰਦਾ ਹੈ। ਜਨਮ ਤੋਂ ਲੈ ਕੇ ਸ਼ਮਸ਼ਾਨ ਭੂਮੀ ਤੱਕ ਮਨੁੱਖ ਨੂੰ ਸਮਾਜ ਦੀ ਲੋੜ ਹੈ। ਮਨੁੱਖ ਹੀ ਇੱਕ ਅਜਿਹਾ ਜੀਵ ਹੈ, ਜਿਸ ਨੂੰ ਕੁਦਰਤ ਨੇ ਬੋਲਣ ਅਤੇ ਸੋਚਣ ਦੀ ਸ਼ਕਤੀ ਦਿੱਤੀ ਹੈ। ਮਨੁੱਖ ਦਾ ਸਮਾਜ ਵਿੱਚ ਰਹਿਣਾ ਕੁਦਰਤੀ ਹੈ। ਜੰਗਲ ਵਿੱਚ ਰਹਿੰਦਾ ਇਕੱਲਾ ਮਨੁੱਖ ਆਪਣੀ ਸ਼ਖ਼ਸੀਅਤ ਦਾ ਸਹੀ ਵਿਕਾਸ ਨਹੀਂ ਕਰ ਸਕਦਾ ਬਲਕਿ ਸਮਾਜ ਵਿੱਚ ਰਹਿ ਕੇ ਹੀ ਮਨੁੱਖ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰ ਸਕਦਾ ਹੈ। ਯੂਨਾਨ ਦੇ ਪ੍ਰਸਿੱਧ ਵਿਦਵਾਨ ਅਰਸਤੂ ਦੇ ਅਨੁਸਾਰ

ਉਹ ਵਿਅਕਤੀ ਜਿਸ ਨੂੰ ਸਮਾਜ ਦੀ ਲੋੜ ਨਹੀਂ ਉਹ ਜਾਂ ਤਾਂ ਦੇਵਤਾ ਹੈ ਜਾਂ ਪਸ਼ੂ।

ਕਿਉਂਕਿ ਦੇਵਤੇ ਅਕਾਸ਼ ਵਿੱਚ ਰਹਿੰਦੇ ਹਨ ਤੇ ਪਸ਼ੂ ਜੰਗਲਾਂ ਵਿੱਚ। ਮਨੁੱਖ ਦਾ ਸਮਾਜ ਤੋਂ ਬਾਹਰ ਰਹਿ ਕੇ ਜਿਊਣਾ ਅਸੰਭਵ ਹੈ ਕਿਉਂਕਿ ਇੱਕ ਤਾਂ ਮਨੁੱਖ ਨੂੰ ਆਪਣੀਆਂ ਅੰਦਰੂਨੀ ਭਾਵਨਾਵਾਂ ਕਰਕੇ ਸਮਾਜ ਦੀ ਜ਼ਰੂਰਤ ਹੈ ਅਤੇ ਦੂਜਾ ਮਨੁੱਖ ਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਹਨ ਜਿਨ੍ਹਾਂ ਨੂੰ ਉਹ ਇਕੱਲਾ ਆਪਣੇ ਨਿੱਜੀ ਯਤਨਾਂ ਨਾਲ ਪੂਰਾ ਨਹੀਂ ਕਰ ਸਕਦਾ। ਇਸ ਲਈ ਉਸ ਨੂੰ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਅਤੇ ਆਪਣੇ ਵਿਕਾਸ ਲਈ ਸਮਾਜ ਦੀ ਜ਼ਰੂਰਤ ਰਹਿੰਦੀ ਹੈ। ਜਿਸ ਤਰ੍ਹਾਂ ਇੱਕ ਮਛਲੀ ਪਾਣੀ ਤੋਂ ਬਾਹਰ ਨਹੀਂ ਰਹਿ ਸਕਦੀ ਉਸੇ ਤਰ੍ਹਾਂ ਇੱਕ ਮਨੁੱਖ ਘਰ-ਪਰਿਵਾਰ ਅਤੇ ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ।

