ਵਾਕਿਆਪਦੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਾਕਿਆਪਦੀ : ਵਾਕਿਆਪਦੀ ਸੰਸਕ੍ਰਿਤ ਭਾਸ਼ਾ ਵਿੱਚ ਭਰਤਰੀਹਰੀ ਦੁਆਰਾ ਲਿਖਿਆ ਗਿਆ ਇੱਕ ਵਿਆਕਰਨਿਕ ਗ੍ਰੰਥ ਹੈ। ਵਾਕਿਆਪਦੀ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਦੋ ਸ਼ਬਦਾਂ ਵਾਕਯ+ਪਦ ਦੇ ਸੰਯੋਗ ਤੋਂ ਬਣਿਆ ਹੈ। ਵਾਕਿਆਪਦੀ ਦੀ ਰਚਨਾ ਕਿਸ ਕਾਲ ਵਿੱਚ ਹੋਈ, ਇਸ ਬਾਰੇ ਕੋਈ ਨਿਸ਼ਚਿਤ ਸੂਚਨਾ ਉਪਲਬਧ ਨਹੀਂ। ਇਸ ਦੇ ਨਾਲ ਹੀ ਵਾਕਿਆਪਦੀ ਰਚੈਤਾ ਭਰਤਰੀਹਰੀ ਦੇ ਜੀਵਨ-ਵੇਰਵੇ ਸਬੰਧੀ ਵੀ ਕੋਈ ਭਰੋਸੇਯੋਗ ਸੂਚਨਾ ਨਹੀਂ ਮਿਲਦੀ। ਇਸੇ ਕਾਰਨ ਭਰਤਰੀਹਰੀ ਦੇ ਜੀਵਨ ਕਾਲ ਸੰਬੰਧੀ ਵਿਦਵਾਨਾਂ ਵਿੱਚ ਮੱਤ-ਭੇਦ ਹੈ। ਕੁਝ ਵਿਦਵਾਨ ਤਾਂ ਚੀਨੀ ਤੀਰਥ ਯਾਤਰੀ ਇਤਿਸੰਗ ਦੇ ਕਥਨ ਨੂੰ ਸੱਚ ਮੰਨਦੇ ਹਨ। ਉਸ ਦੇ ਕਥਨ ਅਨੁਸਾਰ ਭਰਤਰੀਹਰੀ ਦੀ ਮੌਤ 651 ਵਿੱਚ ਹੋਈ। ਪਰੰਤੂ ਕੁਝ ਹੋਰ ਵਿਦਵਾਨ ਇਤਿਹਾਸਿਕ ਪ੍ਰਮਾਣਾਂ ਦੇ ਆਧਾਰ `ਤੇ ਭਰਤਰੀਹਰੀ ਦਾ ਜੀਵਨ ਕਾਲ ਇਸ ਸਮੇਂ ਤੋਂ ਲਗਪਗ ਦੋ ਸਦੀਆਂ ਪਿੱਛੇ ਲੈ ਜਾਂਦੇ ਹਨ। ਫਰਾਉਵਾਲਨਰ ਭਰਤਰੀਹਰੀ ਦਾ ਜੀਵਨ ਸਮਾਂ 450-510 ਨਿਸ਼ਚਿਤ ਕਰਦਾ ਹੈ। ਇਤਿਹਾਸਿਕ ਪ੍ਰਮਾਣਾਂ ਉਪਰ ਆਧਾਰਿਤ ਹੋਣ ਕਾਰਨ ਭਰਤਰੀਹਰੀ ਦੇ ਜੀਵਨ ਦਾ ਇਹ ਸਮਾਂ ਵਧੇਰੇ ਤਰਕਸੰਗਤ ਅਤੇ ਸਹੀ ਮੰਨਿਆ ਗਿਆ ਹੈ। ਇਸ ਆਧਾਰ ਉੱਤੇ ਵਾਕਿਆਪਦੀ ਦੀ ਰਚਨਾ ਪੰਜਵੀਂ ਸਦੀ ਦੇ ਪਿਛਲੇ ਅੱਧ ਅਤੇ ਛੇਵੀਂ ਸਦੀ ਦੇ ਪਹਿਲੇ ਦਹਾਕੇ ਦਰਮਿਆਨ ਹੋਈ ਮੰਨੀ ਜਾ ਸਕਦੀ ਹੈ। ਵਾਕਿਆਪਦੀ ਤੋਂ ਇਲਾਵਾ ਭਰਤਰੀਹਰੀ ਦੇ ਨਾਂ ਉਪਰ ਮਹਾਂਭਾਸ਼ ਦੀ ਟੀਕਾ, ਵਾਕਿਆਪਦੀ ਵਰਿਤ (o`fÙk) ਸ਼ਬਦਧਾਤੂ ਸਮੀਕਸ਼ਾ, ਨੀਤੀ, ਸ਼ਿੰਗਾਰ ਔਰ ਵੈਰਾਗ ਕੇ ਸ਼ਤਕ ਅਤੇ ਭੱਟ ਕਾਵਿ ਆਦਿ ਰਚਨਾਵਾਂ ਵੀ ਮਿਲਦੀਆਂ ਹਨ। ਇਹਨਾਂ ਤੋਂ ਮਾਲੂਮ ਹੁੰਦਾ ਹੈ ਕਿ ਭਰਤਰੀਹਰੀ ਵਿਆਕਰਨਿਕ, ਦਾਰਸ਼ਨਿਕ, ਬ੍ਰਾਹਮਣ, ਬੋਧੀ ਅਤੇ ਜੈਨੀ ਆਦਿ ਸੰਸਕ੍ਰਿਤ ਸਾਹਿਤ ਵਿੱਚ ਇੱਕ ਪ੍ਰਸਿੱਧ ਲੇਖਕ ਹੋਇਆ ਹੈ।

     ਵਾਕਿਆਪਦੀ ਦੀ ਰਚਨਾ ਕਾਰਿਕਾਵਾਂ ਦੇ ਰੂਪ ਵਿੱਚ ਹੋਈ ਹੈ। ਇਹ ਕਾਰਿਕ ਛੰਦ ਜਾਂ ਸਲੋਕ ਵਾਂਗ ਹੀ ਇੱਕ ਕਾਵਿ-ਰੂਪ ਹੈ। ਪੁਰਾਤਨ ਸਮੇਂ ਵਿੱਚ ਇਸ ਕਾਵਿ-ਰੂਪ ਦਾ ਪ੍ਰਯੋਗ ਵਿਆਕਰਨਿਕ, ਦਰਸ਼ਨ ਅਤੇ ਵਿਗਿਆਨ ਵਰਗੇ ਵਿਸ਼ਿਆਂ ਦੇ ਪ੍ਰਗਟਾਵੇ ਲਈ ਕੀਤਾ ਜਾਂਦਾ ਸੀ। ਕਾਰਿਕਾ ਕਾਵਿ-ਰੂਪ ਸੰਖੇਪ ਸ਼ੈਲੀ ਉਪਰ ਆਧਾਰਿਤ ਹੁੰਦਾ ਹੈ। ਜਿਸ ਕਾਰਨ ਇਹ ਥੋੜ੍ਹੇ ਸ਼ਬਦਾਂ ਵਿੱਚ ਵਿਸ਼ਾਲ ਭਾਵ ਪ੍ਰਗਟਾਉਣ ਦੇ ਸਮਰੱਥ ਹੁੰਦਾ ਹੈ। ਕਾਰਿਕਾਵਾਂ ਦੇ ਅਰਥ ਨੂੰ ਸਹੀ ਰੂਪ ਵਿੱਚ ਸਮਝਣ ਲਈ ਟੀਕਿਆਂ ਆਦਿ ਦੀ ਮਦਦ ਲੈਣੀ ਪੈਂਦੀ ਹੈ। ਵਰਤਮਾਨ ਸਮੇਂ ਵਾਕਿਆਪਦੀ ਦੇ ਉਪਲਬਧ ਸਰੂਪ ਵਿੱਚ 2000 ਤੋਂ ਕੁਝ ਘੱਟ ਕਾਰਿਕਾਵਾਂ ਮੌਜੂਦ ਹਨ। ਵਾਕਿਆਪਦੀ ਵਿੱਚ ਤਿੰਨ ਕਾਂਡ ਹਨ। ਪਹਿਲਾ ਬ੍ਰਹਮਕਾਂਡ, ਦੂਜਾ ਵਾਕ ਕਾਂਡ, ਅਤੇ ਤੀਸਰਾ ਪਦ ਕਾਂਡ ਜਾਂ ਪ੍ਰਕੀਰਨ ਕਾਂਡ ਹੈ। ਪਹਿਲੇ ਦੋ ਕਾਂਡਾਂ ਵਿੱਚ ਕੁੱਲ 634 ਕਾਰਿਕਾਵਾਂ ਮੌਜੂਦ ਹਨ ਅਤੇ ਤੀਸਰੇ ਕਾਂਡ ਵਿੱਚ ਕਾਰਿਕਾਵਾਂ ਦੀ ਗਿਣਤੀ 1320 ਦੇ ਕਰੀਬ ਹੈ। ਪਰੰਪਰਿਕ ਰੂਪ ਵਿੱਚ ਵਾਕਿਆਪਦੀ ਨੂੰ ਭਾਵੇਂ ਸੰਸਕ੍ਰਿਤ ਭਾਸ਼ਾ ਨਾਲ ਸੰਬੰਧਿਤ ਇੱਕ ਵਿਆਕਰਨਿਕ ਗ੍ਰੰਥ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ, ਪਰੰਤੂ ਵਰਤਮਾਨ ਸਮੇਂ ਵਿੱਚ ਆਧੁਨਿਕ ਭਾਸ਼ਾ-ਵਿਗਿਆਨਿਕ ਦ੍ਰਿਸ਼ਟੀ ਤੋਂ ਘੋਖਦੇ ਹੋਏ ਭਾਸ਼ਾ-ਵਿਗਿਆਨੀ ਵਾਕਿਆਪਦੀ ਨੂੰ ਸਮਾਨਯ ਭਾਸ਼ਾ-ਵਿਗਿਆਨ ਦੇ ਗ੍ਰੰਥ ਦੇ ਰੂਪ ਵਿੱਚ ਮਾਨਤਾ ਦਿੰਦੇ ਹਨ। ਵਾਕਿਆਪਦੀ ਵਿੱਚ ਪ੍ਰਗਟ ਹੋਏ ਭਾਸ਼ਾ ਸਿਧਾਂਤ ਸਰਬਭਾਸ਼ੀ ਸਿਧਾਂਤਾਂ ਵਜੋਂ ਮਹੱਤਵ ਰੱਖਦੇ ਹਨ। ਅਸਲ ਵਿੱਚ ਭਰਤਰੀਹਰੀ ਨੇ ਆਪਣੇ ਭਾਸ਼ਾਈ ਵਿਸ਼ਲੇਸ਼ਣ ਦੇ ਆਧਾਰ ਭਾਵੇਂ ਸੰਸਕ੍ਰਿਤ ਨੂੰ ਬਣਾਇਆ ਹੈ ਪਰ ਭਾਸ਼ਾਈ ਤੱਤਾਂ ਦੇ ਸੰਬੰਧ ਵਿੱਚ ਉਸ ਦੀਆਂ ਧਾਰਨਾਵਾਂ ਸਾਰੀਆਂ ਭਾਸ਼ਾਵਾਂ ਉਪਰ ਸਮਾਨ ਰੂਪ ਲਾਗੂ ਹੁੰਦੀਆਂ ਹਨ। ਵਾਕਿਆਪਦੀ ਦੇ ਸਿਰਲੇਖ ਤੋਂ ਇਹ ਲੱਗਦਾ ਹੈ ਕਿ ਇਹ ਗ੍ਰੰਥ ਵਾਕ ਅਤੇ ਪਦ (ਸ਼ਬਦ) ਦੇ ਬਾਰੇ ਵਿਚਾਰ ਕਰਦਾ ਹੈ। ਅਸਲ ਵਿੱਚ ਇਸ ਗ੍ਰੰਥ ਵਿੱਚ ਇਹਨਾਂ ਦੋਨਾਂ ਵਿਸ਼ਿਆਂ ਬਾਰੇ ਏਨੇ ਵਿਸਤਾਰ ਵਿੱਚ ਚਰਚਾ ਕੀਤੀ ਗਈ ਹੈ ਕਿ ਇਹ ਗ੍ਰੰਥ ਭਾਸ਼ਾ ਬਾਰੇ ਬਹੁ-ਸੰਖਿਅਕ ਵਿਸ਼ਿਆਂ ਨੂੰ ਛੂਹ ਜਾਂਦਾ ਹੈ। ਵਾਕਿਆਪਦੀ ਵਿੱਚ ਹੀ ਮਿਲਦੇ ਇੱਕ ਉਲੇਖ ਦੁਆਰਾ ਵਾਕਿਆਪਦੀ ਵਿੱਚ ਵਰਣਨ ਕੀਤੇ ਵਿਸ਼ਿਆਂ ਬਾਰੇ ਪਤਾ ਲੱਗਦਾ ਹੈ। ਇਸ ਉਲੇਖ ਅਨੁਸਾਰ ਵਾਕਿਆਪਦੀ ਵਿੱਚ ਅੱਠ ਤਰ੍ਹਾਂ ਦੇ ਵਿਸ਼ਿਆਂ ਦੀ, ਦੋ ਤਰ੍ਹਾਂ ਦੇ ਸ਼ਬਦਾਂ ਦੀ, ਦੋ ਤਰ੍ਹਾਂ ਦੇ ਅਰਥਾਂ ਦੀ, ਕਾਰਜ- ਕਰਨ ਭਾਵ ਅਤੇ ਅਰਥ ਉਤਪੰਨ ਯੋਗਤਾ ਦੀ ਅਤੇ ਦੋ ਤਰ੍ਹਾਂ ਦੇ ਪ੍ਰਯੋਜਨ ਜਾਂ ਮੰਤਵ ਦੀ ਵਿਆਖਿਆ ਕੀਤੀ ਗਈ ਹੈ।ਇਹ ਵਿਆਖਿਆ ਵੱਖ-ਵੱਖ ਕਾਂਡਾਂ ਵਿੱਚ ਵੱਖ- ਵੱਖ ਥਾਂਵਾਂ ਉਪਰ ਕੀਤੀ ਗਈ ਹੈ। ਇਸ ਦੇ ਪਹਿਲੇ ਕਾਂਡ, ਬ੍ਰਹਮਕਾਂਡ ਦੀਆਂ ਅਰੰਭਿਕ ਕਾਰਿਕਾਵਾਂ ਬ੍ਰਹਮ ਦੇ ਸਰੂਪ ਨੂੰ ਦਰਸਾਉਣ ਦਾ ਯਤਨ ਕਰਦੀਆਂ ਹਨ। ਇਸੇ ਕਾਂਡ ਵਿੱਚ ਵਿਆਕਰਨ ਦੇ ਪ੍ਰਯੋਜਨ ਜਾਂ ਉਦੇਸ਼ ਦਾ ਵਰਣਨ ਕੀਤਾ ਗਿਆ ਹੈ। ਅਰਥਾਤ ਇਸ ਕਾਂਡ ਵਿੱਚ ਇਹ ਦਰਸਾਇਆ ਗਿਆ ਹੈ ਕਿ ਵਿਆਕਰਨ ਪੜ੍ਹਨ ਨਾਲ ਕਿਸ ਤਰ੍ਹਾਂ ਦੇ ਫਲ ਦੀ ਪ੍ਰਾਪਤੀ ਹੁੰਦੀ ਹੈ। ਭਰਤਰੀਹਰੀ ਅਨੁਸਾਰ ਵਿਆਕਰਨ ਪੜ੍ਹਨ ਨਾਲ ਦੋ ਤਰ੍ਹਾਂ ਦਾ ਫਲ ਪ੍ਰਾਪਤ ਹੁੰਦਾ ਹੈ। ਇੱਕ ਤਾਂ ਅਧਿਆਤਮਿਕ ਪੁੰਨ ਪ੍ਰਾਪਤ ਹੁੰਦਾ ਹੈ ਅਤੇ ਦੂਜਾ ਅਰਥ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਭਰਤਰੀਹਰੀ ਅਨੁਸਾਰ ਇਹ ਵਿਆਕਰਨ ਪੜ੍ਹਨ ਨਾਲ ਸ਼ੁੱਧ ਸ਼ਬਦਾਂ ਦਾ ਗਿਆਨ ਹੁੰਦਾ ਹੈ ਅਤੇ ਸ਼ੁੱਧ ਸ਼ਬਦਾਂ ਦੀ ਵਰਤੋਂ ਦੁਆਰਾ ਵਿਅਕਤੀ ਧਰਮ ਨੂੰ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਵਿਅਕਤੀ ਪਰਮ ਬ੍ਰਹਮ ਨੂੰ ਪ੍ਰਾਪਤ ਕਰ ਸਕਦਾ ਹੈ। ਇਸ ਵਿੱਚ ਅਰਥ ਦੇ ਸੂਚਕ ਅਤੇ ਵਿਆਕਰਨ ਦੁਆਰਾ ਵਿਆਖਿਆ- ਯੋਗ ਸ਼ਬਦ ਬਾਰੇ ਵੀ ਵਿਚਾਰ ਕੀਤਾ ਗਿਆ ਹੈ। ਵਾਕਿਆਪਦੀ ਵਿੱਚ ਸ਼ਬਦ ਤੋਂ ਅਰਥ ਦੀ ਉਤਪਤੀ ਨਾਲ ਸੰਬੰਧਿਤ ਸਫੋਟ ਸਿਧਾਂਤ ਨੂੰ ਵੀ ਪ੍ਰਸਤੁਤ ਕੀਤਾ ਗਿਆ ਹੈ। ਦੂਸਰਾ ਕਾਂਡ ਵਾਕ ਨਾਲ ਸੰਬੰਧਿਤ ਹੈ। ਇਸ ਵਿੱਚ ਵਾਕ ਅਤੇ ਵਾਕ-ਅਰਥ ਨੂੰ ਹੀ ਪੂਰਨ ਸੱਚ ਮੰਨਿਆ ਗਿਆ ਹੈ। ਇਹ ਪੂਰਾ ਕਾਂਡ ਖੰਡਨ-ਮੰਡਨ ਦੀ ਸ਼ੈਲੀ ਵਿੱਚ ਲਿਖਿਆ ਗਿਆ ਹੈ। ਇਸ ਵਿੱਚ ਪ੍ਰਸ਼ਨ ਭਾਵੇਂ ਸੰਸਕ੍ਰਿਤ ਭਾਸ਼ਾ ਨਾਲ ਸੰਬੰਧਿਤ ਉਠਾਏ ਗਏ ਹਨ, ਪਰ ਇਹ ਪ੍ਰਸ਼ਨ ਸਧਾਰਨ ਤੌਰ ਤੇ ਹਰੇਕ ਭਾਸ਼ਾ ਨਾਲ ਸੰਬੰਧ ਰੱਖਦੇ ਹਨ। ਇਹਨਾਂ ਪ੍ਰਸ਼ਨਾਂ ਦੇ ਦਿੱਤੇ ਗਏ ਉੱਤਰ ਵੀ ਸਮਾਨ ਰੂਪ ਵਿੱਚ ਹਰੇਕ ਭਾਸ਼ਾ ਉਪਰ ਲਾਗੂ ਹੁੰਦੇ ਹਨ। ਇਸ ਤਰ੍ਹਾਂ ਵਾਕਿਆਪਦੀ ਵਿੱਚ ਚਰਚਿਤ ਵਿਸ਼ੇ ਆਧੁਨਿਕ ਭਾਸ਼ਾ-ਵਿਗਿਆਨੀਆਂ ਲਈ ਮਹੱਤਵਪੂਰਨ ਬਣ ਜਾਂਦੇ ਹਨ। ਵਾਕਿਆਪਦੀ ਦਾ ਤੀਸਰਾ ਕਾਂਡ ਪਦ-ਕਾਂਡ ਹੈ। ਇਹ ਵਾਕ ਦੇ ਵਿਸ਼ਲੇਸ਼ਣ ਦੁਆਰਾ ਪ੍ਰਾਪਤ ਪਦਾਂ ਦੇ ਵਿਸ਼ੇਸ਼ ਪਰੰਤੂ ਵਿਵਹਾਰਿਕ ਅਰਥਾਂ ਦੀ ਵਿਆਖਿਆ ਕਰਦਾ ਹੈ। ਵਾਕ ਦਾ ਮੁੱਖ ਸ਼ਬਦ ਕਿਰਿਆ ਹੈ। ਕਿਰਿਆ ਤੋਂ ਇਲਾਵਾ ਵਾਕ ਵਿਚਲੇ ਹੋਰ ਸ਼ਬਦ ਕਿਰਿਆ ਨਾਲ ਸੰਬੰਧਿਤ ਹੋ ਕੇ ਆਉਣ ਵਾਲੇ ਨਾਂਵ ਹਨ। ਤੀਸਰਾ ਕਾਂਡ ਇਹਨਾਂ ਕਿਰਿਆ ਅਤੇ ਨਾਂਵ ਸ਼ਬਦਾਂ ਅਤੇ ਇਹਨਾਂ ਦੇ ਅੰਗਾਂ ਦੁਆਰਾ ਵਿਅਕਤ ਧਾਰਨਾਵਾਂ ਦੀ ਵਿਆਖਿਆ ਕਰਦਾ ਹੈ। ਇਹ ਸ਼ਬਦ ਹਮੇਸ਼ਾਂ ਕਿਸੇ ਨਾ ਕਿਸੇ ਅਰਥ ਨਾਲ ਸੰਬੰਧਿਤ ਹੁੰਦੇ ਹਨ। ਇਸ ਕਾਂਡ ਵਿਚਲੇ ਜਾਤੀ, ਦ੍ਰਵਯ ਅਤੇ ਸੰਬੰਧ ਪ੍ਰਸੰਗਾਂ ਦੁਆਰਾ ਇਸ ਸ਼ਬਦ-ਅਰਥ ਸੰਬੰਧ ਦੀ ਵਿਆਖਿਆ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਗ੍ਰੰਥ ਵਿੱਚ ਇਹਨਾ ਪਦਾਂ ਨਾਲ ਸੰਬੰਧਿਤ ਕਾਰਕ (ਸਾਧਨ), ਦਿਸ਼ਾ (ਦਿਕ), ਗੁਣ (ਵਿਸ਼ੇਸ਼ਣ) ਆਦਿ ਬਾਰੇ ਵੀ ਵਿਸਤਾਰ ਵਿੱਚ ਵਿਆਖਿਆ ਪ੍ਰਸਤੁਤ ਕੀਤੀ ਗਈ ਹੈ। ਇਸ ਤਰ੍ਹਾਂ ਇੱਕ ਪ੍ਰਬੁੱਧ ਭਾਸ਼ਾ ਚਿੰਤਕ ਭਰਤਰੀਹਰੀ ਦੁਆਰਾ ਲਿਖਿਆ ਗਿਆ ਵਾਕਿਆਪਦੀ ਸਮੁੱਚੇ ਤੌਰ ਤੇ ਇੱਕ ਭਾਸ਼ਾ-ਵਿਗਿਆਨਿਕ ਗ੍ਰੰਥ ਹੈ।


ਲੇਖਕ : ਹਰਵਿੰਦਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.