ਲੰਗਰ ਗੁਰੂ ਕਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲੰਗਰ ਗੁਰੂ ਕਾ: ਫ਼ਾਰਸੀ ਮੂਲ ਦੇ ‘ਲੰਗਰ ’ ਦਾ ਸ਼ਾਬਦਿਕ ਅਰਥ ਹੈ ਉਹ ਥਾਂ ਜਿਥੇ ਗ਼ਰੀਬਾਂ/ਅਨਾਥਾਂ ਨੂੰ ਅੰਨ ਦਾ ਦਾਨ ਮਿਲੇ। ਇਸੇ ਦੇ ਅਰਥ-ਵਿਸਤਾਰ ਦੇ ਘੇਰੇ ਵਿਚ ਕਿਸੇ ਮਹਾਪੁਰਸ਼ ਵਲੋਂ ਆਪਣੇ ਆਸਰੇ ਵਿਚ ਰਹਿਣ ਵਾਲਿਆਂ ਜਾਂ ਅਨੁਯਾਈਆਂ, ਸਾਧਾਂ, ਫ਼ਕੀਰਾਂ ਅਤੇ ਜ਼ਰੂਰਤਮੰਦਾਂ ਲਈ ਜਨਤਕ ਪੱਧਰ ’ਤੇ ਖਾਣ ਪੀਣ ਦੀ ਵਿਵਸਥਾ ਨੂੰ ਵੀ ‘ਲੰਗਰ’ ਕਿਹਾ ਜਾਣ ਲਗਿਆ।

ਕੁਝ ਵਿਦਵਾਨ ਇਹ ਮੰਨਦੇ ਹਨ ਕਿ ਫ਼ਾਰਸੀ ਪਰੰਪਰਾ ਦੇ ਇਸ ਸ਼ਬਦ ਦੀ ਵਰਤੋਂ ਸੂਫ਼ੀਆਂ ਦੇ ਡੇਰਿਆਂ ਉਤੇ 12ਵੀਂ, 13ਵੀਂ ਸਦੀਆਂ ਵਿਚ ਵੰਡੇ ਜਾਂਦੇ ਭੋਜਨ ਲਈ ਹੋਣੀ ਸ਼ੁਰੂ ਹੋ ਗਈ ਸੀ ਅਤੇ ਹੁਣ ਵੀ ਕਈ ਪਰੰਪਰਿਕ ਸੂਫ਼ੀ ਕੇਂਦਰਾਂ ਵਿਚ ਹੁੰਦੀ ਵੇਖੀ ਗਈ ਹੈ।

