ਵਰਡਜ਼ਵਰਥ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਰਡਜ਼ਵਰਥ (1770–1850):ਵਿਲੀਅਮ ਵਰਡਜ਼ਵਰਥ (William Wordsworth) ਦਾ ਨਾਂ ਉਹਨਾਂ ਮਹਾਨ ਲੇਖਕਾਂ ਵਿੱਚ ਗਿਣਿਆ ਜਾਂਦਾ ਹੈ; ਜਿਨ੍ਹਾਂ ਸਦਕਾ ਅਠਾਰਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ੀ ਸਾਹਿਤ ਵਿੱਚ ਇੱਕ ਨਵੀਂ ਕ੍ਰਾਂਤੀਕਾਰੀ ਕਾਵਿ ਦੀ ਲਹਿਰ ਚੱਲੀ, ਜਿਸ ਨੂੰ ‘ਰੁਮਾਂਸਵਾਦ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਲਹਿਰ; ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਉਣ ਕਾਰਨ ਇਸ ਕਾਲ ਨੂੰ ‘ਵਰਡਜ਼ਵਰਥ ਦਾ ਕਾਲ’ ਵੀ ਕਿਹਾ ਜਾਂਦਾ ਹੈ।

     ਵਰਡਜ਼ਵਰਥ ਦਾ ਜਨਮ 7 ਅਪ੍ਰੈਲ 1770 ਵਿੱਚ ਇੰਗਲੈਂਡ ਵਿਖੇ ਕੌਕਰਮਾਉਥ, ਕੰਬਰਲੈਂਡ ਵਿੱਚ ਹੋਇਆ। ਛੋਟੀ ਉਮਰ ਵਿੱਚ ਹੀ ਮਾਪਿਆਂ ਦੀ ਮੌਤ ਹੋ ਜਾਣ ਕਾਰਨ ਵਰਡਜ਼ਵਰਥ ਅਤੇ ਉਸ ਦੇ ਭੈਣ-ਭਰਾਵਾਂ ਦੀ ਪਾਲਣ-ਪੋਸਣ ਰਿਸ਼ਤੇਦਾਰਾਂ ਨੇ ਕੀਤਾ। ਉਸ ਨੇ ਸਕੂਲੀ ਸਿੱਖਿਆ ਐਸਦਵੇਟ ਝੀਲ ਦੇ ਕਿਨਾਰੇ ਵੱਸੇ ਸ਼ਹਿਰ ਹਾੱਕਸਹੈਡ ਵਿੱਚ ਪ੍ਰਾਪਤ ਕੀਤੀ। ਇੱਥੋਂ ਹੀ ਵਰਡਜ਼ਵਰਥ ਦਾ ਕੁਦਰਤ ਨਾਲ ਪਿਆਰ ਪੈਦਾ ਹੋਇਆ ਅਤੇ ਉਸ ਨੇ ਕੁਦਰਤ ਦੇ ਖ਼ੂਬਸੂਰਤ ਨਜ਼ਾਰਿਆਂ ਨੂੰ ਰੱਜ ਕੇ ਮਾਣਿਆ। ਕੁਦਰਤ ਨਾਲ ਬਣਿਆ ਇਹ ਰਿਸ਼ਤਾ ਨਾ ਕੇਵਲ ਉਸ ਦੇ ਕਾਵਿ-ਕਾਰਜ ਦੀ ਨੀਂਹ ਬਣਿਆ, ਬਲਕਿ ਇਸ ਰਿਸ਼ਤੇ ਨੇ ਜਵਾਨ ਹੋ ਰਹੇ ਵਰਡਜ਼ਵਰਥ ਵਿੱਚ ਇੱਕ ਹੌਸਲਾ ਵੀ ਪੈਦਾ ਕੀਤਾ। 1791 ਵਿੱਚ ਉਸ ਨੇ ਕੈਂਬ੍ਰਿਜ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ ਅਤੇ ਫ਼੍ਰਾਂਸ, ਜਰਮਨੀ ਅਤੇ ਸਵਿਟਜ਼ਰਲੈਂਡ ਦੀ ਪੈਦਲ ਯਾਤਰਾ ਕੀਤੀ। ਉਸ ਵਕਤ ਕ੍ਰਾਂਤੀ ਦੇ ਦੌਰ ’ਚੋਂ ਗੁਜ਼ਰ ਰਹੇ ਫ਼੍ਰਾਂਸ ਦੀਆਂ ਪਰਿ- ਸਥਿਤੀਆਂ ਨੇ ਵਰਡਜ਼ਵਰਥ ਉੱਤੇ ਡੂੰਘਾ ਪ੍ਰਭਾਵ ਪਾਇਆ। ਇਹੀ ਕਾਰਨ ਸੀ ਕਿ ਉਹ ਸਾਰੀ ਉਮਰ ਲੋਕਤੰਤਰ ਅਤੇ ਮਨੁੱਖੀ ਅਜ਼ਾਦੀ ਦੀ ਹਿਮਾਇਤ ਕਰਦਾ ਰਿਹਾ। ਭਾਵੇਂ ਕੁੱਝ ਸਾਲ ਬਾਅਦ ਹੋਏ ਪੈਰਿਸ ਕਤਲੇਆਮ ਅਤੇ ਉਸ ਤੋਂ ਬਾਅਦ ਇੰਗਲੈਂਡ-ਫ਼੍ਰਾਂਸ ਯੁੱਧ ਨੇ ਉਸ ਨੂੰ ਕਾਫ਼ੀ ਨਿਰਾਸ਼ ਕੀਤਾ, ਪਰੰਤੂ ਮਨੁੱਖ ਲਈ ਅਜ਼ਾਦੀ ਦਾ ਉਹ ਸਦਾ ਹੀ ਹਿਮਾਇਤੀ ਰਿਹਾ। ਯੁੱਗ ਦੇ ਦੌਰਾਨ ਉਸ ਨੇ ਘਰੋਂ ਬੇਘਰ ਹੋਏ ਲੋਕਾਂ ਅਤੇ ਯੁੱਧ ਤੋਂ ਪੀੜਿਤ ਲੋਕਾਂ ਨੂੰ ਨੇੜਿਓਂ ਵੇਖਿਆ, ਜਿਨ੍ਹਾਂ ਨੇ ਉਸ ਦੇ ਮਨ `ਤੇ ਇਤਨਾ ਪ੍ਰਭਾਵ ਪਾਇਆ ਕਿ ਆਉਣ ਵਾਲੇ ਸਮੇਂ ਵਿੱਚ ਇਹੀ ਲੋਕ ਉਸ ਦੀਆਂ ਕਵਿਤਾਵਾਂ ਦੇ ਵਿਸ਼ਾ ਅਤੇ ਨਾਇਕ ਬਣੇ।

     ਵਰਡਜ਼ਵਰਥ ਦੀ ਕਾਵਿ-ਸ਼ੈਲੀ ਉੱਤੇ ਤਿੰਨ ਚੀਜ਼ਾਂ ਦਾ ਬਹੁਤ ਪ੍ਰਭਾਵ ਰਿਹਾ। ਇੱਕ ਸੀ ਕੁਦਰਤ ਲਈ ਉਸ ਦਾ ਪਿਆਰ, ਦੂਜਾ ਉਸ ਦਾ ਅਤੇ ਉਸ ਦੀ ਭੈਣ ਡੌਰੌਥੀ ਵਰਡਜ਼ਵਰਥ ਦਾ ਆਪਸੀ ਪਿਆਰ, ਕਿਉਂਕਿ ਡੌਰੌਥੀ ਨੇ ਹਮੇਸ਼ਾਂ ਹੀ ਵਰਡਜ਼ਵਰਥ ਦਾ ਧਿਆਨ ਕੁਦਰਤ ਅਤੇ ਮਨੁੱਖੀ ਦਰਦ ਵੱਲ ਮੋੜੀ ਰੱਖਿਆ ਅਤੇ ਤੀਜਾ ਐਸ.