ਵਾਕ ਸਰੋਤ : 
    
      ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
      
           
     
      
      
      
        ਵਾਕ : ਵਾਕ ਨੂੰ ਵਿਆਕਰਨਿਕ ਅਧਿਐਨ ਦਾ ਕੇਂਦਰੀ ਤੱਤ ਮੰਨਿਆ ਜਾਂਦਾ ਹੈ। ਸਾਰੇ ਭਾਂਤ ਦੇ ਵਿਆਕਰਨਕਾਰ ਅਤੇ  ਭਾਸ਼ਾ-ਵਿਗਿਆਨੀਆਂ ਵਿੱਚ ਭਾਵੇਂ ਵਾਕ ਦੇ ਸਰੂਪ ਲੈ ਕੇ ਮੱਤ-ਭੇਦ ਹੋਣ ਪਰ  ਸਾਰੇ ਹੀ ਇਸ ਨੂੰ ਵਿਆਕਰਨਿਕ ਅਧਿਐਨ ਦੀ ਵੱਡੀ ਤੋਂ ਵੱਡੀ ਇਕਾਈ  ਮੰਨਦੇ ਹਨ। ਵਿਆਕਰਨ ਦੀ ਭਾਸ਼ਾ  ਵਿੱਚ ਵਾਕ ਇੱਕ ਸੰਕਲਪ  ਹੈ, ਜਿਸ ਦੀ ਵਰਤੋਂ  ਵਿਆਕਰਨਿਕ ਇਕਾਈਆਂ ਦੀ ਸਥਾਪਤੀ  ਵੇਲੇ ਕੀਤੀ ਜਾਂਦੀ ਹੈ। ਪਰੰਪਰਾਵਾਦੀ ਵਿਆਕਰਨਕਾਰ ਸ਼ਬਦ  ਨੂੰ ਛੋਟੀ ਤੋਂ ਛੋਟੀ ਅਤੇ ਵਾਕ ਨੂੰ ਵੱਡੀ ਤੋਂ ਵੱਡੀ ਇਕਾਈ ਮੰਨਦੇ ਹਨ। ਵਾਕ ਨੂੰ ਵੱਡੀ ਤੋਂ ਵੱਡੀ ਇਕਾਈ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਕਿਸੇ ਵੀ ਭਾਸ਼ਾ ਦੀ ਸਮੁੱਚੀ ਵਿਆਕਰਨ ਇਸ ਦੇ ਘੇਰੇ ਵਿੱਚ ਆਉਂਦੀ ਹੈ, ਭਾਵ ਵਾਕ ਦੇ ਘੇਰੇ ਵਿੱਚ ਉਹ ਸਾਰੀਆਂ ਇਕਾਈਆਂ ਜਾਂ ਸ਼੍ਰੇਣੀ  ਵਿਚਰਦੀਆਂ ਹਨ, ਜਿਨ੍ਹਾਂ ਦਾ ਅਧਿਐਨ ਜਾਂ ਵਰਗੀਕਰਨ  ਵਿਆਕਰਨ ਲਈ ਲਾਜ਼ਮੀ ਹੁੰਦਾ ਹੈ। ਵਾਕ ਆਪਣੀ ਸੰਰਚਨਾਤਮਿਕ ਬਣਤਰ ਕਰ ਕੇ ਕਿਸੇ ਦੂਜੀ ਇਕਾਈ ਦੇ ਅਧੀਨ  ਨਹੀਂ ਹੁੰਦਾ। ਭਾਸ਼ਾ- ਵਿਗਿਆਨੀਆਂ ਵਿੱਚ ਵੱਖ-ਵੱਖ ਧਾਰਨਾਵਾਂ ਅਤੇ ਦ੍ਰਿਸ਼ਟੀ- ਕੋਣਾਂ ਦੀ ਭਿੰਨਤਾ ਕਰ ਕੇ, ਇਸ ਸੰਕਲਪ ਦੀ ਪਰਿਭਾਸ਼ਾ  