ਵਾਤਾਵਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਤਾਵਰਨ [ਨਾਂਪੁ] ਆਲ਼ਾ-ਦੁਆਲ਼ਾ, ਚੁਗਿਰਦਾ; ਮਾਹੌਲ, ਮੌਸਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਾਤਾਵਰਨ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਵਾਤਾਵਰਨ : ਅੰਗਰੇਜ਼ੀ ਭਾਸ਼ਾ ਦਾ ਸ਼ਬਦ ‘ Environment ’ ਫਰੈਂਚ ਭਾਸ਼ਾ ਦਾ ਸ਼ਬਦ ਹੈ। ਪੰਜਾਬੀ ਭਾਸ਼ਾ ਵਿੱਚ ਇਸ ਨੂੰ ਵਾਤਾਵਰਨ ਕਿਹਾ ਜਾਂਦਾ ਹੈ। ਵਾਤਾਵਰਨ ਦਾ ਅਰਥ ਹੈ “ਸਾਡਾ ਆਲਾ-ਦੁਆਲਾ”। ਸਾਡੇ ਆਲੇ-ਦੁਆਲੇ ਦੇ ਹਾਲਾਤ ਅਤੇ ਪਰਿਸਥਿਤੀਆਂ ਜਿਹੜੇ ਮਨੁੱਖ, ਜਾਨਵਰ ਅਤੇ ਪੌਦਿਆਂ ਦੇ ਵਾਧੇ, ਉਹਨਾਂ ਦੇ ਰਹਿਣ ਸਹਿਣ ਅਤੇ ਕੰਮ ਕਰਨ ਦੀਆਂ ਹਾਲਤਾਂ ਨੂੰ ਪ੍ਰਭਾਵਿਤ ਕਰਦੇ ਹਨ, ਨੂੰ ਵਾਤਾਵਰਨ ਕਹਿੰਦੇ ਹਨ। ਵਾਤਾਵਰਨ ਸਾਨੂੰ ਜ਼ਿੰਦਗੀ ਦੇਣ ਵਾਲਾ ਇੱਕ ਮੁੱਢਲਾ ਆਧਾਰ ਹੈ। ਇਹ ਸਾਨੂੰ ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ, ਖਾਣ ਲਈ ਅੰਨ ਅਤੇ ਰਹਿਣ ਲਈ ਥਾਂ ਦਿੰਦਾ ਹੈ। ਦੂਸਰੇ ਸ਼ਬਦਾਂ ਵਿੱਚ, ਇਹ ਕਿਹਾ ਜਾ ਸਕਦਾ ਹੈ ਕਿ ਸਾਡੇ ਆਲੇ-ਦੁਆਲੇ ਦੇ ਹਾਲਾਤ, ਜੈਵਿਕ ਅਤੇ ਅਜੈਵਿਕ ਤੱਤ ਜੋ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ, ਹੀ ਵਾਤਾਵਰਨ ਹੈ।

ਵਾਤਾਵਰਨ ਵਿੱਚ ਤਿੰਨ ਤਰ੍ਹਾਂ ਦੇ ਤੱਤ ਹੁੰਦੇ ਹਨ :

1. ਅਜੈਵਿਕ (ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ), ਜੈਵਿਕ (ਜੀਵ) ਅਤੇ ਊਰਜਾ  (energy) । ਅਜੈਵਿਕ ਤੱਤਾਂ ਵਿੱਚ ਵਾਯੂਮੰਡਲ, ਜਲਮੰਡਲ ਅਤੇ ਥਲਮੰਡਲ ਆਉਂਦੇ ਹਨ।

2. ਜੈਵਿਕਾਂ ਵਿੱਚ (ਜੀਵਮੰਡਲ) ਮਨੁੱਖ, ਪੌਦੇ, ਜਾਨਵਰ ਅਤੇ ਕੀੜੇ-ਮਕੌੜੇ ਆਉਂਦੇ ਹਨ।

3. ਊਰਜਾ ਤੱਤਾਂ  (energy components)  ਵਿੱਚ ਸੂਰਜ ਦੀ ਰੋਸ਼ਨੀ ਅਤੇ ਧਰਤੀ ਤੋਂ ਮਿਲਣ ਵਾਲੇ ਖਣਿਜਾਂ ਦੁਆਰਾ ਪੈਦਾ ਕੀਤੀ ਊਰਜਾ ਆਉਂਦੀ ਹੈ। ਊਰਜਾ ਇੱਕ ਬਹੁਤ ਮਹੱਤਵਪੂਰਨ ਤੱਤ ਹੈ। ਅਸਲ ਵਿੱਚ ਅਜੈਵਿਕ ਅਤੇ ਜੈਵਿਕ ਤੱਤਾਂ ਵਿੱਚ ਊਰਜਾ ਦਾ ਆਦਾਨ-ਪ੍ਰਦਾਨ, ਅਰਥਾਤ ਸੰਚਾਲਨ ਹੀ ਕਿਸੇ ਥਾਂ ਦਾ ਵਾਤਾਵਰਨ ਬਣਾਉਂਦਾ ਹੈ।

ਆਦਿ ਕਾਲ ਵਿੱਚ ਮਨੁੱਖ ਦੇ ਵਾਤਾਵਰਨ ਵਿੱਚ ਕੇਵਲ ਕੁਦਰਤੀ ਤੱਤ, ਜਿਵੇਂ ਕਿ ਹਵਾ, ਪਾਣੀ, ਧਰਤੀ ਅਤੇ ਜੈਵਿਕ ਤੱਤ ਹੀ ਮਹੱਤਵਪੂਰਨ ਸਨ ਪਰੰਤੂ ਸਮੇਂ ਦੇ ਬਦਲਣ ਨਾਲ ਮਨੁੱਖ ਦੇ ਵਾਤਾਵਰਨ ਦਾ ਦਾਇਰਾ ਕੁਦਰਤੀ ਤੱਤਾਂ ਅਤੇ ਜੈਵਿਕਾਂ ਤੋਂ ਵੱਧ ਕੇ ਹੁਣ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਿਕ ਤੱਤਾਂ ਤੱਕ ਚਲਾ ਗਿਆ ਹੈ। ਇਸ ਕਰਕੇ, ਹੁਣ ਵਾਤਾਵਰਨ ਨੂੰ ਹੇਠ ਲਿਖੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ :

1. ਕੁਦਰਤੀ ਵਾਤਾਵਰਨ  (Natural Environment) : ਕੁਦਰਤੀ ਵਾਤਾਵਰਨ ਮਨੁੱਖ ਦੀਆਂ ਸਭ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਉਦਾਹਰਨ ਦੇ ਤੌਰ ਤੇ, ਮਨੁੱਖ ਨੂੰ ਕੁਦਰਤੀ ਵਾਤਾਵਰਨ ਤੋਂ ਹਵਾ, ਪਾਣੀ, ਮਿੱਟੀ, ਭੋਜਨ, ਖਣਿਜ ਪਦਾਰਥ, ਊਰਜਾ, ਲੱਕੜੀ, ਜੰਗਲੀ ਜੀਵ, ਜੜੀਆਂ-ਬੂਟੀਆਂ, ਆਦਿ ਪ੍ਰਾਪਤ ਹੁੰਦੇ ਹਨ (ਰੇਖਾ-ਚਿੱਤਰ:1)। ਇਹ ਸਾਰੇ ਤੱਤ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇਹਨਾਂ ਦੀ ਆਪਸੀ ਕਿਰਿਆ  (interaction)  ਤੋਂ ਹੀ ਕੁਦਰਤੀ ਵਾਤਾਵਰਨ ਬਣਦਾ ਹੈ।