ਰਾਜ ਦੀ ਲੋੜ : ਸਮਾਜ ਵਿੱਚ ਵੱਸਦੇ ਵਿਅਕਤੀਆਂ ਅੰਦਰ ਪਿਆਰ ਦੀ ਭਾਵਨਾ ਦੇ ਨਾਲ ਨਫ਼ਰਤ ਦੀ ਭਾਵਨਾ, ਸਹਿਯੋਗ ਦੀ ਭਾਵਨਾ ਨਾਲ ਵਿਰੋਧ ਦੀ ਭਾਵਨਾ, ਮਿਠਾਸ ਦੀ ਭਾਵਨਾ ਨਾਲ ਕ੍ਰੋਧ ਦੀ ਭਾਵਨਾ ਵੀ ਪਾਈ ਜਾਂਦੀ ਹੈ। ਪਿਆਰ ਅਤੇ ਸਹਿਯੋਗ ਦੀ ਭਾਵਨਾ ਸਮਾਜ ਵਿੱਚ ਖ਼ੁਸ਼ਹਾਲੀ ਲਿਆਉਂਦੀ ਹੈ ਜਦੋਂ ਕਿ ਵਿਰੋਧ ਅਤੇ ਨਫ਼ਰਤ ਦੀ ਭਾਵਨਾ ਸਮਾਜ ਦੇ ਵਾਤਾਵਰਨ ਨੂੰ ਖ਼ਰਾਬ ਕਰਦੀ ਹੈ। ਇਸ ਲਈ ਸਮਾਜਿਕ ਜੀਵਨ ਨੂੰ ਖ਼ੁਸ਼ਹਾਲ ਬਣਾਉਣ ਲਈ ਕੁਝ ਨਿਯਮਾਂ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਨਿਯਮਾਂ ਤੋਂ ਬਿਨਾਂ ਕਿਸੇ ਵੀ ਸੰਸਥਾ ਜਾਂ ਸੰਗਠਨ ਦਾ ਕੁਸ਼ਲਤਾਪੂਰਵਕ ਕੰਮ ਕਰਨਾ ਅਸੰਭਵ ਹੈ। ਸਮਾਜ ਨੂੰ ਸਹੀ ਢੰਗ ਨਾਲ ਚਲਾਉਣ ਲਈ ਮਨੁੱਖ ਦਾ ਕੁਝ ਨਿਯਮਾਂ ਦੇ ਅੰਦਰ ਰਹਿਣਾ ਜ਼ਰੂਰੀ ਹੈ ਕਿਉਂਕਿ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਕਿਸੇ ਵੀ ਸੰਸਥਾ ਦਾ ਸੰਗਠਨ ਦਾ ਸਫਲਤਾਪੂਰਵਕ ਕੰਮ ਕਰਨਾ ਬਿਲਕੁਲ ਅਸੰਭਵ ਹੈ। ਨਿਯਮਾਂ ਦੇ ਨਿਰਮਾਣ ਤੇ ਪਾਲਣਾ ਕਰਵਾਉਣ ਲਈ ਹੀ ਰਾਜ ਨਾਮ ਦੀ ਸੰਸਥਾ ਦੀ ਜ਼ਰੂਰਤ ਮਹਿਸੂਸ ਹੋਈ। ਸੰਖੇਪ ’ਚ ਕਹਿ ਸਕਦੇ ਹਾਂ ਕਿ ਪਹਿਲਾਂ ਪਰਿਵਾਰ ਬਣੇ, ਪਰਿਵਾਰ ਤੋਂ ਸਮਾਜ ਬਣੇ, ਸਮਾਜ ਨੂੰ ਸਹੀ ਢੰਗ ਨਾਲ ਚਲਾਉਣ ਲਈ ਰਾਜ ਨਾਮ ਦੀ ਸੰਸਥਾ ਦਾ ਜਨਮ ਹੋਇਆ।

ਰਾਜ ਸ਼ਬਦ ਦੇ ਸ਼ਬਦੀ ਅਰਥ : ਰਾਜ ਸ਼ਬਦ ਜਿਸ ਨੂੰ ਅੰਗਰੇਜ਼ੀ ਵਿੱਚ ਸਟੇਟ ਕਿਹਾ ਜਾਂਦਾ ਹੈ ਦੀ ਉਤਪਤੀ ਲਾਤੀਨੀ ਭਾਸ਼ਾ ਦੇ ਸ਼ਬਦ ‘ਸਟੇਟਸ’ ਤੋਂ ਹੋਈ। ਲਾਤੀਨੀ ਭਾਸ਼ਾ ਵਿੱਚ ਸਟੇਟਸ ਦਾ ਅਰਥ ਦੂਜਿਆਂ ਦੇ ਮੁਕਾਬਲੇ ਵਿੱਚ ਉੱਚਾ ਪੱਧਰ ਹੈ। ਰਾਜ ਉਸ ਸੰਸਥਾ ਜਾਂ ਸੰਗਠਨ ਦਾ ਨਾਂ ਹੈ ਜਿਸ ਦਾ ਰੁਤਬਾ ਜਾਂ ਪੱਧਰ ਦੂਜੇ ਸੰਗਠਨਾਂ ਅਤੇ ਲੋਕਾਂ ਤੋਂ ਉੱਚਾ ਹੈ।

ਰਾਜ ਲੋਕਾਂ ਦਾ ਅਜਿਹਾ ਸੰਗਠਿਤ ਸਮੂਹ ਹੈ ਜਿਹੜਾ ਇੱਕ ਨਿਸ਼ਚਿਤ ਭੂ-ਭਾਗ ਤੇ ਵਸਿਆ ਹੋਇਆ ਹੈ ਜਿਨ੍ਹਾਂ ਦੀ ਆਪਣੀ ਸਰਕਾਰ ਹੈ ਜਿਹੜੀ ਪੂਰੀ ਤਰ੍ਹਾਂ ਪ੍ਰਭੂਸੱਤਾ ਸੰਪੰਨ ਹੈ।

ਰਾਜ ਦੇ ਤੱਤ : ਰਾਜ ਦੇ ਨਿਰਮਾਣ ਲਈ ਚਾਰ ਤੱਤ ਜ਼ਰੂਰੀ ਹਨ। ਇਹਨਾਂ ਵਿੱਚੋਂ ਜੇਕਰ ਇੱਕ ਵੀ ਤੱਤ ਨਾ ਹੋਵੇ ਤਾਂ ਬਾਕੀ ਤਿੰਨ ਤੱਤ ਰਾਜ ਦਾ ਨਿਰਮਾਣ ਨਹੀਂ ਕਰ ਸਕਦੇ। ਇਹ ਤੱਤ ਹੇਠ ਲਿਖੇ ਹਨ :

1. ਵੱਸੋਂ : ਜਨ-ਸੰਖਿਆ ਰਾਜ ਦਾ ਪਹਿਲਾ ਮਹੱਤਵਪੂਰਨ ਮਨੁੱਖੀ ਤੱਤ ਹੈ। ਇਸ ਤੋਂ ਬਿਨਾਂ ਰਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਿਸ ਤਰ੍ਹਾਂ ਰੁੱਖਾਂ ਦੇ ਝੁੰਡ ਤੋਂ ਬਿਨਾਂ ਇੱਕ ਜੰਗਲ ਦੀ ਕਲਪਨਾ ਨਹੀਂ ਹੋ ਸਕਦੀ ਉਸੇ ਤਰ੍ਹਾਂ ਜਨਤਾ ਤੋਂ ਬਿਨਾਂ ਰਾਜ ਦੀ ਸਥਾਪਨਾ ਅਸੰਭਵ ਹੈ। ਇੱਕ ਰਾਜ ਦੀ ਵੱਸੋਂ ਕਿੰਨੀ ਹੋਣੀ ਚਾਹੀਦੀ ਹੈ ਇਸ ਬਾਰੇ ਅਲੱਗ-ਅਲੱਗ ਵਿਚਾਰਕਾਂ ਦੇ ਵਿਚਾਰ ਵੱਖੋ-ਵੱਖਰੇ ਹਨ ਪਰੰਤੂ ਕਿਸੇ ਰਾਜ ਦੀ ਵੱਸੋਂ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ। ਪ੍ਰਾਚੀਨ ਸਮੇਂ ਵਿੱਚ ਛੋਟੇ-ਛੋਟੇ ਨਗਰ ਰਾਜ ਹੁੰਦੇ ਸਨ। ਆਧੁਨਿਕ ਸਮੇਂ ਵਿੱਚ ਜ਼ਿਆਦਾ ਅਬਾਦੀ ਵਾਲੇ ਰਾਜ ਵੀ ਹਨ ਅਤੇ ਘੱਟ ਅਬਾਦੀ ਵਾਲੇ ਵੀ ਜਿਵੇਂ ਚੀਨ ਦੀ ਜਨ-ਸੰਖਿਆ 125 ਕਰੋੜ ਹੈ ਤੇ ਭਾਰਤ ਦੀ 110 ਕਰੋੜ ਜਦੋਂ ਕਿ ਮੋਨਾਕੋ ਦੀ ਅਬਾਦੀ 25 ਹਜ਼ਾਰ ਅਤੇ ਲਕਜ਼ਮਬਰਗ ਰਾਜ ਦੀ ਲਗਪਗ 4 ਲੱਖ ਹੈ। ਰਾਜ ਦੀ ਵੱਸੋਂ ਨਾ ਤਾਂ ਏਨੀ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਉਸ ਦਾ ਯੋਗ ਪ੍ਰਬੰਧ ਕਰਨਾ ਮੁਸ਼ਕਿਲ ਹੋਵੇ ਅਤੇ ਨਾ ਹੀ ਏਨੀ ਥੋੜ੍ਹੀ ਹੋਣੀ ਚਾਹੀਦੀ ਹੈ ਕਿ ਦੇਸ ਦਾ ਵਿਕਾਸ ਵੀ ਸੰਭਵ ਨਾ ਹੋਵੇ। ਦਰਅਸਲ ਰਾਜ ਦੀ ਵੱਸੋਂ ਰਾਜ ਦੇ ਇਲਾਕੇ ਅਤੇ ਸਾਧਨਾਂ ਅਨੁਸਾਰ ਹੋਣੀ ਚਾਹੀਦੀ ਹੈ।

2. ਨਿਸ਼ਚਿਤ ਭੂਮੀ : ਭੂਮੀ ਨੂੰ ਰਾਜ ਦਾ ਜ਼ਰੂਰੀ ਭੌਤਿਕ ਤੱਤ ਮੰਨਿਆ ਜਾਂਦਾ ਹੈ। ਉਹ ਲੋਕ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਘੁੰਮਦੇ ਰਹਿੰਦੇ ਹਨ ਉਹ ਰਾਜ ਦਾ ਨਿਰਮਾਣ ਨਹੀਂ ਕਰ ਸਕਦੇ। ਉਹਨਾਂ ਦਾ ਇੱਕ ਨੇਤਾ ਭਾਵ ਸ਼ਾਸਕ ਵੀ ਹੁੰਦਾ ਹੈ, ਆਪਣੇ ਰੀਤੀ-ਰਿਵਾਜ ਵੀ ਹੁੰਦੇ ਹਨ ਪਰੰਤੂ ਫਿਰ ਵੀ ਉਹਨਾਂ ਨੂੰ ਰਾਜ ਨਹੀਂ ਕਿਹਾ ਜਾ ਸਕਦਾ।

3. ਸਰਕਾਰ : ਸਰਕਾਰ ਰਾਜ ਦਾ ਤੀਜਾ ਜ਼ਰੂਰੀ ਤੱਤ ਹੈ। ਕਿਸੇ ਨਿਸ਼ਚਿਤ ਭੂ-ਭਾਗ ਤੇ ਰਹਿ ਰਿਹਾ ਲੋਕਾਂ ਦਾ ਸਮੂਹ ਤਦ ਤੱਕ ਰਾਜ ਨਹੀਂ ਮੰਨਿਆ ਜਾ ਸਕਦਾ ਜਦ ਤੱਕ ਉਹ ਰਾਜਨੀਤਿਕ ਦ੍ਰਿਸ਼ਟੀ ਤੋਂ ਸੰਗਠਿਤ ਨਾ ਹੋਵੇ। ਸਰਕਾਰ ਹੀ ਅਜਿਹਾ ਸੰਗਠਨ ਹੈ ਜਿਸ ਦੁਆਰਾ ਰਾਜ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਸਰਕਾਰ ਦੁਆਰਾ ਹੀ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਨਿਯਮਿਤ ਕੀਤਾ ਜਾਂਦਾ ਹੈ, ਰਾਜ ਵਿੱਚ ਸ਼ਾਂਤੀ ਸਥਾਪਿਤ ਕੀਤੀ ਜਾਂਦੀ ਹੈ ਅਤੇ ਦੇਸ ਦੀ ਬਾਹਰੀ ਹਮਲਿਆਂ ਤੋਂ ਰੱਖਿਆ ਕੀਤੀ ਜਾ ਸਕਦੀ ਹੈ। ਕਿਸੇ ਰਾਜ ਵਿੱਚ ਸਰਕਾਰ ਦਾ ਰੂਪ ਕੋਈ ਵੀ ਹੋ ਸਕਦਾ ਹੈ। ਅੱਜ-ਕੱਲ੍ਹ ਵੱਖ-ਵੱਖ ਦੇਸਾਂ ਵਿੱਚ ਸਰਕਾਰ ਦੇ ਵੱਖ-ਵੱਖ ਰੂਪ ਹਨ ਜਿਵੇਂ ਭਾਰਤ ਅਤੇ ਇੰਗਲੈਂਡ ਵਿੱਚ ਸੰਸਦੀ ਸਰਕਾਰ ਹੈ ਅਤੇ ਅਮਰੀਕਾ ਵਿੱਚ ਪ੍ਰਧਾਨਗੀ ਸਰਕਾਰ।

4. ਪ੍ਰਭੂਸੱਤਾ : ਪ੍ਰਭੂਸੱਤਾ ਦਾ ਸ਼ਬਦ ਲਾਤੀਨੀ ਭਾਸ਼ਾ ਦੇ ‘ਸੁਪਰਨੇਸ’ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਅਰਥ ‘ਸਰਬ-ਉੱਚ ਸੱਤਾ’ ਹੈ। ਪ੍ਰਭੂਸੱਤਾ ਰਾਜ ਦਾ ਇੱਕ ਅਜਿਹਾ ਵਿਸ਼ੇਸ਼ ਤੱਤ ਹੈ ਜੋ ਇਸ ਨੂੰ ਦੂਜੀਆਂ ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਤੋਂ ਵਿਸ਼ੇਸ਼ ਭਿੰਨਤਾ ਪ੍ਰਦਾਨ ਕਰਦਾ ਹੈ। ਪ੍ਰਭੂਸੱਤਾ ਦੇ ਦੋ ਰੂਪ ਹਨ-ਅੰਦਰੂਨੀ ਪ੍ਰਭੂਸੱਤਾ ਅਤੇ ਬਾਹਰੀ ਪ੍ਰਭੂਸੱਤਾ। ਅੰਦਰੂਨੀ ਪ੍ਰਭੂਸੱਤਾ ਦਾ ਅਰਥ ਹੈ ਕਿ ਰਾਜ ਆਪਣੇ ਖੇਤਰ ਅੰਦਰ ਵੱਸਦੇ ਸਭ ਵਿਅਕਤੀਆਂ ਅਤੇ ਸੰਸਥਾਵਾਂ ਤੋਂ ਉੱਪਰ ਹੈ ਅਤੇ ਸਾਰਿਆਂ ਲਈ ਰਾਜ ਦੀ ਆਗਿਆ ਦੀ ਪਾਲਣਾ ਕਰਨੀ ਜ਼ਰੂਰੀ ਹੈ। ਬਾਹਰਲੀ ਪ੍ਰਭੂਸੱਤਾ ਦਾ ਅਰਥ ਹੈ ਕਿ ਰਾਜ ਕਿਸੇ ਦਾ ਗ਼ੁਲਾਮ ਨਹੀਂ ਭਾਵ ਸੁਤੰਤਰ ਹੈ ਉਦਾਹਰਨ ਦੇ ਤੌਰ ’ਤੇ 15 ਅਗਸਤ, 1947 ਤੋਂ ਪਹਿਲਾਂ ਭਾਰਤੀ ਜਨਤਾ ਕੋਲ ਜਨ-ਸੰਖਿਆ, ਨਿਸ਼ਚਿਤ ਭੂਮੀ, ਅਤੇ ਉਸ ਦੀ ਆਪਣੀ ਸੰਗਠਿਤ ਸਰਕਾਰ ਸੀ ਫਿਰ ਵੀ ਉਸ ਨੂੰ ਰਾਜ ਨਹੀਂ ਮੰਨਿਆ ਜਾਂਦਾ ਸੀ ਕਿਉਂਕਿ ਉਸ ਦੇ ਕੋਲ ਪ੍ਰਭੂਸੱਤਾ ਨਹੀਂ ਸੀ ਅਤੇ ਉਹ ਅੰਗਰੇਜ਼ਾਂ ਦਾ ਗ਼ੁਲਾਮ ਸੀ। 15 ਅਗਸਤ, 1947 ਨੂੰ ਜਦੋਂ ਉਸ ਨੂੰ ਆਪਣੀ ਪ੍ਰਭੂਸੱਤਾ ਪ੍ਰਾਪਤ ਹੋਈ ਤਾਂ ਉਹ ਸੁਤੰਤਰ ਰਾਜ ਹੋ ਗਿਆ।

ਰਾਜ ਦੇ ਗ਼ੈਰਜ਼ਰੂਰੀ ਤੱਤ : ਵੱਸੋਂ, ਭੂਮੀ, ਸਰਕਾਰ ਅਤੇ ਪ੍ਰਭੂਸੱਤਾ ਰਾਜ ਦੇ ਜ਼ਰੂਰੀ ਤੱਤ ਹਨ। ਇਹਨਾਂ ਤੋਂ ਬਿਨਾਂ ਰਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹਨਾਂ ਜ਼ਰੂਰੀ ਤੱਤਾਂ ਤੋਂ ਇਲਾਵਾ ਰਾਜ ਦੇ ਕੁਝ ਹੋਰ ਮਹੱਤਵਪੂਰਨ ਤੱਤ ਵੀ ਮੰਨੇ ਜਾਂਦੇ ਹਨ ਭਾਵੇਂ ਇਹ ਤੱਤ ਏਨੇ ਜ਼ਰੂਰੀ ਅਤੇ ਮਹੱਤਵਪੂਰਨ ਨਹੀਂ ਹਨ ਪਰੰਤੂ ਫੇਰ ਵੀ ਆਧੁਨਿਕ ਯੁੱਗ ਵਿੱਚ ਇਹਨਾਂ ਤੱਤਾਂ ਦੀ ਮਹੱਤਤਾ ਮੰਨੀ ਜਾਂਦੀ ਹੈ। ਅਜਿਹੇ ਤੱਤਾਂ ਦਾ ਵਰਣਨ ਇਸ ਪ੍ਰਕਾਰ ਹੈ:

1. ਸਥਿਰਤਾ : ਰਾਜ ਸਦਾ ਸਥਾਈ ਹੁੰਦਾ ਹੈ। ਰਾਜ ਦੀ ਹੋਂਦ ਤਾਂ ਹੀ ਸਮਾਪਤ ਹੁੰਦੀ ਹੈ ਜੇਕਰ ਕੋਈ ਦੂਜਾ ਰਾਜ ਉਸ ਨੂੰ ਜਿੱਤ ਕੇ ਆਪਣੇ ਵਿੱਚ ਸ਼ਾਮਲ ਕਰ ਲੈਂਦਾ ਹੈ।

