ਰੀਤੀ-ਰਿਵਾਜ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰੀਤੀ-ਰਿਵਾਜ : ਰੀਤੀ-ਰਿਵਾਜ ਅਤੇ ਰਸਮਾਂ-ਰੀਤਾਂ ਇੱਕੋ ਜਿਹੇ ਅਰਥਾਂ ਵਾਲੇ ਸ਼ਬਦ ਹਨ। ਜਿਹੜੇ ਰਿਵਾਜ, ਪ੍ਰਾਚੀਨ ਸਮਿਆਂ ਤੋਂ ਚੱਲਦੇ ਆ ਰਹੇ ਹੋਣ ਅਤੇ ਸਮਾਂ ਪਾ ਕੇ ਪਰਿਪੱਕ ਹੋ ਗਏ ਹੋਣ ਉਹਨਾਂ ਨੂੰ ਰੀਤ ਕਿਹਾ ਜਾਂਦਾ ਹੈ। ਇਸ ਤਰ੍ਹਾਂ ਰੀਤੀ ਅਤੇ ਰਿਵਾਜ ਇੱਕੋ ਜਿਹੀ ਪ੍ਰਕਿਰਤੀ ਵਾਲੇ ਸ਼ਬਦ ਹਨ। ਪਰ ਰਸਮ ਅਤੇ ਰੀਤ ਵਿੱਚ ਕਿਸੇ ਹੱਦ ਤੱਕ ਫ਼ਰਕ, ਸਹਿਜੇ ਵੇਖਿਆ ਜਾ ਸਕਦਾ ਹੈ। ਰਸਮ ਕਾਰਜ ਹੁੰਦਾ ਹੈ ਅਤੇ ਰੀਤ ਉਸ ਕਾਰਜ ਵਿੱਚ ਲੁਪਤ ਉਦੇਸ਼ ਨੂੰ ਕਿਹਾ ਜਾਂਦਾ ਹੈ।

     ਉਦਾਹਰਨ ਲਈ, ਬੱਚੇ ਦੀ ਪੈਦਾਇਸ਼ ਤੋਂ ਇੱਕੀ ਦਿਨ ਜਾਂ ਸਵਾ ਮਹੀਨਾ ਬਾਅਦ, ਜੱਚਾ (ਨਵਜਨਮੇਂ ਬਾਲ ਦੀ ਮਾਂ) ਨੂੰ ਚੌਕੇ-ਚੁਲ੍ਹੇ ਦੇ ਕੰਮ ਲਾਉਣ ਤੋਂ ਪਹਿਲਾਂ, ਸਿੱਖ ਧਰਮ ਨੂੰ ਮੰਨਣ ਵਾਲੇ ਅਰਦਾਸ ਉਪਰੰਤ ਅੰਮ੍ਰਿਤ ਛਕਾ ਕੇ, ਅਤੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ, ਮੰਤਰ-ਪਾਠ ਉਪਰੰਤ, ਜਲ ਦੀ ਚਰਨਾਮਤ ਦੇ ਕੇ ਸੂਤਕ ਸ਼ੁੱਧੀ ਦੀ ਰੀਤ ਨਿਭਾਉਂਦੇ ਹਨ। ਸੂਤਕ ਸ਼ੁੱਧੀ ਰੀਤ ਹੈ ਪਰ ਉਸ ਅਧੀਨ ਕੀਤੇ ਜਾਣ ਵਾਲੇ ਕਾਰਜ ਰਸਮਾਂ ਹਨ। ਸੂਤਕ ਸ਼ੁੱਧੀ ਸਮੇਂ ਨਵਜਨਮੇਂ ਬਾਲਕ ਨੂੰ ਵਸਤਰ ਗਹਿਣੇ ਆਦਿ ਦੇਣੇ ਹਨ ਕਿ ਨਹੀਂ, ਜੱਚਾ ਨੂੰ ਪੰਜੀਰੀ ਦੇਣੀ ਹੈ ਜਾਂ ਨਹੀਂ, ਇਹ ਸਭ ਰਸਮਾਂ ਹਨ। ਕਿਸੇ ਵੀ ਸੱਭਿਆਚਾਰ ਵਿੱਚ ਕਿਸੇ ਰੀਤ ਨੂੰ ਤੋੜਨਾ ਇਤਰਾਜ਼ ਯੋਗ ਸਮਝਿਆ ਜਾਂਦਾ ਹੈ ਪਰ ਕਿਸੇ ਰਸਮ ਵਿੱਚ ਹੋਏ ਬਦਲਾਓ ਨੂੰ ਵਧੇਰੇ ਇਤਰਾਜ਼ ਯੋਗ ਨਹੀਂ ਸਮਝਿਆ ਜਾਂਦਾ।