2.  ਸਮਾਜਿਕ ਸੱਭਿਆਚਾਰਕ ਵਾਤਾਵਰਨ  (Social and Cultural Environment)  : ਕੁਦਰਤੀ ਵਾਤਾਵਰਨ ਨੂੰ ਮਨੁੱਖ ਨੇ ਆਪਣੀਆਂ ਲੋੜਾਂ ਅਤੇ ਖਾਹਸ਼ਾਂ ਦੀ ਪੂਰਤੀ ਲਈ ਬਹੁਤ ਜ਼ਿਆਦਾ ਬਦਲ ਦਿੱਤਾ ਹੈ। ਇਸ ਬਦਲੇ ਹੋਏ ਵਾਤਾਵਰਨ ਨੂੰ ਸਮਾਜਿਕ ਅਤੇ ਸੱਭਿਆਚਾਰਕ ਵਾਤਾਵਰਨ ਕਿਹਾ ਜਾਂਦਾ ਹੈ। ਸਮਾਜਿਕ ਵਾਤਾਵਰਨ ਇਤਿਹਾਸਿਕ, ਧਾਰਮਿਕ, ਸਮਾਜਿਕ, ਤਕਨੀਕੀ, ਰਾਜਨੀਤਿਕ, ਆਰਥਿਕ ਆਦਿ ਤੱਤਾਂ ਦੀ ਆਪਸੀ ਕਿਰਿਆ  (interaction)  ਅਤੇ ਪ੍ਰਭਾਵਾਂ ਤੋਂ ਬਣਦਾ ਹੈ (ਰੇਖਾ-ਚਿੱਤਰ:2)।

ਸਮਾਜਿਕ ਵਾਤਾਵਰਨ ਦਾ ਸਿੱਧਾ ਸੰਬੰਧ ਵਾਤਾਵਰਨ ਨਾਲ ਹੈ। ਕਿਸੇ ਥਾਂ ਦੇ ਰਸਮੋ-ਰਿਵਾਜ, ਪਹਿਰਾਵਾ, ਖਾਣ-ਪੀਣ ਦੀਆਂ ਆਦਤਾਂ ਆਦਿ ਕੁਦਰਤੀ ਵਾਤਾਵਰਨ ਦੀ ਹੀ ਦੇਣ ਹੁੰਦੇ ਹਨ। ਉਦਾਹਰਨ ਦੇ ਤੌਰ ਤੇ, ਲੋਹੜੀ ਦਾ ਸੰਬੰਧ ਸਰਦੀ ਦੇ ਮੌਸਮ ਨਾਲ ਹੈ ਜਦ ਕਿ ਹੋਲੀ ਬਸੰਤ ਰੁੱਤ ਨਾਲ ਸੰਬੰਧਿਤ ਹੈ ਪਰੰਤੂ ਮਨੁੱਖ ਆਪਣੀਆਂ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦੁਆਰਾ ਆਪਣੇ ਕੁਦਰਤੀ ਵਾਤਾਵਰਨ ਨੂੰ ਗੁੰਝਲਦਾਰ ਅਤੇ ਪ੍ਰਦੂਸ਼ਣ-ਯੁਕਤ ਬਣਾ ਰਿਹਾ ਹੈ।

ਸਮਾਜਿਕ ਅਤੇ ਸੱਭਿਆਚਾਰਕ ਵਾਤਾਵਰਨ, ਆਰਥਿਕ ਵਿਕਾਸ ਦੇ ਮੁੱਢਲੇ ਦੌਰ ਵਿੱਚ ਬਹੁਤ ਸਧਾਰਨ ਸੀ ਅਤੇ ਸਿੱਧੇ ਤੌਰ ਤੇ ਕੁਦਰਤ ਨਾਲ ਜੁੜਿਆ ਹੋਇਆ ਸੀ ਪਰੰਤੂ ਆਰਥਿਕ ਅਤੇ ਤਕਨੀਕੀ ਉੱਨਤੀ ਦੇ ਨਾਲ ਸਮਾਜਿਕ ਵਾਤਾਵਰਨ ਵਿੱਚ ਬੜੀ ਤਬਦੀਲੀ ਆਈ ਹੈ ਜਿਸ ਨੇ ਕੁਦਰਤੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਇਸ ਦੀ ਹਵਾ, ਪਾਣੀ, ਮਿੱਟੀ, ਜੀਵ-ਜੰਤੂ ਅਤੇ ਬਨਸਪਤੀ ਸਭ ਕੁਝ ਪ੍ਰਭਾਵਿਤ ਹੋ ਰਿਹਾ ਹੈ। ਵਾਯੂਮੰਡਲ ਦਾ ਤਾਪਮਾਨ ਵਧਣ ਲੱਗ ਪਿਆ ਹੈ। ਬਨਸਪਤੀ ਅਤੇ ਜੰਗਲੀ ਜੀਵ ਘੱਟਣ ਲੱਗ ਪਏ ਹਨ, ਪਾਣੀ ਦੀ ਕਿਸਮ ਵੀ ਘਟੀਆ ਹੋਣ ਲੱਗ ਪਈ ਹੈ। ਹੁਣ, ਵਾਤਾਵਰਨ ਬਹੁਤ ਖ਼ਤਰੇ ਵਿੱਚ ਹੈ ਅਤੇ ਮਨੁੱਖ ਇਸ ਨੂੰ ਬਚਾਉਣ ਦਾ ਹਰ ਸੰਭਵ ਯਤਨ ਕਰਨਾ ਚਾਹੁੰਦਾ ਹੈ।

ਕੁਦਰਤੀ ਵਾਤਾਵਰਨ, ਮਨੁੱਖੀ ਗਤੀਵਿਧੀਆਂ ਅਤੇ ਸਮਾਜਿਕ ਵਾਤਾਵਰਨ ਦਾ ਆਪਸੀ ਰਿਸ਼ਤਾ ਪਰਿਆਵਰਨ ਵਿਗਿਆਨ ਦੇ ਸਿਧਾਂਤ ਉੱਤੇ ਨਿਰਭਰ ਕਰਦਾ ਹੈ। ਕੁਦਰਤੀ ਵਾਤਾਵਰਨ, ਮਨੁੱਖੀ ਗਤੀਵਿਧੀਆਂ ਅਤੇ ਸਮਾਜਿਕ ਵਾਤਾਵਰਨ ਇੱਕ ਦੂਜੇ ਨਾਲ ਡੂੰਘੇ ਤੌਰ ਤੇ ਜੁੜੇ ਹੋਏ ਹਨ (ਰੇਖਾ-ਚਿੱਤਰ-3)। ਜੇਕਰ ਇਹਨਾਂ ਵਿੱਚੋਂ ਇੱਕ ਵੀ ਸਹਿਯੋਗ ਨਹੀਂ ਦਿੰਦਾ ਤਾਂ ਪੂਰਾ ਪਰਿਆਵਰਨਿਕ ਸੰਤੁਲਨ ਵਿਗੜ ਜਾਂਦਾ ਹੈ। ਅਸਲ ਵਿੱਚ, ਕੁਦਰਤੀ ਵਾਤਾਵਰਨ, ਮਨੁੱਖੀ ਗਤੀਵਿਧੀਆਂ ਅਤੇ ਸਮਾਜਿਕ ਵਾਤਾਵਰਨ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇੱਕ ਦੂਜੇ ਤੋਂ ਪ੍ਰਭਾਵਿਤ ਹੁੰਦੇ ਹਨ। ਇੱਕ ਵਿੱਚ ਆਈ ਤਬਦੀਲੀ ਦੂਜੇ ਵਿੱਚ ਤਬਦੀਲੀ ਲਿਆਉਂਦੀ ਹੈ।


ਲੇਖਕ : ਗੁਰਿੰਦਰ ਕੌਰ.,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 10835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-07-04-06-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.