ਰਿਜ਼ਰਵ ਬੈਂਕ ਆਫ਼ ਇੰਡੀਆ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Reserve Bank of India ਰਿਜ਼ਰਵ ਬੈਂਕ ਆਫ਼ ਇੰਡੀਆ: ਰਿਜ਼ਰਵ ਬੈਂਕ ਆਫ਼ ਇੰਡੀਆ ਵਿੱਤੀ ਨਿਗਰਾਨੀ ਬੋਰਡ ਦੀ ਅਗਵਾਈ ਹੇਠ ਕੰਮ ਕਰਦਾ ਹੈ। ਬੋਰਡ, ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਡਾਇਰੈਕਟਰਾਂ ਦੇ ਕੇਂਦਰੀ ਬੋਰਡ ਦੀ ਕਮੇਟੀ ਵਜੋਂ ਨਵੰਬਰ, 1994 ਵਿਚ ਸਥਾਪਤ ਕੀਤਾ ਗਿਆ ਸੀ। ਬੋਰਡ ਦਾ ਮੁੱਖ ਉਦੇਸ਼ ਵਣਜੀ ਬੈਂਕਾਂ , ਵਿੱਤੀ ਸੰਸਥਾਵਾਂ ਅਤੇ ਨਾਨ-ਬੈਂਕਿੰਗ ਵਿੱਤ ਕੰਪਨੀਆਂ ਤੇ ਸੰਮਲਿਤ ਵਿੱਤੀ ਖੇਤਰ ਦੀ ਸੰਚਿਤ ਨਿਗਰਾਨੀ ਕਰਨਾ ਹੈ। ਬੋਰਡ ਕੇਂਦਰੀ ਬੋਰਡ ਦੇ ਚਾਰ ਡਾਇਰੈਕਟਰਾਂ ਨੂੰ ਦੋ ਸਾਲਾਂ ਦੇ ਕਾਰਜਕਾਲ ਲਈ ਮੈਂਬਰ ਵਜੋਂ ਨਾਮਜ਼ਦ ਕਰਕੇ ਸਥਾਪਤ ਕੀਤਾ ਜਾਂਦਾ ਹੈ। ਅਤੇ ਗਵਰਨਰ ਇਸ ਦਾ ਚੇਅਰਮੈਨ ਹੁੰਦਾ ਹੈ। ਇਕ ਡਿਪਟੀ ਗਵਰਨਰ ਨੂੰ ਆਮ ਕਰਕੇ ਬੈਕਿੰਗ ਵਿਨਿਯਮ ਅਤੇ ਨਿਗਰਾਨੀ ਦੇ ਇੰਚਾਰਜ ਡਿਪਟੀ ਗਵਰਨਰ ਨੂੰ ਬੋਰਡ ਦਾ ਵਾਈਸ-ਚੇਅਰਮੈਨ ਨਾਮਜ਼ਦ ਕੀਤਾ ਜਾਂਦਾ ਹੈ। ਬੋਰਡ ਦੀ ਸਾਧਾਰਣ ਤੌਰ ਤੇ ਮਹੀਨੇ ਵਿਚ ਇਕ ਵਾਰ ਮੀਟਿੰਗ ਹੁੰਦੀ ਹੈ। ਇਸ ਮੀਟਿੰਗ ਵਿਚ ਨਿਗਰਾਨ ਵਿਭਾਗਾਂ ਦੁਆਰਾ ਇਸ ਸਾਹਮਣੇ ਪੇਸ਼ ਕੀਤੀਆਂ ਮੁਆਇਨਾ ਰਿਪੋਟਾਂ ਅਤੇ ਹੋਰ ਨਿਗਰਾਨੀ ਮਸਲਿਆਂ ਤੇ ਵਿਚਾਰ ਕੀਤਾ ਜਾਂਦਾ ਹੈ। ਬੋਰਡ ਦਾ ਉਦੇਸ਼ ਆਪਦੀ ਲੇਖਾ-ਪੜ੍ਹਤਾਲ ਉਪ-ਕਮੇਟੀ ਰਾਹੀਂ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਿਚਲੇ ਅੰਦਰੂਨੀ ਲੇਖਾ-ਪੜਤਾਲ ਕਾਰਜਾਂ ਦੀ ਗੁਣਾਤਮਕਤਾ ਵਿਚ ਵਾਧਾ ਕਰਨਾ ਹੈ। ਬੋਰਡ ਦੀ ਲੇਖਾ-ਪੜਤਾਲ ਉਪ-ਕਮੇਟੀ ਸਮਵਰਤੀ ਲੇਖਾ-ਪੜਤਾਲ ਦੀ ਵਰਤਮਾਨ ਪ੍ਰਣਾਲੀ , ਵਿਧਾਨਿਕ ਲੇਖਾ-ਪੜਤਾਲਕਾਰਾਂ ਦੀ ਨਿਯੁਕਤੀ, ਕਾਨੂੰਨੀ ਲੇਖਾ-ਪੜਤਾਲ ਰਿਪੋਰਟਾਂ ਦੀ ਗੁਣਾਤਮਕਤਾ ਅਤੇ ਨਿਗਰਾਨੀ ਅਧੀਨ ਸੰਸਥਾਵਾਂ ਦੇ ਪ੍ਰਕਾਸ਼ਿਤ ਲੇਖਿਆਂ ਵਿਚ ਅਧਿਕ ਪਾਰਦਰਸ਼ਤਾ ਲਿਆਉਣ ਦੇ ਮਹੱਤਵਪੂਰਨ ਕਾਰਜਾਂ ਦੀ ਸਮੀਖਿਆ ਕਰਦੀ ਹੈ।

