ਲਿਪੀ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਲਿਪੀ: ਭਾਸ਼ਾ ਇਕ ਮਾਨਸਿਕ ਅਤੇ ਭੌਤਿਕ ਵਰਤਾਰਾ ਹੈ। ਕਿਸੇ ਸਮਾਜ ਵਿਚ ਰਹਿੰਦੇ ਵਿਅਕਤੀ ਦੀ ਕੋਈ ਨਾ ਕੋਈ ਇਕ ਭਾਸ਼ਾ ਜ਼ਰੂਰ ਹੁੰਦੀ ਹੈ। ਭਾਸ਼ਾ ਦੇ ਵਰਤਾਰੇ ਨੂੰ ਸਦੀਵੀ ਬਣਾਉਣ ਲਈ ਕਈ ਜੁਗਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਲਿਪੀ ਅਜਿਹੀ ਜੁਗਤ ਹੈ ਜਿਸ ਰਾਹੀਂ ਭਾਸ਼ਾ ਵਿਚ ਵਿਅਕਤ ਕੀਤੇ ਜਾਣ ਵਾਲੇ ਵਿਚਾਰਾਂ ਨੂੰ ਸਾਂਭਿਆ ਜਾਂਦਾ ਹੈ। ਭਾਸ਼ਾਵਾਂ ਦੀ ਗਿਣਤੀ ਤਾਂ ਭਾਵੇਂ ਹਜ਼ਾਰਾਂ ਤੱਕ ਹੈ ਪਰ ਲਿਪੀਆਂ ਦੀ ਗਿਣਤੀ ਇਸ ਤੋਂ ਕਿਤੇ ਘੱਟ ਹੈ। ਹਰ ਭਾਸ਼ਾ ਲਈ ਇਕ ਵੱਖਰੀ ਲਿਪੀ ਸਿਰਜੀ ਜਾ ਸਕਦੀ ਹੈ ਪਰ ਅਜੇ ਤੱਕ ਹਰ ਭਾਸ਼ਾ ਦੀ ਇਕ ਵੱਖਰੀ ਲਿਪੀ ਦਰਿਸ਼ਟੀਗੋਚਰ ਨਹੀਂ। ਘੱਟ ਵਿਕਸਤ ਅਤੇ ਅਣਵਿਕਸਤ ਭਾਸ਼ਾਵਾਂ ਦੀ ਗਿਣਤੀ ਕਾਫੀ ਹੈ ਜਿਨ੍ਹਾਂ ਦੀ ਵਰਤੋਂ ਕੇਵਲ ਬੋਲਚਾਲ ਦੇ ਪੱਧਰ ’ਤੇ ਹੀ ਕੀਤੀ ਜਾਂਦੀ ਹੈ। ਲਿਖਤ ਵਾਸਤੇ ਉਨ੍ਹਾਂ ਦੀ ਅਜੇ ਕੋਈ ਲਿਪੀ ਤਿਆਰ ਨਹੀਂ ਹੋ ਸਕੀ। ਲਿਖਤ ਨਾਲ ਸਬੰਧਤ ਇਕ ਸੰਕਲਪ ਹੈ ਜਿਸ ਨੂੰ ਆਰਥੋਗਰਾਫੀ ਕਿਹਾ ਜਾਂਦਾ ਹੈ। ਆਰਥੋਗਰਾਫੀ ਸਮੁੱਚ ਨਾਲ ਸਬੰਧਤ ਹੈ। ਆਰਥੋਗਰਾਫੀ ਵਿਚ ਲਿਪੀ ਦਾ ਇਕ ਮਹੱਤਵਪੂਰਨ ਸਥਾਨ ਹੈ। ਲਿਪੀ ਆਰਥੋਗਰਾਫੀ ਦਾ ਇਕ ਹਿੱਸਾ ਹੈ, ਆਰਥੋਗਰਾਫੀ ਨਹੀਂ। ਭਾਵੇਂ ਹਰ ਭਾਸ਼ਾ ਲਈ ਇਕ ਵੱਖਰੀ ਲਿਪੀ ਆਦਰਸ਼ਕ ਹੁੰਦੀ ਹੈ ਪਰ ਇਕ ਲਿਪੀ ਰਾਹੀਂ ਇਕ ਤੋਂ ਵਧੇਰੇ ਭਾਸ਼ਾਵਾਂ ਨੂੰ ਲਿਖਤ ਵਿਚ ਲਿਆਂਦਾ ਜਾ ਸਕਦਾ ਹੈ, ਜਿਵੇਂ ‘ਰੋਮਨ’ ਇਕ ਲਿਪੀ ਹੈ ਜਿਸ ਨੂੰ ਅੰਗਰੇਜੀ ਅਤੇ ਯੋਰਪ ਦੀਆਂ ਹੋਰਨਾਂ ਕਈ ਭਾਸ਼ਾਵਾਂ ਲਈ ਵਰਤਿਆ ਜਾਂਦਾ ਹੈ। ਹਿੰਦੀ ਲਈ ਦੇਵਨਾਗਰੀ, ਉਰਦੂ ਲਈ ਅਰੈਬਿਕ ਪਰਸ਼ੀਅਨ ਅਤੇ ਪੰਜਾਬੀ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਪੰਜਾਬੀ ਨੂੰ ਰੋਮਨ, ਦੇਵਨਾਗਰੀ ਅਤੇ ਪਰਸ਼ੀਅਨ ਆਦਿ ਵਿਚ ਲਿਖਿਆ ਜਾ ਸਕਦਾ ਹੈ। ਅੰਗਰੇਜ਼ਾਂ ਦੇ ਕਬਜ਼ੇ ਵੇਲੇ ਰੋਮਨ ਲਿਪੀ ਨੂੰ ਭਾਰਤ ਦੀਆਂ ਭਾਸ਼ਾਵਾਂ ਲਈ ਵਰਤਿਆ       ਜਾਂਦਾ ਰਿਹਾ ਹੈ ਅਤੇ ਪੰਜਾਬੀ ਤਾਂ ਅਜੇ ਵੀ ਲਿਪੀ ਪੱਖੋਂ ਗੁਰਮੁਖੀ ਅਤੇ ਪਰਸ਼ੀਅਨ ਵਿਚ ਲਿਖੀ ਜਾਂਦੀ ਹੈ। ਪੱਛਮੀ ਪੰਜਾਬ ਵਿਚਲੀ ਪੰਜਾਬੀ ਲਈ ਪਰਸ਼ੀਅਨ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਕਿਸੇ ਇਕ ਭਾਸ਼ਾ ਵਿਚ ਇਸ ਭਾਂਤ ਦੀਆਂ ਧੁਨਾਤਮਕ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਹੂ-ਬ-ਹੂ ਲਿਪੀ ਰਾਹੀਂ ਅੰਕਿਤ ਨਹੀਂ ਕੀਤੀਆਂ ਜਾ ਸਕਦੀਆਂ। ਲਿਪੀ ਦਾ ਜਨਮ ਭਾਸ਼ਾ ਤੋਂ ਕਾਫੀ ਪੱਛੜ ਕੇ ਹੁੰਦਾ ਹੈ। ਭਾਵਾਂ ਨੂੰ ਸਥੂਲ ਰੱਖਣ ਲਈ ਵੱਖੋ ਵੱਖਰੀਆਂ ਤਰਕੀਬਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਜਿਨ੍ਹਾਂ ਵਿਚੋਂ ਗੰਢ ਵਿਧੀ, ਸੂਤਰ ਵਿਧੀ, ਭਾਵ ਵਿਧੀ, ਚਿੱਤਰ ਵਿਧੀ ਆਦਿ ਮਹੱਤਵਪੂਰਨ ਹਨ। ਪਰ ਇਨ੍ਹਾਂ ਵਿਧੀਆਂ ਦੀਆਂ ਆਪਣੀਆਂ ਸੀਮਾਵਾਂ ਹਨ ਕਿਉਂਕਿ ਹਰ ਕਿਸਮ ਦੇ ਭਾਵ ਨੂੰ ਇਨ੍ਹਾਂ ਰਾਹੀਂ ਪਰਗਟ ਨਹੀਂ ਕੀਤਾ ਜਾ ਸਕਦਾ। ਜੇ ਕੀਤਾ ਜਾ ਸਕਦਾ ਹੈ ਤਾਂ ਇਹ ਵਰਤਾਰਾ ਕੇਵਲ ਵਿਅਕਤੀਗਤ ਜਾਂ ਇਕ ਸਭਿਆਚਾਰਕ ਚੌਖਟੇ ਤੱਕ ਹੀ ਸੀਮਤ ਹੋਣ ਕਰਕੇ ਭਾਵ ਦੀ ਪੂਰੀ ਭਾਵਨਾ ਨੂੰ ਪਰਗਟਾਉਣ ਤੋਂ ਅਸਮਰੱਥ ਰਹਿ ਜਾਂਦਾ ਹੈ। ਅਜੋਕੀਆਂ ਲਿਪੀਆਂ ਵਿਚੋਂ ਇਕ ਸ਼ਬਦ ਲਈ ਇਕ ਚਿੰਨ੍ਹ ਵਰਤਣ ਵਾਲੀ ਲਿਪੀ ਨੂੰ Longographic, ਉਚਾਰ-ਖੰਡ ਲਈ ਇਕ ਚਿੰਨ੍ਹ ਵਾਲੀ ਲਿਪੀ ਨੂੰ Syllabic, ਇਕ ਧੁਨੀ ਜੋ ਅਰਥ ਦੇ ਪੱਖ ਤੋਂ ਸਾਰਥਕ ਹੋਵੇ ਨੂੰ Alphabetic ਅਤੇ ਇਕ ਧੁਨੀ ਜੋ ਅਰਥ ਦੇ ਪੱਖ ਤੋਂ ਭਾਵੇਂ ਸਾਰਥਕ ਹੋਵੇ ਜਾਂ ਨਾ ਹੋਵੇ ਉਸ ਨੂੰ Phonetic ਲਿਪੀ ਕਿਹਾ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 16150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਲਿਪੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਿਪੀ [ਨਾਂਇ] ਉਹ ਚਿੰਨ੍ਹ ਜਾਂ ਅੱਖਰ ਜਿਨ੍ਹਾਂ ਰਾਹੀਂ ਭਾਸ਼ਾ ਨੂੰ ਲਿਖਤੀ ਰੂਪ ਦਿੱਤਾ ਜਾਂਦਾ ਹੈ, ਸਕਰਿਪਟ, (ਪੰਜਾਬੀ ਭਾਸ਼ਾ ਵਿੱਚ) ਪੈਂਤੀ, ਗੁਰਮੁਖੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲਿਪੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲਿਪੀ : ਲਿਪੀ ਜਾਂ ਰਸਮ–ਉਲ–ਖ਼ਤ ਕਿਸੇ ਵਰਣ ਮਾਲਾ ਦਾ ਉਸ ਸਮੂਹ ਜਾਂ ਲਿਖਣ ਢੰਗ ਨੂੰ ਆਖਦੇ ਹਨ ਜਿਸ ਰਾਹੀਂ ਕੋਈ ਭਾਸ਼ਾ ਲਿਖਤੀ ਰੂਪ ਵਿਚ ਲਿਆਈ ਜਾਂਦੀ ਹੈ। ਲਿਪੀ ਭਾਸ਼ਾ ਤੋਂ ਬਾਅਦ ਦੀ ਉਪਜ ਹੈ। ਸਦੀਆਂ ਤਕ ਮਨੁੱਖੀ ਜਾਤ ਮੌਖਿਕ ਭਾਸ਼ਾ ਰਾਹੀਂ ਕੀਤੀ ਕੰਮ ਚਲਾਂਦੀ ਰਹੀ ਸੀ। ਲਿਖਣ ਢੰਗ ਜਾਂ ਲਿਪੀ ਦੀ ਹੋਂਦ ਨਾਲ ਭਾਸ਼ਾ ਜਾਂ ਭਾਸ਼ਵਾਂ ਦੇ ਖ਼ਜਾਨੇ ਸਾਂਭੇ ਗਏ ਹਨ ਅਤੇ ਚਿੱਠੀ ਪੱਤਰ, ਪੁਸਤਕਾਂ ਅਤੇ ਪਤ੍ਰਿਕਾਵਾਂ ਆਦਿ ਰਾਹੀਂ ਭਾਵਾਂ ਤੇ ਵਿਚਾਰਾਂ ਦਾ ਸੰਚਾਰ ਵੀ ਦੂਰ ਦੂਰ ਤਕ ਹੋਣ ਲੱਗ ਗਿਆ ਹੈ। ਭਾਸ਼ਾ ਵਾਂਗ ਲਿਪੀ ਦਾ ਅਵਿਸ਼ਕਾਰ ਵੀ ਮਨੁੱਖ ਦੇ ਸਮਾਜਕ ਸੰਪਰਕ ਦੀਆਂ ਲੋੜਾਂ ਕਾਰਣ ਮਨੁੱਖ ਦਆਰਾ ਹੀ ਹੋਇਆ ਹੈ।

