ਲੁਧਿਆਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੁਧਿਆਣਾ [ਨਿਪੁ] ਪੰਜਾਬ ਦਾ ਇੱਕ ਜ਼ਿਲ੍ਹਾ ਅਤੇ ਪ੍ਰਸਿੱਧ ਸ਼ਹਿਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3818, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲੁਧਿਆਣਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲੁਧਿਆਣਾ (ਨਗਰ): ਲੋਦੀਆਂ ਦਾ ਵਸਾਇਆ ਹੋਇਆ ਇਕ ਨਗਰ, ਜੋ ਬੁੱਢਾ ਨਾਲੇ ਦੇ ਕੰਢੇ ਉਤੇ ਸਥਿਤ ਹੈ। ਸਥਾਨਕ ਪਰੰਪਰਾ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਇਥੇ ਆਏ ਸਨ। ਇਥੋਂ ਦਾ ਮੁੱਖ ਪ੍ਰਬੰਧਕ ਨਵਾਬ ਜਲਾਲੁੱਦੀਨ ਲੋਦੀ ਆਪਣੇ ਕਿਲ੍ਹੇ ਵਿਚ ਰਹਿੰਦਾ ਸੀ। ਜਦੋਂ ਉਸ ਨੇ ਗੁਰੂ ਜੀ ਦੀ ਆਮਦ ਸੁਣੀ ਤਾਂ ਦਰਸ਼ਨ ਲਈ ਕਿਲ੍ਹੇ ਤੋਂ ਬਾਹਰ ਆਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇਸ ਬਸਤੀ ਨੂੰ ਸਦਾ ਸਤਲੁਜ ਦੇ ਹੜਾਂ ਦਾ ਡਰ ਬਣਿਆ ਰਹਿੰਦਾ ਹੈ, ਇਸ ਲਈ ਇਨ੍ਹਾਂ ਹੜਾਂ ਤੋਂ ਨਿਜਾਤ ਦਿਵਾਓ। ਗੁਰੂ ਜੀ ਨੇ ਅਸੀਸ ਦਿੰਦੇ ਹੋਇਆਂ ਕਿਹਾ ਕਿ ਜੇ ਪ੍ਰਜਾ ਪ੍ਰਤਿ ਚੰਗਾ ਵਿਵਹਾਰ ਕਰਦੇ ਰਹੇ ਤਾਂ ਹੜਾਂ ਤੋਂ ਬਚੇ ਰਹੋਗੇ।

ਗੁਰੂ ਜੀ ਦੇ ਪ੍ਰਸਥਾਨ ਤੋਂ ਬਾਦ ਉਨ੍ਹਾਂ ਦੀ ਯਾਦ ਵਿਚ ਇਕ ਥੜਾ ਸਾਹਿਬ ਬਣਵਾਇਆ ਗਿਆ ਜਿਥੇ ਆ ਕੇ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਾਉਂਦੇ ਸਨ। ਸੰਨ 1970 ਈ. ਤੋਂ ਬਾਦ ਇਥੇ ਇਮਾਰਤ ਬਣਵਾਈ ਗਈ , ਜੋ ਗੁਰਦੁਆਰਾ ਗਊ ਘਾਟ ਪਾਤਿਸ਼ਾਹੀ ਪਹਿਲੀ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਸੇਵਾ-ਸੰਭਾਲ ਸਥਾਨਕ ਕਮੇਟੀ ਕਰਦੀ ਹੈ। ਇਸ ਦੇ ਨਾਲ ਇਕ ਸਰੋਵਰ ਵੀ ਬਣਵਾ ਦਿੱਤਾ ਗਿਆ ਹੈ।

