ਵਰਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਰਣ (ਨਾਂ,ਪੁ) ਮਨੂੰ ਦੁਆਰਾ ਪੇਸ਼ਿਆਂ ਦੇ ਅਧਾਰ ’ਤੇ ਕੀਤੀ ਜਾਤੀ ਵੰਡ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਰਣ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਰਣ (ਚਾਰ): ਸਿੱਖ ਧਰਮ ਵਰਣ ਅਤੇ ਆਸ਼੍ਰਮ ਵਿਵਸਥਾ ਵਿਚ ਯਕੀਨ ਨਹੀਂ ਰਖਦਾ। ਇਸ ਦਾ ਸੰਬੰਧ ਹਿੰਦੂ ਧਰਮ ਨਾਲ ਹੈ। ਇਸ ਧਰਮ ਦੇ ਸਮਾਜਿਕ ਸੰਗਠਨ ਦਾ ਮੂਲ- ਆਧਾਰ ਦੋ ਸੰਸਥਾਵਾਂ ਹਨ—ਵਰਣ ਅਤੇ ਆਸ਼੍ਰਮ। ‘ਵਰਣ’ ਦਾ ਮੂਲ ਅਰਥ ਹੈ ਰੰਗ। ਇਕ ਮਤ ਅਨੁਸਾਰ ਪਹਿਲਾਂ ਪਹਿਲ ਰੰਗ ਉਤੇ ਆਧਾਰਿਤ ਸਮਾਜਿਕ ਦੰਡ ਨੂੰ ਵਰਣ-ਵਿਵਸਥਾ ਕਿਹਾ ਜਾਂਦਾ ਸੀ ਕਿਉਂਕਿ ਬ੍ਰਾਹਮਣ ਦਾ ਰੰਗ ਗੋਰਾ , ਛਤ੍ਰੀ ਦਾ ਲਾਲ , ਵੈਸ਼ ਦਾ ਪੀਲਾ ਅਤੇ ਸ਼ੂਦ੍ਰ ਦਾ ਕਾਲਾ ਮੰਨਿਆ ਜਾਂਦਾ ਹੈ।

ਰੰਗ ਦੇ ਆਧਾਰ ਉਤੇ ਵੰਡ ਕਿਵੇਂ ਸ਼ੁਰੂ ਹੋਈ ? ਇਸ ਬਾਰੇ ਦਸਿਆ ਜਾਂਦਾ ਹੈ ਕਿ ਭਾਰਤ ਵਿਚ ਬਾਹਰੋਂ ਆਏ ਆਰਯ ਲੋਕ ਰੰਗ ਦੇ ਗੋਰੇ ਸਨ। ਭਾਰਤ ਵਿਚ ਰਹਿਣ ਵਾਲੇ ਲੋਕ ਕਾਲੇ ਸਨ। ਸ਼ਰੀਰਿਕ ਰੰਗ ਦੇ ਇਸ ਅੰਤਰ ਕਾਰਣ ਪਹਿਲਾਂ ਆਰਯ ਅਤੇ ਅਨਾਰਯ ਦੋ ਵਰਣ ਬਣੇ। ਫਿਰ ਆਰਯਾਂ ਵਿਚ ਇਕ ਦੀ ਥਾਂ ਤਿੰਨ ਰੰਗ-ਨਿਖੇੜ ਹੋ ਗਏ, ਜਿਵੇਂ ਸਫ਼ੈਦ ਰੰਗ ਵਾਲੇ ਬ੍ਰਾਹਮਣ, ਲਾਲ ਰੰਗ ਵਾਲੇ ਛਤ੍ਰੀ ਅਤੇ ਪੀਲੇ ਰੰਗ ਵਾਲੇ ਵੈਸ਼। ਆਰਯ ਦੀ ਇਹ ਰੰਗ-ਨਿਖੇੜਤਾ ਕਿਵੇਂ ਹੋਈ, ਇਸ ਬਾਰੇ ਕੋਈ ਸਪੱਸ਼ਟ ਤੱਥ ਉਪਲਬਧ ਨਹੀਂ ਹੈ।

