ਵਾਰਾਂ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਾਰਾਂ : ਬੀਰਤਾ ਭਰਪੂਰ ਕਾਰਨਾਮਿਆਂ ਦੇ ਕਾਵਿਕ ਪ੍ਰਗਟਾਅ ਨੂੰ ਵਾਰ ਕਹਿੰਦੇ ਹਨ। ਵਾਰ ਦੇ ਕੋਸ਼ਗਤ ਅਰਥ ਦਿਨਵਾਰ, ਵਾਰੇ ਜਾਣਾ, ਹਮਲਾ ਕਰਨਾ, ਵਾਰ ਦੇਣਾ (ਕੰਧ ਆਦਿ ਉੱਤੇ), ਕੁਰਬਾਨ ਜਾਣਾ, ਨਿਛਾਵਰ ਕਰਨਾ, ਵਾਰਤਾ ਸੁਣਾਉਣਾ, ਯੁੱਧ ਆਦਿ ਹਨ। ਵਾਰ ਦੇ ਅਰਥ ਜੱਸ ਗਾਇਨ ਦੇ ਵੀ ਹਨ। ਇਸ ਆਧਾਰ ਤੇ ਪੰਜਾਬੀ ਵਿੱਚ ਵਾਰ ਤੋਂ ਭਾਵ ਅਜਿਹੇ ਕਾਵਿ-ਰੂਪ ਤੋਂ ਹੈ ਜਿਸ ਵਿੱਚ ਕਿਸੇ ਯੁੱਧ ਵੀਰ, ਧਰਮ ਵੀਰ, ਕਰਮ ਵੀਰ, ਦਾਨ ਵੀਰ ਜਾਂ ਦਇਆ ਵੀਰ ਦੀ ਬੀਰਤਾ ਦਾ ਜੱਸ ਗਾਇਆ ਗਿਆ ਹੋਵੇ।
ਵਾਰ ਕਾਵਿ-ਰੂਪ ਬੁਨਿਆਦੀ ਤੌਰ ਤੇ ਲੋਕ-ਕਾਵਿ ਹੈ। ਇੱਕ ਤਾਂ ਵਾਰਾਂ ਲੋਕ-ਗੀਤਾਂ ਵਾਂਗ ਭੱਟਾਂ ਅਥਵਾ ਮਰਾਸੀਆਂ ਦੀ ਸਮੂਹਿਕ ਰਚਨਾ ਰਹੀਆਂ ਹਨ।ਇਹਨਾਂ ਵਾਰਾਂ ਵਿੱਚ ਉਹਨਾਂ ਦੀਆਂ ਕਈ ਪੀੜ੍ਹੀਆਂ ਦਾ ਅਨੁਭਵ ਘੁਲਿਆ ਹੋਇਆ ਹੈ। ਦੂਸਰਾ ਇਹਨਾਂ ਵਾਰਾਂ ਵਿੱਚ ਲੋਕ ਭਾਵਨਾ ਅਤੇ ਮਰਯਾਦਾ ਦਾ ਅੰਸ਼ ਪ੍ਰਬਲ ਹੈ। ਵਾਰ ਤੋਂ ਵਧੇਰੇ ਤਰ ਭਾਵ ਯੁੱਧ ਸੰਬੰਧੀ ਕਾਵਿ ਤੋਂ ਲਿਆ ਜਾਂਦਾ ਹੈ। ਅਜਿਹੀ ਵਾਰਤਾ ਜਿਸ ਵਿੱਚ ਸੂਰਮਿਆਂ ਦੇ ਯੁੱਧ ਸੰਬੰਧੀ ਕਾਰਨਾਮਿਆਂ ਦਾ ਵਿਸ਼ੇਸ਼ ਢੰਗ ਨਾਲ ਗਾਇਨ ਕੀਤਾ ਗਿਆ ਹੋਵੇ-ਵਾਰ ਕਹੀ ਜਾਂਦੀ ਹੈ। ਇਹਨਾਂ ਵਿੱਚ ਨਾਇਕ/ਨਾਇਕ ਦੀ ਬੀਰਤਾ ਦਾ ਜੱਸ ਅਜਿਹੀ ਲੈਅ ਵਿੱਚ ਗਾਇਆ ਜਾਂਦਾ ਸੀ ਜਿਸ ਨਾਲ ਪਾਠਕ ਅਤੇ ਸ੍ਰੋਤਾ ਇੱਕ ਅਨੋਖਾ ਉਤਸ਼ਾਹ ਅਨੁਭਵ ਕਰਦਿਆਂ ਨਾਇਕ/ਨਾਇਕ ਨੂੰ ਇੱਕ ਆਦਰਸ਼ ਯੋਧਾ ਸਵੀਕਾਰ ਕਰਨ ਲੱਗ ਪੈਣ। ਇਸ ਨਾਲ ਉਹਨਾਂ ਅੰਦਰ ਵੀ ਨਾਇਕ ਵਰਗੇ ਭਾਵ ਉਜਾਗਰ ਹੋ ਜਾਣ ਅਤੇ ਉਹ ਵੀ ਨਾਇਕ ਵਾਂਗ ਦੁਸ਼ਮਣ ਨਾਲ ਯੁੱਧ ਕਰਨ ਅਤੇ ਲੜ ਮਰਨ ਲਈ ਤਿਆਰ ਹੋ ਜਾਣ। ਮਤਲਬ ਇਹ ਕਿ ਵਾਰ ਵਿੱਚ ਕਿਸੇ ਨਾਇਕ ਅਤੇ ਉਸ ਦੀ ਬੀਰਤਾ ਵਾਲੇ ਕਰਤੱਵ ਦਾ ਹੋਣਾ ਲਾਜ਼ਮੀ ਹੈ। ਇਸ ਵਿੱਚ ਨਾਇਕ ਦੀ ਜਿੱਤ ਓਨੀ ਜ਼ਰੂਰੀ ਨਹੀਂ ਜਿੰਨੀ ਕਿ ਉਸ ਦੀ ਬੀਰਤਾ ਅਤੇ ਦ੍ਰਿੜ੍ਹਤਾ।
ਪਰੰਤੂ ਇਹਨਾਂ ਸ਼ਾਬਦਿਕ ਅਰਥਾਂ ਤੋਂ ਬਿਨਾਂ ‘ਵਾਰ` ਸ਼ਬਦ ਦੇ ਅਜਿਹੇ ਪ੍ਰਬੰਧਕ ਅਰਥ ਵੀ ਹਨ ਜਿਨ੍ਹਾਂ ਅਨੁਸਾਰ ਵਾਰ ਇੱਕ ਖ਼ਾਸ ਵਿਸ਼ੇ ਵਾਲਾ ਪ੍ਰਬੰਧ-ਕਾਵਿ ਹੈ। ਜਿਵੇਂ ਪ੍ਰਬੰਧ-ਕਾਵਿ ਵਿੱਚ ਇੱਕਸੂਤਰਤਾ ਅਤੇ ਲੜੀਬੱਧਤਾ ਕਾਇਮ ਰਹਿੰਦੀ ਹੈ ਇਸੇ ਤਰ੍ਹਾਂ ਵਾਰ ਵਿੱਚ ਵੀ ਨਾਇਕ ਦਾ ਸਰਬਾਂਗੀ ਜੀਵਨ ਵਾਰ ਨੂੰ ਇੱਕ ਕਥਾ-ਸੂਤਰ ਵਿੱਚ ਪਰੋਂਦਾ ਹੈ। ਬੀਰ-ਰਸੀ ਵਾਰ ਦਾ ਨਾਇਕ ਕੋਈ ਪ੍ਰਸਿੱਧ ਇਤਿਹਾਸਿਕ ਸੂਰਮਾ ਜਾਂ ਕਿਸੇ ਪ੍ਰਸਿੱਧ ਜਾਤੀ ਦਾ ਵਿਅਕਤੀ ਹੁੰਦਾ ਹੈ। ਨਾਇਕ ਕੋਈ ਮਿਥਹਾਸਿਕ ਵਿਅਕਤੀ ਵੀ ਹੋ ਸਕਦਾ ਹੈ ਜੋ ਧਰਮ, ਕੌਮ ਜਾਂ ਪਰਉਪਕਾਰ ਖ਼ਾਤਰ ਜਿੱਤਦਾ ਜਾਂ ਸ਼ਹੀਦ ਹੁੰਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਦੀ ਨਾਇਕ ਦੁਰਗਾ ਦੇਵੀ ਇੱਕ ਮਿਥਹਾਸਿਕ ਪਾਤਰ ਹੈ।
ਵਾਰ ਦਾ ਆਪਣਾ ਵੱਖਰਾ ਹੀ ਲਹਿਜਾ ਹੁੰਦਾ ਹੈ। ਵਿਸ਼ਾ ਯੁੱਧ ਹੋਣ ਕਰ ਕੇ ਇਸਦਾ ਵਾਤਾਵਰਨ ਅਸਧਾਰਨ ਹੁੰਦਾ ਹੈ। ਫ਼ੌਜਾਂ ਦੀ ਚੜ੍ਹਤ, ਸ਼ਸਤਰਾਂ ਦੀ ਚਮਕ, ਸਰੀਰਕ ਡੀਲ-ਡੌਲ, ਕੱਟ-ਵੱਢ, ਨਾਹਰੇ, ਲਲਕਾਰੇ, ਤੋਪਾਂ ਦੀ ਗੜਗੜਾਹਟ, ਧੌਂਸਿਆਂ ਦੀਆਂ ਚੋਟਾਂ ਆਦਿ ਵਾਰ ਦੇ ਵਾਤਾਵਰਨ ਨੂੰ ਉਘਾੜਦੇ ਅਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ। ਵਾਰ ਵਿੱਚ ਸੂਰਮਿਆਂ ਦੇ ਕਾਰਨਾਮੇ ਜਿੰਨੀ ਸੂਖਮਤਾ ਅਤੇ ਬਰੀਕੀ ਨਾਲ ਚਿੱਤਰੇ ਹੋਣਗੇ, ਵਾਰ ਓਨੀ ਹੀ ਸਫਲ ਹੋਵੇਗੀ। ਨਾਇਕ ਦੀ ਸੂਰਮਪਤੀ ਨੂੰ ਉਘਾੜਨ ਲਈ ਪ੍ਰਤਿ ਨਾਇਕ ਅਤੇ ਵਿਰੋਧੀ ਸੈਨਿਕਾਂ ਦੀ ਬੀਰਤਾ, ਦਲੇਰੀ ਅਤੇ ਯੁੱਧ-ਕਲਾ ਵਿੱਚ ਨਿਪੁੰਨਤਾ ਨੂੰ ਪੂਰੀ ਥਾਂ ਦਿੱਤੀ ਜਾਂਦੀ ਹੈ। ਵਾਰ ਵਿੱਚ ਅਜਿਹੀ ਨਿਰਪੱਖਤਾ ਉੱਤਮ ਵਾਰ ਦੀ ਨਿਸ਼ਾਨੀ ਹੈ। ਵਾਰਕਾਰ ਜਦੋਂ ਵੀ ਮਜ਼੍ਹਬੀ ਜਾਂ ਜਾਤੀ ਪ੍ਰਭਾਵ ਅਧੀਨ ਵਾਰ ਰਚਨਾ ਕਰਦਾ ਹੈ ਤਾਂ ਵਾਰ ਦੇ ਭਾਵ ਮਧਮ ਪੈ ਜਾਂਦੇ ਹਨ।
ਜੇ ਅਸੀਂ ਵਾਰ ਦੀਆਂ ਵਿਸ਼ੇਸ਼ਤਾਵਾਂ ਵੱਲ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਵਾਰ ਵਿੱਚ ਸਭ ਤੋਂ ਪਹਿਲਾਂ ਮੰਗਲਾਚਰਨ ਆਉਂਦਾ ਹੈ ਜਿਸ ਵਿੱਚ ਕਵੀ ਆਪਣੇ ਇਸ਼ਟ ਦੀ ਅਰਾਧਨਾ ਜਾਂ ਉਸ ਦਾ ਸਿਮਰਨ ਕਰਦਾ ਹੈ। ਇਸ ਤੋਂ ਬਾਅਦ ਵਾਰ ਦੀ ਕਥਾ-ਵਸਤੂ ਪੇਸ਼ ਹੁੰਦੀ ਹੈ। ਇਹ ਆਮ ਤੌਰ `ਤੇ ਤਿੰਨ ਅਵਸਥਾਵਾਂ ਵਿੱਚੋਂ ਲੰਘਦੀ ਹੈ। ਪਹਿਲੀ ਅਵਸਥਾ ਵਿੱਚ ਸੰਘਰਸ਼ ਦੇ ਕਾਰਨਾਂ ਉਪਰ ਚਾਨਣਾ ਪਾਇਆ ਜਾਂਦਾ ਹੈ। ਦੂਜੀ ਅਵਸਥਾ ਵਿੱਚ ਸੰਘਰਸ਼ ਜਾਂ ਟੱਕਰ ਦਾ ਚਿਤਰਨ ਹੁੰਦਾ ਹੈ ਅਤੇ ਤੀਜੀ ਅਵਸਥਾ ਸਮਾਧਾਨ ਦੀ ਹੁੰਦੀ ਹੈ। ਅੰਤ ਉੱਤੇ ਵਾਰ ਦਾ ਮਹਾਤਮ ਹੁੰਦਾ ਹੈ।