          ਪਹਿਲਾਂ ਮਨੁੱਖ ਪ੍ਰਤੀਕਾਂ ਰਾਹੀਂ ਇਕ ਦੂਜੇ ਨੂੰ ਸਨੇਹੇ ਘਲਦੇ ਸਨ। ਫਿਰ ਪੈਗ਼ਾਮ–ਰਸਾਨੀ ਦਾ ਇਹ ਕੰਮ ਚਿੱਤਰਾਂ ਰਾਹੀਂ ਹੋਣ ਲੱਗ ਪਿਆ। ਉਸ ਤੋਂ ਅਗਲਾ ਪੜਾ ਭਾਵ ਲਿਪੀ ਦਾ ਹੈ ਜਿਸ ਦੁਆਰਾ ਕੋਈ ਚਿੱਤਰ ਆਪਣੇ ਮੂਲ ਦ੍ਰਿਸ਼ ਤੋਂ ਇਲਾਵਾ ਕੋਈ ਹੋਰ ਭਾਵ ਵੀ ਵਿਅਕਤ ਕਰਦਾ ਸੀ। ਜਿਵੇਂ ਅੱਖ ਵਿਚੋਂ ਦੋ ਹੰਝੂ ਡਿਗਦੇ ਦਰਸਾਉਣ ਦਾ ਚਿੱਤਰ ਕਿਸੇ ਵਿਅਕਤੀ ਦੇ ਮਾਨਸਿਕ ਦੁੱਖ ਨੂੰ ਪ੍ਰਗਟ ਕਰਦਾ ਸੀ। ਪਰੰਤੂ ਧੁਨੀਆਤਮਕ ਲਿਪੀ ਇਨ੍ਹਾਂ ਆਰੰਭਿਕ ਲਿਪੀਆਂ ਦਾ ਵਿਕਸਿਤ ਰੂਪ ਹੈ। ਇਸ ਲਿਪੀ ਰਾਹੀਂ ਹਰ ਧੁਨੀ ਜਾਂ ਸਵਰ ਨੂੰ ਵਿਅਕਤ ਕਰਨ ਲਈ ਇਕ ਇਕ ਅੱਖਰ ਜਾਂ ਅੱਖਰ ਅੰਗ ਨਿਯਤ ਹੁੰਦਾ ਹੈ ਜਿਸ ਕਾਰਣ ਬੋਲੀ ਜਾਣ ਵਾਲੀ ਭਾਸ਼ਾ ਨੂੰ ਹੂ–ਬ–ਹੂ ਉਸੇ ਰੂਪ ਵਿਚ ਅੱਖਰਾਂ ਰਾਹੀਂ ਲਿਖਿਆ ਸੰਭਾਲਿਆ ਅਤੇ ਦੂਜਿਆਂ ਤਕ ਪਹੁੰਚਾਇਆ ਜਾਂਦਾ ਹੈ। ਸੰਸਾਰ ਦੀਆਂ ਲਿਪੀਆਂ ਨੂੰ ਹੇਠ–ਲਿਖਿਤ ਚਾਰ ਪਰਿਵਾਰਾਂ ਵਿਚ ਵੰਡਿਆ ਗਿਆ ਹੈ :

          (1) ਯੂਨਾਨੀ–ਰੋਮਨ ਪਰਿਵਾਰ, (2) ਸਾਮੀ–ਅਰਬੀ ਪਰਿਵਾਰ, (3) ਬ੍ਰਾਹਮੀ ਪਰਿਵਾਰ ਅਤੇ (4) ਚੀਨੀ ਪਰਿਵਾਰ।

ਬਹੁਤੀਆਂ ਭਾਰਤੀ ਲਿਪੀਆਂ ਦਾ ਸੰਬੰਧ ਬ੍ਰਾਹਮੀ ਪਰਿਵਾਰ ਨਾਲ ਹੈ। ਇਹ ਲਿਪੀ ਮੋਰੀਆ ਕਾਲ ਤਕ ਆਪਣੀ ਪੂਰਣਤਾ ਦੀ ਸ਼ਿਖਰ ’ਤੇ ਪਹੁੰਚ ਚੁੱਕੀ ਸੀ। ਦੇਵਨਾਗਰੀ ਲਿਪੀ ਅਤੇ ਗੁਰਮੁਖੀ ਲਿਪੀ ਇਸ ਤੋਂ ਨਿਕਲੀਆਂ ਹਨ। ਇਹ ਲਿਪੀ ਖਬਿਉਂ ਸੱਜੇ ਵੱਲ ਲਿਖੀ ਜਾਂਦੀ ਹੈ। ਇਸ ਤੋਂ ਉਲਟ ਭਾਰਤ ਦੀ ਇਕ ਹੋਰ ਪ੍ਰਾਚੀਨ ਲਿਪੀ ਖਰੋਸ਼ਠੀ ਸੀ ਜਿਹੜੀ ਸਾਮੀ ਲਿਪੀਆਂ ਵਾਂਗ ਸਜਿਉਂ ਖੱਬੇ ਵੱਲ ਲਿਖੀ ਜਾਂਦੀ ਸੀ। ਇਸ ਦਾ ਰਿਵਾਜ ਕੇਵਲ ਪੱਛਮੀ ਉਤਰੀ ਭਾਰਤ ਵਿਚ ਹੀ ਸੀ। ਪਰੰਤੂ ਅੱਜ ਕੱਲ੍ਹ ਇਹ ਲਿਪੀ ਲੋਪ ਹੋ ਚੁੱਕੀ ਹੈ।