2. ਸਮਾਨਤਾ : ਜਿਸ ਰਾਜ ਕੋਲ ਚਾਰ ਤੱਤ ਹਨ ਉਹ ਪੂਰਨ ਰਾਜ ਹੈ ਭਾਵੇਂ ਕਿਸੇ ਰਾਜ ਦੀ ਵੱਸੋਂ ਘੱਟ ਹੈ ਜਾਂ ਵੱਧ ਹੈ, ਉਸ ਨੂੰ ਕੋਈ ਵਿਸ਼ੇਸ਼ ਸਥਿਤੀ ਪ੍ਰਾਪਤ ਨਹੀਂ ਹੋ ਸਕਦੀ। ਅੰਤਰਰਾਸ਼ਟਰੀ ਖੇਤਰ ਵਿੱਚ ਸੰਯੁਕਤ ਰਾਜ ਅਮਰੀਕਾ, ਚੀਨ ਅਤੇ ਜਰਮਨੀ ਵਰਗੇ ਮਹਾਨ ਦੇਸਾਂ ਦਾ ਭਾਵੇਂ ਬਹੁਤ ਪ੍ਰਭਾਵ ਹੈ ਪਰੰਤੂ ਰਾਜ ਦੇ ਰੂਪ ਵਿੱਚ ਉਹਨਾਂ ਨੂੰ ਕੋਈ ਵਿਸ਼ੇਸ਼ ਸਥਿਤੀ ਪ੍ਰਾਪਤ ਨਹੀਂ ਹੈ। ਸਾਰੇ ਰਾਜ ਇੱਕ ਸਮਾਨ ਹੁੰਦੇ ਹਨ ਤੇ ਕਿਸੇ ਵੀ ਰਾਜ ਨੂੰ ਉੱਚਾ ਜਾਂ ਨੀਵਾਂ ਨਹੀਂ ਸਮਝਿਆ ਜਾ ਸਕਦਾ।

3. ਮਾਨਤਾ : ਕਿਸੇ ਵੀ ਰਾਜ ਦੀ ਹੋਂਦ ਉਸ ਸਮੇਂ ਹੀ ਮੰਨੀ ਜਾਂਦੀ ਹੈ ਜਦੋਂ ਉਸ ਨੂੰ ਦੂਜੇ ਰਾਜ ਮਾਨਤਾ ਦੇ ਦੇਣ। ਉਦਾਹਰਨ ਦੇ ਤੌਰ ’ਤੇ ਬੰਗਲਾ ਦੇਸ ਨੂੰ ਜਦ ਦੂਜੇ ਦੇਸਾਂ ਨੇ ਮਾਨਤਾ ਪ੍ਰਦਾਨ ਕੀਤੀ ਤਾਂ ਹੀ ਉਸ ਨੂੰ ਅੰਤਰਰਾਸ਼ਟਰੀ ਖੇਤਰ ਵਿੱਚ ਸਥਾਨ ਮਿਲ ਸਕਿਆ। ਪ੍ਰਸਿੱਧ ਵਿਦਵਾਨ ਓਪਨਹੇਮ ਦੇ ਅਨੁਸਾਰ:

ਪੂਰਨ ਰਾਜ ਦਾ ਦਰਜਾ ਪ੍ਰਾਪਤ ਕਰਨ ਲਈ ਦੂਜੇ ਰਾਜਾਂ ਦੁਆਰਾ ਮਾਨਤਾ ਦਿੱਤੀ ਜਾਣੀ ਬਹੁਤ ਜ਼ਰੂਰੀ ਹੈ।

4. ਏਕਤਾ : ਏਕਤਾ ਤੋਂ ਭਾਵ ਹੈ ਕਿ ਨਿਸ਼ਚਿਤ ਭੂਮੀ ਤੇ ਵਸਣ ਵਾਲੇ ਸਾਰੇ ਲੋਕਾਂ ਉੱਤੇ ਇੱਕ ਹੀ ਸਰਕਾਰ ਦਾ ਹੁਕਮ ਚੱਲਦਾ ਹੈ। ਸਾਰੇ ਵਿਅਕਤੀਆਂ ਉੱਤੇ ਇੱਕੋ ਤਰ੍ਹਾਂ ਦਾ ਕਨੂੰਨ ਲਾਗੂ ਹੁੰਦਾ ਹੈ।


ਲੇਖਕ : ਨਵਤੇਜ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 8836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-06-02-46-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.