ਵਾਰ ਦੇ ਕਾਵਿ-ਰੂਪ ਦੀ ਮੁੱਖ ਵਿਸ਼ੇਸ਼ਤਾ ਸੰਘਰਸ਼ ਜਾਂ ਟੱਕਰ ਮੰਨੀ ਜਾ ਸਕਦੀ ਹੈ। ਇਸ ਟੱਕਰ ਦੇ ਅਨੇਕਾਂ ਰੂਪ ਹੋ ਸਕਦੇ ਹਨ। ਇਹ ਟੱਕਰ ਦੋ ਯੋਧਿਆਂ ਵਿਚਕਾਰ ਹੋ ਸਕਦੀ ਹੈ, ਨੇਕੀ ਅਤੇ ਬਦੀ ਵਿਚਕਾਰ ਹੋ ਸਕਦੀ ਹੈ ਅਤੇ ਦੋ ਵਿਚਾਰਾਂ ਜਾਂ ਵਿਚਾਰਧਾਰਾਵਾਂ ਵਿਚਕਾਰ ਵੀ ਹੋ ਸਕਦੀ ਹੈ। ਕਿਸੇ ਵਾਰ ਵਿੱਚ ਸੰਘਰਸ਼ ਦੀ ਪੇਸ਼ਕਾਰੀ ਜਿੰਨੀ ਪ੍ਰਬਲ ਹੋਵੇਗੀ ਓਨੀ ਹੀ ਉਹ ਪ੍ਰਭਾਵਸ਼ਾਲੀ ਤੇ ਸਫਲ ਹੋਵੇਗੀ। ਇਤਨਾ ਅਵੱਸ਼ ਹੈ ਕਿ ਵਾਰ ਵਿੱਚ ਨਾਇਕ ਦੀ ਵੀਰਤਾ ਜਾਂ ਨੇਕੀ ਦਾ ਜਸ ਗਾਇਨ ਜ਼ਰੂਰ ਹੁੰਦਾ ਹੈ।
ਵਾਰ ਵਧੇਰੇ ਕਰ ਕੇ ਪਉੜੀ ਵਿੱਚ ਲਿਖੀ ਜਾਂਦੀ ਹੈ। ਨਿਸ਼ਾਨੀ ਅਤੇ ਸਿਰਖੰਡੀ ਛੰਦ ਚੁਸਤ ਹੋਣ ਕਰ ਕੇ ਵਾਰ ਦੀਆਂ ਪਉੜੀਆਂ ਲਈ ਬਹੁਤ ਢੁੱਕਵੇਂ ਮੰਨੇ ਜਾਂਦੇ ਹਨ। ਪਰ ਇਸ ਦਾ ਭਾਵ ਇਹ ਨਹੀਂ ਕਿ ਹਰ ਉਹ ਰਚਨਾ ਜੋ ਪਉੜੀਆਂ ਵਿੱਚ ਲਿਖੀ ਜਾਵੇ, ਵਾਰ ਹੈ। ਵਾਰ ਦੀ ਬੋਲੀ ਅਤੇ ਸ਼ੈਲੀ ਵਿਸ਼ੇਸ਼ ਗੁਣਾਂ ਵਾਲੀ ਹੁੰਦੀ ਹੈ। ਬੀਰ- ਰਸ ਪੈਦਾ ਕਰਨ ਲਈ ਜੋਸ਼ੀਲੇ ਪਰ ਨਿੱਕੇ-ਨਿੱਕੇ ਸ਼ਬਦ ਅਤੇ ਮਹਾਂ ਪੁਰਾਣ ਧੁਨੀਆਂ /ਟ,ਠ,ਡ,ਢ,ਘ,ੜ/ ਦੀ ਵਰਤੋਂ ਸ੍ਰੋਤਿਆਂ ਨੂੰ ਇੱਕਦਮ ਪ੍ਰਭਾਵਿਤ ਕਰਦੇ ਹਨ। ਵਾਰ ਦੇ ਵਾਤਾਵਰਨ ਨੂੰ ਪ੍ਰਚੰਡ ਕਰਨ ਲਈ ਵੰਨ-ਸਵੰਨੇ ਅਲੰਕਾਰਾਂ, ਬਿੰਬਾਂ, ਸ਼ਬਦ ਚਿੱਤਰਾਂ, ਬੋਲ ਚਿੱਤਰਾਂ ਅਤੇ ਨਾਦ ਚਿੱਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗਾਏ ਜਾਣ ਯੋਗ ਬਣਾਉਣ ਲਈ ਇਸ ਵਿੱਚ ਲੈਅ ਦਾ ਹੋਣਾ ਜ਼ਰੂਰੀ ਹੈ। ਸਫਲ ਵਾਰ ਦਾ ਪ੍ਰਧਾਨ ਰਸ ਬੀਰ-ਰਸ ਹੁੰਦਾ ਹੈ। ਬਾਕੀ ਰਸ ਜਿਵੇਂ ਕਰੁਣਾ ਰਸ, ਰੋਦਰ ਰਸ, ਹਾਸ ਰਸ ਆਦਿ ਵੀ ਬੀਰ-ਰਸ ਨੂੰ ਹੀ ਪ੍ਰਚੰਡ ਕਰਦੇ ਹਨ।
ਸਰਹੱਦੀ ਸੂਬਾ ਹੋਣ ਕਰ ਕੇ ਪੰਜਾਬ ਸ਼ੁਰੂ ਤੋਂ ਜਰਵਾਣਿਆਂ ਦੀ ਮਾਰ ਹੇਠ ਰਿਹਾ। ਇੱਥੋਂ ਦੇ ਵਾਸੀਆਂ ਨੂੰ ਪ੍ਰਚੰਡ ਅਤੇ ਦਲੇਰ ਕਰਨ ਲਈ ਵਾਰ ਰਚਨਾ ਵੀ ਢੇਰ ਚਿਰ ਤੋਂ ਹੁੰਦੀ ਆ ਰਹੀ ਹੈ। ਰਾਜੇ ਮਹਾਰਾਜਿਆਂ ਨੇ ਵਾਰਾਂ ਗਾਉਣ ਲਈ ਆਪਣੇ ਦਰਬਾਰਾਂ ਵਿੱਚ ਢਾਡੀ ਰੱਖੇ ਹੁੰਦੇ ਸਨ ਜੋ ਅਣਖੀਲੇ ਯੋਧਿਆਂ ਦੀਆਂ ਵਾਰਾਂ ਹੇਕ ਲਾ ਕੇ ਗਾਉਂਦੇ ਸਨ।
ਪੰਜਾਬੀ ਦੇ ਪੁਰਾਤਨ ਅਤੇ ਮੱਧ-ਕਾਲੀ ਸਾਹਿਤ ਵਿੱਚ ਦੋ ਤਰ੍ਹਾਂ ਦੀਆਂ ਵਾਰਾਂ ਦੀ ਰਚਨਾ ਹੋਈ ਹੈ। ਲੋਕ-ਵਾਰਾਂ ਅਤੇ ਅਧਿਆਤਮਿਕ ਵਾਰਾਂ। ਲੋਕ-ਵਾਰਾਂ ਵਿੱਚ ਆਮ ਤੌਰ ਤੇ ਯੁੱਧ ਦਾ ਵਰਣਨ ਕੀਤਾ ਜਾਂਦਾ ਹੈ ਅਤੇ ਬੀਰ ਰਸ ਦੀ ਸਿਰਜਣਾ ਕੀਤੀ ਜਾਂਦੀ ਹੈ ਜਦੋਂ ਕਿ ਅਧਿਆਤਮਿਕ ਵਾਰਾਂ ਰੂਹਾਨੀ ਜਾਂ ਨੈਤਿਕ ਵਿਸ਼ਿਆਂ ਦੀ ਪੇਸ਼ਕਾਰੀ ਕਰਦੀਆਂ ਹਨ ਅਤੇ ਇਹਨਾਂ ਵਿੱਚ ਸ਼ਾਂਤ ਰਸ ਦੀ ਪ੍ਰਧਾਨਤਾ ਹੁੰਦੀ ਹੈ।
ਵਾਰ ਦੀ ਲੋਕਪ੍ਰਿਅਤਾ ਇਸ ਵਿੱਚ ਵੀ ਹੈ ਕਿ ਗੁਰੂ ਸਾਹਿਬਾਨ ਅਤੇ ਭਾਈ ਗੁਰਦਾਸ ਨੇ ਅਧਿਆਤਮਿਕ ਅਨੁਭਵ ਅਤੇ ਧਾਰਮਿਕ ਸਿਧਾਂਤਾਂ ਦੀ ਵਿਆਖਿਆ ਲਈ ਵਾਰ ਕਾਵਿ-ਰੂਪ ਅਪਣਾਇਆ। ਇਹਨਾਂ ਅਧਿ- ਆਤਮਿਕ ਵਾਰਾਂ ਵਿੱਚ ਉਹਨਾਂ ਨੇ ਕਿਸੇ ਮਹਾਂਪੁਰਖ, ਨੇਕ ਪੁਰਖ ਜਾਂ ਅਕਾਲ ਪੁਰਖ ਨੂੰ ਵਾਰ ਦਾ ਨਾਇਕ ਬਣਾਇਆ ਹੈ। ਅਕਾਲ ਪੁਰਖ ਨਾਲ ਮਿਲਾਪ ਲਈ ਮਨੁੱਖ ਨੂੰ ਆਪਣੇ ਅੰਦਰਲੀਆਂ ਰੁਚੀਆਂ (ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ) ਨਾਲ ਘਮਸਾਨ ਦਾ ਯੁੱਧ ਕਰਨਾ ਪੈਂਦਾ ਹੈ। ਇਹਨਾਂ ਵਾਰਾਂ ਵਿੱਚ ਸ਼ਾਂਤ ਰਸ ਪ੍ਰਧਾਨ ਹੈ। ਇਹਨਾਂ ਦਾ ਪ੍ਰਭਾਵ ਵੀ ਉਤਸ਼ਾਹ ਦੇਣ ਵਾਲਾ ਹੈ। ਅਧਿਆਤਮਿਕ ਵਾਰਾਂ ਤੋਂ ਬਿਨਾਂ ਬਾਕੀ ਵਾਰਾਂ ਬੀਰ- ਰਸੀ ਹੁੰਦੀਆਂ ਹਨ। ਪਰੰਤੂ ਬੀਰ-ਰਸੀ ਰਚਨਾ ਵਾਰ ਨਹੀਂ ਹੁੰਦੀ ਜਦੋਂ ਤੱਕ ਕਿ ਉਹ ਵਾਰ ਦੀ ਧਾਰਨਾ ਉੱਤੇ ਨਾ ਲਿਖੀ ਗਈ ਹੋਵੇ।