      ਰਿਜ਼ਰਵ ਬੈਂਕ ਦੇ ਕਾਰਜਾਂ ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਐਕਟ, 1934 ਲਾਗੂ ਹੁੰਦਾ ਹੈ ਅਤੇ ਵਿੱਤੀ ਖੇਤਰ ਬੈਂਕਿਗ ਵਿਨਿਯਮਣ ਐਕਟ, 1949 ਅਧੀਨ ਆਉਂਦਾ ਹੈ।

      ਰਿਜ਼ਰਵ ਬੈਂਕ ਆਫ਼ ਇੰਡੀਆ ਮਾਲੀ ਨੀਤੀ ਬਣਾਉਂਦਾ, ਇਸਨੂੰ ਲਾਗੂ ਕਰਦਾ ਅਤੇ ਇਸਤੇ ਨਿਯੰਤਰਣ ਕਰਦਾ ਹੈ। ਇਸ ਦਾ ਮੁੱਖ ਉਦੇਸ਼ ਕੀਮਤ ਸਥਿਰਤਾ ਨੂੰ ਬਣਾਈ ਰੱਖਣਾ ਅਤੇ ਉਤਪਾਦਕ ਖੇਤਰਾਂ ਲਈ ਉਚਿਤ ਧਨ ਪ੍ਰਵਾਹ ਨੂੰ ਯਕੀਨੀ ਬਣਾਉਣਾ ਹੈ। ਬੈਕਿੰਗ ਸੰਚਾਲਨਾਂ ਦੇ ਉਹ ਮਾਪਦੰਡ ਨਿਸ਼ਚਿਤ ਕਰਦਾ ਹੈ ਜਿਸ ਦੇ ਅੰਦਰ ਅੰਦਰ ਦੇਸ਼ ਦੀ ਬੈਕਿੰਗ ਅਤੇ ਵਿੱਤੀ ਪ੍ਰਣਾਲੀ ਕੰਮ ਕਰਦੀ ਹੈ ਅਤੇ ਇਸ ਪ੍ਰਕਾਰ ਇਹ ਪ੍ਰਣਾਲੀ ਵਿਚ ਲੋਕਾਂ ਦਾ ਵਿਸ਼ਵਾਸ ਨੂੰ ਬਣਾਈ ਰੱਖਦਾ ਹੈ, ਜਮ੍ਹਾਂ-ਕਰਤਿਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਦਾ ਹੈ ਅਤੇ ਲੋਕਾਂ ਨੂੰ ਲਾਗਤ-ਪ੍ਰਭਾਵੀ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਦਾ ਹੈ।

      ਵਿਦੇਸ਼ੀ ਵਟਾਂਦਰਾ ਪ੍ਰਬੰਧ ਐਕਟ, 1999 ਰਾਹੀਂ ਵਿਦੇਸ਼ੀ ਵਪਾਰ ਅਤੇ ਅਦਾਇਗੀਆਂ ਨੂੰ ਸੁਵਿਧਾਜਨਕ ਬਣਾਉਂਦਾ ਹੈ। ਅਤੇ ਭਾਰਤ ਵਿਚ ਵਿਵਸਥਾਪੂਰਣ ਵਿਕਾਸ ਅਤੇ ਵਿਦੇਸ਼ੀ ਵਟਾਂਦਰੇ ਦੀ ਮਾਰਕਿਟ ਵਿਚ ਸਥਿਰਤਾ ਬਣਾਈ ਰੱਖਣ ਵਿਚ ਸਹਾਇਕ ਹੁੰਦਾ ਹੈ।