ਕਰਨ ਵੇਲੇ ਮੱਤ-ਭੇਦ ਸਾਮ੍ਹਣੇ ਆਉਂਦੇ ਹਨ। ਪਰ ਇਸ ਸੰਕਲਪ ਦੀ ਪਛਾਣ  ਹਿਤ ਲੱਛਣਾਂ ਦੇ ਆਧਾਰ `ਤੇ ਵਾਕ ਨੂੰ ਦੂਜੀਆਂ ਇਕਾਈਆਂ ਨਾਲੋਂ ਵੱਖ ਕਰਨਾ  ਅਤੇ ਉਹਨਾਂ ਦੇ ਮੁਕਾਬਲੇ ਸਥਾਪਿਤ ਕਰਨਾ ਕੋਈ  ਬਹੁਤਾ ਵਿਵਾਦਪੂਰਨ ਮਸਲਾ  ਨਹੀਂ ਲੱਗਦਾ। ਲਿਖਤੀ ਅਤੇ ਬੋਲ-ਚਾਲ ਦੀ ਭਾਸ਼ਾ ਵਿੱਚੋਂ ਇਸ ਇਕਾਈ ਨੂੰ ਇੱਕ ਮਾਤ-ਭਾਸ਼ਾਈ ਬੁਲਾਰਾ ਸਹਿਜੇ ਹੀ ਵੱਖ ਕਰ ਕੇ ਵੇਖ ਸਕਣ ਦੀ ਸਮਰੱਥਾ ਰੱਖਦਾ ਹੈ। ਇਸ ਦੀ ਪਰਿਭਾਸ਼ਾ ਕਰਨ ਵੇਲੇ ਦੋ ਪ੍ਰਮੁਖ ਵਿਚਾਰਧਾਰਾਵਾਂ ਇੱਕ ਦੂਜੇ  ਦੇ ਵਿਰੋਧ  ਵਿੱਚ ਹਨ। ਇਹ ਹਨ- ਵਿਚਾਰਵਾਦੀ ਵਿਚਾਰਧਾਰਾ  ਅਤੇ ਰੂਪਵਾਦੀ ਵਿਚਾਰਧਾਰਾ। ਵਿਚਾਰਵਾਦੀ ਭਾਸ਼ਾ- ਵਿਗਿਆਨੀ ਵਾਕ ਨੂੰ ਸੰਪੂਰਨ ਅਰਥ/ਵਿਚਾਰ ਪ੍ਰਗਟ ਕਰਨ ਵਾਲੀ ਇਕਾਈ ਮੰਨਦੇ ਹਨ ਜਦੋਂ ਕਿ ਰੂਪਵਾਦੀ ਭਾਸ਼ਾ-ਵਿਗਿਆਨੀ ਵਾਕ ਦੇ ਸੰਗਠਨ  ਨੂੰ ਵਾਕ ਦਾ ਸਰੂਪ ਨਿਸ਼ਚਿਤ ਕਰਨ ਲਈ ਆਧਾਰ ਬਣਾਉਂਦੇ ਹਨ। ਜਿੱਥੋਂ ਤੱਕ ਸੰਪੂਰਨ ਵਿਚਾਰ ਦਾ ਸੁਆਲ ਹੈ, ਇਹ ਮਸਲਾ ਅਰਥ  ਦੇ ਨਾਲ-ਨਾਲ ਮਨੋਵਿਗਿਆਨ  ਨਾਲ  ਵੀ ਸੰਬੰਧਿਤ ਹੈ। ਸੰਪੂਰਨ ਵਿਚਾਰ ਇੱਕ ਵਿਵਾਦਗ੍ਰਸਤ ਮਸਲਾ ਹੈ। ਕਈ ਵਾਰ  ਇੱਕ ਪੂਰਾ  ਪਾਠ  (text) ਵੀ ਸੰਪੂਰਨ ਵਿਚਾਰ ਪ੍ਰਸਤੁਤ ਕਰਨ ਤੋਂ ਅਸਮਰਥ ਹੁੰਦਾ ਹੈ ਪਰ ਵਾਕ ਤਾਂ ਪਾਠ ਦਾ ਇੱਕ ਛੋਟਾ ਜਿਹਾ ਅੰਗ  ਹੁੰਦਾ ਹੈ। ਇਸ ਅੰਗ ਤੋਂ ਪੂਰਨ  ਵਿਚਾਰ ਨੂੰ ਪ੍ਰਸਤੁਤ ਕਰਵਾ  ਸਕਣ ਦੀ ਸਮਰੱਥਾ ਕਿੰਤੂ ਪੂਰਨ ਹੈ। ਦੂਜੇ ਪਾਸੇ ਰੂਪਵਾਦੀਆਂ ਦੀ ਧਾਰਨਾ, ਰੂਪ  ਦੀ ਭਿੰਨਤਾ ਕਰ ਕੇ ਵਾਕ ਦੀ ਪਰਿਭਾਸ਼ਾ ਕਰਨ ਵਿੱਚ ਅੜਿੱਕਾ ਬਣਦੀ ਹੈ। ਵਾਕ ਦੀ ਜੁਗਤ ਵਿੱਚ ‘ਉਦੇਸ਼ ਅਤੇ ਵਿਧੇ`, ‘ਪੂਰਨ ਅਤੇ ਅਧੂਰੇ ਵਾਕ`, ‘ਕਿਰਿਆ ਰਹਿਤ  ਅਤੇ ਕਿਰਿਆ  ਸਹਿਤ` ਪ੍ਰਕਾਰ ਦੇ ਵਾਕ ਵਿਚਰਦੇ ਹਨ। ਵਾਕ ਨੂੰ ਰੂਪ ਤੱਕ ਸੀਮਿਤ ਕਰਨ ਅਤੇ ਅਰਥਾਂ ਨੂੰ ਖ਼ਾਰਜ ਕਰ ਦੇਣ ਨਾਲ ਵਾਕ ਦੀ ਸਹੀ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ। ਵਾਕ ਦੇ ਸੰਗਠਨ ਦਾ ਅਧਿਐਨ ਬਣਤਰ ਅਤੇ ਕਾਰਜ  ਦੇ ਆਧਾਰ ਤੇ ਕੀਤਾ ਜਾ ਸਕਦਾ ਹੈ। ਇਸ ਲਈ ਵਾਕ ਦਾ ਰੂਪ ਅਤੇ ਅਰਥ ਦੀ ਦ੍ਰਿਸ਼ਟੀ ਤੋਂ ਅਧਿਐਨ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਵਾਕ ਵਿਆਕਰਨਿਕ ਅਧਿਐਨ ਦੀ ਅਜਿਹੀ ਵੱਡੀ ਤੋਂ ਵੱਡੀ ਇਕਾਈ ਹੈ ਜੋ ਆਪਣੇ ਸੰਗਠਨ ਕਰ ਕੇ ਦੂਜੀ ਇਕਾਈ ਦੇ ਤੁਲ ਨਹੀਂ ਅਤੇ ਨਾ ਹੀ ਕਿਸੇ ਦੂਜੀ ਇਕਾਈ ਦੇ ਅਧੀਨ ਹੁੰਦੀ ਹੈ। ਵਾਕ ਦਾ ਅਧਿਐਨ ਕਰਨ ਲਈ ਇਸ ਦੀ ਬਣਤਰ ਵਿੱਚ ਵਿਚਰਦੇ ਅੰਗਾਂ ‘ਉਦੇਸ਼ ਤੇ ਵਿਧੇ, ਕਿਰਿਆ ਰਹਿਤ ਤੇ ਕਿਰਿਆ ਸਹਿਤ, ਪੂਰੇ ਤੇ ਅਧੂਰੇ` ਵਾਕਾਂ ਦਾ ਅਧਿਐਨ ਕੀਤਾ ਜਾਂਦਾ ਹੈ। ਬਣਤਰ ਦੇ ਪੱਖ  ਤੋਂ ਪੰਜਾਬੀ  ਵਾਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਸਧਾਰਨ, ਸੰਯੁਕਤ ਅਤੇ ਮਿਸ਼ਰਤ। ਕਾਰਜ ਦੇ ਪੱਖ ਤੋਂ ਵੀ ਪੰਜਾਬੀ ਵਾਕ ਤਿੰਨ ਪ੍ਰਕਾਰ ਦੇ ਹੁੰਦੇ ਹਨ-ਬਿਆਨੀਆਂ, ਆਗਿਆਵਾਚੀ ਅਤੇ ਪ੍ਰਸ਼ਨ- ਵਾਚਕ ਵਾਕ।
    