ਟੀ. ਕੋਲਰਿਜ ਨਾਮ ਦੇ ਕਵੀ ਨਾਲ ਉਸ ਦੀ ਦੋਸਤੀ। ਕੋਲਰਿਜ ਨੇ ਵਰਡਜ਼ਵਰਥ ਨੂੰ ਛੋਟੀਆਂ-ਛੋਟੀਆਂ ਨਾਟਕੀ ਕਵਿਤਾਵਾਂ ਲਿਖਣ ਲਈ ਪ੍ਰੇਰਿਆ। ਇਹਨਾਂ ਤਿੰਨਾਂ ਦੇ ਪ੍ਰਭਾਵ ਅਧੀਨ ਲਿਖੀਆਂ ਗਈਆਂ ਵਰਡਜ਼ਵਰਥ ਦੀਆਂ ਕਵਿਤਾਵਾਂ ਫੁੱਲਾਂ, ਪੰਛੀਆਂ, ਝੀਲਾਂ, ਬਰਫ਼ ਨਾਲ ਢੱਕੀਆਂ ਪਹਾੜੀਆਂ ਅਤੇ ਕੁਦਰਤ ਦੇ ਹੋਰ ਨਜ਼ਾਰਿਆਂ ਬਾਰੇ ਹਨ। ਕੁਝ ਡੌਰੌਥੀ ਦੇ ਨਾਮ ਹਨ ਅਤੇ ਕੁਝ ਭੋਲੇ-ਭਾਲੇ, ਸਧਾਰਨ ਲੋਕਾਂ ਨੂੰ ਸਮਰਪਿਤ ਹਨ। ਇਹਨਾਂ ਕਵਿਤਾਵਾਂ ਦਾ ਮੰਤਵ ਮਨੁੱਖੀ ਜ਼ਿੰਦਗੀ ਅਤੇ ਸੁਭਾਅ ਦੀਆਂ ਸਿੱਧੀਆਂ ਅਤੇ ਸਾਦੀਆਂ ਸਚਾਈਆਂ ਨੂੰ ਪ੍ਰਗਟਾਉਣਾ ਸੀ।

     1797 ਵਿੱਚ ਵਰਡਜ਼ਵਰਥ ਅਤੇ ਡੌਰੌਥੀ ਬ੍ਰਿਸਲ ਵਿੱਚ ਐਲਫੌਕਸਡਨ ਹਾਊਸ ਵਿੱਚ ਰਹਿਣ ਲੱਗ ਪਏ ਅਤੇ ਇਸੇ ਸਮੇਂ ਦੌਰਾਨ ਵਰਡਜ਼ਵਰਥ ਦੀ ਕੋਲਰਿਜ ਨਾਲ ਪਹਿਲੀ ਮੁਲਾਕਾਤ ਹੋਈ। ਇਹਨਾਂ ਦੀ ਦੋਸਤੀ ਨਾ ਕੇਵਲ ਇਹਨਾਂ ਦੋਹਾਂ ਨੂੰ ਮਹਾਨ ਕਵੀ ਬਣਾਉਣ ਵਿੱਚ ਸਫਲ ਰਹੀ, ਬਲਕਿ ਇਸ ਨੇ ਅੰਗਰੇਜ਼ੀ ਕਵਿਤਾ ਨੂੰ ਨਵੇਂ ਸਿਧਾਂਤ ਅਤੇ ਨਵੇਂ ਪਰਿਪੇਖ ਵਾਲੀ ਪਰਿਭਾਸ਼ਾ ਦੇਣ ਵਿੱਚ ਵੀ ਵੱਡਾ ਯੋਗਦਾਨ ਪਾਇਆ। 1798 ਵਿੱਚ ਵਰਡਜ਼ਵਰਥ ਅਤੇ ਕੋਲਰਿਜ ਨੇ ਮਿਲ ਕੇ ਦਾ ਲਿਰਿਕਲ ਬੈਲੇਡਜ਼ ਨਾਂ ਦਾ ਇੱਕ ਕਾਵਿ-ਸੰਗ੍ਰਹਿ ਰਚਿਆ ਜੋ ਕਿ ਅੰਗਰੇਜ਼ੀ ਸਾਹਿਤ ਵਿੱਚ ਇੱਕ ਮੀਲ-ਪੱਥਰ ਮੰਨਿਆ ਜਾਂਦਾ ਹੈ। ਇਸ ਵਿੱਚ ਜਿੱਥੇ ਇੱਕ ਪਾਸੇ ਅੰਗਰੇਜ਼ੀ ਦੀਆਂ ਅੱਜ ਤੱਕ ਦੀਆਂ ਬਹੁਤ ਪ੍ਰਸਿੱਧ ਕਵਿਤਾਵਾਂ-ਕਾਲਰਿਜ ਦੀ ਰਾਇਮ ਆਫ਼ ਦਾ ਏਨਸ਼ੈਂਟ ਮੈਰੀਨਰ ਅਤੇ ਵਰਡਜ਼ਵਰਥ ਦੀ ਲਾਇਨਜ਼ ਰਿਟਨ ਏ ਫਿਊ ਮਾਇਲਜ਼ ਅਬੱਵ ਟਿਨਟਰਨ ਐਬੇ ਸ਼ਾਮਲ ਸਨ, ਦੂਜੇ ਪਾਸੇ ਇਸ ਸੰਗ੍ਰਹਿ ਦੇ ਦੂਜੇ ਐਡੀਸ਼ਨ ਵਿੱਚ ਸ਼ਾਮਲ ਵਰਡਜ਼ਵਰਥ ਵੱਲੋਂ ਲਿਖਿਆ ਗਿਆ ਮੁੱਖ-ਬੰਧ ਅੰਗਰੇਜ਼ੀ ਕਾਵਿ ਰਚਨਾ ਲਈ ਇੱਕ ਸੰਵਿਧਾਨ ਬਣ ਕੇ ਨਿਤਰਿਆ। ਇਸ ਵਿੱਚ ਵਰਡਜ਼ਵਰਥ ਨੇ ਉਸ ਸਮੇਂ ਦੇ ‘ਨਵ-ਕਲਾਸਕੀ ਕਾਲ` ਦੇ ਕਾਵਿ-ਰੂਪ ਨੂੰ ਨਕਾਰਦਿਆਂ ਕਵਿਤਾ ਦੀ ਇੱਕ ਨਵੀਂ ਪਰਿਭਾਸ਼ਾ ਦਿੱਤੀ ਕਿ, ‘ਕਵਿਤਾ ਸ਼ਾਂਤ ਅਵਸਥਾ ਵਿੱਚ ਮੁੜ ਜਾਗ੍ਰਿਤ ਹੋਈਆਂ ਤੀਬਰ ਭਾਵਨਾਵਾਂ ਦਾ ਆਪ-ਮੁਹਾਰਾ ਪ੍ਰਵਾਹ ਹੈ।’ ਦਾ ਲਿਰਿਕਲ ਬੈਲੇਡਜ਼ ਵਿੱਚ ਵਰਡਜ਼ਵਰਥ ਦੀਆਂ ਕੁੱਝ ਹੋਰ ਕਵਿਤਾਵਾਂ, ਜਿਵੇਂ ਕਿ ‘ਦਾ ਇਡੀੲਟ ਬੁਆਏ`, ‘ਦਾ ਥੌਰਨ`, ‘ਸਾਇਮਨ ਲੀਅ`, ‘ਦਾ ਕਪਲੇਂਟ ਆਫ਼ ਏ ਫੋਰਸੇਕਨ ਇੰਡੀਅਨ ਵੁਮੈਨ`, ‘ਐਕਸਪੌਸਟਿਉਲੇਸ਼ਨਜ਼ ਐਂਡ ਰਿਪਲਾਈ ਅਤੇ ਲਾਇਨਜ਼ ਰਿਟਨ ਇਨ ਅਰਲੀ ਸਪ੍ਰਿੰਗ` ਆਦਿ ਸ਼ਾਮਲ ਸਨ।