ਸਿੱਖ ਧਰਮ ਵਿਚ ਇਸ ਦਾ ਆਰੰਭ ਗੁਰੂ ਨਾਨਕ ਦੇਵ ਜੀ ਤੋਂ ਹੋਇਆ ਜਦੋਂ ਗੁਰੂ-ਅਨੁਯਾਈਆਂ ਨੇ ਕਈ ਸੰਗਤਾਂ ਸਥਾਪਿਤ ਕੀਤੀਆਂ ਅਤੇ ਉਨ੍ਹਾਂ ਵਿਚ ਭੋਜਨ ਵੰਡਣ ਦੀ ਵਿਵਸਥਾ ਕੀਤੀ। ਧਿਆਨ ਰਹੇ ਕਿ ਇਹ ਭੋਜਨ ਬਿਨਾ ਕਿਸੇ ਸਮਾਜਿਕ ਵਿਥ-ਵਿਤਕਰੇ ਦੇ ਸਭ ਨੂੰ ਇਕੋ ਪੰਕਤੀ ਵਿਚ ਬੈਠ ਕੇ ਖਾਣਾ ਹੁੰਦਾ ਸੀ। ਇਸ ਲਈ ਲੰਗਰ ਦੇ ਨਾਲਪੰਗਤ ’ (ਪੰਕਤੀ) ਸ਼ਬਦ ਜੁੜ ਗਿਆ। ਗੁਰੂ ਨਾਨਕ ਦੇਵ ਜੀ ਨੇ ਜਿਥੇ ਜਿਥੇ ਆਪਣੇ ਧਰਮ ਦਾ ਪ੍ਰਚਾਰ ਕਰਕੇ ਵਡਿਆਂ ਵਡਿਆਂ ਧਾਰਮਿਕ ਜਾਂ ਸਮਾਜਿਕ ਨੇਤਾਵਾਂ ਨੂੰ ਅਨੁਯਾਈ ਬਣਾਇਆ, ਉਥੇ ਉਥੇ ਲੰਗਰ ਚਲਾਉਣ ਦੀ ਤਾਕੀਦ ਕੀਤੀ, ਜਿਵੇਂ ਰਾਜਾ ਸ਼ਿਵਨਾਭ, ਭੂਮੀਆ ਚੋਰ , ਮਲਕ ਭਾਗੋ ਆਦਿ ਨੂੰ। ਕਰਤਾਰਪੁਰ ਵਿਚ ਵੀ ਗੁਰੂ ਜੀ ਨੇ ਆਪਣੀ ਖੇਤੀ ਦੀ ਉਪਜ ਵਿਚੋਂ ਇਹ ਪ੍ਰਥਾ ਚਲਾਈ ਦਸੀ ਜਾਂਦੀ ਹੈ। ਲੰਗਰ ਵਿਚ ਪਾਈ ਜਾਣ ਵਾਲੀ ਰਸਦ ਸਿੱਖ ਅਨੁਯਾਈਆਂ ਦੀ ਘਾਲ-ਕਮਾਈ ਜਾਂ ਦਸਾਂ ਨਹੁੰਆਂ ਦੀ ਕਿਰਤ ਵਿਚੋਂ ਖ਼ਰੀਦੀ ਜਾਂਦੀ ਸੀ। ‘ਦਸਵੰਧ ’ ਲਈ ਕਢੀ ਰਕਮ ਜ਼ਿਆਦਾਤਰ ਲੰਗਰ ਉਤੇ ਹੀ ਖ਼ਰਚ ਕੀਤੀ ਜਾਂਦੀ। ਇਸ ਨੂੰ ‘ਗੁਰੂ ਕਾ ਲੰਗਰ ’ ਕਿਹਾ ਜਾਂਦਾ।

ਗੁਰੂ ਨਾਨਕ ਦੇਵ ਜੀ ਤੋਂ ਬਾਦ ਗੁਰੂ ਅੰਗਦ ਜੀ ਨੇ ਇਸ ਪ੍ਰਥਾ ਦਾ ਬਹੁਤ ਵਿਕਾਸ ਕੀਤਾ। ‘ਰਾਇ ਬਲਵੰਡ ਅਤੇ ਸਤਾ ਡੂਮ ਦੀ ਵਾਰ ’ ਵਿਚ ਇਸ ਬਾਰੇ ਵਿਸਤਾਰ ਸਹਿਤ ਵਰਣਨ ਹੈ—ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਆਵੀ ਖਟੀਐ (ਗੁ.ਗ੍ਰੰ.966-67)। ‘ਮਾਤਾ ਖੀਵੀ ਦਾ ਲੰਗਰ’ ਵਿਸ਼ੇਸ਼ ਉੱਲੇਖ-ਯੋਗ ਹੈ—ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ (ਗੁ.ਗ੍ਰੰ967)।

