ਵਾਕ-ਸੁਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਾਕ-ਸੁਰ: ਵਾਕ-ਸੁਰ ਸੰਕਲਪ ਦਾ ਅਧਿਅਨ ਅਤੇ ਵਿਸ਼ਲੇਸ਼ਣ ਅਖੰਡੀ ਧੁਨੀ-ਵਿਉਂਤ ਵਿਚ ਕੀਤਾ ਜਾਂਦਾ ਹੈ। ਸੁਰ ਅਤੇ ਵਾਕ-ਸੁਰ ਦੋਹਾਂ ਦਾ ਸਬੰਧ ਸੁਰ-ਤੰਦਾਂ ਨਾਲ ਹੈ। ਸੁਰ-ਤੰਦਾਂ ਦੀ ਕੰਬਣੀ ਦੀ ਗਤੀ ਨੂੰ ਪਿੱਚ ਕਿਹਾ ਜਾਂਦਾ ਹੈ। ਪਿੱਚ ਵਿਚ ਆਉਂਦੇ ਉਤਰਾ-ਚੜ੍ਹਾ ਜਦੋਂ ਭਾਸ਼ਾ ਦੇ ਪੱਧਰ ’ਤੇ ਸਾਰਥਕ ਹੁੰਦੇ ਹਨ ਤਾਂ ਉਸ ਨੂੰ ਸੁਰ ਜਾਂ ਵਾਕ-ਸੁਰ ਕਿਹਾ ਜਾਂਦਾ ਹੈ। ਭਾਸ਼ਾ ਦੇ ਪੱਧਰ ਦੀ ਇਹ ਸਾਰਥਕਤਾ ਜਦੋਂ ਸ਼ਬਦ ਤੋਂ ਉਜਾਗਰ ਹੁੰਦੀ ਹੋਵੇ ਤਾਂ ਇਸ ਨੂੰ ਸੁਰ ਕਿਹਾ ਜਾਂਦਾ ਹੈ ਪਰ ਜਦੋਂ ਇਹ ਵਾਕ ਤੋਂ ਉਜਾਗਰ ਹੁੰਦੀ ਹੋਵੇ ਤਾਂ ਇਸ ਨੂੰ ਵਾਕ-ਸੁਰ ਕਿਹਾ ਜਾਂਦਾ ਹੈ।। ਸੁਰ ਇਕ ਅਜਿਹਾ ਲੱਛਣ ਹੈ ਜੋ ਹਰ ਭਾਸ਼ਾ ਵਿਚ ਨਹੀਂ ਮਿਲਦਾ ਸਗੋਂ ਹਰ ਭਾਸ਼ਾ ਪਰਿਵਾਰ ਦੀਆਂ ਕੁਝ ਭਾਸ਼ਾਵਾਂ ਵਿਚ ਹੀ ਮਿਲਦਾ ਹੈ। ਇਸ ਦੇ ਉਲਟ ਵਾਕ-ਸੁਰ ਦੀ ਵਰਤੋਂ ਹਰ ਭਾਂਸ਼ਾ ਵਿਚ ਹੁੰਦੀ ਹੈ। ਆਮ ਤੌਰ ’ਤੇ ਵਾਕ-ਸੁਰ ਦਾ ਘੇਰਾ ਵਾਕ ਵਿਚ ਨਿਸ਼ਚਤ ਕੀਤਾ ਜਾਂਦਾ ਹੈ ਜਦੋਂ ਕਿ ਇਸ ਦਾ ਘੇਰਾ ਉਪਵਾਕ ਹੈ। ਹਰ ਇਕ ਉਪਵਾਕ ’ਤੇ ਕੋਈ ਨਾ ਕੋਈ ਵਾਕ-ਸੁਰ ਲਾਜ਼ਮੀ ਹੁੰਦੀ ਹੈ। ਵਾਕ-ਸੁਰ ਦੇ ਬਦਲ ਜਾਣ ਨਾਲ ਵਾਕ ਵਿਚਲੇ ਸ਼ਬਦਾਂ ਦੇ ਅਰਥਾਂ ਵਿਚ ਕੋਈ ਅੰਤਰ ਨਹੀਂ ਆਉਂਦਾ ਪਰ ਵਾਕ ਦਾ ਕਾਰਜ ਬਦਲ ਜਾਂਦਾ ਹੈ ਜਿਵੇਂ : (ੳ) ਉਹ ਚਲਾ ਗਿਆ। (ਅ) ਉਹ ਚਲਾ ਗਿਆ? (ੲ) ਉਹ ਚਲਾ ਗਿਆ! ਇਨ੍ਹਾਂ ਵਾਕਾਂ ਵਿਚ ਸ਼ਬਦਾਂ ਦੀ ਬਣਤਰ ਅਤੇ ਤਰਤੀਬ ਇਕੋ ਜਿਹੀ ਹੈ ਪਰ ਵਾਕ-ਸੁਰ ਦੇ ਬਦਲ ਜਾਣ ਨਾਲ ਇਨ੍ਹਾਂ ਦੇ ਅਰਥਾਂ (ਕਾਰਜ) ਵਿਚ ਪਰਿਵਰਤਨ ਆਇਆ ਹੈ। ਵਾਕ-ਸੁਰ ਰਾਹੀਂ ਵਕਤਾ ਦੀ ਮਾਨਸਿਕ ਅਵਸਥਾ ਦਾ ਪਤਾ ਚਲਦਾ ਹੈ। ਵਕਤਾ ਗੁੱਸੇ, ਹੈਰਾਨੀ, ਖੁਸ਼ੀ ਆਦਿ ਹਾਲਤਾਂ ਨੂੰ ਵਾਕ-ਸੁਰ ਰਾਹੀਂ ਪਰਗਟਾ ਸਕਦਾ ਹੈ। ਇਸ ਤੋਂ ਇਲਾਵਾ ਪ੍ਰਸ਼ਨ ਦੀ ਸਥਿਤੀ ਵੀ ਵਾਕ-ਸੁਰ ਨੂੰ ਪਰਭਾਵਤ ਕਰਦੀ ਹੈ। ਪੰਜਾਬੀ ਵਿਚ ਪ੍ਰਸ਼ਨ-ਸੂਚਕ ਵਾਕ ਦੋ ਪਰਕਾਰ ਦੇ ਹਨ (i) ਪ੍ਰਸ਼ਨ-ਸੂਚਕ ਸ਼ਬਦਾਂ ਵਾਲੇ ਅਤੇ (ii) ਵਾਕ-ਸੁਰ ਵਾਲੇ। ਪਹਿਲੀ ਪਰਕਾਰ ਦੇ ਪ੍ਰਸ਼ਨਾਂ ਦਾ ਪਤਾ ਪ੍ਰਸ਼ਨ-ਸੂਚਕ ਤੋਂ ਚਲ ਜਾਂਦਾ ਹੈ ਜਦੋਂ ਕਿ ਦੂਜੀ ਭਾਂਤ ਦੇ ਪ੍ਰਸ਼ਨਾਂ ਦਾ ਪਤਾ ਕੇਵਲ ਵਾਕ-ਸੁਰ ਤੋਂ ਹੀ ਲਗਦਾ ਹੈ। ਕਾਰਜ ਦੇ ਅਧਾਰ ਤੇ ਵਾਕ-ਸੁਰ ਨੂੰ ਪੂਰਨ ਅਤੇ ਅਪੂਰਨ ਵਿਚ ਵੰਡਿਆ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 4388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.