ਲੈਲਾ ਮਜਨੂੰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੈਲਾ ਮਜਨੂੰ : ਲੈਲਾ ਮਜਨੂੰ ਅਰਬੀ ਮੂਲ ਦੀ ਪ੍ਰੀਤ ਕਹਾਣੀ ਹੈ, ਜੋ ਅਰਬ ਤੋਂ ਈਰਾਨ ਹੁੰਦੀ ਹੋਈ ਪੰਜਾਬ ਪੁੱਜੀ। ਫ਼ਾਰਸੀ ਵਿੱਚ ਇਸ ਪ੍ਰੀਤ ਕਹਾਣੀ ਨੂੰ ਸਭ ਤੋਂ ਪਹਿਲਾਂ ਫਿਰਦੌਸੀ ਨੇ ਲਿਖਿਆ। ਉਰਦੂ ਵਿੱਚ ਵੀ ਇਸ ਕਹਾਣੀ ਨੂੰ ਕਿੱਸੇ ਦੀ ਸ਼ਕਲ ਵਿੱਚ ਲਿਖਣ ਵਾਲਿਆਂ ਦੀ ਚੋਖੀ ਗਿਣਤੀ ਹੈ। ਪੰਜਾਬੀ ਵਿੱਚ ਇਸ ਲੋਕ-ਗਾਥਾ ਦਾ ਹਵਾਲਾ ਸਭ ਤੋਂ ਪਹਿਲਾਂ ਭਾਈ ਗੁਰਦਾਸ (1559-1637) ਦੀਆਂ ਵਾਰਾਂ ਵਿੱਚ ਮਿਲਦਾ ਹੈ :

          ਲੈਲਾ ਮਜਨੂੰ ਆਸ਼ਕੀ ਚਹੁੰ ਚਕੀ ਜਾਤੀ

     ਲੈਲਾ ਮਜਨੂੰ ਦੀ ਕਹਾਣੀ ਨੂੰ ਆਧਾਰ ਬਣਾ ਕੇ ਕਿੱਸਾ- ਰੂਪ ਵਿੱਚ ਲਿਖਣ ਵਾਲੇ ਕਵੀਆਂ ਵਿੱਚੋਂ ਹਾਸ਼ਮ ਸ਼ਾਹ ਅਤੇ ਅਹਿਮਦ ਯਾਰ ਦੇ ਨਾਂ ਖ਼ਾਸ ਵਰਣਨਯੋਗ ਹਨ। ਕੁਝ ਇੱਕ ਹੋਰ ਕਿੱਸੇ ਲਿਖੇ ਜਾਣ ਦੀ ਟੋਹ ਵੀ ਮਿਲਦੀ ਹੈ। ਪਰੰਤੂ ਸ਼ਾਇਰਾਂ ਨੇ ਕਹਾਣੀ ਦੀ ਪੇਸ਼ਕਾਰੀ ਸਮੇਂ ਆਪਣੀ ਕਲਪਨਾ ਦੇ ਅਜਿਹੇ ਘੋੜੇ ਦੌੜਾਏ ਹਨ ਕਿ ਸਾਰਾ ਕਿੱਸਾ ਕਰਾਮਾਤਾਂ ਤੇ ਅਣਹੋਣੀਆਂ ਘਟਨਾਵਾਂ ਦਾ ਪਲੰਦਾ ਬਣ ਕੇ ਰਹਿ ਜਾਂਦਾ ਹੈ। ਮਿਸਾਲ ਵਜੋਂ ਅਹਿਮਦ ਯਾਰ ਦੇ ਕਿੱਸੇ ਵਿੱਚ ਮਜਨੂੰ ਦਾ ਸਾਂਢਨੀ ਨਾਲ ਨੱਸਣਾ, ਲੈਲਾ ਦੇ ਕਹਿਣ ਤੇ ਅੱਠ ਦਿਨ ਲਗਾਤਾਰ ਖੂਹ ਗੇੜਦੇ ਰਹਿਣਾ, ਸੁੱਕ ਕੇ ਲੱਕੜ ਹੋ ਜਾਣਾ ਅਤੇ ਇੱਕ ਲੱਕੜਹਾਰੇ ਨੇ ਉਸ ਨੂੰ ਲੱਕੜ ਸਮਝ ਕੇ ਕੁਹਾੜਾ ਮਾਰ ਦੇਣਾ, ਮਜਨੂੰ ਦਾ ਜੰਞ ਲੈ ਕੇ ਆਉਣਾ ਅਤੇ ਲੈਲਾ ਦੇ ਬਾਪ ਵੱਲੋਂ ਬਰਾਤ ਦੇ ਸਾਰੇ ਜਾਂਞੀਆਂ ਦਾ ਕਤਲ ਕਰ ਦੇਣਾ ਪਰ ਇਕੱਲੇ ਮਜਨੂੰ ਦਾ ਬਚ ਜਾਣਾ, ਲੈਲਾ ਦੇ ਕੁੱਤੇ ਨੂੰ ਜੱਫੀ ਵਿੱਚ ਲੈ ਕੇ ਚੁੰਮਣਾ ਆਦਿ ਸੰਬੰਧੀ ਵੇਰਵੇ ਸਹਿਤ ਵਰਣਨ ਕੀਤਾ ਮਿਲਦਾ ਹੈ। ਆਮ ਪ੍ਰਚਲਿਤ ਪਰੰਪਰਾਗਤ ਕਹਾਣੀ ਦੀਆਂ ਕਈ ਘਟਨਾਵਾਂ ਵਿੱਚ ਵੀ ਅੰਤਰ ਦਿਸ ਆਉਂਦਾ ਹੈ। ਅਹਿਮਦ ਯਾਰ ਲੈਲਾ ਦਾ ਪਹਿਲਾ ਨਾਂ ਸ਼ਮਸ ਦੱਸਦਾ ਹੈ। ਉਸ ਦੇ ਲਿਖਣ ਅਨੁਸਾਰ ਜਦ ਸ਼ਮਸ ਕੈਸ (ਮਜਨੂੰ) ਦੇ ਗ਼ਮ ਵਿੱਚ ਨਿਢਾਲ ਹੋ ਗਈ ਤਾਂ ਉਸ ਦੇ ਪਿਉ ਨੇ ਹਕੀਮ ਨੂੰ ਬੁਲਾ ਭੇਜਿਆ, ਜਿਸ ਨੇ ਆਪਣੀ ਬੇਟੀ ਰਾਹੀਂ ਸ਼ਮਸ ਦੇ ਕੈਸ ਨਾਲ ਇਸ਼ਕ ਦਾ ਭੇਦ ਪਾਇਆ। ਇਹ ਵੀ ਭਵਿੱਖਬਾਣੀ ਕੀਤੀ ਕਿ ਜਲਦੀ ਹੀ ਸ਼ਮਸ ਨੂੰ ਉਹਦਾ ਪ੍ਰੇਮੀ ਮਿਲੇਗਾ। ਬਾਪ ਨੇ ਹਕੀਮ ਨੂੰ ਦੱਸਿਆ ਕਿ ਲੈਲ (ਰਾਤ) ਨੇ ਅੱਜ ਪੂਰੀ ਤਰ੍ਹਾਂ ਅਰਾਮ ਕੀਤਾ ਹੈ। ਇਸ ਤਰ੍ਹਾਂ ਸ਼ਮਸ ਦਾ ਨਾਂ ਲੈਲਾ ਪ੍ਰਚਲਿਤ ਹੋ ਗਿਆ।

     ਸਦੀਆਂ ਦਾ ਸਫ਼ਰ ਤੈ ਕਰ ਕੇ ਜਦ ਲੈਲਾ ਮਜਨੂੰ ਦੀ ਪ੍ਰੀਤ ਕਹਾਣੀ ਭਾਰਤ ਪੁੱਜਦੀ ਹੈ ਤਾਂ ਸਮੇਂ, ਸਥਾਨ, ਸਮਾਜਿਕ ਅਤੇ ਸੱਭਿਆਚਾਰਿਕ ਵਖਰੇਵਿਆਂ ਨਾਲ ਉਸ ਵਿੱਚ ਅੰਤਰ ਆਉਣਾ ਜ਼ਰੂਰੀ ਹੈ। ਫਿਰ ਵੀ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੁਆਰਾ ਵਾਰਤਕ ਵਿੱਚ ਲਿਖੀ ਗਈ ਕਹਾਣੀ ‘ਕੈਸ ਦੀ ਲੈਲਾ` ਅਸਲੀਅਤ ਦੇ ਵਧੇਰੇ ਨੇੜੇ ਪ੍ਰਤੀਤ ਹੁੰਦੀ ਹੈ। ਲੈਲਾ ਮਜਨੂੰ ਦੀ ਲੋਕ-ਕਥਾ ਦਾ ਸਾਰ-ਤੱਤ ਇਸ ਪ੍ਰਕਾਰ ਹੈ।

     ਬਸਰੇ ਦੇ ਸਰਦਾਰ ਦੀ ਇੱਕੋ-ਇੱਕ ਧੀ ਸੀ, ਜਿਸ ਦਾ ਨਾਂ ਲੈਲਾ ਸੀ। ਯਮਨ ਦੇ ਸਰਦਾਰ ਦਾ ਪੁੱਤਰ ਕੈਸ ਆਪਣੇ ਬਾਪ ਨਾਲ ਬਸਰੇ ਕਿਸੇ ਰਸਮੀ ਦਾਅਵਤ ਤੇ ਜਾਂਦਾ ਹੈ। ਜਿਵੇਂ ਹੀ ਕੈਸ ਲੈਲਾ ਨੂੰ ਵੇਖਦਾ ਹੈ, ਉਸ ਉਪਰ ਲੱਟੂ ਹੋ ਜਾਂਦਾ ਹੈ। ਵੱਖ-ਵੱਖ ਕਬੀਲਿਆਂ ਦੇ ਦੋਹਾਂ ਸਰਦਾਰਾਂ ਵਿੱਚ ਕਿਸੇ ਗੱਲੋਂ ਅਣਬਣ ਹੋਣ ਦੀ ਵਜ੍ਹਾ ਕਰ ਕੇ ਦੋਹਾਂ ਪਰਿਵਾਰਾਂ ਵਿੱਚ ਪਈ ਦੁਸ਼ਮਣੀ ਦੀ ਗੰਢ ਨੂੰ ਖੋਲ੍ਹ ਕੇ ਰਿਸ਼ਤੇਦਾਰੀ ਵਿੱਚ ਬਦਲਣਾ ਸੰਭਵ ਨਹੀਂ ਸੀ। ਫਿਰ ਵੀ ਕੈਸ ਨੇ ਲੈਲਾ ਦੇ ਦਿਲ ਦੀ ਜਾਣਨ ਦੀ ਕੋਸ਼ਿਸ਼ ਜਾਰੀ ਰੱਖੀ। ਲੈਲਾ ਨੇ ਘੁੱਗੀਆਂ ਦਾ ਜੋੜਾ ਪਾਲਿਆ ਹੋਇਆ ਸੀ। ਉਹ ਇਸ ਜੋੜੇ ਨਾਲ ਪ੍ਰੇਮ-ਕਲੋਲ ਕਰ ਕੇ ਮਨ ਪਰਚਾਉਂਦੀ ਰਹਿੰਦੀ। ਇਸ ਜੋੜੇ ਨੂੰ ਉਹ ਬਾਗ਼ ਵਿੱਚ ਛੱਡ ਦਿੰਦੀ, ਜੋ ਚੋਹਲ ਮੋਹਲ ਉਪਰੰਤ ਵਾਪਸ ਪਰਤ ਆਉਂਦਾ।

     ਕੈਸ ਨੇ ਆਪਣੇ ਬਹੁਤ ਭਰੋਸੇ ਯੋਗ ਨੌਕਰ ਤੇ ਦਿਲ ਦੇ ਭੇਤੀ ਜ਼ੈਦ ਨੂੰ ਭਰੋਸੇ ਵਿੱਚ ਲੈ ਕੇ ਕੋਈ ਅਜਿਹਾ ਵਸੀਲਾ ਲੱਭਣ ਲਈ ਕਿਹਾ, ਜਿਸ ਨਾਲ ਲੈਲਾ ਨੂੰ ਆਪਣੀ ਬਣਾਇਆ ਜਾ ਸਕੇ। ਜ਼ੈਦ ਇੱਕ ਰਾਤ ਲੈਲਾ ਦੇ ਬਾਗ਼ ਵਿੱਚੋਂ ਘੁੱਗੀ ਫੜ ਕੇ ਲੈ ਆਉਂਦਾ ਹੈ। ਲੈਲਾ ਜਦ ਜੋੜੀ ਵਿੱਚੋਂ ਕੇਵਲ ਇੱਕੋ ਸਾਥੀ ਨੂੰ ਵਾਪਸ ਪਰਤਿਆ ਵੇਖਦੀ ਹੈ, ਤਾਂ ਉਹ ਬਹੁਤ ਮਾਯੂਸ ਹੋ ਕੇ ਵਿਛੋੜੇ ਜਾਂ ਬ੍ਰਿਹਾ ਦੇ ਭਾਵਾਂ ਦਾ ਪ੍ਰਗਟਾਅ ਕਰਦੀ ਹੈ, ਪਰ ਅਗਲੇ ਹੀ ਦਿਨ ਜਦ ਵਿਛੜੀ ਹੋਈ ਘੁੱਗੀ ਵਾਪਸ ਲੈਲਾ ਪਾਸ ਪੁੱਜਦੀ ਹੈ ਅਤੇ ਜਿਉਂ ਹੀ ਉਹ ਘੁੱਗੀ ਦੇ ਪੈਰ ਨਾਲ ਬੱਝੀ ਕੈਸ ਵੱਲੋਂ ਭੇਜੀ ਚਿੱਠੀ ਖੋਲ੍ਹ ਕੇ ਪੜ੍ਹਦੀ ਹੈ ਤਾਂ ਉਹ ਆਪੇ ਵਿੱਚ ਨਹੀਂ ਸਮਾਉਂਦੀ। ਉਹ ਬਾਰ-ਬਾਰ ਚਿੱਠੀ ਨੂੰ ਖੋਲ੍ਹ ਕੇ ਪੜ੍ਹਦੀ ਹੈ। ਇਸ ਚਿੱਠੀ ਵਿੱਚ ਕੈਸ ਨੇ ਬਾਗ਼ ਦੇ ਕਿਨਾਰੇ ਰਾਤ ਨੂੰ ਮਿਲਣ ਬਾਰੇ ਲਿਖਿਆ ਹੈ। ਲੈਲਾ ਦੋਚਿੱਤੀ ਵਿੱਚ ਹੁੰਦੀ ਵੀ ਬੁਰਕਾ ਪਾ ਕੇ ਕੈਸ ਵੱਲੋਂ ਦੱਸੀ ਥਾਂ ਤੇ ਪੁੱਜ ਜਾਂਦੀ ਹੇ, ਜਿੱਥੇ ਕੈਸ ਪਹਿਲਾਂ ਹੀ ਉਡੀਕ ਕਰ ਰਿਹਾ ਸੀ। ਇਹ ਉਹਨਾਂ ਦੀ ਪਹਿਲੀ ਮਿਲਣੀ ਸੀ। ਪਿਆਰ ਦੀਆਂ ਗੰਢਾਂ ਪੀਡੀਆਂ ਹੋ ਜਾਂਦੀਆਂ ਹਨ।

     ਪਰ ਇਬਨ ਨਾਂ ਦੇ ਇੱਕ ਹੋਰ ਸ਼ਹਿਜ਼ਾਦੇ ਨੂੰ ਇਹ ਸਭ ਕੁਝ ਪ੍ਰਵਾਨ ਨਹੀਂ ਸੀ। ਉਹ ਲੈਲਾ ਦੇ ਬਾਪ ਪਾਸੋਂ ਕਈ ਵਾਰ ਉਸ ਦੇ ਰਿਸ਼ਤੇ ਦੀ ਮੰਗ ਕਰ ਚੁੱਕਿਆ ਸੀ ਅਤੇ ਅੱਗੋਂ ਉਸ ਨੂੰ ਪੂਰੀ ਤਰ੍ਹਾਂ ਹੁੰਗਾਰਾ ਨਹੀਂ ਸੀ ਮਿਲ ਰਿਹਾ। ਇਬਨ ਦੇ ਸੂਹੀਏ ਨੇ ਲੈਲਾ ਤੇ ਕੈਸ ਦੀ ਮੁਲਾਕਾਤ ਬਾਰੇ ਸਭ ਜਾਣਕਾਰੀ ਉਸ ਨੂੰ ਦੇ ਦਿੱਤੀ ਅਤੇ ਅੱਗੋਂ ਇਬਨ ਨੇ ਹੋਰ ਮਿਰਚ ਮਸਾਲਾ ਲਾ ਕੇ ਲੈਲਾ ਦੇ ਪਿਉ ਨੂੰ ਵਾਪਰਨ ਵਾਲੇ ਖ਼ਤਰੇ ਤੋਂ ਸੁਚੇਤ ਰਹਿਣ ਦੀ ਰਾਇ ਦਿੱਤੀ। ਪਿਉ ਨੂੰ ਬਹੁਤ ਗੁੱਸਾ ਆਇਆ। ਪਰ ਲੈਲਾ ਉਸ ਦੀ ਲਾਡਲੀ ਬੇਟੀ ਸੀ। ਬਹੁਤਾ ਕੁਝ ਕਹੇ ਬਗ਼ੈਰ ਲੈਲਾ ਨੂੰ ਪਹਾੜਾਂ ਉਪਰ ਬਣੇ ਮਕਾਨ ਵਿੱਚ ਰਿਹਾਇਸ਼ ਕਰਨ ਦੇ ਆਦੇਸ਼ ਦੇ ਦਿੱਤੇ।

     ਕੈਸ (ਮਜਨੂੰ) ਜਦ ਲੈਲਾ ਦੇ ਬਾਗ਼ ਵਿੱਚ ਪ੍ਰੇਮੀਆਂ ਦੇ ਚਸ਼ਮੇ ਵਾਲੀ ਥਾਂ ਉਪਰ ਮਿਲਣ ਗਿਆ ਤਾਂ ਨਿਰਾਸਤਾ ਤੋਂ ਛੁੱਟ ਕੁੱਝ ਪੱਲੇ ਨਾ ਪਿਆ। ਉਹ ਵਿਯੋਗ ਵਿੱਚ ਝੱਲਾ ਹੋ ਗਿਆ। ਪਿਉ ਪਾਸੋਂ ਕੈਸ ਦਾ ਦੁੱਖ ਸਹਾਰਿਆ ਨਹੀਂ ਸੀ ਜਾਂਦਾ। ਉਹ ਆਪਣੇ ਮਿੱਤਰ ਨੌਫਾਲ ਨੂੰ ਨਾਲ ਲੈ ਕੇ ਕੈਸ ਲਈ ਲੈਲਾ ਦਾ ਰਿਸ਼ਤਾ ਮੰਗਣ ਜਾਂਦੇ ਹਨ। ਪਰ ਉਸ ਨੂੰ ਇਬਨ ਨੇ ਚੁੱਕਿਆ ਹੋਇਆ ਸੀ ਕਿ ਕਿਸੇ ਵੀ ਹਾਲਤ ਵਿੱਚ ਲੈਲਾ ਦੀ ਸ਼ਾਦੀ ਕੈਸ ਨਾਲ ਨਹੀਂ ਹੋਵੇਗੀ। ਦੂਜੇ ਪਾਸੇ ਇਬਨ ਨੇ ਕੈਸ ਨੂੰ ਕਤਲ ਕਰਨ ਲਈ ਆਪਣੇ ਆਦਮੀ ਭੇਜੇ ਹੋਏ ਸਨ। ਇਹ ਅਫ਼ਵਾਹ ਵੀ ਫੈਲਾ ਦਿੱਤੀ ਕਿ ਕੈਸ ਤਾਂ ਮਰ ਚੁੱਕਾ ਹੈ। ਆਖ਼ਰ ਇੱਕ ਪਾਸੇ ਯਮਨ ਤੇ ਨੌਫਾਲ ਤੇ ਦੂਜੇ ਬੰਨੇ ਲੈਲਾ ਦੇ ਪਿਉ ਤੇ ਇਬਨ ਦੇ ਕਬੀਲਿਆਂ ਵਿਚਕਾਰ ਡਟ ਕੇ ਲੜਾਈ ਹੋਈ, ਜਿਸ ਵਿੱਚ ਕੈਸ ਦਾ ਪਿਤਾ ਤੇ ਨੌਫਾਲ ਮਾਰੇ ਗਏ, ਕੈਸ ਪਿਆਰ ਵਿੱਚ ਝੱਲਾ ਹੋਇਆ ਕਿਧਰੇ ਚੱਲਾ ਗਿਆ। ਪਿੱਛੋਂ ਲੈਲਾ ਦਾ ਪਿਉ ਵੀ ਮਰ ਗਿਆ। ਇਬਨ ਨੇ ਲੈਲਾ ਦੀ ਮਰਜ਼ੀ ਦੇ ਵਿਰੁੱਧ ਉਸ ਨਾਲ ਸ਼ਾਦੀ ਕਰ ਲਈ। ਇਬਨ ਹੁਣ ਆਪਣੇ ਕਬੀਲੇ ਤੋਂ ਛੁੱਟ ਯਮਨ, ਨੌਫਾਲ ਤੇ ਬਸਰ ਦਾ ਵੀ ਸਰਦਾਰ ਸੀ। ਜ਼ੈਦ ਨੇ ਲੈਲਾ ਦੇ ਮਹਿਲਾਂ ਦੀ ਨੌਕਰੀ ਕਰ ਲਈ। ਜ਼ੈਦ ਕੈਸ ਨੂੰ (ਜੋ ਹੁਣ ਮਜਨੂੰ ਕਰ ਕੇ ਜਾਣਿਆ ਜਾਂਦਾ ਸੀ) ਬਦਲਦੇ ਹਾਲਾਤ ਤੋਂ ਪੂਰੀ ਤਰ੍ਹਾਂ ਜਾਣੂ ਰੱਖਦਾ ਸੀ।

     ਇਬਨ ਵੀ ਨਸ਼ਿਆਂ ਦੀ ਵਰਤੋਂ ਤੇ ਐਸ਼ ਵਿੱਚ ਪੈ ਕੇ ਬਹੁਤਾ ਸਮਾਂ ਜ਼ਿੰਦਾ ਨਾ ਰਹਿ ਸਕਿਆ। ਲੈਲਾ ਵਿਧਵਾ ਹੋ ਗਈ। ਜਿਉਂ ਹੀ ਜ਼ੈਦ ਨੇ ਕੈਸ ਨੂੰ ਖ਼ਬਰ ਦਿੱਤੀ, ਉਹ ਸੁਦਾਗਰ ਦੇ ਭੇਸ ਵਿੱਚ ਪਰਤ ਆਇਆ। ਪ੍ਰੇਮੀਆਂ ਦੇ ਚਸ਼ਮੇ ਤੇ ਲੈਲਾ ਤੇ ਮਜਨੂੰ ਮਿਲਦੇ ਹਨ। ਮਿਲਣੀ ਉਪਰੰਤ ਕੈਸ ਪਾਗਲ (ਮਜਨੂੰ) ਦੀ ਹਾਲਤ ਵਿੱਚ ਜੰਗਲ ਵੱਲ ਦੌੜ ਜਾਂਦਾ ਹੈ। ਲੈਲਾ ਵੀ ਇਸ ਵਿਛੋੜੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਉਹ ਜ਼ੈਦ ਨੂੰ ਲਿਖ ਕੇ ਦਿੰਦੀ ਹੈ ਕਿ ਉਸ ਦੀ ਕਬਰ ਉੱਥੇ ਬਣਾਉਣੀ ਜਿੱਥੇ ਕੈਸ ਤੇ ਉਹ ਪਹਿਲੀ ਵਾਰ ਮਿਲੇ ਸੀ। ਮਜਨੂੰ ਖ਼ਬਰ ਮਿਲਦਿਆਂ ਲੈਲਾ ਦੀ ਕਬਰ ਤੇ ਪੁੱਜ ਕੇ ਪ੍ਰਾਣ ਤਿਆਗ ਦਿੰਦਾ ਹੈ।


ਲੇਖਕ : ਕਰਨੈਲ ਸਿੰਘ ਥਿੰਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7937, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.