      ਕਰੰਸੀ ਜਾਰੀ ਕਰਨਾ ਅਤੇ ਸਰਕੁਲੇਸ਼ਨ ਯੋਗ ਨਾ ਰਹੀ ਕਰੰਸੀ ਅਤੇ ਸਿੱਕਿਆਂ ਨੂੰ ਨਸ਼ਟ ਕਰਨਾ ਵੀ ਇਸ ਦੇ ਕਾਰਜਾਂ ਵਿਚ ਸ਼ਾਮਲ ਹੈ ਅਤੇ ਇਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਦੇਣ ਵਿਚ ਉਚਿਤ ਮਾਤਰਾ ਵਿਚ ਅਤੇ ਚੰਗੀ ਕੁਆਲਿਟੀ ਵਿਚ ਕਰੰਸੀ ਨੋਟਾਂ ਅਤੇ ਸਿੱਕਿਆਂ ਦੀ ਸਪਲਾਈ ਹੁੰਦੀ ਰਹੇ। ਇਸ ਪ੍ਰਕਾਰ ਇਹ ਰਾਸ਼ਟਰੀ ਉਦੇਸ਼ਾਂ ਨੂੰ ਉਨਤ ਕਰਨ ਲਈ ਕਈ ਪ੍ਰਕਾਰ ਦੇ ਵਿਕਾਸ ਕਾਰਜ ਵੀ ਨਿਭਾਉਂਦਾ ਹੈ। ਇਹ ਕੇਂਦਰੀ ਅਤੇ ਰਾਜ ਸਰਕਾਰਾਂ ਲਈ ਮਰਚੈਂਟ ਬੈਂਕਿੰਗ ਕਾਰਜ ਕਰਦਾ ਹੈ ਅਤੇ ਉਨ੍ਹਾਂ ਦੇ ਬੈਂਕਰ ਵਜੋਂ ਵੀ ਕੰਮ ਕਰਦਾ ਹੈ। ਸਾਰੇ ਅਨੁਸੂਚਿਤ ਬੈਂਕਾਂ ਦੇ ਬੈਂਕਿੰਗ ਲੇਖੇ ਰੱਖ ਕੇ ਉਹਨਾਂ ਲਈ ਬੈਂਕਰਾਂ ਵਜੋਂ ਕੰਮ ਕਰਦਾ ਹੈ। ਇਸ ਦੇ ਟਨ ਪ੍ਰਾਦੇਸ਼ਿਕ ਦਫ਼ਤਰ ਹਨ ਜੋ ਲਗਭਗ ਹਰ ਰਾਜ ਦੀ ਰਾਜਧਾਨੀ ਵਿਚ ਹਨ।

      ਇਸ ਨੇ ਛੇ ਟ੍ਰੇਨਿੰਗ ਸੰਸਥਾਵਾਂ ਵੀ ਕਾਇਮ ਕਰ ਰੱਖੀਆਂ ਹਨ। ਇਹਨਾਂ ਵਿਚ ਕਾਲਜ ਆਫ਼ ਐਗ੍ਰੀਕਲਚਰਲ ਬੈਂਕਿੰਗ, ਬੈਂਕਰਜ਼ ਟ੍ਰੇਨਿੰਗ ਕਾਲਜ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ ਸਟਾਫ਼ ਕਾਲਜ ਸ਼ਾਮਲ ਹਨ। ਇਸ ਤੋਂ ਇਲਾਵਾ ਨੈਸ਼ਨਲ ਇੰਸਟੀਚਿਊਟ ਫ਼ਾਰ ਬੈਂਕਿੰਗ ਮੈਨੇਜਮੈਂਟ, ਇੰਦਰਾਗਾਂਧੀ ਇੰਸਟੀਚਿਊਟ ਫ਼ਾਰ ਡੀਵੈਲਪਮੈਂਟ ਰੀਚਰਚ ਅਤੇ ਇੰਸਟੀਚਿਊਟ ਫ਼ਾਰ ਡੀਵੈਲਪਮੈਂਟ ਐਂਡ ਰਿਚਰਚ ਇਨ ਬੈਂਕਿਗ ਟੈਕਨਾਲੋਜੀ ਸਵੈ-ਸੇਵੀ ਸੰਸਥਾਵਾਂ ਹਨ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.