     ਉਦਾਹਰਨ ਲਈ, ਵਿਆਹ ਸਮੇਂ ਵਰ ਲਈ ਮੱਥੇ ਪੁਰ ਸਿਹਰਾ ਬੰਨ੍ਹਣਾ ਰੀਤੀ ਜਾਂ ਰਿਵਾਜ ਹੈ, ਪਰ ਸਿਹਰਾ ਬੰਨ੍ਹਣ ਸਮੇਂ ਵਰ ਨੇ ਚੌਂਕੀ `ਤੇ ਬੈਠਣਾ ਹੈ ਜਾਂ ਦਰੀ ਉੱਤੇ, ਪੰਡਤ ਜਾਂ ਭਾਈ ਨੇ ਅਰਦਾਸ ਕਰਨੀ ਹੈ ਜਾਂ ਨਹੀਂ, ਸਿਹਰੇ ਨੂੰ ਕਿਸ ਵਿਧੀ ਵਿਧਾਨ ਅਧੀਨ ਬੰਨ੍ਹਣਾ ਹੈ, ਇਹ ਸਾਰੇ ਕਾਰਜ ਰਸਮਾਂ ਹਨ। ਮਿਸਾਲ ਵਜੋਂ ਦਾਜ ਦੇਣਾ ਰੀਤ ਜਾਂ ਰਿਵਾਜ ਹੈ ਪਰ ਦਾਜ ਦਾ ਵਿਖਾਲਾ ਪਾ ਕੇ ਬਿਰਾਦਰੀ ਨੂੰ ਵੇਖਣ ਦਾ ਸੱਦਾ ਦੇਣਾ ਮਹਿਜ ਇੱਕ ਰਸਮ ਹੈ। ਕਈ ਲੋਕ ਦਾਜ ਦਾ ਵਿਖਾਲਾ ਨਹੀਂ ਪਾਉਂਦੇ, ਇਸ ਤੇ ਕੋਈ ਇਤਰਾਜ਼ ਨਹੀਂ ਕਰਦਾ, ਕਿਉਂਕਿ ਰਸਮ ਵਿੱਚ ਢਿੱਲ ਲਈ ਜਾ ਸਕਦੀ ਹੈ; ਪਰ ਕੋਈ ਵਿਅਕਤੀ ਵਿਆਹ ਤਾਂ ਪਰੰਪਰਾ ਅਨੁਸਾਰ ਕਰੇ, ਪਰ ਦਾਜ ਨਾ ਦੇਵੇ, ਤਾਂ ਇਤਰਾਜ਼ ਕੀਤਾ ਜਾ ਸਕਦਾ ਹੈ, ਕਿਉਂਕਿ ਦਾਜ ਦੇਣਾ ਰਿਵਾਜ ਹੈ ਰਸਮ ਨਹੀਂ, ਰਸਮ ਤਾਂ ਦਾਜ ਦਾ ਵਿਖਾਲਾ ਪਾਉਣਾ ਹੈ।

     ਇੱਕ ਹੋਰ ਉਦਾਹਰਨ ਅਨੁਸਾਰ, ਵਿਆਹ ਸਮੇਂ ਵਰ ਦਾ ਕੰਨਿਆਂ ਦੇ ਗ੍ਰਹਿ ਵਿਖੇ ਵਿਆਹੁਣ ਜਾਣਾ ਰੀਤੀ ਜਾਂ ਰਿਵਾਜ ਹੈ। ਪਰ ਵਰ ਅਤੇ ਕੰਨਿਆਂ ਵੱਲੋਂ ਆਪਸ ਵਿੱਚ ਮਿਲਣੀ ਕਰਨੀ, ਰਸਮਾਂ ਹਨ। ਕਿਉਂਕਿ ਮਿਲਣੀ ਸਮੇਂ ਕੰਨਿਆ ਦੇ ਪਰਿਵਾਰ ਵੱਲੋਂ ਆਦਰ ਸਤਿਕਾਰ ਵਜੋਂ ਕੁੜਮਾਂ ਨੂੰ ਉਪਹਾਰ ਦੇਣੇ ਰਸਮਾਂ ਹਨ। ਜਿਵੇਂ ਕੰਨਿਆ ਦੇ ਪਰਿਵਾਰ ਵੱਲੋਂ ਵਰ ਨਾਲ ਆਈ ਬਰਾਤ ਦੀ ਵਿਸ਼ੇਸ਼ ਭੋਜਨ ਨਾਲ ਸੇਵਾ ਕਰਨੀ ਰੀਤੀ ਜਾਂ ਰਿਵਾਜ ਹੈ ਪਰ ਬਰਾਤੀਆਂ ਵੱਲੋਂ ਭੋਜਨ ਸੇਵਨ ਕਰਨ ਸਮੇਂ ਵਰ ਪੱਖ ਦੇ ਪਰਿਵਾਰ ਵੱਲੋਂ ਦੁਲਹਨ ਦੇ ਰੂਪ ਵਿੱਚ ਬੈਠੀ ਕੰਨਿਆ ਲਈ ਥਾਲੀ ਵਿੱਚ (ਬਰਾਤੀਆਂ ਵਾਲੇ ਭੋਜਨ ਵਿੱਚੋਂ) ਕੁਝ ਭੋਜਨ ਭੇਜਿਆ ਜਾਂਦਾ ਹੈ। ਭੋਜਨ ਭੇਜਣ ਸਮੇਂ ਉਸ ਨੂੰ ਸੂਹੇ ਰੰਗ ਦੇ ਵੱਡੇ ਰੁਮਾਲ ਨਾਲ ਢੱਕਣਾ, ਅਤੇ ਸ਼ਗਨ ਵਜੋਂ ਉਸ ਉੱਤੇ ਕੁਝ ਪੈਸੇ ਰੱਖਣੇ ਰਸਮਾਂ ਹਨ। ਜਿਸ ਕਾਰਨ ਕਈ ਲੋਕ ਇਸ ਰਸਮ ਵਿੱਚ ਢਿੱਲ ਜਾਂ ਛੋਟ ਲੈ ਲੈਂਦੇ ਹਨ। ਇਵੇਂ ਹੀ ਕੰਨਿਆ ਨੂੰ ਵਿਆਹ ਕੇ ਲਿਆਉਣ ਸਮੇਂ ਵਰ ਪੱਖ ਵਾਲੀ ਧਿਰ ਵੱਲੋਂ ਵਰੀ (ਦੁਲਹਨ ਲਈ ਵਿਸ਼ੇਸ਼ ਵਸਤਰ ਗਹਿਣੇ ਆਦਿ) ਲੈ ਕੇ ਜਾਣਾ ਰੀਤੀ ਜਾਂ ਰਿਵਾਜ ਹੈ। ਪਰ ਵਰੀ ਖੋਲ੍ਹ ਕੇ ਵਿਖਾਉਣ ਸਮੇਂ ਸੁੱਕੇ ਮੇਵੇ (ਜਿਸ ਨੂੰ ਬਿੱਦ ਕਿਹਾ ਜਾਂਦਾ ਹੈ) ਵੰਡਣੇ ਰਸਮ ਹੈ। ਕਿਉਂਕਿ ਕਈ ਕੰਨਿਆ ਵਾਲੀਆਂ ਧਿਰਾਂ ਵਰੀ ਖੋਲ੍ਹ ਕੇ ਨਹੀਂ ਵੇਖਦੀਆਂ ਕਿ ਉਹਨਾਂ ਦੀ ਧੀ ਲਈ ਵਰ ਪੱਖ ਵਾਲੇ ਕੀ ਲੈ ਕੇ ਆਏ ਹਨ। ਜੇਕਰ ਵਰੀ ਖੋਲ੍ਹੀ ਨਹੀਂ ਜਾਵੇਗੀ ਤਾਂ ਬਿੱਦ (ਸੁੱਕੇ ਮੇਵੇ ਆਦਿ) ਵੀ ਨਹੀਂ ਵੰਡੀ ਜਾਵੇਗੀ, ਕਿਉਂਕਿ ਇਹ ਇੱਕ ਰਸਮ ਹੈ ਇਸ ਲਈ ਇਸ ਵਿੱਚ ਛੋਟ ਲਈ ਜਾ ਸਕਦੀ ਹੈ। ਪਰ ਵਰੀ ਲੈ ਕੇ ਜਾਣਾ ਰੀਤੀ ਜਾਂ ਰਿਵਾਜ ਹੈ ਇਸ ਲਈ ਉਸ ਵਿੱਚ ਛੋਟ ਦੀ ਕੋਈ ਗੁੰਜਾਇਸ਼ ਨਹੀਂ ਹੈ।

     ਇੱਕ ਹੋਰ ਉਦਾਹਰਨ ਅਨੁਸਾਰ, ਕਿਹਾ ਜਾ ਸਕਦਾ ਹੈ ਕਿ ਕਿਸੇ ਮ੍ਰਿਤਿਕ ਦੇਹ ਨੂੰ ਅਰਥੀ ਦੁਆਰਾ ਸ਼ਮਸ਼ਾਨ ਤੱਕ ਲੈ ਕੇ ਜਾਣਾ ਰੀਤੀ ਜਾਂ ਰਿਵਾਜ ਹੈ। ਪਰ ਕਿਸੇ ਬਜ਼ੁਰਗ ਦੀ ਅਰਥੀ ਚੁਫੇਰੇ ਫੁੱਲਾਂ ਦੇ ਹਾਰ ਪਾਉਣੇ ਜਾਂ ਸਾਜ਼-ਸਜਾਵਟ ਕਰਨੀ, ਮ੍ਰਿਤਿਕ ਦੇਹ ਤੋਂ ਸੁੱਕੇ ਮੇਵਿਆਂ ਜਾਂ ਪੈਸਿਆਂ ਦੀ ਸੋਟ (ਵਰਖਾ) ਕਰਨੀ ਰਸਮਾਂ ਹਨ। ਜਿਨ੍ਹਾਂ ਵਿੱਚ ਹਰ ਵਿਅਕਤੀ ਆਪਣੀ ਵਿਤ ਅਨੁਸਾਰ ਛੋਟ ਲੈ ਸਕਦਾ ਹੈ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.