     ਵਰਡਜ਼ਵਰਥ 1798-1799 ਵਿੱਚ ਲੇਕ ਡਿਸਟਰਿਕਟ ਵਿੱਚ ਰਹਿਣ ਲੱਗਾ ਅਤੇ 1802 ਵਿੱਚ ਉਸ ਨੇ ਆਪਣੇ ਬਚਪਨ ਦੀ ਦੋਸਤ ਮੈਰੀ ਹਚਿਨਸਨ ਨਾਲ ਵਿਆਹ ਕਰਵਾਇਆ। ਇਸ ਸਮੇਂ ਦੌਰਾਨ ਉਸ ਨੇ ਆਪਣੀਆਂ ਕੁੱਝ ਪ੍ਰਸਿੱਧ ਅਤੇ ਮਹੱਤਵਪੂਰਨ ਕਵਿਤਾਵਾਂ ਰਚੀਆਂ, ਜਿਨ੍ਹਾਂ ਵਿੱਚ ਮਾਇਕਲ, ਦਾ ਓਲਡ ਕੰਬਰਲੈਂਡ ਬੈਗਰ, ਸ਼ੀ ਡਵੈਲਟ ਅਮੰਗ ਦਾ ਅਨਟਰੌਡਨ ਵੇਜ਼, ਸਟ੍ਰੇਂਜ ਫਿੱਟਜ਼ ਆਫ਼ ਪੈਸ਼ਨ ਅਤੇ ਨਟਿੰਗ ਆਦਿ ਸ਼ਾਮਲ ਹਨ। 1798 ਵਿੱਚ ਵਰਡਜ਼ਵਰਥ ਨੇ ਆਪਣੇ ਨਿੱਜੀ ਜੀਵਨ ਉੱਤੇ ਆਧਾਰਿਤ ਕਵਿਤਾ ਦਾ ਰੇਕਲਿਉਸ ਲਿਖਣੀ ਸ਼ੁਰੂ ਕੀਤੀ, ਜਿਸ ਨੂੰ ਥੋੜ੍ਹਾ-ਥੋੜ੍ਹਾ ਲਿਖਦਿਆਂ 1805 ਵਿੱਚ ਪੂਰੀ ਕੀਤੀ। ਇਹ ਕਵਿਤਾ 1850 ਵਿੱਚ ਉਸ ਦੀ ਮੌਤ ਤੋਂ ਬਾਅਦ ਦਾ ਪ੍ਰੀਲਿਯੂਡ ਜਾਂ ਦਾ ਗਰੋਥ ਆਫ਼ ਏ ਪੋਇਟਜ਼ ਮਾਇੰਡ ਨਾਂ ਅਧੀਨ ਛਪੀ। ਉਸ ਦੇ ਦੋ ਹੋਰ ਕਾਵਿ-ਸੰਗ੍ਰਹਿ 1807 ਵਿੱਚ ਛਪੇ। ਜਿਨ੍ਹਾਂ ਵਿੱਚ ਉਸ ਦੀਆਂ ਬਹੁਤ ਖ਼ੂਬਸੂਰਤ ਕਵਿਤਾਵਾਂ ਦਾ ਸੌਲੀਟਰ ਰੀਪਰ, ਦਾ ਗਰੀਨ ਲਿਨੇਟ, ਆਈ ਵਾਂਡਰਡ ਲੋਨਲੀ ਐਜ਼ ਏ ਕਲਾਊਡ, ਓਡ ਆੱਨ ਦਾ ਇੰਟੀਮੇਸ਼ਨਜ਼ ਆਫ਼ ਇਮੌਰੈਲਿਟੀ, ਰੈਜ਼ੋਲਿਉਸ਼ਨਜ਼ ਐਂਡ ਇੰਨਡਿਪੈਂਡੈਂਸ, ਓਡ ਟੂ ਡਿਉਟੀ ਆਦਿ ਸ਼ਾਮਲ ਸਨ।

     1814 ਵਿੱਚ ਉਸ ਦੀ ਕਵਿਤਾ ‘ਦਾ ਐਕਸਕਰਸ਼ਨ` ਛਪੀ ਅਤੇ ਇਸ ਤੋਂ ਬਾਅਦ ਵਰਡਜ਼ਵਰਥ ਦੀ ਕਾਵਿ- ਸ਼ੈਲੀ ਨਿਤਾਣੀ ਹੋਣੀ ਸ਼ੁਰੂ ਹੋ ਗਈ। ਉਸ ਦੀਆਂ ਅਖੀਰਲੀਆਂ ਕਵਿਤਾਵਾਂ ਜਿਵੇਂ ਕਿ ‘ਦਾ ਵਾਇਟ ਡੋਹ` ਆਫ਼ ਰਿਲਸਟੋਨ`, ‘ਦਾ ਵੈਗਨਰ’, ‘ਪੀਟਰ ਬੈਲ` ਅਤੇ ‘ਯੈਰੋ ਰੀਵਿਜ਼ਿਟਿਡ` ਆਦਿ ਉਸ ਦੀ ਢਲਦੀ ਕਾਵਿ-ਕਲਾ ਦਾ ਪ੍ਰਮਾਣ ਹਨ। ਵਰਡਜ਼ਵਰਥ ਨੂੰ 1843 ਵਿੱਚ ‘ਰਾਜ- ਕਵੀ’ ਦੀ ਉਪਾਧੀ ਨਾਲ ਨਿਵਾਜਿਆ ਗਿਆ। ਉਸ ਦੀ ਮੌਤ 1850 ਵਿੱਚ ਹੋਈ।

     ਵਰਡਜ਼ਵਰਥ ਦੇ ਕਾਵਿ ਜੀਵਨ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ। ਇਸ ਦਾ ਵਰਣਨ ਵਰਡਜ਼ਵਰਥ ਨੇ ਆਪਣੀਆਂ ਕਵਿਤਾਵਾਂ ‘ਦਾ ਪ੍ਰਿਲਿਊਡ` ਅਤੇ ‘ਟਿਨਟਰਨ ਐਬੇ` ਵਿੱਚ ਕੀਤਾ ਹੈ। ਪਹਿਲੇ ਪੜਾਅ ਵਿੱਚ ਵਰਡਜ਼ਵਰਥ ਨੇ ਬਚਪਨ ਵਿੱਚ ਕੁਦਰਤ ਨੂੰ ਜਿਸ ਰੂਪ ਵਿੱਚ ਮਾਣਿਆ ਸੀ ਅਤੇ ਜੋ ਪ੍ਰਭਾਵ ਕੁਦਰਤ ਨੇ ਉਸ ਉੱਤੇ ਪਾਇਆ ਸੀ, ਉਸ ਦਾ ਉਲੇਖ ਉਸ ਨੇ ਆਪਣੀ ਕਵਿਤਾ ‘ਦਾ ਪ੍ਰਿਲਿਊਡ` ਵਿੱਚ ਕੀਤਾ ਹੈ। ਇਸ ਸਮੇਂ ਦੌਰਾਨ ਕੁਦਰਤ ਲਈ ਵਰਡਜ਼ਵਰਥ ਦਾ ਲਗਾਓ ਬਾਲਪਨ ਦੀ ਉਤੇਜਿਤ ਕਰਨ ਵਾਲੀ ਖ਼ੁਸ਼ੀ ਅਤੇ ਉਤਸੁਕਤਾ ਭਰਿਆ ਸੀ। ਉਹ ਪਹਾੜੀਆਂ ਵਿੱਚ ਨੱਸਦਾ-ਭੱਜਦਾ ਆਪਣੇ ਆਪ ਨੂੰ ਕਿਲਕਾਰੀਆਂ ਭਰਦੇ ਹਿਰਨ ਵਾਂਗੂ ਅਨੁਭਵ ਕਰਦਾ ਸੀ।

     ਦੂਜਾ ਪੜਾਅ ਉਹ ਸੀ ਜਦੋਂ ਜਵਾਨੀ ਵਿੱਚ ਪੈਰ ਧਰਦਿਆਂ ਹੀ ਵਰਡਜ਼ਵਰਥ ਨੇ ਕੁਦਰਤ ਦੇ ਇੱਕ ਪ੍ਰੇਮੀ ਵਾਂਗ ‘ਘੁੱਟ ਭਰੇ।’ ਇਸ ਸਮੇਂ ਵੀ ਕਵੀ ਦਾ ਕੁਦਰਤ ਵੱਲ ਝੁਕਾਓ ਬਿਨਾਂ ਕਿਸੇ ਡੂੰਘੇ, ਬੌਧਿਕ ਅਰਥਾਂ ਵਾਲਾ ਸੀ। ਕੁੱਝ ਸਮੇਂ ਉਪਰੰਤ ਤੀਜੇ ਪੜਾਅ ਵਿੱਚ ਮਨੁੱਖੀ ਦਰਦ ਅਤੇ ਤਕਲੀਫ਼ਾਂ ਨੇ ਵਰਡਜ਼ਵਰਥ ਉੱਤੇ ਏਨਾ ਪ੍ਰਭਾਵ ਪਾਇਆ ਕਿ ‘ਚਕਾਚੌਂਧ ਕਰਨ ਵਾਲੀਆਂ ਖ਼ੁਸ਼ੀਆਂ’ ਅਤੇ ‘ਟੀਸਾਂ ਭਰਿਆ ਉਨਮਾਦ’ ਖ਼ਤਮ ਹੋ ਗਿਆ ਅਤੇ ਉਸ ਦੀਆਂ ਨਜ਼ਰਾਂ ਵਿੱਚ ਕੁਦਰਤ ਦੇ ਰੰਗ ਗੰਭੀਰ ਅਤੇ ਠਰੰਮੇ ਭਰੇ ਹੋ ਗਏ। ਕੁਦਰਤ ਵਿੱਚ ਉਸ ਨੂੰ ਮਨੁੱਖ ਜਾਤੀ ਦਾ ਸ਼ਾਂਤ, ਉਦਾਸ ਸੰਗੀਤ ਸੁਣਾਈ ਦੇਣ ਲੱਗਾ ਅਤੇ ਕੁਦਰਤ ਲਈ ਉਸ ਦਾ ਪਿਆਰ ਮਾਨਵ ਜਾਤੀ ਲਈ ਪਿਆਰ ਬਣ ਗਿਆ। ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਕੁਦਰਤ ਦੀ ਖ਼ੂਬਸੂਰਤੀ ਨੂੰ ਸਧਾਰਨ ਮਨੁੱਖ ਦੇ ਸੱਚੇ-ਸੁੱਚੇ ਸੁਭਾਅ ਨਾਲ ਜੋੜਿਆ ਹੈ। ਚੌਥੀ ਅਤੇ ਅਖੀਰਲੀ ਅਵਸਥਾ ਵਰਡਜ਼ਵਰਥ ਦੇ ਕੁਦਰਤ ਲਈ ਆਤਮਿਕ ਪਿਆਰ ਨਾਲ ਸੰਬੰਧਿਤ ਹੈ। ਇਸ ਦੌਰ ਵਿੱਚ ਕੁਦਰਤ ਨਾਲ ਉਸ ਦਾ ਲਗਾਓ ਚਿੰਤਨਮਈ, ਅਧਿਆਤਮਿਕ ਅਤੇ ਰੂਹਾਨੀ ਹੋ ਗਿਆ। ਵਰਡਜ਼ਵਰਥ ਨੇ ਮਹਿਸੂਸ ਕੀਤਾ ਕਿ ਕੁਦਰਤ ਵਿੱਚ ਰੱਬੀ ਆਤਮਾ ਦਾ ਨਿਵਾਸ ਹੈ ਅਤੇ ਇਹੀ ਆਤਮਾ ਮਨੁੱਖ ਵਿੱਚ ਵੀ ਵਿਚਰਦੀ ਹੈ। ਇਸ ਤਰ੍ਹਾਂ ਵਰਡਜ਼ਵਰਥ ਦੀ ਧਾਰਨਾ ਸੀ ਕਿ ਕੁਦਰਤ ਮਨੁੱਖ ਦਾ ਰੱਬ ਨਾਲ ਮੇਲ ਕਰਾਉਂਦੀ ਹੈ। ਇਸ ਸਮੇਂ ਦੌਰਾਨ ਲਿਖੀਆਂ ਕਵਿਤਾਵਾਂ ਉਸ ਦੀ ਕਾਵਿ-ਕਲਾ ਦਾ ਸਿਖਰ ਮੰਨੀਆਂ ਜਾਂਦੀਆਂ ਹਨ।

