ਰੂਪਾਂਤਰੀ ਪਿਛੇਤਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਰੂਪਾਂਤਰੀ ਪਿਛੇਤਰ: ਪੰਜਾਬੀ ਦੀ ਸ਼ਬਦ ਸਿਰਜਨਾ ਵੇਲੇ ਇਨ੍ਹਾਂ ਦੀ ਬਣਤਰ ਵਿਚ ਦੋ ਪਰਕਾਰ ਦੇ ਤੱਤ ਵਿਚਰਦੇ ਹਨ : ਕੇਂਦਰੀ ਤੱਤ (ਧਾਤੂ) ਅਤੇ ਬਾਹਰੀ ਤੱਤ (ਵਧੇਤਰ)। ਵਾਕ ਵਿਚ ਇਕ ਇਕਾਈ ਦੀ ਦੂਜੀ ਇਕਾਈ ਨਾਲ ਵਾਕਾਤਮਕ ਸਬੰਧ ਸਥਾਪਤ ਕਰਨ ਵਾਲੀਆਂ ਸ਼ਬਦ-ਸ਼ਰੇਣੀਆਂ (ਸਬੰਧਕ, ਯੋਜਕ, ਪਾਰਟੀਕਲਜ਼) ਨੂੰ ਛੱਡ ਕੇ ਬਾਕੀ ਸਾਰੇ ਸ਼ਬਦ ਰੁਪਾਂ ਵਿਚ ਕੇਂਦਰੀ ਤੱਤ ਮੌਜੂਦ ਹੁੰਦੇ ਹਨ ਜਿਥੇ ਕੇਂਦਰੀ ਤੱਤ ਸ਼ਬਦ ਦੇ ਮੂਲ ਨੂੰ ਉਜਾਗਰ ਕਰਦੇ ਹਨ, ਉਥੇ ਵਧੇਤਰ ਉਸ ਮੂਲ ਵਿਚ ਵਿਆਕਰਨਕ ਪੱਖ ਤੋਂ ਵਾਧਾ ਕਰਦੇ ਹਨ ਜਾਂ ਧਾਤੂ ਦੇ ਮੂਲ ਸਰੂਪ ਤੋਂ ਅਲੱਗ ਭਾਂਤ ਦਾ ਵਿਆਕਰਨਕ ਕਾਰਜ ਕਰਾਉਂਦੇ ਹਨ, ਜਿਵੇਂ : ‘ਗਰੀਬ’ ਇਕ ਧਾਤੂ ਸ਼ਬਦ ਹੈ ਤੇ ਵਾਕਾਤਮਕ ਬਣਤਰ ਵਿਚ ਵਿਸ਼ੇਸ਼ਣ ਵਜੋਂ ਵਿਚਰਦਾ ਹੈ ਪਰ (-ਈ) ਵਧੇਤਰ ਰਾਹੀਂ ਹੋਂਦ ਵਿਚ ਆਇਆ ‘ਗਰੀਬੀ’ ਸ਼ਬਦ ਨਾਂਵ ਵਜੋਂ ਵਿਚਰਦਾ ਹੈ। ਪੰਾਜਬੀ ਵਿਚ ਧਾਤੂ ਨਾਲ ਦੋ ਪਰਕਾਰ ਦੇ ਵਧੇਤਰ ਵਿਚਰਦੇ ਹਨ : ਧਾਤੂ ਤੋਂ ਪਹਿਲਾ (ਸ਼ਕਲ-ਬਦਸ਼ਕਲ) ਅਗੇਤਰ ਅਤੇ ਧਾਤੂ ਤੋਂ ਪਿਛੋਂ (ਝੂਠ-ਝੂਠਾ ਪਿਛੇਤਰ। ਪਿਛੇਤਰਾਂ ਦੀ ਇਕ ਕਿਸਮ ਨੂੰ ਰੂਪਾਂਤਰੀ ਵਧੇਤਰ ਕਿਹਾ ਜਾਂਦਾ ਹੈ। ਰੂਪਾਂਤਰੀ ਪਿਛੇਤਰਾਂ ਦੀ ਪਛਾਣ ਹਿਤ ਕੁਝ ਲੱਛਣ ਇਸ ਪਰਕਾਰ ਹਨ : (i) ਰੂਪਾਂਤਰੀ ਪਿਛੇਤਰ ਸ਼ਬਦ ਦੀ ਬਣਤਰ ਵਿਚ ਅੰਤ ’ਤੇ ਵਿਚਰਦੇ ਹਨ, (ii) ਇਹ ਧਾਤੂ ਤੋਂ ਪਿਛੋਂ ਜਾਂ ਵਿਉਂਤਪਤ ਪਿਛੇਤਰ ਤੋਂ ਪਿਛੋਂ ਵਿਚਰਦੇ ਹਨ, (iii) ਇਹ ਪਿਛੇਤਰ ਜਿਸ ਸ਼ਬਦ ਨਾਲ ਜੁੜਦੇ ਹਨ ਉਸ ਸ਼ਬਦ ਦੀ ਸ਼ਰੇਣੀ ਵਿਚ ਪਰਿਵਰਤਨ ਨਹੀਂ ਆਉਂਦਾ ਭਾਵ ਇਹ ਪਿਛੇਤਰ ਸ਼ਰੇਣੀ ਰੱਖਿਅਕ ਹੀ ਹੁੰਦੇ ਹਨ ਸ਼ਰੇਣੀ ਬਦਲੂ ਨਹੀਂ। (iv) ਇਕ ਸ਼ਬਦ ਬਣਤਰ ਵਿਚ ਰੂਪਾਂਤਰੀ ਪਿਛੇਤਰ ਇਕ ਵਾਰ ਹੀ ਵਿਚਰਦਾ ਹੈ (v) ਰੁਪਾਂਤਰੀ ਪਿਛੇਤਰਾਂ ਦੀ ਮਦਦ ਨਾਲ ਵਿਕਾਰੀ ਸ਼ਬਦਾਂ ਵਿਚ ਵਿਆਕਰਨ ਸ਼ਰੇਣੀਆਂ ਅਨੁਸਾਰ ਰੂਪਾਂਤਰਨ ਹੁੰਦਾ ਹੈ ਅਤੇ ਇਨ੍ਹਾਂ ਦੀ ਵਰਤੋਂ ਨਾਲ ਰੂਪਾਵਲੀ ਹੋਂਦ ਵਿਚ ਆਉਂਦੀ ਹੈ, (vi) ਰੂਪਾਂਤਰੀ ਰੂਪਾਂ ਦੇ ਧਾਤੂਆਂ ਦਾ ਇਕ ਰੂਪਾਵਲੀ ਵਿਚ ਦੁਹਰਾ ਹੁੰਦਾ ਹੈ। ਵੱਖ ਵੱਖ ਸ਼ਬਦ-ਸ਼ਰੇਣੀਆਂ ਦੇ ਸ਼ਬਦ ਰੂਪਾਂਤਰੀ ਪਿਛੇਤਰਾਂ ਨਾਲ ਵੱਖ ਵੱਖ ਪਰਕਾਰ ਰੂਪ ਸਿਰਜਦੇ ਹਨ ਅਤੇ ਇਨ੍ਹਾਂ ਦਾ ਰੂਪਾਂਤਰਨ ਇਸ ਪਰਕਾਰ ਹੁੰਦਾ ਹੈ, ਜਿਵੇਂ : ਪੰਜਾਬੀ ਨਾਂਵ, ਵਚਨ ਅਤੇ ਕਾਰਕਾਂ ਲਈ ਰੂਪਾਂਤਰਤ ਹੁੰਦੇ ਹਨ, ਜਿਵੇਂ : ਘੋੜਾ (ਇਕ ਵਚਨ, ਪੁਲਿੰਗ, ਸਧਾਰਨ ਕਾਰਕ), ਘੋੜ+ਏ-ਘੋੜੇ (ਬਹੁਵਚਨ, ਪੁਲਿੰਗ, ਸਧਾਰਨ ਕਾਰਕ), ਘੋੜੇ (ਇਕ ਵਚਨ, ਪੁਲਿੰਗ, ਸਬੰਧਕੀ ਕਾਰਕ), ਘੋੜਿਆਂ (ਬਹੁਵਚਨ, ਪੁਲਿੰਗ, ਸਬੰਧਕੀ ਕਾਰਕ), ਘੋੜਿਓਂ (ਇਕ ਵਚਨ, ਪੁਲਿੰਗ, ਅਪਾਦਾਨ) ਆਦਿ ਇਸੇ ਤਰ੍ਹਾਂ ਕਿਰਿਆ ਧਾਤੂਆਂ ਨਾਲ ਲੱਗਣ ਵਾਲੇ ਰੂਪਾਂਤਰੀ ਪਿਛੇਤਰ ਲਿੰਗ, ਵਚਨ, ਪੁਰਖ, ਕਾਲ, ਵਾਚ, ਆਸਪੈਕਟ ਆਦਿ ਦੇ ਸੂਚਕ ਹੁੰਦੇ ਹਨ, ਜਿਵੇਂ : ‘ਉਹ ਜਾਂਦਾ ਹੈ। ਜਾਂਦਾ ਹੈ (ਇਕ ਵਚਨ, ਪੁਲਿੰਗ, ਤੀਜਾ ਪੁਰਖ, ਵਰਤਮਾਨ ਕਾਲ) ਆਦਿ ਦਾ ਸੂਚਕ ਹੈ। ਜਾਂਦਾ ਵਿਚ ਜਾ (ਧਾਤੂ)+ਦਾ (ਵਧੇਤਰ) ਹੈ। ਰੂਪਾਂਤਰੀ ਪਿਛੇਤਰਾਂ ਵਾਲੇ ਨਾਂਵ ਸ਼ਬਦ ਕਿਰਿਆ ਨੂੰ ਪਰਭਾਵਤ ਕਰਦੇ ਹਨ, ਜਿਵੇਂ : ‘ਮੁੰਡੇ ਪੜ੍ਹਦੇ ਹਨ’ ਵਿਚ ਮੁੰਡੇ (-ਏ), ਪੜ੍ਹ (-ਦੇ) ਹਨ ਮੁੰਡਾ ਪੜ੍ਹਦਾ ਹੈ ਵਿਚ ਮੁੰਡ (-ਆ), ਪੜ੍ਹਦਾ (-ਦਾ) ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 13770, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.