      
      
      
         ਲੇਖਕ : ਬਲਦੇਵ ਸਿੰਘ ਚੀਮਾ, 
        ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 46820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
      
      
   
   
      ਵਾਕ ਸਰੋਤ : 
    
      ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
      
           
     
      
      
      
        ਵਾਕ: ਇਸ ਸੰਕਲਪ  ਦੀ ਵਰਤੋਂ  ਵਿਆਕਰਨਕ ਇਕਾਈਆਂ ਦੀ ਸਥਾਪਤੀ  ਕਰਨ ਵੇਲੇ ਕੀਤੀ ਜਾਂਦੀ ਹੈ। ਵਿਆਕਰਨਕ ਅਧਿਅਨ ਦੀ ਵੱਡੀ ਤੋਂ ਵੱਡੀ ਇਕਾਈ  ਨੂੰ ਵਾਕ ਆਖਿਆ ਜਾਂਦਾ ਹੈ। ਇਸੇ ਲੜੀ  ਵਿਚ ਸ਼ਬਦ  ਜਾਂ ਭਾਵਾਂਸ਼  ਨੂੰ ਛੋਟੀ ਤੋਂ ਛੋਟੀ ਇਕਾਈ ਕਿਹਾ ਜਾਂਦਾ ਹੈ। ਵਾਕ ਆਪਣੀ ਸੰਰਚਨਾਤਮਕ ਬਣਤਰ ਕਰਕੇ ਕਿਸੇ ਦੂਜੀ ਇਕਾਈ ਦੇ ਅਧੀਨ  ਨਹੀਂ ਹੁੰਦਾ। ਭਾਸ਼ਾ  ਵਿਗਿਆਨੀਆਂ ਵਿਚ ਵੱਖ ਵੱਖ ਧਾਰਨਾਵਾਂ ਅਤੇ  ਦਰਿਸ਼ਟੀਕੋਣਾਂ ਦੀ ਭਿੰਨਤਾ ਕਰਕੇ, ਇਸ ਸੰਕਲਪ ਦੀ ਪਰਿਭਾਸ਼ਾ  ਕਰਨ ਵੇਲੇ ਮਤਭੇਦ ਸਾਹਮਣੇ ਆਉਂਦੇ ਹਨ। ਪਰ  ਇਸ ਸੰਕਲਪ ਦੀ ਪਛਾਣ  ਹਿੱਤ ਲੱਛਣਾਂ ਦੇ ਅਧਾਰ ’ਤੇ ਵਾਕ ਨੂੰ ਦੂਜੀਆਂ ਇਕਾਈਆਂ ਨਾਲੋਂ ਵੱਖ ਕਰਨਾ  ਅਤੇ ਉਨ੍ਹਾਂ ਦੇ ਮੁਕਾਬਲੇ ਸਥਾਪਤ ਕਰਨਾ  ਕੋਈ  ਬਹੁਤਾ ਵਿਵਾਦਪੂਰਨ ਮਸਲਾ  ਨਹੀਂ ਲਗਦਾ। ਲਿਖਤੀ ਅਤੇ ਬੋਲਚਾਲ ਦੀ ਭਾਸ਼ਾ  ਵਿਚੋਂ ਇਸ ਇਕਾਈ ਨੂੰ ਇਕ ਮਾਤ-ਭਾਸ਼ਾਈ ਬੁਲਾਰਾ ਸਹਿਜੇ ਹੀ ਵੱਖ ਕਰਕੇ ਵੇਖ ਸਕਣ ਦੀ ਸਮਰੱਥਾ ਰੱਖਦਾ ਹੈ। ਇਸ ਦੀ ਪਰਿਭਾਸ਼ਾ ਕਰਨ ਵੇਲੇ ਦੋ ਪਰਮੁਖ ਵਿਚਾਰਧਾਰਾਵਾਂ ਇਕ ਦੂਜੇ  ਦੇ ਵਿਰੋਧ  