ਵਾਰਿਸ ਸ਼ਾਹ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਾਰਿਸ ਸ਼ਾਹ (1735–1784) : ਵਾਰਿਸ ਸ਼ਾਹ ਨਾ ਕੇਵਲ ਕਿੱਸਾ-ਕਾਵਿ ਧਾਰਾ ਦਾ ਪ੍ਰਮੁਖ ਕਵੀ ਹੈ ਸਗੋਂ ਸਾਰਿਆਂ ਸਮਿਆਂ ਦੇ ਸਾਰੇ ਪੰਜਾਬੀ ਕਵੀਆਂ ਵਿੱਚੋਂ ਸਿਰਮੌਰ ਗਿਣਿਆ ਜਾਂਦਾ ਹੈ। ਵਾਰਿਸ ਦੇ ਨਾਂ ਜਿੰਨੀ ਹੀ ਪ੍ਰਸਿੱਧ ਹੈ ਉਸ ਦੀ ਰਚਨਾ ਹੀਰ। ਹੀਰ ਰਾਂਝੇ ਦੀ ਪ੍ਰੇਮ ਕਹਾਣੀ ਨੂੰ ਕਾਵਿਬੱਧ ਕਰਨ ਵਾਲਾ ਵਾਰਿਸ ਸ਼ਾਹ ਪਹਿਲਾ ਕਵੀ ਨਹੀਂ ਸੀ। ਉਸ ਤੋਂ ਪਹਿਲਾਂ ਦਮੋਦਰ, ਮੁਕਬਲ, ਅਹਿਮਦ ਗੁੱਜਰ ਵਰਗੇ ਸ਼ਾਇਰ ਇਹ ਕਿੱਸਾ ਲਿਖ ਚੁੱਕੇ ਸਨ ਪਰ ਪ੍ਰਮਾਣਿਕਤਾ ਤੇ ਲੋਕ-ਪ੍ਰਿਅਤਾ ਇਸ ਕਥਾ ਨੂੰ ਵਾਰਿਸ ਸ਼ਾਹ ਦੁਆਰਾ ਹੀ ਮਿਲੀ। ਵਾਰਿਸ ਦੀ ਲਿਖੀ ਹੀਰ ਦੀ ਪ੍ਰਸਿੱਧੀ ਇਸ ਹੱਦ ਤਕ ਚਲੀ ਗਈ ਕਿ ਉਸ ਤੋਂ ਪਿੱਛੋਂ ਆਉਣ ਵਾਲਾ ਹਰ ਸ਼ਾਇਰ ਆਪਣੇ ਅੱਗੇ ਇਹ ਟੀਚਾ ਰੱਖ ਲੈਂਦਾ ਸੀ ਕਿ ਉਸ ਹੀਰ ਰਾਂਝੇ ਦਾ ਕਿੱਸਾ ਅਵੱਸ਼ ਲਿਖਣਾ ਹੈ। ਇਸ ਪ੍ਰਸਿੱਧੀ ਦਾ ਹੀ ਇੱਕ ਦੂਜਾ ਤੇ ਮਹੱਤਵਪੂਰਨ ਪੱਖ ਇਹ ਹੈ ਕਿ ਪਿਛਲੀ ਸਦੀ ਵਿੱਚ ਜਦੋਂ ਪੰਜਾਬੀ ਵਿੱਚ ਛਾਪਾਖ਼ਾਨਾ ਸ਼ੁਰੂ ਹੋਇਆ ਤਾਂ ਸਭ ਤੋਂ ਵੱਧ ਛਪਣ ਤੇ ਵਿਕਣ ਵਾਲੀ ਪੁਸਤਕ ਵਾਰਿਸ ਦੀ ਹੀਰ ਹੀ ਸੀ। ਵੱਖ-ਵੱਖ ਪ੍ਰਕਾਸ਼ਕਾਂ ਨੇ ਆਪਣੀ ਛਾਪੀ ਹੀਰ ਨੂੰ ਬਾਕੀਆਂ ਦੇ ਟਾਕਰੇ ਜ਼ਿਆਦਾ ਮਕਬੂਲ ਬਣਾਉਣ ਦੇ ਇਰਾਦੇ ਨਾਲ ਹੀ ਇਸ ਵਿੱਚ ਰਲਾ ਪਾਉਣ ਦੀ ਜੁਗਤ ਅਪਣਾਈ ਅਤੇ ਸਿੱਟੇ ਵਜੋਂ ‘ਅਸਲੀ ਤੇ ਵੱਡੀ ਹੀਰ` ਦਾ ਪ੍ਰਚਲਨ ਹੋਇਆ। ਇਹ ‘ਅਸਲੀ ਤੇ ਵੱਡੀ ਹੀਰ` ਸੱਚਮੁੱਚ ਦੀ ਵਾਰਿਸ ਦੀ ਰਚਨਾ ਯਾਨੀ ਅਸਲ ‘ਹੀਰ ਵਾਰਿਸ` ਤੋਂ ਏਨੀ ਵੱਡੀ ਹੋ ਗਈ ਕਿ ਇਸ ਦਾ ਆਕਾਰ ਅਸਲ ਨਾਲੋਂ ਤਿੰਨ ਗੁਣਾਂ ਹੋ ਗਿਆ। ਪ੍ਰਮਾਣਿਕ ‘ਹੀਰ ਵਾਰਿਸ` ਵਿੱਚ ਵਿਦਵਾਨਾਂ ਨੇ 611 ਬੈਂਤਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਪਿਆਰਾ ਸਿੰਘ ਪਦਮ ਵੱਲੋਂ ਸੰਪਾਦਤ ਇਸ ਕਿੱਸੇ ਵਿੱਚ ਕੁੱਲ 624 ਬੈਂਤ ਹਨ।
ਵਾਰਿਸ ਸ਼ਾਹ ਦਾ ਜਨਮ 1735 ਜੰਡਿਆਲਾ ਸ਼ੇਰ ਖਾਂ (ਸ਼ੇਖੂਪੁਰਾ, ਪਾਕਿਸਤਾਨ) ਵਿੱਚ ਹੋਇਆ। ਪਰ ਪੰਜਾਬ ਯੂਨੀਵਰਸਿਟੀ, ਲਾਹੌਰ ਦੇ ਪੰਜਾਬੀ ਵਿਭਾਗ ਦੇ ਇਸਮਤ ਉਲਾ ਜ਼ਾਹਿਦ ਅਨੁਸਾਰ 1706 ਵਿੱਚ ਹੋਇਆ, ਜਦ ਕਿ ਪਿਆਰਾ ਸਿੰਘ ਪਦਮ ਨੇ ਉਸ ਦੇ ਜਨਮ ਦਾ ਵਰ੍ਹਾ 1720 ਦੇ ਲਾਗੇ ਚਾਗੇ ਦਾ ਦੱਸਿਆ ਹੈ। 1735 ਦੀ ਇਤਲਾਹ ਸਾਹਿਤ ਅਕਾਦਮੀ ਵੱਲੋਂ ਪ੍ਰਕਾਸ਼ਿਤ ਸੇਖੋਂ-ਦੁੱਗਲ ਦੇ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਹੈ ਜਿਸ ਵਿੱਚ ਉਸ ਦੇ ਇੰਤਕਾਲ ਦੀ ਤਾਰੀਖ਼ 1784 ਲਿਖੀ ਹੈ। ਜਾਹਿਦ ਨੇ ਵਾਰਿਸ ਦੇ ਇੰਤਕਾਲ ਦਾ ਸਾਲ ਨਹੀਂ ਲਿਖਿਆ ਅਤੇ ਪਿਆਰਾ ਸਿੰਘ ਪਦਮ ਨੇ ਸਿਰਫ ਇਹੀ ਕਿਹਾ ਹੈ ਕਿ ਉਸ ਦਾ ਦਿਹਾਂਤ ਅਠਾਰਵੀਂ ਸਦੀ ਦੇ ਅਖੀਰ ਵਿੱਚ, ਉਸ ਦੇ ਪਿੰਡ ਜੰਡਿਆਲਾ ਸ਼ੇਰ ਖਾਂ ਵਿੱਚ ਹੋਇਆ, ਜਿੱਥੇ ਉਸ ਦਾ ਮਜ਼ਾਰ ਵੀ ਹੈ। ਇਸ ਤੋਂ ਵਧੇਰੇ ਏਨੀ ਜਾਣਕਾਰੀ ਹੈ ਕਿ ਵਾਰਿਸ ਦੇ ਪਿਤਾ ਦਾ ਨਾਂ ਗੁਲਸ਼ੇਰ ਸ਼ਾਹ ਸੀ ਅਤੇ ਉਹ ਸਯੀਯਦ ਖ਼ਾਨਦਾਨ ਵਿੱਚੋਂ ਸੀ। ਵਾਰਿਸ ਵਿਸ਼ਵਾਸ ਵਜੋਂ ਸੂਫ਼ੀ ਫ਼ਕੀਰ ਸੀ ਅਤੇ ਉਸ ਨੇ ਕਸੂਰ ਸ਼ਹਿਰ ਵਿਚਲੇ ਪੀਰ ਮਖਦੂਮ ਨੂੰ ਆਪਣਾ ਮੁਰਸ਼ਦ ਧਾਰਿਆ ਸੀ। ਵਾਰਿਸ ਬਾਰੇ ਜ਼ਿਆਦਾਤਰ ਜਾਣਕਾਰੀ ਉਸ ਦੇ ਆਪਣੇ ਕਿੱਸੇ ਵਿੱਚੋਂ ਹੀ ਪ੍ਰਾਪਤ ਹੋਈ ਹੈ। ਉਸ ਨੇ ਕਿੱਸਾ ਕਿਉਂ, ਕਦੋਂ, ਕਿੱਥੇ ਅਤੇ ਕਿਨ੍ਹਾਂ ਵਾਸਤੇ ਲਿਖਿਆ-ਇਹਨਾਂ ਪ੍ਰਸ਼ਨਾਂ ਦੇ ਉਤਰ ਵੀ ਕਿੱਸੇ ਵਿੱਚ ਹੀ ਮੌਜੂਦ ਹਨ।
