ਰਾਜ ਕਰੇਗਾ ਖ਼ਾਲਸਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਾਜ ਕਰੇਗਾ ਖ਼ਾਲਸਾ: ਇਕ ਉਤਸਾਹ-ਵਰਧਕ ਉਕਤੀ ਜੋ ਸਿੱਖ-ਜਗਤ ਵਿਚ ਅਰਦਾਸ ਤੋਂ ਬਾਦ ਜੁੜੀ ਹੋਈ ਸਾਰੀ ਸੰਗਤ ਮਿਲ ਕੇ ਪੜ੍ਹਦੀ ਹੈ। ਇਸ ਵਿਚ ਕੁਲ ਤਿੰਨ ਬੰਦ ਹਨ। ਪਹਿਲੇ ਦੋ ਬੰਦ (ਆਗਿਆ ਭਈ ਅਕਾਲੀ ਕੀ...) ਗਿਆਨੀ ਗਿਆਨ ਸਿੰਘ ਰਚਿਤ ‘ਪੰਥ ਪ੍ਰਕਾਸ਼ ’ (1878 ਈ.) ਵਿਚੋਂ ਹਨ ਜਿਨ੍ਹਾਂ ਵਿਚ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਲਈ ਸਿੱਖਾਂ ਨੂੰ ਤਾਕੀਦ ਕੀਤੀ ਗਈ ਹੈ। ਤੀਜਾ ਬੰਦ ਪ੍ਰਸਤੁਤ ਉਕਤੀ ਨਾਲ ਸ਼ੁਰੂ ਹੁੰਦਾ ਹੈ (ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ। ਖੁਆਰ ਹੋਇ ਸਭ ਮਿਲੈਂਗੇ ਬਚੇ ਸਰਨ ਜੋ ਹੋਇ) ਅਤੇ ਭਾਈ ਨੰਦ ਲਾਲ ਦੇ ਰਚੇ ਤਨਖ਼ਾਹਨਾਮੇ ਦੇ ਅੰਤ ਵਿਚ ਲਿਖਿਆ ਮਿਲਦਾ ਹੈ। ਇਸ ਬੰਦ ਦੀ ਮਾਨਸਿਕਤਾ 18ਵੀਂ ਸਦੀ ਦੀ ਰਾਜਨੈਤਿਕ ਸਥਿਤੀ ਉਤੇ ਪ੍ਰਕਾਸ਼ ਪਾਉਂਦੀ ਹੈ। ਬਾਬਾ ਬੰਦਾ ਬਹਾਦਰ ਦੀਆਂ ਜਿਤਾਂ ਨੇ ਸਿੱਖ ਸਮਾਜ ਵਿਚ ਇਸ ਪ੍ਰਕਾਰ ਦੀ ਅਭਿਵਿਅਕਤੀ ਨੂੰ ਜਨਮ ਦਿੱਤਾ ਕਿਉਂਕਿ ਉਦੋਂ ਸਿੱਖਾਂ ਨੂੰ ਰਾਜ ਕਰਨ ਦੀ ਆਪਣੀ ਸਮਰਥਤਾ ਦਾ ਅਨੁਭਵ ਹੋ ਚੁਕਾ ਸੀ। ਬਾਬਾ ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਅਤਿਆਚਾਰ ਦੀ ਜੋ ਹਨੇਰੀ ਸਿੱਖ ਧਰਮ ਦੇ ਅਨੁਯਾਈਆਂ ਦੇ ਸਿਰਾਂ ਉਤੇ ਝੁਲੀ ਉਸ ਨੂੰ ਸਹਿਣ ਅਤੇ ਉਜਲੇ ਭਵਿਸ਼ ਦੀ ਕਾਮਨਾ ਕਰਨ ਲਈ ਇਸ ਪ੍ਰਕਾਰ ਦੀਆਂ ਉਕਤੀਆਂ ਨੇ ਸਿੱਖ ਸੈਨਿਕਾਂ ਦੇ ਇਰਾਦੇ ਚੜ੍ਹਦੀ ਕਲਾ ਵਲ ਰਖੇ ਅਤੇ ਅੰਤ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਹੋਈ।
ਅਜ-ਕਲ ਕਈ ਥਾਂਵਾਂ’ਤੇ ਅਰਦਾਸ ਕਰਨ ਤੋਂ ਬਾਦ ਜੈਕਾਰਾ ਛਡ ਦਿੱਤਾ ਜਾਂਦਾ ਹੈ ਅਤੇ ਉਪਰੋਕਤ ਬੰਦਾਂ ਨੂੰ ਪੜਿਆ ਨਹੀਂ ਜਾਂਦਾ। ਨ ਪੜ੍ਹਨ ਵਾਲਿਆਂ ਦੀ ਮਾਨਤਾ ਹੈ ਕਿ ਹੁਣ ਇਸ ਬੰਦ ਦੀ ਪ੍ਰਸੰਗਿਕਤਾ ਖ਼ਤਮ ਹੋ ਗਈ ਹੈ। ਪਰ ਇਸ ਦੇ ਪੜ੍ਹੇ ਜਾਣ ਨੂੰ ਉਚਿਤ ਸਮਝਣ ਵਾਲਿਆਂ ਦੀ ਸਥਾਪਨਾ ਹੈ ਕਿ ਇਥੇ ਖ਼ਾਲਸੇ ਦੇ ਰਾਜ ਕਰਨ ਤੋਂ ਭਾਵ ਹੈ ਵਾਹਿਗੁਰੂ ਦੁਆਰਾ ਰਾਜ ਕਰਨਾ, ਕਿਉਂਕਿ ਖ਼ਾਲਸਾ ਅਤੇ ਵਾਹਿਗੁਰੂ ਦੋਵੇਂ ਅਭਿੰਨ ਹਨ (ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ) ਅਤੇ ਗੁਰਬਾਣੀ ਅਨੁਸਾਰ ਵਾਹਿਗੁਰੂ ਦਾ ਇਹ ਬਿਰਦ ਹੈ ਕਿ ਜੋ ਉਸ ਦੀ ਸ਼ਰਣ ਵਿਚ ਆਉਂਦਾ ਹੈ, ਉਸ ਨੂੰ ਉਹ ਗਲ ਨਾਲ ਲਗਾਉਂਦਾ ਹੈ, ਭਾਵ ਹਰ ਤਰ੍ਹਾਂ ਦੀ ਸੁਰਖਿਆ ਪ੍ਰਦਾਨ ਕਰਦਾ ਹੈ। ਅਧਿਆਤਮਿਕ ਭਾਸ਼ਾ ਵਿਚ ਇਸ ਨੂੰ ‘ਅਭੈਪਦ ’ ਕਿਹਾ ਜਾ ਸਕਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2368, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First