ਵਿਚ ਹਨ। ਇਹ ਹਨ : (i) ਵਿਚਾਰਵਾਦੀ ਵਿਚਾਰਧਾਰਾ  ਅਤੇ (ii) ਰੂਪਵਾਦੀ ਵਿਚਾਰਧਾਰਾ। ਵਿਚਾਰਵਾਦੀ ਭਾਸ਼ਾ ਵਿਗਿਆਨੀ ਵਾਕ ਨੂੰ ਸੰਪੂਰਨ ਅਰਥ\ਵਿਚਾਰ ਪਰਗਟ ਕਰਨ ਵਾਲੀ ਇਕਾਈ ਮੰਨਦੇ ਹਨ ਜਦੋਂ ਕਿ ਰੂਪਵਾਦੀ ਭਾਸ਼ਾ ਵਿਗਿਆਨੀ ਵਾਕ ਦੇ ਸੰਗਠਨ  ਨੂੰ ਵਾਕ ਦਾ ਸਰੂਪ ਨਿਸ਼ਚਤ ਕਰਨ ਲਈ ਅਧਾਰ ਬਣਾਉਂਦੇ ਹਨ। ਜਿਥੋਂ ਤੱਕ ਸੰਪੂਰਨ ਵਿਚਾਰ ਦਾ ਸੁਆਲ ਹੈ, ਇਹ ਮਸਲਾ ਅਰਥ  ਦੇ ਨਾਲ  ਨਾਲ ਮਨੋਵਿਗਿਆਨ  ਨਾਲ ਵੀ ਸਬੰਧਤ ਹੈ। ਸੰਪੂਰਨ ਵਿਚਾਰ ਇਕ ਵਿਵਾਦਗ੍ਰਸਤ ਮਸਲਾ ਹੈ। ਕਈ ਵਾਰ  ਇਕ ਪੂਰਾ  ਪਾਠ  Text ਵੀ ਸੰਪੂਰਨ ਵਿਚਾਰ ਪ੍ਰਸਤੁਤ ਕਰਨ ਤੋਂ ਅਸਮਰਥ ਹੁੰਦਾ ਹੈ ਪਰ ਵਾਕ ਤਾਂ ਪਾਠ ਦਾ ਇਕ ਛੋਟਾ ਜਿਹਾ ਅੰਗ  ਹੁੰਦਾ ਹੈ। ਇਸ ਅੰਗ ਤੋਂ ਪੂਰਨ  ਵਿਚਾਰ ਨੂੰ ਪ੍ਰਸਤੁਤ ਕਰਵਾ  ਸਕਣ ਦੀ ਸਮਰੱਥਾ ਕਿੰਤੂ ਪੂਰਨ ਹੈ। ਦੂਜੇ ਪਾਸੇ ਰੂਪਵਾਦੀਆਂ ਦੀ ਧਾਰਨਾ, ਰੂਪ  ਦੀ ਭਿੰਨਤਾ ਕਰਕੇ ਭਾਵ ਦੀ ਪਰਿਭਾਸ਼ਾ ਕਰਨ ਵਿਚ ਅੜਿੱਕਾ ਬਣਦੀ ਹੈ। ਵਾਕ ਦੀ ਜੁਗਤ ਵਿਚ ‘ਉਦੇਸ਼ ਅਤੇ ਵਿਧੇ’, ‘ਪੂਰਨ ਅਤੇ ਅਧੂਰੇ ਵਾਕ’, ‘ਕਿਰਿਆ ਰਹਿਤ  ਅਤੇ ਕਿਰਿਆ  ਸਹਿਤ’ ਪਰਕਾਰ ਦੇ ਵਾਕ ਵਿਚਰਦੇ ਹਨ। ਵਾਕ ਨੂੰ ਰੂਪ ਤੱਕ ਸੀਮਤ ਕਰਨ ਅਤੇ ਅਰਥਾਂ ਨੂੰ ਖਾਰਜ ਕਰ ਦੇਣ ਨਾਲ ਵਾਕ ਦੀ ਸਹੀ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ। ਵਾਕ ਦੇ ਸੰਗਠਨ ਦਾ ਅਧਿਅਨ ਬਣਤਰ ਅਤੇ ਕਾਰਜ  ਦੇ ਅਧਾਰ ਤੇ ਕੀਤਾ ਜਾ ਸਕਦਾ ਹੈ। ਇਸ ਲਈ ਵਾਕ ਦਾ ਰੂਪ ਅਤੇ ਅਰਥ ਦੀ ਦਰਿਸ਼ਟੀ ਤੋਂ ਅਧਿਅਨ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਵਾਕ ਵਿਆਕਰਨਕ ਅਧਿਅਨ ਦੀ ਅਜਿਹੀ ਵੱਡੀ ਤੋਂ ਵੱਡੀ ਇਕਾਈ ਹੈ ਜੋ ਆਪਣੇ ਸੰਗਠਨ ਕਰਕੇ ਦੂਜੀ ਇਕਾਈ ਦੇ ਤੁਲ ਨਹੀਂ ਅਤੇ ਨਾ ਹੀ ਕਿਸੇ ਦੂਜੀ ਇਕਾਈ ਦੇ ਅਧੀਨ ਹੁੰਦੀ ਹੈ। ਵਾਕ ਦਾ ਅਧਿਅਨ ਕਰਨ ਲਈ ਇਸ ਦੀ ਬਣਤਰ ਵਿਚ ਵਿਚਰਦੇ ਅੰਗਾਂ ‘ਉਦੇਸ਼ ਤੇ ਵਿਧੇ, ਕਿਰਿਆ ਰਹਿਤ ਤੇ ਕਿਰਿਆ ਸਹਿਤ, ਪੂਰੇ ਤੇ ਅਧੂਰੇ ਅਤੇ ਵਿਧੇ’, ‘ਪੂਰਨ ਅਤੇ ਅਧੂਰੇ ਵਾਕ’, ‘ਕਿਰਿਆ ਰਹਿਤ ਅਤੇ ਕਿਰਿਆ ਸਹਿਤ’ ਪਰਕਾਰ ਦੇ ਵਾਕ ਵਿਚਰਦੇ ਹਨ। ਵਾਕ ਨੂੰ ਰੂਪ ਤੱਕ ਸੀਮਤ ਲਰਨ ਅਤੇ ਅਰਥਾਂ ਨੂੰ ਖਾਰਜ ਕਰ ਦੇਣ ਨਾਲ ਵਾਕ ਦੀ ਸਹੀ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ। ਵਾਕ ਦੇ ਸੰਗਠਨ ਦਾ ਅਧਿਅਨ ਬਣਤਰ ਅਤੇ ਕਾਰਜ ਦੇ ਅਧਾਰ ਤੇ ਕੀਤਾ ਜਾ ਸਕਦਾ ਹੈ। ਇਸ ਲਈ ਵਾਕ ਦਾ ਰੂਪ ਅਤੇ ਅਰਥ ਦੀ ਦਰਿਸ਼ਟੀ ਤੋਂ ਅਧਿਅਨ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਵਾਕ ਵਿਆਕਰਨਕ ਅਧਿਅਨ ਦੀ ਅਜਿਹੀ ਵੱਡੀ ਤੋਂ ਵੱਡੀ ਇਕਾਈ ਹੈ ਜੋ ਆਪਣੇ ਸੰਗਠਨ ਕਰਕੇ ਦੂਜੀ ਇਕਾਈ ਦੇ ਤੁਲ ਨਹੀਂ ਅਤੇ ਨਾ ਹੀ ਕਿਸੇ ਦੂਜੀ ਇਕਾਈ ਦੇ ਅਧੀਨ ਹੁੰਦੀ ਹੈ। ਵਾਕ ਦਾ ਅਧਿਅਨ ਕਰਨ ਲਈ ਇਸ ਦੀ ਬਣਤਰ ਵਿਚ ਵਿਚਰਦੇ ਅੰਗਾਂ ‘ਉਦੇਸ਼ ਤੇ ਵਿਧੇ, ਕਿਰਿਆ ਰਹਿਤ ਤੇ ਕਿਰਿਆ ਸਹਿਤ, ਪੂਰੇ ਤੇ ਅਧੂਰੇ ਵਾਕਾਂ ਦਾ ਅਧਿਅਨ ਕੀਤਾ ਜਾਂਦਾ ਹੈ। ਬਣਤਰ ਦੇ ਪੱਖ  ਤੋਂ ਪੰਜਾਬੀ  ਵਾਕਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਸਧਾਰਨ  (ii) ਸੰਯੁਕਤ ਅਤੇ (iii) ਮਿਸ਼ਰਤ। ਕਾਰਜ ਦੇ ਪੱਖ ਤੋਂ ਪੰਜਾਬੀ ਵਾਕ ਤਿੰਨ ਪਰਕਾਰ ਦੇ ਹੁੰਦੇ ਹਨ : (i) ਬਿਆਨੀਆਂ (ii) ਆਗਿਆਵਾਚੀ ਅਤੇ (iii) ਪ੍ਰਸ਼ਨ-ਵਾਚਕ ਵਾਕ।
    
      
      
      
         ਲੇਖਕ : ਬਲਦੇਵ ਸਿੰਘ ਚੀਮਾ, 
        ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 46786, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
      
      
   
   
      ਵਾਕ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਵਾਕ [ਨਾਂਪੁ] ਭਾਸ਼ਾ  ਦੀ ਵੱਡੀ ਇਕਾਈ , ਉਹ ਸ਼ਬਦ  ਜਾਂ ਸ਼ਬਦਾਂ ਦਾ ਸਮੂਹ  ਜਿਸ ਤੋਂ ਕੋਈ  ਵਿਚਾਰ ਜਾਂ ਭਾਵ ਪ੍ਰਗਟ ਹੋਵੇ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
      
      
   
   
      ਵਾਕ ਸਰੋਤ : 
    
      ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
      
           
     
      
      
      
        ਵਾਕ: ਸਿੱਖ ਧਰਮ  ਵਿਚ ‘ਵਾਕ’ ਇਕ ਪਰਿਭਾਸ਼ਿਕ ਸ਼ਬਦ  ਹੈ। ਅਰਦਾਸ  ਤੋਂ ਬਾਦ ਗੁਰੂ ਗ੍ਰੰਥ ਸਾਹਿਬ  ਵਿਚੋਂ ਪੜ੍ਹੇ ਗਏ ਸ਼ਬਦ/ਸ਼ਲੋਕ ਨੂੰ ‘ਵਾਕ’ ਕਿਹਾ ਜਾਂਦਾ ਹੈ। ਇਸ ਨੂੰ ਗੁਰੂ  ਸਾਹਿਬ ਦਾ ‘ਹੁਕਮ ’ ਵੀ ਮੰਨਿਆ ਜਾਂਦਾ ਹੈ। ਇਸ ਦੀ ਵਿਧੀ ਲਈ  ਵੇਖੋ ‘ਵਾਕ ਲੈਣਾ ’।
    
      
      
      
         ਲੇਖਕ : ਡਾ. ਰਤਨ ਸਿੰਘ ਜੱਗੀ, 
        ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46072, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First