ਦੂਜੇ ਮਤ ਅਨੁਸਾਰ ਵਰਣ-ਵਿਵਸਥਾ ਦਾ ਮੂਲ ਆਧਾਰ ਮਨੁੱਖ ਦੀ ਰੋਜ਼ਗਾਰ ਬਾਰੇ ਕੰਮ ਦੀ ਚੋਣ ਹੈ। ਰੋਜ਼ਗਾਰ ਦੇ ਮੁੱਖ ਤੌਰ ’ਤੇ ਚਾਰ ਵਰਗ ਹਨ ਜਿਨ੍ਹਾਂ ਦਾ ਆਧਾਰ ਹੈ ਗੁਣ , ਕਰਮ ਅਤੇ ਸੁਭਾ। ਇਹ ਚਾਰ ਵਰਗ ਹਨ—(1) ਬ੍ਰਾਹਮਣ (ਬੌਧਿਕ ਕੰਮ ਕਰਨ ਵਾਲੇ), (2) ਛਤ੍ਰੀ (ਸੈਨਿਕ ਜਾਂ ਪ੍ਰਬੰਧਕੀ ਕਾਰਜ ਕਰਨ ਵਾਲੇ), (3) ਵੈਸ਼ (ਖੇਤੀ, ਵਪਾਰ ਆਦਿ ਕਰਨ ਵਾਲੇ), (4) ਸ਼ੂਦ੍ਰ (ਮਿਹਨਤ ਮੁਸ਼ਕਤ ਕਰਨ ਵਾਲੇ)। ਇਹੀ ਵੰਡ ਪਹਿਲਾਂ ਵਿਅਕਤੀਗਤ ਸੀ, ਪਰ ਬਾਦ ਵਿਚ ਕੁਲ-ਪਰੰਪਰਾ ਨਾਲ ਸੰਬੰਧਿਤ ਹੋ ਗਈ

ਹਰ ਸਮਸਿਆ ਦਾ ਹਲ ਅਧਿਆਤਮਵਾਦ ਵਿਚ ਲਭਣ ਵਾਲੇ ਵਰਣ-ਵੰਡ ਨੂੰ ਦੈਵੀ ਮੰਨਦੇ ਹਨ। ਉਨ੍ਹਾਂ ਦੀ ਸਥਾਪਨਾ ਹੈ ਕਿ ਵਿਰਾਟ-ਪੁਰਸ਼ ਜਾਂ ਵਿਸ਼ਵ-ਪੁਰਸ਼ ਦੇ ਅੰਗਾਂ ਤੋਂ ਚਾਰ ਵਰਣਾਂ ਦੀ ਉਤਪੱਤੀ ਹੋਈ, ਜਿਵੇਂ ਮੁਖ ਤੋਂ ਬ੍ਰਾਹਮਣ, ਬਾਹਵਾਂ ਤੋਂ ਛਤ੍ਰੀ, ਟੰਗਾਂ ਤੋਂ ਵੈਸ਼ ਅਤੇ ਚਰਣਾਂ ਤੋਂ ਸ਼ੂਦ੍ਰ।

            ਦਾਰਸ਼ਨਿਕਾਂ ਨੇ ਇਸ ਵੰਡ ਦਾ ਆਧਾਰ ਸਾਂਖੑਯ- ਦਰਸ਼ਨ ਦੇ ਤਿੰਨ ਗੁਣਾਂ—ਸਤੋ, ਰਜੋ ਅਤੇ ਤਮੋ—ਨੂੰ ਮੰਨਿਆ ਹੈ। ਜਿਸ ਵਿਚ ਸਤੋਗੁਣ (ਪ੍ਰਕਾਸ਼ ਜਾਂ ਗਿਆਨ) ਦੀ ਪ੍ਰਧਾਨਤਾ ਹੈ ਉਹ ਬ੍ਰਾਹਮਣ ਵਰਣ ਹੈ। ਜਿਸ ਵਿਚ ਰਜੋਗੁਣ (ਕ੍ਰਿਆ ਸ਼ਕਤੀ) ਦੀ ਪ੍ਰਧਾਨਤਾ ਹੈ, ਉਹ ਛਤ੍ਰੀ ਵਰਣ ਹੈ। ਜਿਸ ਵਿਚ ਰਜੋ-ਤਮੋ ਗੁਣਾਂ (ਲੋਭ, ਮੋਹ ਅਤੇ ਅੰਧਕਾਰ) ਦਾ ਮਿਲਗੋਭਾ ਹੈ, ਉਹ ਵੈਸ਼ ਵਰਣ ਹੈ ਅਤੇ ਜਿਸ ਵਿਚ ਤਮੋ ਗੁਣ (ਅੰਧਕਾਰ) ਦੀ ਪ੍ਰਧਾਨਤਾ ਹੈ, ਉਹ ਸ਼ੂਦ੍ਰ ਵਰਣ ਹੈ।