ਆਮ ਤੌਰ ਤੇ ਭਾਸ਼ਾਵਾਂ ਅਤੇ ਲਿਪੀਆਂ ਦੇ ਨਾਂ ਵੱਖੋ ਵੱਖ ਹੁੰਦੇ ਹਨ ਜਿਵੇਂ ਹਿੰਦੀ ਦੇਵਨਾਗਰੀ ਲਿਪੀ ਵਿਚ ਲਿਖੀ ਜਾਂਦੀ ਸੀ ਅਤੇ ਉਰਦੂ ਫ਼ਾਰਸੀ ਲਿਪੀ ਵਿਚ। ਇਸੇ ਤਰ੍ਹਾਂ ਅੰਗ੍ਰੇਜ਼ੀ ਲਿਖਣ ਲਈ ਰੋਮਨ ਲਿਪੀ ਵਰਤੀ ਜਾਂਦੀ ਹੈ ਅਤੇ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿਪੀ ਵਿਚ ਲਿਖਿਆ ਜਾਂਦਾ ਹੈ।

ਕੁਝ ਵਿਅਕਤੀਆਂ ਨੇ ਗੁਰਮੁਖੀ ਲਿਪੀ ਨੂੰ ਗੁਰੂ ਅੰਗਦ ਦੇਵ ਦੀ ਕਾਢ ਆਖਿਆ ਸੀ। ਪਰੰਤੂ ਜੀ.ਬੀ.ਸਿੰਘ ਹੋਰਾਂ ਆਪਣੀ ਵਿਗਿਆਨਕ ਖੋਜ ਦੇ ਆਧਾਰ ’ਤੇ ਸਿੱਧ ਕੀਤਾ ਹੈ ਕਿ ਗੁਰਮੁਖੀ ਲਿਪੀ ਗੁਰੂ ਅੰਗਦ ਦੇਵ ਤੋਂ ਪਹਿਲਾਂ ਉਤਰੀ ਭਾਰਤ ਵਿਚ ਪ੍ਰਚੱਲਿਤ ਸੀ, ਪਰ ਇਸ ਨੂੰ ਵਰਤਮਾਨ ਸੰਸ਼ੋਧਿਤ ਰੂਪ ਅਤੇ ਕ੍ਰਮ ਗੁਰੂ ਅੰਗਦ ਸਾਹਿਬ ਜੀ ਨੇ ਦਿੱਤਾ। ਉਂਜ ਕੋਈ ਵੀ ਭਾਸ਼ਾ ਸੰਸਾਰ ਦੀ ਕਿਸੇ ਵੀ ਲਿਪੀ ਵਿਚ ਧੁਨੀਆਤਮਕ ਆਧਾਰ ਤੇ ਸਫਲ ਅਸਫ਼ਲ ਢੰਗ ਨਾਲ ਲਿਖੀ ਜਾ ਸਕਦੀ ਹੈ। ਫਿਰ ਵੀ ਕਿਸੇ ਭਾਸ਼ਾ ਲਈ ਸਭ ਤੋਂ ਢੁੱਕਵੀਂ ਅਤੇ ਕੁਦਰਤੀ ਲਿਪੀ ਓਹੀ ਹੁੰਦੀ ਹੈ ਜਿਸ ਨਾਲ ਉਸ ਦਾ ਮੁੱਖ ਤੋਂ ਸੰਬੰਧ ਰਿਹਾ ਹੋਵੇ।

[ਸਹਾ.ਗ੍ਰੰਥ––ਭੋਲਾ ਨਾਲ ਤਿਵਾਰੀ : ‘ਭਾਸ਼ਾ ਵਿਗਿਆਨ’; ਜੀ.ਬੀ.ਸਿੰਘ : ‘ਗੁਰਮੁਖੀ ਲਿਪੀ ਦਾ ਜਨਮ ਤੇ       ਵਿਕਾਸ’; ਡਾ. ਕਾਲਾ ਸਿੰਘ ਬੇਦੀ : ‘ਪੰਜਾਬੀ ਭਾਸ਼ਾ ਵਿਗਿਆਨ’]                                     


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.