ਗੁਰੂ ਅਮਰਦਾਸ ਜੀ ਨੇ ‘ਪਹਿਲੇ ਪੰਗਤਿ ਪਾਛੇ ਸੰਗਤਿ’ ਦਾ ਆਦੇਸ਼ ਦਿੱਤਾ ਹੋਇਆ ਸੀ। ਇਥੇ ‘ਪੰਗਤਿ’ ਸ਼ਬਦ ਦਾ ਸੰਬੰਧ ਪੰਕਤੀ ਵਿਚ ਬੈਠ ਕੇ ਲੰਗਰ ਛਕਣ ਨਾਲ ਹੈ। ਇਤਿਹਾਸ ਤੋਂ ਸਿੱਧ ਹੈ ਕਿ ਗੋਇੰਦਵਾਲ ਗੁਰੂ ਅਮਰਦਾਸ ਜੀ ਨੂੰ ਮਿਲਣ ਆਏ ਅਕਬਰ ਬਾਦਸ਼ਾਹ ਨੂੰ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਪਿਆ। ਇਸ ਤਰ੍ਹਾਂ ਲੰਗਰ ਦੁਆਰਾ ਸਮ-ਭਾਵਨਾ ਦਾ ਵਿਵਹਾਰਿਕ ਰੂਪ ਪੇਸ਼ ਕੀਤਾ ਜਾ ਸਕਿਆ। ਗੁਰੂ ਅਮਰਦਾਸ ਜੀ ਦੇ ਲੰਗਰ ਲਈ ਭਾਈ ਜੇਠਾ (ਗੁਰੂ ਰਾਮਦਾਸ) ਜੰਗਲ ਵਿਚੋਂ ਲਕੜਾਂ ਚੁਣ ਕੇ ਲਿਆਉਂਦੇ ਰਹੇ।

ਅੰਮ੍ਰਿਤਸਰ ਦੀ ਸਥਾਪਨਾ ਨਾਲ ਜੋ ਸਿੱਖ ਧਰਮ ਦਾ ਕੇਂਦਰ ਬਣਿਆ, ਉਥੇ ਸਭ ਲਈ ਲੰਗਰ ਦੀ ਵਿਵਸਥਾ ਦਾ ਆਯੋਜਨ ਕਰਕੇ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਸਿੱਖ ਧਰਮ ਦਾ ਇਕ ਬੁਨਿਆਦੀ ਸਮਾਜਿਕ ਵਿਵਹਾਰ ਬਣਾ ਦਿੱਤਾ। ਇਸ ਤੋਂ ਬਾਦ ਜਿਉਂ ਜਿਉਂ ਸਿੱਖ-ਸੰਗਤਾਂ, ਗੁਰੂ- ਧਾਮਾਂ, ਗੁਰਦੁਆਰਿਆਂ ਦੀ ਸਥਾਪਨਾ ਹੁੰਦੀ ਗਈ, ਲੰਗਰ ਦੀ ਵਿਵਸਥਾ ਵੀ ਵਿਸਤਾਰ ਪਕੜਦੀ ਗਈ।

ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਅਤੇ ਆਨੰਦਪੁਰ ਸਾਹਿਬ ਵਿਚ ਲੰਗਰ-ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ। ਉਨ੍ਹਾਂ ਅਨੁਸਾਰ ਤੇਗ ਦੇ ਨਾਲ ਨਾਲ ਦੇਗ (ਲੰਗਰ) ਵੀ ਚਲਣੀ ਚਾਹੀਦੀ ਹੈ (ਦੇਗ ਤੇਗ ਜਗ ਮੇ ਦੋਊ ਚਾਲੇ), ਕਿਉਂਕਿ ਇਨ੍ਹਾਂ ਦੋਹਾਂ ਤੋਂ ਬਿਨਾ ਜਿਸ ਧਾਰਮਿਕ ਜਨ- ਸਾਧਾਰਣ ਦੀ ਲਹਿਰ ਨੂੰ ਉਨ੍ਹਾਂ ਨੇ ਚਲਾਇਆ ਸੀ, ਉਹ ਭਲੀ-ਭਾਂਤ ਚਲ ਹੀ ਨਹੀਂ ਸਕਦੀ ਸੀ।