ਪੰਜਾਬੀ ਵਿੱਚ ਵਾਰ ਦਾ ਮੁੱਢ ਪੁਰਾਤਨ ਕਾਲ ਵਿੱਚ ਹੀ ਬੱਝ ਚੁੱਕਿਆ ਸੀ। ਇਸ ਗੱਲ ਦਾ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਨਾਲ ਦਿੱਤੇ ਗਏ ਲੋਕ ਵਾਰਾਂ ਦੇ ਸੰਕੇਤਾ ਤੋਂ ਭਲੀ-ਭਾਂਤ ਮਿਲ ਜਾਂਦਾ ਹੈ। ਮਿਸਾਲ ਵਜੋਂ ਗੁਰੂ ਨਾਨਕ ਦੇਵ ਦੀ ਆਸਾ ਦੀ ਵਾਰ ਨਾਲ ਇਹ ਸੰਕੇਤ ਦਿੱਤਾ ਗਿਆ ਹੈ-‘ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ` ਇਸ ਤੋਂ ਪਤਾ ਚੱਲਦਾ ਹੈ ਕਿ ਇਸ ਵਾਰ ਨੂੰ ਟੁੰਡੇ ਅਸਰਾਜੇ ਦੀ ਵਾਰ ਦੀ ਧੁਨੀ ਉੱਪਰ ਗਾਏ ਜਾਣ ਦਾ ਨਿਰਦੇਸ਼ ਦਿੱਤਾ ਗਿਆ ਹੈ ਜੋ ਲੋਕ-ਪ੍ਰਸਿੱਧ ਸੀ। ਇਸੇ ਤਰ੍ਹਾਂ ਕਈ ਹੋਰਨਾਂ ਵਾਰਾਂ ਦੇ ਨਾਲ ਇਹਨਾਂ ਪੁਰਾਤਨ ਵਾਰਾਂ ਦੇ ਸਿਰਲੇਖ ਦਿੱਤੇ ਗਏ ਹਨ। ਇਹਨਾਂ ਸੰਕੇਤਾਂ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਵਾਰਾਂ ਘੱਟੋ ਘੱਟ ਗੁਰੂ ਨਾਨਕ ਦੇਵ ਦੀ ਰਚਨਾ ਤੋਂ ਪਹਿਲਾਂ ਮੌਜੂਦ ਸਨ ਅਤੇ ਉਹ ਜ਼ਬਾਨੀ ਪਰੰਪਰਾ ਰਾਹੀਂ ਲੋਕ ਜੀਵਨ ਦਾ ਅੰਗ ਬਣ ਚੁੱਕੀਆਂ ਸਨ। ਇਨ੍ਹਾਂ ਵਿੱਚੋਂ ਕੁੱਝ ਵਾਰਾਂ ਨਿਮਨ- ਅੰਕਿਤ ਹਨ :
1. ਰਾਇ ਕਮਾਲ ਦੀ ਮੌਜਦੀ ਦੀ ਵਾਰ
2. ਟੁੰਡੇ ਅਸਰਾਜੇ ਦੀ ਵਾਰ
3. ਸਿਕੰਦਰ ਇਬਰਾਹੀਮ ਦੀ ਵਾਰ
4. ਲੱਲੇ ਬਹਿਲੀਮੇ ਦੀ ਵਾਰ
5. ਮੂਸੇ ਦੀ ਵਾਰ
6. ਹਸਨੇ ਮਹਿਮੇ ਦੀ ਵਾਰ
7. ਮਲਕ ਮੁਰੀਦ ਤਥਾ ਚੰਦ੍ਰਹੜੇ ਸੋਹੀਏ ਦੀ ਵਾਰ
8. ਜੋਧੇ ਵੀਰੇ ਪੂਰਬਾਣੀ ਦੀ ਵਾਰ
9. ਰਾਣੇ ਰਾਇ ਕੈਲਾਸ਼ ਤਥਾ ਮਾਲਦੇਵ ਦੀ ਵਾਰ