ਸਿੱਖ-ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਛਾਵਣੀ ਫਿਲੌਰ ਸੀ। ਉਸ ਦੇ ਮੁਕਾਬਲੇ ਅੰਗ੍ਰੇਜ਼ਾਂ ਨੇ ਸੰਨ 1809 ਈ. ਵਿਚ ਇਥੇ ਆਪਣੀ ਛਾਵਨੀ ਕਾਇਮ ਕੀਤੀ। ਅਜ-ਕਲ ਇਹ ਪੰਜਾਬ ਦਾ ਪ੍ਰਮੁਖ ਸੰਨਤੀ ਨਗਰ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਲੁਧਿਆਣਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਲੁਧਿਆਣਾ : ਜ਼ਿਲ੍ਹਾ – ਪੰਜਾਬ ਦਾ ਇਹ ਮੱਧਵਰਤੀ ਜ਼ਿਲ੍ਹਾ 30° 34´ ਤੋਂ 30° 01´ ਉ. ਵਿਥ. ਅਤੇ 75° 18´ ਤੋਂ 76° 20´ ਪੂ. ਲੰਬ ਵਿਚਕਾਰ ਸਥਿਤ ਹੈ। ਇਸ ਦੇ ਉੱਤਰ ਵੱਲ ਜਲੰਧਰ ਜ਼ਿਲ੍ਹਾ ਪੂਰਬ ਵੱਲ ਰੂਪਨਗਰ ਜ਼ਿਲ੍ਹਾ ਪੱਛਮ ਵੱਲ ਫ਼ਿਰੋਜ਼ਪੁਰ ਜ਼ਿਲ੍ਹਾ ਅਤੇ ਦੱਖਣ ਵੱਲ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਦੀਆਂ ਹੱਦਾਂ ਲਗਦੀਆਂ ਹਨ। ਉੱਤਰ ਵੱਲ ਸਤਲੁਜ ਦਰਿਆ ਇਸ ਨੂੰ ਜਲੰਧਰ ਜ਼ਿਲ੍ਹੇ ਨਾਲੋਂ ਨਿਖੇੜਦਾ ਹੈ। ਇਸ ਦਾ ਕੁੱਲ ਰਕਬਾ 3857 ਵ. ਕਿ. ਮੀ. ਹੈ ਅਤੇ ਆਬਾਦੀ 30,30,352 (2001) ਹੈ। ਇਸੇ ਹੀ ਨਾਉਂ ਦਾ ਸ਼ਹਿਰ ਇਸ ਜ਼ਿਲ੍ਹੇ ਦਾ ਸਦਰ ਮੁਕਾਮ ਹੈ। 

ਇਹ ਜ਼ਿਲ੍ਹਾ 1846 ਈ. ਵਿਚ ਹੋਂਦ ਵਿਚ ਆਇਆ ਅਤੇ ਵੀਹਵੀਂ ਸਦੀ ਦੇ ਮੁੱਢਲੇ ਸਾਲਾਂ ਵਿਚ ਹੀ ਇਥੇ ਹੌਜ਼ਰੀ ਅਤੇ ਕੱਪੜੇ ਦੀਆਂ ਮਿਲਾਂ ਸਥਾਪਤ ਹੋਣੀਆਂ ਸ਼ੁਰੂ ਹੋ ਗਈਆਂ। ਖੰਨਾ ਅਤੇ ਜਗਰਾਉਂ ਇੱਥੋਂ ਦੇ ਪ੍ਰਮੁੱਖ ਵਣਜ ਕੇਂਦਰ ਬਣ ਗਏ। ਦੇਸ਼ ਦੀ ਵੰਡ ਦੌਰਾਨ ਕੁਝ ਅਸਥਿਰਤਾ ਆਈ ਪਰ ਛੇਤੀ ਹੀ ਪੱਛਮੀ ਪੰਜਾਬ ਤੋਂ ਆਏ ਲੋਕ ਭਾਰੀ ਗਿਣਤੀ ਵਿਚ ਇਥੇ ਵਸ ਗਏ ਅਤੇ ਇਕ ਵਾਰ ਫਿਰ ਤਰੱਕੀ ਦਾ ਰਾਹ ਖੁੱਲ੍ਹ ਗਿਆ।