ਸਿੱਖ-ਮਿਸਲਾਂ ਵੇਲੇ ਲੰਗਰ ਦੀ ਵਿਵਸਥਾ ਨੇ ਤੇਗ ਨੂੰ ਚਲਣ ਲਈ ਸਦਾ ਉਭਾਰੀ ਰਖਿਆ। ਮਹਾਰਾਜਾ ਰਣਜੀਤ ਸਿੰਘ ਨੇ ਇਸ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਗੁਰਦੁਆਰਿਆਂ ਨਾਲ ਜਾਗੀਰਾਂ ਲਗਵਾਈਆਂ। ਸਮੇਂ ਦੇ ਬੀਤਣ ਨਾਲ ਇਹ ਪ੍ਰਥਾ ਹੋਰ ਵਿਕਾਸ ਕਰਦੀ ਗਈ। ਗੁਰਪੁਰਬਾਂ ਜਾਂ ਧਾਰਮਿਕ ਸਮਾਗਮਾਂ ਵਿਚ ਖੁਲ੍ਹੇ ਮੈਦਾਨਾਂ ਵਿਚ ਵੀ ਲੰਗਰ ਛਕਾਏ ਜਾਣ ਲਗੇ। ਪਰ ਇਸ ਦੀ ਤਿਆਰੀ ਵਿਚ ਸਾਰਿਆਂ ਦੇ ਯੋਗਦਾਨ ਦੀ ਥਾਂ ਨੌਕਰਾਂ ਤੋਂ ਲੰਗਰ ਤਿਆਰ ਕਰਵਾਏ ਜਾਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਸਭ ਦੇ ਸ਼ਾਮਲ ਹੋਣ ਅਤੇ ਆਪਣਾ ਯੋਗਦਾਨ ਪਾ ਕੇ ਸਮ-ਚੇਤਨਾ ਦੀ ਭਾਵਨਾ ਪੈਦਾ ਕਰਨ ਨੂੰ ਧੱਕਾ ਲਗ ਰਿਹਾ ਹੈ। ਪੱਛਮੀ ਸਭਿਆਚਾਰ ਦੇ ਪ੍ਰਭਾਵ ਅਤੇ ਸੀਮਾਵਾਂ ਕਰਕੇ ਵੀ ਕਈ ਖੁਲ੍ਹਾਂ ਲਈਆਂ ਜਾ ਰਹੀਆਂ ਹਨ ਅਤੇ ਪੰਗਤ ਵਿਚ ਬੈਠਣ ਦੀ ਥਾਂ ਮੇਜ਼ਾਂ ਕੁਰਸੀਆਂ ਉਤੇ ਬੈਠ ਕੇ ਲੰਗਰ ਛਕਣ ਦੀ ਗੱਲ ਤੁਰ ਪਈ ਹੈ। ਇਸ ਨਾਲ ਕਈ ਵਿਵਾਦ ਖੜੇ ਹੋ ਰਹੇ ਹਨ। ਇਸ ਸ਼ੋਭਾਸ਼ਾਲੀ ਅਤੇ ਗੌਰਵਮਈ ਪ੍ਰਥਾ ਨੂੰ ਸਹੀ ਅਤੇ ਮੌਲਿਕ ਪਰਿਪੇਖ ਵਿਚ ਕਾਇਮ ਰਖਣਾ ਸਮੇਂ ਦੀ ਮੰਗ ਹੈ।

ਹੁਣ ਦਰਬਾਰ ਸਾਹਿਬ ਪਰਿਸਰ ਅੰਮ੍ਰਿਤਸਰ ਵਿਚ ਲਿਬਨਾਨ ਦੇ ਸਿੱਖਾਂ ਨੇ ਪ੍ਰਸ਼ਾਦੇ ਪਕਾਉਣ ਵਾਲੀ ਆਟੋਮੈ-ਟਿਕ ਮਸ਼ੀਨ ਭੇਜੀ ਹੈ ਜੋ ਇਕੋ ਘੰਟੇ ਵਿਚ ਚਾਰ ਹਜ਼ਾਰ ਤੋਂ ਜ਼ਿਆਦਾ ਪ੍ਰਸ਼ਾਦੇ ਤਿਆਰ ਕਰ ਸਕਦੀ ਹੈ। ਇਸ ਮਸ਼ੀਨ ਦੇ ਵਰਤਾਰੇ ਨਾਲ ਲੰਗਰ ਤਿਆਰ ਕਰਨ ਵਿਚ ਯੋਗਦਾਨ ਪਾਉਣ ਵਾਲੇ ਸ਼ਰਧਾਲੂਆਂ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ। ਅਸਲੋਂ , ਸਮੇਂ ਦੀ ਬਦਲੀ ਨਾਲ ਕਈ ਪਰਿਵਰਤਨ ਅਕਸਰ ਹੁੰਦੇ ਰਹਿੰਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.