ਵਾਰਤਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਾਰਤਕ : ਆਧੁਨਿਕ ਯੁੱਗ ਵਿੱਚ ਕਵਿਤਾ ਅਤੇ ਵਾਰਤਕ ਇੱਕ ਦੂਜੇ ਤੋਂ ਵੱਖਰੀਆਂ ਪ੍ਰਗਟਾਅ ਸ਼ੈਲੀਆਂ ਹਨ। ਸੰਸਾਰ ਦੀਆਂ ਲਗਪਗ ਸਾਰੀਆਂ ਭਾਸ਼ਾਵਾਂ ਵਿੱਚ ਵਾਰਤਕ ਨੇ ਕਵਿਤਾ ਤੋਂ ਮਗਰੋਂ ਜਨਮ ਲਿਆ ਹੈ। ਇਸੇ ਲਈ ਵਾਰਤਕ ਨੂੰ ਕਵਿਤਾ ਦੇ ਵਿਰੋਧ ਵਿੱਚ ਰੱਖ ਕੇ ਹੀ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ ਗਿਆ। ਪੁਰਾਤਨ ਭਾਰਤੀ ਸੰਸਕ੍ਰਿਤ ਸਾਹਿਤ ਵਿੱਚ ਕਈ ਸਦੀਆਂ ਸਾਹਿਤ ਲਈ ‘ਕਾਵਿ’ ਜਾਂ ‘ਕਾਵ੍ਯ’ ਸ਼ਬਦ ਦਾ ਹੀ ਪ੍ਰਯੋਗ ਹੁੰਦਾ ਰਿਹਾ, ਕਿਉਂਕਿ ਸਾਹਿਤ ਰਚਨਾ ਹੁੰਦੀ ਹੀ ਕਵਿਤਾ ਵਿੱਚ ਸੀ।

     ਜਿਉਂ-ਜਿਉਂ ਮਨੁੱਖ ਵਿਕਾਸ ਕਰਦਾ ਹੈ, ਉਸ ਦਾ ਵਾਹ ਬਹੁਵਿਧਿ ਵਿਸ਼ਿਆਂ ਨਾਲ ਪੈਂਦਾ ਹੈ, ਬੁੱਧੀ ਨਾਲ ਚਿੰਤਨ ਨਿਖਰਦਾ ਹੈ ਅਤੇ ਤੱਥਾਂ ਦੀ ਵਿਆਖਿਆ ਦੀ ਲੋੜ ਵਾਰਤਕ ਨੂੰ ਜਨਮ ਦਿੰਦੀ ਹੈ।

     ਵਾਰਤਕ ਦਾ ਮੂਲ ਸ਼ਬਦ ‘ਵਾਰਤਾ’ ਹੈ, ਜਿਸਦਾ ਅਰਥ ‘ਲੋਕਾਂ ਦੀ ਸਧਾਰਨ ਭਾਸ਼ਾ ਵਿੱਚ ਬਿਆਨ ਜਾਂ ਵਿਆਖਿਆ’ ਤੋਂ ਲਿਆ ਜਾਂਦਾ ਹੈ। ਇਸ ਦਾ ਵਿਕਾਸ ‘ਵ੍ਰਿਤਿ’ (ਸੰਸਕ੍ਰਿਤ ਧਾਤੂ/ਮੂਲ ਸ਼ਬਦ) ਤੋਂ ਵੀ ਹੋਇਆ ਮੰਨਿਆ ਜਾਂਦਾ ਹੈ, ਜਿਸਦਾ ਅਰਥ ਹੈ ‘ਕਿਸੇ ਸੂਤਰਬੱਧ ਰਚਨਾ ਦੀ ਵਿਆਖਿਆ ਕਰਨੀ ਜਾਂ ਟੀਕਾ ਲਿਖਣਾ’ ਭਾਵ ਕਿਸੇ ਗੱਲ ਜਾਂ ਕਥਨ ਦਾ ਲੇਖਾ-ਜੋਖਾ ਕਰਨਾ। ਅਰਬੀ ਫ਼ਾਰਸੀ ਵਿੱਚ ਵਾਰਤਕ ਲਈ ‘ਨਸਰ’ ਸ਼ਬਦ ਦਾ ਪ੍ਰਯੋਗ ਹੁੰਦਾ ਹੈ, ਜਿਸ ਦਾ ਭਾਵ ‘ਖੋਲ੍ਹ ਕੇ ਕਹਿਣਾ’ ਤੋਂ ਹੈ। ਅੰਗਰੇਜ਼ੀ ਵਿੱਚ ਇਸਦੇ ਸਮਾਨਾਂਤਰ ‘prose’ ਸ਼ਬਦ ਵਰਤਿਆ ਜਾਂਦਾ ਹੈ, ਜਿਸਦਾ ਮੂਲ ਲਾਤੀਨੀ ਸ਼ਬਦ ‘prosa’ ਜਾਂ ‘prosus’ ਹੈ, ਜਿਨ੍ਹਾਂ ਦੇ ਅਰਥ ‘ਛੰਦਾ-ਬੰਦੀ ਤੋਂ ਮੁਕਤ ਸਿੱਧੀ ਗੱਲ-ਬਾਤ’ ਦੇ ਹਨ। ਸੰਸਕ੍ਰਿਤ ਵਿੱਚ ਵਾਰਤਕ ਲਈ ਪ੍ਰਾਪਤ ਸ਼ਬਦ ‘ਗਦ’ ਹੈ, ਜੋ ਕਾਵ੍ਯ ਜਾਂ ਕਾਵਿ ਦਾ ਇੱਕ ਭੇਦ ਹੈ ਅਤੇ ਗਦ- ਕਾਵਿ ਨੂੰ ਪਦ-ਕਾਵਿ ਦੇ ਵਿਰੋਧ ਵਿੱਚ ਰੱਖ ਕੇ ਪਰਿਭਾਸ਼ਿਤ ਕੀਤਾ ਜਾਂਦਾ ਸੀ।

     ਇਉਂ ਵਾਰਤਕ ਦੇ ਸੰਦਰਭ ਵਿੱਚ ਵਾਰਤਾ, ਨਸਰ, ਗਦ ਅਤੇ prose ਆਦਿ ਸ਼ਬਦਾਂ ਨੂੰ ਵਿਚਾਰਨ ਮਗਰੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਪੁਰਾਤਨ ਸਾਹਿਤ ਛੰਦ- ਬੱਧ ਭਾਵ ਕਵਿਤਾ ਵਿੱਚ ਹੈ। ਵਾਰਤਕ ਛੰਦ-ਬੰਧਨ ਤੋਂ ਅਜ਼ਾਦ ਹੋ ਕੇ ਆਮ ਭਾਸ਼ਾ ਵਿੱਚ ਵਿਚਾਰਾਂ, ਗੂੜ੍ਹ ਰਹੱਸਾਂ, ਸਾਹਿਤਕ ਅਰਥਾਂ, ਚਿੰਤਨ ਦੀ ਵਿਆਖਿਆ ਲਈ ਮਗਰੋਂ ਹੋਂਦ ਵਿੱਚ ਆਉਂਦੀ ਹੈ ਤੇ ਹੌਲੀ-ਹੌਲੀ ਸੁਤੰਤਰ ਰੂਪ ਗ੍ਰਹਿਣ ਕਰਦੀ ਹੈ। ਜੇਕਰ ਕਵਿਤਾ, ਕਾਵਿ-ਭਾਸ਼ਾ ਵਿੱਚ ਮਨੁੱਖੀ ਵਲਵਲਿਆਂ ਦੀ ਤਰਜਮਾਨੀ ਕਰਦੀ ਕਿਸੇ ਅਗਲੇਰੇ ਅਰਥਾਂ ਨੂੰ ਸੁਝਾਉਂਦੀ ਰਚਨਾਤਮਿਕ (cre-ative) ਰਚਨਾ ਹੈ ਤਾਂ ਵਾਰਤਕ ਆਮ ਭਾਸ਼ਾ ਵਿੱਚ ਤੱਥਾਂ ਦਾ ਸਪਸ਼ਟ ਅਤੇ ਤਰਤੀਬਬੱਧ ਗਿਆਨ ਦਿੰਦੀ ਹੋਈ ਸਿਰਜਣਾਤਮਿਕ ਰਚਨਾ ਹੈ, ਇਸਦੇ ਰਚਣ ਦੇ ਆਪਣੇ ਵਿਆਕਰਨਿਕ ਨੇਮ ਹੁੰਦੇ ਹਨ। ਜਿੱਥੇ ਕਵਿਤਾ ਆਵੇਸ਼ਾਂ ਦੇ ਝਰਨੇ ਵਿੱਚ ਗੂੜ੍ਹ ਰਹੱਸਾਂ ਨੂੰ ਬੰਨ੍ਹਦੀ ਤੁਰੀ ਆਉਂਦੀ ਹੈ, ਉੱਥੇ ਵਾਰਤਕ ਇਹਨਾਂ ਰਹੱਸਾਂ ਦੀ ਵਿਆਖਿਆ ਦਲੀਲਮਈ ਢੰਗ ਨਾਲ ਕਰਦੀ ਹੈ।