ਸਤਲੁਜ ਦਰਿਆ ਇਸ ਜ਼ਿਲ੍ਹੇ ਵਿਚ ਸਮਰਾਲਾ ਤਹਿਸੀਲ ਰਾਹੀਂ ਦਾਖਲ ਹੁੰਦਾ ਹੈ ਅਤੇ ਪੱਛਮ ਵੱਲ ਰੂਪਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੀ ਹੱਦਾਂ ਨਾਲ ਲਗਭਗ 30 ਕਿ. ਮੀ. ਤਕ ਵਹਿੰਦਾ ਹੋਇਆ 90 ਕਿ. ਮੀ. ਹੋਰ ਪੱਛਮ ਵੱਲ ਝੁਕ ਕੇ ਜਲੰਧਰ ਅਤੇ ਲੁਧਿਆਣਾ ਜ਼ਿਲ੍ਹੇ ਨੂੰ ਨਿਖੇੜ ਦਿੰਦਾ ਹੈ। ਸਤਲੁਜ ਤੋਂ ਇਲਾਵਾ ਉਸ ਦੇ ਪੁਰਾਣੇ ਵਹਾਅ ਦੇ ਨਾਲ ਨਾਲ ਬੁੱਢਾ ਨਾਲਾ ਵਗਦਾ ਹੈ ਜਿਹੜਾ ਚਮਕੌਰ ਸਾਹਿਬ ਦੇ ਨੇੜਿਓਂ ਸ਼ੁਰੂ ਹੋ ਕੇ ਬਹਿਲੋਲਪੁਰ ਥਾਣੀਂ ਇਸ ਜ਼ਿਲ੍ਹੇ ਵਿਚ ਦਾਖਲ ਹੁੰਦਾ ਹੈ। ਲੁਧਿਆਣਾ ਸ਼ਹਿਰ ਦੀ ਸੀਮਾ ਦੇ ਨਾਲ ਵਹਿੰਦਿਆਂ ਇਹ ਜਗਰਾਉਂ ਤਹਿਸੀਲ ਕੋਲ ਫਿਰੋਜ਼ਪੁਰ ਦੀ ਪੂਰਬੀ ਹੱਦ ਤੋਂ ਲਗਭਗ 8 ਕਿ. ਮੀ. ਦੀ ਦੂਰੀ ਤੇ ਸਤਲੁਜ ਨਾਲ ਮਿਲ ਜਾਂਦਾ ਹੈ। ਇਸ ਨਾਲੇ ਉੱਤੇ ਦੋ ਪੁਲ ਲੁਧਿਆਣਾ ਸ਼ਹਿਰ ਅਤੇ ਮਾਛੀਵਾੜੇ ਵਿਖੇ ਬਣਾਏ ਗਏ ਹਨ।

ਇਸ ਜ਼ਿਲ੍ਹੇ ਵਿਚ 4 ਤਹਿਸੀਲਾਂ, 10 ਕਮਿਊਨਿਟੀ ਡਿਵੈਲਪਮੈਂਟ ਬਲਾਕ, 10 ਕਸਬੇ ਅਤੇ 979 ਪਿੰਡ ਹਨ।

ਇਹ ਜ਼ਿਲ੍ਹਾ ਅੰਦਰੂਨੀ ਤੌਰ ਤੇ ਅਤੇ ਦੂਜੇ ਜ਼ਿਲ੍ਹਿਆਂ ਨਾਲ ਰੇਲ ਮਾਰਗਾਂ ਅਤੇ ਸੜਕਾਂ ਰਾਹੀਂ ਜੁੜਿਆ ਹੋਇਆ ਹੈ। ਅੰਮ੍ਰਿਤਸਰ-ਅੰਬਾਲਾ, ਲੁਧਿਆਣਾ-ਫਿਰੋਜ਼ਪੁਰ ਅਤੇ ਲੁਧਿਆਣਾ ਧੂਰੀ-ਜਾਖਲ ਇਸ ਜ਼ਿਲ੍ਹੇ ਦੇ ਤਿੰਨ ਪ੍ਰਮੁੱਖ ਰੇਲ ਮਾਰਗ ਹਨ। ਜਰਨੈਲੀ ਸੜਕ ਇਸ ਜ਼ਿਲ੍ਹੇ ਵਿੱਚੋਂ ਦੀ ਗੁਜ਼ਰਦੀ ਹੈ। ਇਸ ਤੋਂ ਇਲਾਵਾ ਰਾਜ ਮਾਰਗਾਂ ਅਤੇ ਲਿੰਕ ਸੜਕਾਂ ਦਾ ਵੀ ਜਾਲ ਵਿਛਿਆ ਹੋਇਆ ਹੈ।