ਡਾ. ਰਾਜਬਲੀ ਪਾਂਡੇਯ (‘ਹਿੰਦੂ ਧਰਮਕੋਸ਼’) ਦਾ ਵਿਚਾਰ ਹੈ ਕਿ ਵਰਣ-ਵੰਡ ਪਿਛੇ ਕਈ ਤੱਤ੍ਵਾਂ ਦਾ ਮਿਲਵਾਂ ਯੋਗਦਾਨ ਰਿਹਾ ਹੈ। ਪਹਿਲਾਂ ਆਰਯਾਂ ਵਿਚ ਹੀ ਵਰਣ-ਵੰਡ ਸੀ, ਪਰ ਇਸ ਦਾ ਆਧਾਰ ਵਿਅਕਤੀਗਤ ਸੀ, ਫਲਸਰੂਪ ਵਰਣ-ਪਰਿਵਰਤਨ ਸਰਲ ਅਤੇ ਸੰਭਵ ਸੀ। ਜਿਉਂ ਜਿਉਂ ਆਰਯਾਂ ਤੋਂ ਭਿੰਨ ਲੋਕ ਸਮਾਜ ਵਿਚ ਵਧਦੇ ਗਏ, ਤਿਉਂ ਤਿਉਂ ਉਨ੍ਹਾਂ (ਸ਼ੂਦ੍ਰਾਂ) ਦੀ ਸਮਾਜਿਕ ਸਥਿਤੀ ਡਿਗਦੀ ਗਈ। ਇਸ ਤੋਂ ਇਲਾਵਾ ਆਰਯਾਂ ਵਿਚ ਜਿਹੜਾ ਵਰਗ ਸ਼ੂਦ੍ਰਾਂ ਦੇ ਜ਼ਿਆਦਾ ਨੇੜੇ ਰਿਹਾ, ਉਸ ਦੀ ਸਮਾਜਿਕ ਪੱਧਰ ਵੀ ਨੀਵੀਂ ਹੁੰਦੀ ਗਈ। ਇਸ ਦੇ ਨਾਲ ਹੀ ਰੋਜ਼ਗਾਰ ਦੇ ਢੰਗ ਵਿਚ ਸਥਿਰਤਾ ਬਣਾਈ ਰਖਣ ਲਈ ਵਰਣ-ਵਿਵਸਥਾ ਕੁਲ- ਪਰੰਪਰਾਗਤ ਹੁੰਦੀ ਗਈ। ਕਿਸੇ ਨ ਕਿਸੇ ਕਾਰਣ ਕਈ ਉਪ- ਵਰਗ ਵੀ ਬਣਦੇ ਗਏ। ਇਨ੍ਹਾਂ ਸਾਰਿਆਂ ਵਰਗਾਂ, ਉਪ- ਵਰਗਾਂ ਨੂੰ ਚਾਰ ਮੁੱਖ ਵਰਗਾਂ ਜਾਂ ਵਰਣਾਂ ਵਿਚ ਵੰਡਣਾ ਹੀ ਵਰਣ-ਵਿਵਸਥਾ ਦਾ ਮੂਲ ਪ੍ਰਯੋਜਨ ਰਿਹਾ ਹੋਵੇਗਾ।

ਪਰ ਇਤਿਹਾਸਿਕ ਵਿਕਾਸ-ਕ੍ਰਮ ਵਿਚ ਇਸ ਵੰਡ ਨੇ ਮਾਨਵ-ਵਿਰੋਧੀ ਸਰੂਪ ਧਾਰਣ ਕਰ ਲਿਆ ਅਤੇ ਮਨੁੱਖ ਮਨੁੱਖ ਨ ਰਹਿ ਕੇ ਬ੍ਰਾਹਮਣ, ਛਤ੍ਰੀ, ਵੈਸ਼ ਅਤੇ ਸ਼ੂਦ੍ਰ ਬਣ ਕੇ ਰਹਿ ਗਏ। ਇਹੀ ਕਾਰਣ ਹੈ ਕਿ ਮੱਧ-ਯੁਗ ਦੇ ਸਾਧਕਾਂ ਨੇ ਸਪੱਸ਼ਟ ਤੌਰ’ਤੇ ਇਸ ਵਿਵਸਥਾ ਦਾ ਵਿਰੋਧ ਕੀਤਾ। ਗੁਰੂ ਰਾਮਦਾਸ ਜੀ ਦੀ ਸਥਾਪਨਾ ਹੈ ਕਿ ਚੌਹਾਂ ਵਰਣਾਂ ਵਿਚੋਂ ਉਹੀ ਮਹਾਨ ਹੈ ਜੋ ਪਰਮਾਤਮਾ ਦੇ ਨਾਂ ਦਾ ਸਿਮਰਨ ਕਰਦਾ ਹੈ—ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ (ਗੁ.ਗ੍ਰੰ. 861)। ਭਾਈ ਗੁਰਦਾਸ ਨੇ ਸਿੱਖੀ ਦੇ ਸਰੂਪ ਵਿਚ ਚੌਹਾਂ ਵਰਣਾਂ ਦਾ ਸੁਮੇਲ ਦਸਿਆ ਹੈ—ਚਾਰੇ ਪੈਰ ਧਰਮ ਦੇ ਚਾਰਿ ਵਰਣਿ ਇਕੁ ਵਰਣੁ ਕਰਾਇਆ (1/23)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9981, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.