ਲੰਮੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲੰਮੇ (ਪਿੰਡ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਰਾਏਪੁਰ ਨਗਰ ਤੋਂ 14 ਕਿ.ਮੀ. ਦੀ ਵਿਥ ਉਤੇ ਵਸਿਆ ਇਕ ਪੁਰਾਤਨ ਪਿੰਡ , ਜੋ ਜੱਟਪੁਰਾ ਪਿੰਡ (ਵੇਖੋ) ਦੇ ਬਹੁਤ ਨੇੜੇ ਹੈ ਅਤੇ ਕਈ ਵਾਰ ਇਨ੍ਹਾਂ ਦੋਹਾਂ ਨੂੰ ਇਕਠਿਆਂ ‘ਲੰਮੇ ਜੱਟਪੁਰਾ’ ਵੀ ਕਹਿ ਦਿੰਦੇ ਹਨ। ਮਾਛੀਵਾੜੇ ਤੋਂ ਦੀਨਾ- ਕਾਂਗੜ ਨੂੰ ਜਾਂਦਿਆਂ ਗੁਰੂ ਗੋਬਿੰਦ ਸਿੰਘ ਜੀ ਇਥੇ ਰੁਕੇ ਸਨ। ਰਾਏ ਕਲ੍ਹਾ ਵਲੋਂ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਸਮਾਚਾਰ ਜਾਣਨ ਲਈ ਨੂਰੇ ਮਾਹੀ ਨੂੰ ਸਰਹਿੰਦ ਭੇਜਿਆ ਗਿਆ। ਉਨ੍ਹਾਂ ਦਾ ਦੁਖਦ ਸਮਾਚਾਰ ਗੁਰੂ ਜੀ ਨੇ ਬੜੇ ਸਹਿਜ ਨਾਲ ਸੁਣਿਆ ਅਤੇ ਪਰਮਾਤਮਾ ਦੀ ਦਾਤ ਨੂੰ ਪਰਤਾਏ ਜਾਣ ਵਿਚ ਸੰਤੋਸ਼ ਪ੍ਰਗਟ ਕੀਤਾ। ਤੀਰ ਨਾਲ ਇਕ ਦਬ ਨੂੰ ਜੜੋਂ ਪੁਟ ਸੁਟਣ ਦੇ ਪ੍ਰਤੀਕ ਦੁਆਰਾ ਜ਼ਾਲਮਾਂ ਦੇ ਅੰਤ ਹੋਣ ਵਲ ਸੰਕੇਤ ਕੀਤਾ। ਸਾਹਿਬਜ਼ਾਦਿਆਂ ਦੇ ਹੱਕ ਵਿਚ ਬੋਲਣ ਵਾਲੇ ਮਲੇਰਕੋਟਲਾ ਦੇ ਨਵਾਬ ਨੂੰ ਅਸੀਸ ਦਿੱਤੀ ਅਤੇ ਰਾਏ ਕਲ੍ਹਾ ਨੂੰ ਉਸ ਦੁਆਰਾ ਕੀਤੀ ਸੇਵਾ ਲਈ ਵਰਦਾਨ ਦਿੱਤਾ ਅਤੇ ਇਕ ਖੜਗ ਅਤੇ ਇਕ ਗੰਗਾਸਾਗਰ ਬਖ਼ਸ਼ਿਆ।

            ਇਸ ਪਿੰਡ ਵਿਚ ਦੋ ਗੁਰੂ-ਧਾਮ ਹਨ। ਇਕ ਦਾ ਨਾਂ ‘ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ’ ਹੈ ਜੋ ਪਿੰਡ ਵਿਚ ਭਾਈ ਰਾਮਦਿੱਤ ਸਿੰਘ ਦੇ ਘਰ ਵਾਲੀ ਥਾਂ ਉਤੇ ਬਣਿਆ ਹੋਇਆ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਇਕ ਰਾਤ ਇਥੇ ਰਹੇ ਸਨ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।

ਦੂਜਾ ਗੁਰੂ-ਧਾਮ ਹੈ ‘ਗੁਰਦੁਆਰਾ ਗੁਰੂਸਰ ’। ਇਹ ਪਿੰਡ ਦੇ ਬਾਹਰ ਉਸ ਥਾਂ ਉਤੇ ਬਣਿਆ ਹੋਇਆ ਹੈ ਜਿਥੇ ਟੋਭੇ ਦੇ ਕੰਢੇ ਉਪਰ ਬੈਠ ਕੇ ਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ। ਇਸ ਸਮਾਰਕ ਵਿਚ ਸੁੰਦਰ ਸਰੋਵਰ ਬਣਵਾਇਆ ਗਿਆ ਹੈ ਅਤੇ ਸਰੋਵਰ ਦੇ ਨਾਂ ਉਤੇ ਹੀ ਗੁਰੂ-ਧਾਮ ਦਾ ਨਾਂ ਪ੍ਰਚਲਿਤ ਹੋਇਆ ਹੈ। ਇਸ ਗੁਰੂ-ਧਾਮ ਦੀ ਨਵੀਂ ਇਮਾਰਤ ਸੰਤ ਅਜਾਇਬ ਸਿੰਘ ਬੋਪਾਰਾਇ ਨੇ ਸੰਨ 1940 ਈ. ਵਿਚ ਸ਼ੁਰੂ ਕਰਵਾਈ ਸੀ। ਇਸ ਦੀ ਵਿਵਸਥਾ ਵੀ ਸੰਤ ਜੀ ਦੇ ਸੇਵਕ ਹੀ ਕਰਦੇ ਆ ਰਹੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.