ਲਸ਼ਕਰੇ ਹਿੰਦ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਲਸ਼ਕਰੇ ਹਿੰਦ: ਇਸ ਨੂੰ ‘ਆਜ਼ਾਦ ਹਿੰਦ ਫ਼ੌਜ ’ (ਵੇਖੋ) ਦਾ ਪੂਰਵ-ਵਰਤੀ ਸੈਨਿਕ ਸੰਗਠਨ ਕਿਹਾ ਜਾ ਸਕਦਾ ਹੈ। ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੇ ਚਾਹਵਾਨ ਗਰਮ ਧੜੇ ਦੇ ਆਗੂ ਸੁਭਾਸ਼ ਚੰਦਰ ਬੋਸ ਨੂੰ ਜਦੋਂ ਹਿੰਦੁਸਤਾਨ ਵਿਚ ਰਹਿ ਕੇ ਆਪਣੇ ਮਨੋਰਥ ਵਿਚ ਸਫਲਤਾ ਮਿਲਦੀ ਨਜ਼ਰ ਨ ਆਈ ਤਾਂ ਉਹ 16-17 ਦਸੰਬਰ 1940 ਈ. ਦੀ ਰਾਤ ਨੂੰ ਕਲਕੱਤੇ ਤੋਂ ਖਿਸਕ ਕੇ ਅਨੇਕ ਪ੍ਰਕਾਰ ਦੀਆਂ ਔਕੜਾਂ ਨੂੰ ਸਹਾਰਦਿਆਂ ਆਖ਼ਿਰ 28 ਮਾਰਚ 1941 ਈ. ਨੂੰ ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਪਹੁੰਚ ਗਿਆ। ਉਥੇ ਸੁਭਾਸ ਚੰਦਰ ਬੋਸ ਨੇ ਜਰਮਨੀ ਦੇ ਵਿਦੇਸ਼ ਮੰਤਰੀ ਰਿਬਨਟ੍ਰਾਪ ਨਾਲ ਰਾਬਤਾ ਕਾਇਮ ਕੀਤਾ ਅਤੇ ਹਿੰਦੁਸਤਾਨੀ ਜੰਗੀ ਕੈਦੀਆਂ ਤੋਂ ਭਾਰਤ ਦੀ ਸੁਤੰਤਰਤਾ ਲਈ ਸੈਨਿਕ ਦਲ ਸਿਰਜਣ ਦਾ ਪ੍ਰਸਤਾਵ ਰਖਿਆ। ਇਹ ਪ੍ਰਸਤਾਵ ਮਨਜ਼ੂਰ ਕਰ ਲਿਆ ਗਿਆ। ਸਿੱਖ ਸੈਨਿਕ ਪਹਿਲਾਂ ਹੀ ਅੰਗ੍ਰੇਜ਼ ਸਰਕਾਰ ਦੀਆਂ ਕਈ ਜ਼ਿਆਦਤੀਆਂ ਅਤੇ ਸਿੱਖ ਧਰਮ ਦੀ ਮਰਯਾਦਾ ਵਿਰੋਧੀ ਕਾਰਵਾਈਆਂ ਤੋਂ ਨਿਰਾਸ਼ ਹੋ ਚੁਕੇ ਸਨ। ਜਦੋਂ ਸੁਭਾਸ਼ ਚੰਦਰ ਨੇ ਆਪਣੀ ਯੋਜਨਾ ਭਾਰਤੀ ਕੈਦੀਆਂ ਸਾਹਮਣੇ ਰਖੀ ਤਾਂ ਉਨ੍ਹਾਂ ਨੇ ਇਸ ਦਾ ਸੁਆਗਤ ਕੀਤਾ। ਪਹਿਲੇ ਛੇ ਮਹੀਨਿਆਂ ਵਿਚ 1200 ਸੈਨਿਕ ਭਰਤੀ ਕੀਤੇ ਗਏ, ਜਿਨ੍ਹਾਂ ਵਿਚੋਂ ਬਹੁਤ ਸਿੱਖ ਸਨ। ਇਸ ਸੈਨਿਕ ਸੰਗਠਨ ਦਾ ਨਾਂ ‘ਲਸ਼ਕਰੇ ਹਿੰਦ’ ਰਖਿਆ ਗਿਆ। ਥੋੜੇ ਸਮੇਂ ਵਿਚ ਹੀ ਇਸ ਦਲ ਦੀ ਗਿਣਤੀ 4500 ਤਕ ਪਹੁੰਚ ਗਈ। ਪਰ ਭਾਰਤੀ ਕੈਦੀਆਂ ਦੀ ਘਟ ਗਿਣਤੀ ਅਤੇ ਭਾਰਤ ਤੋਂ ਬਹੁਤ ਦੂਰ ਹੋਣ ਕਾਰਣ ਇਹ ਜੁਗਤ ਕਾਮਯਾਬੀ ਵਲ ਵਿਕਾਸ ਨ ਕਰ ਸਕੀ। ਇਸ ਨਾਲ ਸੰਬੰਧਿਤ ਰਾਜਨੈਤਿਕ ਸੰਸਥਾ ਨੂੰ ‘ਫ਼੍ਰੀ ਇੰਡੀਆ ਸੈਂਟਰ’ ਦਾ ਨਾਂ ਦਿੱਤਾ ਗਿਆ।
ਉਧਰ 15 ਫਰਵਰੀ 1942 ਈ. ਨੂੰ ਜਨਰਲ ਮੋਹਨ ਸਿੰਘ ਨੇ ਸਿੰਗਾਪੁਰ ਵਿਚ ‘ਆਜ਼ਾਦ ਹਿੰਦ ਫ਼ੌਜ’ ਦੀ ਸਥਾਪਨਾ ਦੀ ਯੋਜਨਾ ਬਣਾਈ। ਉਥੇ ਭਾਰਤੀ ਕੈਦੀਆਂ ਦੀ ਬਹੁਤਾਤ ਕਰਕੇ 40 ਹਜ਼ਾਰ ਕੈਦੀਆਂ, ਜਿਨਾਂ੍ਹ ਵਿਚੋਂ ਬਹੁਤੇ ਸਿੱਖ ਸਨ, ਨੇ ਆਪਣੇ ਨਾਂ ਪੇਸ਼ ਕੀਤੇ। ਇਸ ਤਰ੍ਹਾਂ ਸਿੰਗਾਪੁਰ ਵਿਚ ‘ਲਸ਼ਕਰੇ ਹਿੰਦ’ ਨੇ ਹੀ ਆਪਣੇ ਪਰਿਵਰਤਿਤ ਰੂਪ ਵਿਚ ਜਨਮ ਲਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 630, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First