     ਵਰਡਜ਼ਵਰਥ ਨੇ ਕਾਵਿ-ਵਿਧਾ ਦੀਆਂ ਵੱਖ-ਵੱਖ ਸ਼ੈਲੀਆਂ ਨਾਲ ਪ੍ਰਯੋਗ ਕਰ ਕੇ ਵੇਖੇ। ਉਸ ਨੇ ‘ਲਿਰਿਕ` (ਗੀਤ), ‘ਸੋਨਿਟ` (ਚੌਦਾਂ ਤੁੱਕੀ ਕਵਿਤਾ), ‘ਓਡ` (ਸੰਬੋਧਨ ਗੀਤ), ‘ਬੈਲੇਡ` (ਗਾਥਾ-ਕਾਵਿ) ਆਦਿ ਸ਼ੈਲੀਆਂ ਤੋਂ ਇਲਾਵਾ ਖੁੱਲ੍ਹੀ ਕਵਿਤਾ ਦੀ ਰਚਨਾ ਵੀ ਕੀਤੀ ਅਤੇ ਇੱਕ ਕਾਵਿ-ਨਾਟਕ ਵੀ ਲਿਖਿਆ। ਵਰਡਜ਼ਵਰਥ ਆਪਣੀਆਂ ਕਵਿਤਾਵਾਂ ਲਈ ਵਧੇਰੇ ਜਾਣਿਆ ਜਾਂਦਾ ਹੈ। ਇਸੇ ਕਰ ਕੇ ਉਸ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਆਖਿਆ ਜਾਂਦਾ ਹੈ। ਵਰਡਜ਼- ਵਰਥ ‘ਰੁਮਾਂਸਵਾਦ’ ਦੇ ਮੋਢੀਆਂ ਵਿੱਚ ਗਿਣਿਆ ਜਾਂਦਾ ਹੈ। ਉਸ ਵੱਲੋਂ ਦਿੱਤੀ ਗਈ ‘ਕੁਦਰਤ ਵੱਲ ਪਰਤਣ’ ਦੀ ਸੇਧ ਨੂੰ ਉਨ੍ਹੀਵੀਂ ਅਤੇ ਵੀਹਵੀਂ ਸਦੀ ਦੇ ਕਵੀਆਂ ਨੇ ਅਪਣਾਇਆ। ਵਰਡਜ਼ਵਰਥ ਨੇ ਕਾਵਿ-ਸ਼ੈਲੀ ਨੂੰ ਉਸ ਵੇਲੇ ਦੇ ਪ੍ਰਚਲਿਤ ਬਣਾਵਟੀ ਅਤੇ ਓਪਰੇਪਣ ਵਿੱਚੋਂ ਬਾਹਰ ਕੱਢਿਆ। ਕੁਦਰਤ ਦੀਆਂ ਨਿਆਮਤਾਂ, ਮਨੁੱਖੀ ਸਾਦਗੀ ਅਤੇ ਦੁੱਖ-ਦਰਦ ਜਿਹੇ ਵਿਸ਼ੇ-ਵਸਤੂ ਦਾ ਪ੍ਰਯੋਗ ਉਸ ਵੇਲੇ ਦੇ ਹੋਰ ਮਹਾਨ ਕਵੀਆਂ ਜਿਵੇਂ ਕਿ ਕੀਟਸ, ਸ਼ੈਲੀ, ਬਾਇਰਨ ਆਦਿ ਨੇ ਵੀ ਅਪਣਾਇਆ। ਅੱਜ ਵੀ ਅੰਗਰੇਜ਼ੀ ਸਾਹਿਤ ਵਿੱਚ ਵਰਡਜ਼ਵਰਥ ਦਾ ਕੋਈ ਸਾਨੀ ਨਹੀਂ ਹੈ। ਸਾਹਿਤ ਵਿੱਚ ਰੁਚੀ ਰੱਖਣ ਵਾਲਿਆਂ ਲਈ ਵਰਡਜ਼ਵਰਥ ਦੀਆਂ ਕਵਿਤਾਵਾਂ ਨਾ ਕੇਵਲ ਅਨੰਦਮਈ ਹਨ, ਬਲਕਿ ਇਹ ਜ਼ਿੰਦਗੀ ਅਤੇ ਕੁਦਰਤ ਦੇ ਸੁਮੇਲ ਦਾ ਨਿਚੋੜ ਵੀ ਹਨ।


ਲੇਖਕ : ਨਰਿੰਦਰਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.