ਵੱਡੇ ਵੱਡੇ ਉਦਯੋਗਾਂ ਦੀ ਮੌਜੂਦਗੀ ਦੇ ਬਾਵਜੂਦ ਇੱਥੋਂ ਦੀ ਆਰਥਿਕਤਾ ਹੁਣ ਵੀ ਖੇਤੀਬਾੜੀ ਤੇ ਨਿਰਭਰ ਕਰਦੀ ਹੈ। ਇਸ ਜ਼ਿਲ੍ਹੇ ਦਾ 86.24 ਪ੍ਰਤੀਸ਼ਤ ਰਕਬਾ ਖੇਤੀਬਾੜੀ ਅਧੀਨ ਹੈ। ਵਧੀਕ ਉਤਪਾਦਨ ਦੇ  ‘ਪੈਕੇਜ ਪ੍ਰੋਗਰਾਮ’ ਕਾਰਨ ਜਿਨਸਾਂ ਦੇ ਵਧੇਰੇ ਝਾੜ ਵਾਲੀਆਂ ਕਿਸਮਾਂ ਦੀ ਕਾਸ਼ਤ ਅਧੀਨ ਰਕਬਾ ਲਗਾਤਾਰ ਵੱਧ ਰਿਹਾ ਹੈ। ਇਸ ਖੇਤਰ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਸ਼ੇਸ਼ ਯੋਗਦਾਨ ਪਾ ਰਹੀ ਹੈ ਜਿਸ ਕਾਰਨ ਹਰੀ ਕ੍ਰਾਂਤੀ ਆਈ ਹੈ। ਇੱਥੋਂ ਦੇ ਕਿਸਾਨ ਯੂਨੀਵਰਸਿਟੀ ਦੁਆਰਾ ਸੁਝਾਈਆਂ ਤਕਨੀਕਾਂ, ਸੁਧਰੇ ਬੀਜਾਂ ਆਦਿ ਦੀ ਵਰਤੋਂ ਅਤੇ ਉਤਪਾਦਨ ਵਧਾਉਣ ਸਬੰਧੀ ਹੋਰ ਤਕਨੀਕਾਂ ਤੋਂ ਪੂਰਾ ਲਾਭ ਉਠਾ ਰਹੇ ਹਨ। ਕਣਕ ਦੇ ਪ੍ਰਤਿ ਹੈਕਟੇਅਰ ਝਾੜ ਵਿਚ ਇਹ ਜ਼ਿਲ੍ਹਾ ਭਾਰਤ ਵਿਚ ਪਹਿਲੇ ਸਥਾਨ ਤੇ ਹੈ। ਇਸ ਜ਼ਿਲ੍ਹੇ ਨੇ ਝੋਨੇ ਦੇ ਉਤਪਾਦਨ ਵਿਚ ਜਾਪਾਨ ਨੂੰ ਪਛਾੜਿਆ ਹੈ। ਝੋਨੇ ਦਾ 57,42 ਕੁਇੰਟਲ ਪ੍ਰਤੀ ਹੈਕਟੇਅਰ ਉਤਪਾਦਨ ਕਰ ਕੇ ਇਸ ਜ਼ਿਲ੍ਹੇ ਨੇ ਜਾਪਾਨ ਦੇ 56.70 ਕੁਇੰਟਲ ਪ੍ਰਤੀ ਹੈਕਟੇਅਰ ਦਾ ਰਿਕਾਰਡ ਤੋੜਿਆ। ਕਣਕ ਅਤੇ ਚੌਲ ਤੋਂ ਇਲਾਵਾ ਮੱਕੀ, ਮੂੰਗਫਲੀ, ਕਪਾਹ, ਗੰਨਾ ਅਤੇ ਸੂਰਜਮੁਖੀ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ। ਇਨ੍ਹਾਂ ਜਿਨਸਾਂ ਦੀ ਖਰੀਦੋ ਫਰੋਖ਼ਤ ਲਈ ਲੁਧਿਆਣਾ, ਖੰਨਾ, ਜਗਰਾਉਂ, ਰਾਇਕੋਟ, ਮੁਲਾਂਪੁਰ, ਸਮਰਾਲਾ ਆਦਿ ਵਿਖੇ ਭਾਰੀਆਂ ਵਪਾਰਕ ਮੰਡੀਆਂ ਹਨ। ਖੰਨਾ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੋਣ ਦਾ ਮਾਣ ਪ੍ਰਾਪਤ ਹੈ।