ਇਹਨਾਂ ਲੋਕ ਵਾਰਾਂ ਵਿੱਚ ਭਿੰਨ-ਭਿੰਨ ਰਾਜਿਆਂ/ ਰਜਵਾੜਿਆਂ ਵਿੱਚਕਾਰ ਯੁੱਧ ਅਤੇ ਸੰਘਰਸ਼ ਦਾ ਬੀਰ- ਰਸ ਭਰਪੂਰ ਬਿਰਤਾਂਤ ਪੇਸ਼ ਕੀਤਾ ਗਿਆ ਹੈ ਅਤੇ ਜਾਂ ਫੇਰ ਨੈਤਿਕ ਪ੍ਰਸੰਗਾਂ ਨੂੰ ਪੇਸ਼ ਕੀਤਾ ਗਿਆ ਹੈ। ਭਾਵੇਂ ਇਹਨਾਂ ਦੇ ਅੱਧੇ ਅਧੂਰੇ ਪਾਠ ਹੀ ਪ੍ਰਾਪਤ ਹਨ ਪਰ ਤਾਂ ਵੀ ਇਹਨਾਂ ਤੋਂ ਇਹਨਾਂ ਦੇ ਕਾਵਿਕ ਪੱਖ ਬਾਰੇ ਲੋੜੀਂਦੀ ਜਾਣਕਾਰੀ ਜ਼ਰੂਰ ਮਿਲ ਜਾਂਦੀ ਹੈ।
ਮਿਸਾਲ ਵਜੋਂ ਟੁੰਡੇ ਅਸਰਾਜੇ ਦੀ ਵਾਰ ਦੀ ਕਹਾਣੀ ਪੂਰਨ ਭਗਤ ਦੀ ਕਹਾਣੀ ਨਾਲ ਮਿਲਦੀ-ਜੁਲਦੀ ਹੈ। ਅਸਰਾਜ ਵੀ ਮਤੇਈ ਮਾਂ ਦੇ ਨਜਾਇਜ਼ ਸੰਬੰਧਾਂ ਨੂੰ ਠੁਕਰਾਉਂਦਾ ਹੈ ਅਤੇ ਝੂਠੇ ਦੋਸ਼ ਦਾ ਸ਼ਿਕਾਰ ਹੁੰਦਾ ਹੈ। ਉਸ ਦਾ ਪਿਤਾ ਉਸ ਨੂੰ ਜਲਾਦਾਂ ਦੇ ਹਵਾਲੇ ਕਰ ਦਿੰਦਾ ਹੈ। ਪਰ ਜਲਾਦ ਉਸ ਉੱਤੇ ਤਰਸ ਕਰ ਕੇ ਉਸ ਨੂੰ ਹੱਥ ਪੈਰ ਕੱਟ ਕੇ ਛੱਡ ਦਿੰਦੇ ਹਨ। ਅਸਰਾਜ ਘੁੰਮਦਾ ਫਿਰਦਾ ਕਿਸੇ ਹੋਰ ਦੇਸ਼ ਚਲਾ ਜਾਂਦਾ ਹੈ ਅਤੇ ਕਿਸਮਤ ਨਾਲ ਓਥੋਂ ਦਾ ਰਾਜਾ ਬਣ ਜਾਂਦਾ ਹੈ। ਏਨੇ ਨੂੰ ਉਸ ਨੂੰ ਖ਼ਬਰ ਮਿਲਦੀ ਹੈ ਕਿ ਉਸ ਦੇ ਪਿਤਾ ਦੇ ਰਾਜ ਉੱਤੇ ਭਿਆਨਕ ਬਿਪਤਾ ਆ ਬਣੀ ਹੈ। ਉਹ ਆਪਣੇ ਪਿਤਾ ਦੀਆਂ ਫ਼ੌਜਾਂ ਨਾਲ ਮਿਲ ਕੇ ਦੁਸ਼ਮਣ ਦਾ ਮੁਕਾਬਲਾ ਕਰਦਾ ਹੈ ਅਤੇ ਜਿੱਤ ਪ੍ਰਾਪਤ ਕਰਦਾ ਹੈ।ਰਾਜੇ ਸਾਰੰਗ ਨੂੰ ਜਦੋਂ ਸਾਰੀ ਗੱਲ ਦਾ ਪਤਾ ਚਲਦਾ ਹੈ ਤਾਂ ਉਹ ਅਸਰਾਜ ਨੂੰ ਗੱਦੀ ਸੌਂਪ ਕੇ ਆਪ ਤਿਆਗੀ ਹੋ ਜਾਂਦਾ ਹੈ। ਇਸ ਵਾਰ ਦੀਆਂ ਕੁਝ ਪੰਕਤੀਆਂ ਨਮੂਨੇ ਵਜੋਂ ਪੇਸ਼ ਹਨ :
ਭਵਕਿਓ ਸ਼ੇਰ ਸਰਦੂਲ ਰਾਇ ਰਣ ਮਾਰੂ ਬੱਜੇ।
ਖਾਨ ਸਲਤਾਨ ਬਡ ਸੂਰਮੇ ਵਿੱਚ ਰਣ ਦੇ ਗੱਜੇ।
ਖਤ ਲਿਖੇ ਅਸਰਾਜ ਨੂੰ ਪਾਤਸ਼ਾਹੀ ਅੱਜੇ।
ਟਿੱਕਾ ਸਾਰੰਗ ਬਾਪ ਨੇ ਦਿੱਤਾ ਭਰ ਲੱਜੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਸ਼ਾਮਲ ਹਨ। ਇਹਨਾਂ ਨੂੰ ਅਧਿਆਤਮਿਕ ਵਾਰ ਦੀ ਵੰਨਗੀ ਵਿੱਚ ਰੱਖਿਆ ਜਾ ਸਕਦਾ ਹੈ ਕਿਉਂ ਜੋ ਇਹਨਾਂ ਵਿੱਚ ਗੁਰਮਤਿ ਵਿਚਾਰਧਾਰਾ ਅਤੇ ਜੀਵਨ-ਜਾਚ ਦੀ ਪੇਸ਼ਕਾਰੀ ਹੋਈ ਹੈ। ਪਰ ਇਹ ਪੇਸ਼ਕਾਰੀ ਵਾਰ ਦੇ ਪਉੜੀ ਪ੍ਰਬੰਧ ਅਨੁਸਾਰ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹਨਾਂ ਵਿੱਚੋਂ ਬਹੁਤੀਆਂ ਵਾਰਾਂ ਲੋਕ ਵਾਰਾਂ ਦੀਆਂ ਧੁਨੀਆਂ ਅਨੁਸਾਰ ਗਾਏ ਜਾਣ ਦਾ ਨਿਰਦੇਸ਼ ਵੀ ਦਿੱਤਾ ਗਿਆ ਹੈ। ਇਹਨਾਂ ਵਾਰਾਂ ਨੂੰ ਅਸੀਂ ਬੀਰ-ਰਸੀ ਲੋਕ ਵਾਰ ਦਾ ਰੂਪਾਂਤਰਨ ਵੀ ਆਖ ਸਕਦੇ ਹਾਂ ਕਿਉਂ ਜੋ ਇਹਨਾਂ ਵਾਰਾਂ ਵਿੱਚ ਕਿਸੇ ਮਨੁੱਖ ਵਿਅਕਤੀ ਨੂੰ ਨਾਇਕ ਜਾਂ ਖਲਨਾਇਕ ਵਜੋਂ ਪੇਸ਼ ਨਹੀਂ ਕੀਤਾ ਗਿਆ ਸਗੋਂ ਪਰਸਪਰ ਵਿਰੋਧੀ ਜੀਵਨ- ਵਿਧੀਆਂ ਜਾਂ ਵਿਚਾਰਾਂ ਨੂੰ ਹੀ ਪੇਸ਼ ਕੀਤਾ ਗਿਆ ਹੈ।
ਇਸ ਤਰ੍ਹਾਂ ਜ਼ਾਹਰ ਹੈ ਕਿ ਗੁਰਮਤਿ-ਕਾਵਿ ਦੇ ਅੰਤਰਗਤ ਰਚੀਆਂ ਗਈਆਂ ਵਾਰਾਂ ਲੋਕ ਵਾਰ ਦੇ ਰੂਪਾਕਾਰ ਨਾਲੋਂ ਭਿੰਨ ਤੇ ਵਿਲੱਖਣ ਹਨ। ਇਹਨਾਂ ਵਾਰਾਂ ਦੀ ਬਾਹਰਲੀ ਰਚਨਾ ਤਾਂ ਭਾਵੇਂ ਲੋਕ ਵਾਰ ਨਾਲ ਮੇਲ ਖਾਂਦੀ ਹੈ ਪਰ ਇਹਨਾਂ ਵਿੱਚ ਯਥਾਰਥ ਦੀ ਬਜਾਏ ਪਰਮਾਰਥ ਦੀ ਗੱਲ ਕੀਤੀ ਗਈ ਹੈ।
ਲੇਖਕ : ਡੀ.ਬੀ. ਰਾਏ, ਜਗਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 19194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First