ਵਰਡ ਦੀ ਸਕਰੀਨ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Word Screen

ਜਦੋਂ ਤੁਸੀਂ ਵਰਡ ਨੂੰ ਖੋਲ੍ਹਦੇ ਹੋ ਤਾਂ ਇਹ ਇਕ ਅਲੱਗ ਵਿੰਡੋ ਵਿੱਚ ਨਜ਼ਰ ਆਉਂਦਾ ਹੈ ਜਿਸ ਨੂੰ ਵਰਡ ਦੀ ਸਕਰੀਨ ਕਿਹਾ ਜਾਂਦਾ ਹੈ। ਵਰਡ ਦੀ ਸਕਰੀਨ ਦੇ ਕਈ ਭਾਗ ਹੁੰਦੇ ਹਨ ਜੋ ਕਿ ਹੇਠਾਂ ਦਿਖਾਏ ਅਨੁਸਾਰ ਹਨ:

· ਟਾਈਟਲ ਬਾਰ (Title Bar)

· ਮੀਨੂ ਬਾਰ (Menu Bar)

· ਟੂਲ ਬਾਰ (Tool Bar)

· ਦਸਤਾਵੇਜ਼ ਖੇਤਰ (Document Area)

· ਇਨਸਰਸ਼ਨ ਪੁਆਇੰਟ (Insertion Point)

ਟਾਈਟਲ ਬਾਰ

ਇਹ ਸਭ ਤੋਂ ਸਿਖ਼ਰ 'ਤੇ ਹੁੰਦੀ ਹੈ। ਟਾਈਟਲ ਬਾਰ ਦੇ ਖੱਬੇ ਪਾਸੇ ਡਾਕੂਮੈਂਟ ਦਾ ਨਾਮ ਅਤੇ ਪ੍ਰੋਗਰਾਮ ਦਾ ਨਾਮ ਲਿਖਿਆ ਹੁੰਦਾ ਹੈ। ਟਾਈਟਲ ਬਾਰ ਦੇ ਸੱਜੇ ਹੱਥ ਤਿੰਨ ਬਟਨ ਹੁੰਦੇ ਹਨ। ਇਹ ਹਨ:

· ਮਿਨੀਮਾਈਜ਼

· ਮੈਕਸੀਮਾਈਜ਼ ਅਤੇ

· ਕਲੋਜ਼ ਬਟਨ

ਇਹਨਾਂ ਦੀ ਵਰਤੋਂ ਕ੍ਰਮਵਾਰ ਛੋਟਾ ਕਰਨ, ਵੱਡਾ ਕਰਨ (ਜਾਂ ਰੀਸਟੋਰ ਕਰਨ) ਅਤੇ ਬੰਦ ਕਰਨ ਲਈ ਕੀਤੀ ਜਾਂਦੀ ਹੈ।

ਮੀਨੂ ਬਾਰ

ਇਸ ਬਾਰ ਵਿੱਚ ਅਲੱਗ-ਅਲੱਗ ਮੀਨੂ ਹੁੰਦੇ ਹਨ। ਇਹਨਾਂ ਮੀਨੂਆਂ ਵਿੱਚ ਵੱਖ-ਵੱਖ ਕਮਾਂਡਾਂ ਹੁੰਦੀਆਂ ਹਨ। ਇਹ ਕਮਾਂਡਾਂ ਵੱਖ-ਵੱਖ ਕੰਮ ਕਰਵਾਉਣ ਲਈ ਵਰਤੀਆਂ ਜਾਂਦੀਆਂ ਹਨ। ਫਾਈਲ , ਐਡਿਟ, ਇਨਸਰਟ, ਫਾਰਮੈਟ ਆਦਿ ਮੀਨੂ ਬਾਰ ਦੇ ਮਹੱਤਵਪੂਰਨ ਮੀਨੂ ਹਨ।