ਲੁਧਿਆਣਾ ਜ਼ਿਲ੍ਹਾ ਉਦਯੋਗ ਦੇ ਖੇਤਰ ਵਿਚ ਵੀ ਹਮੇਸ਼ਾ ਮੂਹਰਲੀ ਕਤਾਰ ਵਿਚ ਰਿਹਾ ਹੈ। ਊਨੀ ਕੱਪੜਾ, ਸਿਲਾਈ ਦੀਆਂ ਮਸ਼ੀਨਾਂ, ਸਾਈਕਲ, ਇੰਜਨੀਅਰਿੰਗ ਦਾ ਸਮਾਨ, ਮੋਟਰ ਗੱਡੀਆਂ ਦੇ ਪੁਰਜ਼ੇ, ਖੇਤੀਬਾੜੀ ਦੇ ਸੰਦ, ਸਟੀਲ ਰੋਲਿੰਗ ਮਿੱਲਾਂ, ਮੋਪੇਡ ਆਦਿ ਦੇ ਉਦਯੋਗ ਪ੍ਰਮੁੱਖ ਤੌਰ ਤੇ ਵਰਣਨਯੋਗ ਹਨ। ਪੰਜਾਬ ਸਰਕਾਰ ਨੇ ਢੰਡਾਰੀ ਨੇੜੇ ਉਦਯੋਗਿਕ ਫ਼ੋਕਲ ਪੁਆਇੰਟ ਸਥਾਪਤ ਕਰ ਕੇ ਲਘੂ ਉਦਯੋਗ ਨੂੰ ਉਤਸ਼ਾਹਿਤ ਕੀਤਾ ਹੈ। ਜਰਮਨੀ ਦੇ ਸਹਿਯੋਗ ਨਾਲ ਇਥੇ ਚਾਰ ਕਰੋੜ ਦੀ ਲਾਗਤ ਵਾਲਾ ਸੈਂਟਰਲ ਟੂਲ ਰੂਮ ਵੀ ਸਥਾਪਤ ਕੀਤਾ ਗਿਆ ਹੇੈ ਜਿਸ ਨਾਲ ਇੱਥੋਂ ਦੇ ਉਦਯੋਗਪਤੀਆਂ ਨੂੰ ਆਪਣੇ ਆਪਣੇ ਖੇਤਰ ਦਾ ਉਤਪਾਦਨ ਵਧਾਉਣ ਵਿਚ ਮਦਦ ਮਿਲੀ ਹੈ। ਇਸ ਜ਼ਿਲ੍ਹੇ ਨੇ ਪਿਛਲੇ ਦੋ ਦਹਾਕਿਆਂ ਵਿਚ ਖੇਤਬਾੜੀ ਅਤੇ ਉਦਯੋਗ ਦੋਹਾਂ ਖੇਤਰਾਂ ਵਿਚ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਨਾਲੋਂ ਵਧੇਰੇ ਉੱਨਤੀ ਕੀਤੀ ਹੈ।

ਇਸ ਜ਼ਿਲ੍ਹੇ ਵਿਚ ਬਾਕੀ ਸਾਰੇ ਤਿਉਹਾਰਾਂ, ਪੁਰਬਾਂ ਅਤੇ ਮੇਲਿਆਂ ਦੇ ਨਾਲ ਨਾਲ ਛਪਾਰ ਦਾ ਮੇਲਾ, ਜਗਰਾਉਂ ਦੀ ਰੌਸ਼ਨੀ ਅਤੇ ਨਾਮਧਾਰੀਆਂ ਦਾ ਜੋੜ ਮੇਲਾ ਵਿਸ਼ੇਸ਼ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਵਿਦਿਅਕ ਪੱਖੋਂ ਇਸ ਜ਼ਿਲ੍ਹੇ ਵਿਚ ਸਕੂਲ, ਕਾਲਜ (ਸਾਇੰਸ, ਆਰਟਸ, ਕਾਮਰਸ ਅਤੇ ਐਜੂਕੇਸ਼ਨ) ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਜੂਦ ਹੈ। ਸਿਹਤ ਪੱਖੋਂ ਡਿਸਪੈਂਸਰੀਆਂ ਹੈਲਥ ਸੈਂਟਰ ਅਤੇ ਹਸਪਤਾਲ ਆਦਿ ਦੀਆਂ ਸਹੂਲਤਾਂ ਵੀ ਮੌਜੂਦ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-03-08-01, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਡਿ. ਸੈ. ਹੈਂ. ਬੁ. –ਲੁਧਿਆਣਾ; ਐਨ. ਡਿਸ. ਗ. ਇੰਡ. 4:671

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.