     ਵਿਭਿੰਨ ਦੌਰਾਂ ਵਿੱਚੋਂ ਲੰਘਦਿਆਂ ਵਾਰਤਕ ਦਾ ਰੂਪ ਨਿਖਰਿਆ ਹੈ। ਅੱਜ ਗਦ ਜਾਂ ਵਾਰਤਕ ਕਾਵਿਮਈ ਸਾਹਿਤ ਦਾ ਭੇਦ ਨਹੀਂ ਬਲਕਿ ਸੁਤੰਤਰ ਸਾਹਿਤ ਰੂਪ ਹੈ। ਗਿਆਨ ਦਾ ਅਜੋਕਾ ਯੁੱਗ ਵਾਰਤਕ ਦਾ ਯੁੱਗ ਹੈ। ਮੀਡੀਏ ਦੀ ਆਮਦ ਨਾਲ ਅਤੇ ਸੂਚਨਾ ਤਕਨਾਲੋਜੀ ਦੇ ਪ੍ਰਵੇਸ਼ ਅਤੇ ਪਸਾਰ ਨਾਲ ਵਾਰਤਕ ਖੇਤਰ ਪ੍ਰਭਾਵਿਤ ਵੀ ਹੋਇਆ ਹੈ ਅਤੇ ਵੱਡੀ ਲੋੜ ਵੀ ਬਣਿਆ ਹੈ। ਬਹੁਭਿੰਨ ਵਿਸ਼ਿਆਂ ਦੇ ਪ੍ਰਵੇਸ਼ ਨਾਲ, ਅਕਾਦਮਿਕ ਖੇਤਰ ਵਿੱਚ ਪੰਜਾਬੀ ਭਾਸ਼ਾ ਦੇ ਮਾਧਿਅਮ ਬਣਨ ਸਦਕਾ ਗਿਆਨ- ਵਿਗਿਆਨ ਦੀਆਂ ਪਾਠ-ਪੁਸਤਕਾਂ ਦੀ ਲੋੜ ਕਰ ਕੇ ਵਾਰਤਕ ਦੇ ਖੇਤਰ ਵਿੱਚ ਨਵੇਂ ਪ੍ਰਯੋਗ ਹੋ ਰਹੇ ਹਨ ਅਤੇ ਇਸਦੇ ਅਨੇਕਾਂ ਰੂਪ ਆਪਣੀਆਂ ਸੰਭਾਵਨਾਵਾਂ ਸਹਿਤ ਸਾਮ੍ਹਣੇ ਆ ਰਹੇ ਹਨ। ਇਹਨਾਂ ਰੂਪਾਂ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡ ਕੇ ਦੇਖਿਆ ਜਾ ਸਕਦਾ ਹੈ-ਪਹਿਲਾ ਭਾਗ ਸ਼ੁੱਧ ਗਿਆਨ-ਵਿਗਿਆਨ ਦੀ ਵਾਰਤਕ ਦਾ ਹੈ ਜਿਸ ਵਿੱਚ ਨਿਬੰਧ, ਲੇਖ, ਸੰਪਾਦਕ, ਮਿਡਲ, ਆਲੋਚਨਾ, ਖੋਜ ਪ੍ਰਬੰਧ ਅਤੇ ਗਿਆਨ-ਵਿਗਿਆਨ ਦੀਆਂ ਪੁਸਤਕਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਜਦ ਕਿ ਵਾਰਤਕ ਦਾ ਦੂਜਾ ਭਾਗ ਲਲਿਤ ਵਾਰਤਕ ਹੈ ਜਿਸ ਵਿੱਚ ਨਾਟਕ, ਨਾਵਲ, ਕਹਾਣੀ, ਜੀਵਨੀ, ਸ੍ਵੈਜੀਵਨੀ, ਰੇਖਾ-ਚਿੱਤਰ, ਯਾਦਾਂ (ਸੰਸਮਰਨ), ਸਫ਼ਰਨਾਮੇ, ਮੁਲਾਕਾਤਾਂ, ਡਾਇਰੀ, ਸਾਹਿਤਕ ਪੱਤਰ, ਵਿਅੰਗ, ਪ੍ਰਵਚਨ, ਕੈਪਸ਼ਨ, ਪਰਬਤ ਰੋਹਣ ਅਤੇ ਜੰਗਲ ਭ੍ਰਮਣ ਨਾਲ ਸੰਬੰਧਿਤ ਸਾਹਿਤ ਸ਼ਾਮਲ ਕੀਤਾ ਜਾ ਸਕਦਾ ਹੈ।

          ਇਸ ਤਰ੍ਹਾਂ ਸਪਸ਼ਟ ਹੈ ਕਿ ਵਾਰਤਕ ਵਿੱਚ ਸਾਹਿਤਿਕ ਪ੍ਰਗਟਾਅ ਦੇ ਉਹ ਸਾਰੇ ਰੂਪ ਸ਼ਾਮਲ ਹੋ ਸਕਦੇ ਹਨ ਜਿਹੜੇ ਸਿੱਧੀ-ਸਾਦੀ ਗੱਲ-ਬਾਤ ਰਾਹੀਂ, ਛੰਦਾਬੰਦੀ ਤੋਂ ਮੁਕਤ ਹੋ ਕੇ ਦਲੀਲਮਈ ਢੰਗ ਨਾਲ ਤੱਥਾਂ ਨੂੰ ਉਜਾਗਰ ਕਰਦੇ ਹਨ ਅਤੇ ਪਾਠਕ ਦੇ ਗਿਆਨ ਨੂੰ ਵਧਾਉਣ ਦਾ ਕਾਰਜ ਕਰਦੇ ਹਨ। ਬੁੱਧੀ, ਭਾਵ, ਕਲਪਨਾ ਅਤੇ ਸ਼ੈਲੀ ਇਸਦੇ ਮੁੱਖ ਤੱਤ ਹਨ, ਸਪਸ਼ਟਤਾ ਇਸਦੀ ਜਿੰਦ-ਜਾਨ ਹੈ ਅਤੇ ਵਿਚਾਰਾਂ ਦੀ ਲੜੀਵਾਰ ਉਸਾਰੀ (ਗੋਂਦ) ਜ਼ਰੂਰੀ ਅੰਗ ਹੈ। ਲੇਖਕ ਦਾ ਨਿਰੰਤਰ ਅਭਿਆਸ, ਅਧਿਐਨ ਅਤੇ ਅਨੁਭਵ ਦੀ ਵਿਸ਼ਾਲਤਾ ਚੰਗੀ ਵਾਰਤਕ ਦੀ ਰਚਨਾ ਵਿੱਚ ਬਹੁਤ ਅਹਿਮ ਯੋਗਦਾਨ ਪਾਉਂਦੇ ਹਨ।


ਲੇਖਕ : ਜਗਦੀਸ਼ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 33746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਾਰਤਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰਤਕ [ਨਾਂਇ] ਤੋਲ/ਤੁਕਾਂਤ ਰਹਿਤ ਸਾਹਿਤਿਕ ਰਚਨਾ , ਗੱਦ-ਰਚਨਾ, ਨਸਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.