ਟੂਲ ਬਾਰ

ਟੂਲ ਬਾਰ ਉੱਤੇ ਕੁਝ ਬਟਨ ਲੱਗੇ ਹੁੰਦੇ ਹਨ। ਇਹਨਾਂ ਬਟਨਾਂ ਰਾਹੀਂ ਆਮ ਵਰਤੋਂ ਵਾਲੀਆਂ ਕਮਾਂਡਾਂ ਨੂੰ ਸਿੱਧਾ ਹੀ ਚਲਾਇਆ ਜਾ ਸਕਦਾ ਹੈ। ਟੂਲ ਬਾਰ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਪਹਿਲੀ ਸਟੈਂਡਰਡ ਟੂਲ ਬਾਰ ਅਤੇ ਦੂਸਰੀ ਫਾਰਮੈਟਿੰਗ ਟੂਲ ਬਾਰ।

ਸਟੈਂਡਰਡ ਟੂਲ ਬਾਰ ਉੱਤੇ ਕਈ ਬਟਨ ਲੱਗੇ ਹੁੰਦੇ ਹਨ ਜਿਵੇਂ ਕਿ- ਨਿਊ, ਓਪਨ, ਸੇਵ ਆਦਿ। ਇਸੇ ਪ੍ਰਕਾਰ ਫਾਰਮੈਟਿੰਗ ਟੂਲ ਬਾਰ ਉੱਤੇ ਫੌਂਟ , ਅਲਾਈਨਮੈਂਟ ਅਤੇ ਰੰਗ ਆਦਿ ਦੀ ਤਬਦੀਲੀ ਕਰਨ ਸਬੰਧੀ ਬਟਨ ਲੱਗੇ ਹੁੰਦੇ ਹਨ।

ਡਾਕੂਮੈਂਟ ਖੇਤਰ

ਇਹ ਖਾਲੀ ਥਾਂ ਹੁੰਦਾ ਹੈ। ਇਹ ਖੇਤਰ ਸਫ਼ੈਦ ਰੰਗ ਵਿੱਚ ਨਜ਼ਰ ਆਉਂਦਾ ਹੈ। ਇੱਥੇ ਟੈਕਸਟ, ਤਸਵੀਰਾਂ, ਟੇਬਲ ਆਦਿ ਦਾਖਲ ਕੀਤੇ ਜਾਂਦੇ ਹਨ।

ਇਨਸਰਸ਼ਨ ਪੌਆਇੰਟ

ਇਹ ਇਕ ਤਰ੍ਹਾਂ ਦਾ ਦਾਖ਼ਲਾ ਬਿੰਦੂ ਹੁੰਦਾ ਹੈ। ਇਸ ਦੀ ਸ਼ਕਲ ਟਿਮਟਿਮਾਉਂਦੀ (ਬਲਿੰਕ ਕਰਦੀ) ਡੰਡੀ (ਅੰਗਰੇਜ਼ੀ ਦੀ ਵੱਡੀ ਆਈ) ਵਰਗੀ ਹੁੰਦੀ ਹੈ। ਇਹ ਦਰਸਾਉਂਦਾ ਹੈ ਕਿ ਟਾਈਪ ਕੀਤਾ ਜਾਣ ਵਾਲਾ ਅੱਖਰ ਇੱਥੇ ਨਜ਼ਰ ਆਉਣਾ ਹੈ।

ਨੋਟ : ਉਪਰੋਕਤ ਭਾਗਾਂ ਤੋਂ ਬਿਨਾਂ ਵਰਡ ਦੀ ਸਕਰੀਨ ਉੱਤੇ ਰੂਲਰ, ਟਾਸਕ ਬਾਰ, ਸਕਰੋਲ ਬਾਰ, ਸਟੇਟਸ ਬਾਰ, ਡਰਾਇੰਗ ਬਾਰ, ਪਿਕਚਰ ਬਾਰ ਸਮੇਤ ਕਈ ਪ੍ਰਕਾਰ ਦੀਆਂ ਬਾਰਜ਼ ਨਜ਼ਰ ਆਉਂਦੀਆਂ ਹਨ। ਵਰਡ ਦੀਆਂ ਵੱਖ-ਵੱਖ ਟੂਲ ਬਾਰਜ ਨੂੰ View ਮੀਨੂ ਤੋਂ ਛੁਪਾਇਆ ਜਾਂ ਦਿਖਾਇਆ ਜਾ ਸਕਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.