ਹੀਰ ਦੇ ਕਿੱਸੇ ਦੇ ਲੇਖਕ ਵਜੋਂ ਵਾਰਿਸ ਦੀ ਪ੍ਰਸਿੱਧੀ ਏਨੀ ਜ਼ਿਆਦਾ ਹੈ ਕਿ ਅਕਸਰ ਉਸ ਦੀ ਕਿਸੇ ਹੋਰ ਰਚਨਾ ਵੱਲ ਧਿਆਨ ਨਹੀਂ ਜਾਂਦਾ। ਪਰ ਵਿਦਵਾਨਾਂ ਨੇ ਉਸ ਦੀਆਂ ਹੋਰ ਰਚਨਾਵਾਂ ਦੀ ਦੱਸ ਵੀ ਪਾਈ ਹੈ। ਇਹਨਾਂ ਵਿੱਚ ਸੱਸੀ ਪੁੰਨੂੰ ਦਾ ਕਿੱਸਾ, ਸੀਹਰਫੀ ਲਾਹੌਰ, ਮਿਅਰਾਜਨਾਮਾ, ਅਤੇ ਦੋਹੜੇ ਸ਼ਾਮਲ ਹਨ। ਜ਼ਿਆ ਮੁਹੰਮਦ ਨੇ ਵਾਰਿਸ ਦੀ ਇੱਕ ਹੋਰ ਰਚਨਾ ਚੁਹੜੇਟੜੀਨਾਮਾ ਦਾ ਜ਼ਿਕਰ ਆਪਣੀ ਲਿਖਤ ਯਾਦਗਾਰਿ ਵਾਰਿਸ ਵਿੱਚ ਕੀਤਾ ਹੈ।
ਵਾਰਿਸ ਨੇ ਹੀਰ ਰਾਂਝੇ ਦੀ ਪਹਿਲਾਂ ਪ੍ਰਚਲਿਤ ਕਹਾਣੀ ਨੂੰ ਹੀ ਥੋੜ੍ਹੀ ਜਿਹੀ ਤਬਦੀਲੀ ਨਾਲ ਆਪਣੇ ਕਿੱਸੇ ਵਿੱਚ ਬਿਆਨ ਕੀਤਾ ਹੈ। ਵਾਰਿਸ ਦੀ ਕਹਾਣੀ ਅਨੁਸਾਰ ਰਾਂਝਾ ਤਖ਼ਤ ਹਜ਼ਾਰੇ ਦਾ ਜੰਮ-ਪਲ ਸੀ, ਜਿਹੜਾ ਭਾਬੀਆਂ ਦੇ ਮਿਹਣਿਆਂ ਸਦਕੇ ਝੰਗ ਸਿਆਲ ਨੂੰ ਹੀਰ ਨੂੰ ‘ਵਿਆਹੁਣ` ਤੁਰ ਪੈਂਦਾ ਹੈ। ਪਹਿਲੀ ਵਾਰ ਹੀ ਰਾਂਝੇ ਨੂੰ ਤੱਕਣ `ਤੇ ਹੀਰ ਵੀ ਉਸ ਵੱਲ ਖਿੱਚੀ ਜਾਂਦੀ ਹੈ। ਸੂਫ਼ੀ ਖ਼ਿਆਲ ਦੇ ਲਖਾਇਕ ਪੰਜ ਪੀਰ ਵੀ ਰਾਂਝੇ ਨੂੰ ਹੀਰ ਬਖ਼ਸ਼ ਦਿੰਦੇ ਹਨ। ਪਰ ਸਮਾਜ ਵੱਲੋਂ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ। ਰਾਂਝਾ ਹੀਰ ਦੇ ਬਾਪ ਦਾ ਮੱਝਾਂ ਚਾਰਨ ਵਾਲਾ ਚਾਕਰ ਹੋ ਜਾਂਦਾ ਹੈ। ਸਮੇਂ ਨਾਲ ਹੀਰ ਦੇ ਮਾਪੇ ਹੀਰ-ਰਾਂਝੇ ਦੇ ਪਿਆਰ ਨੂੰ ਅਸਵੀਕਾਰ ਕਰਦੇ ਹੋਏ ਉਸ ਦਾ ਵਿਆਹ ਰੰਗਪੁਰ ਕਰ ਦਿੰਦੇ ਹਨ। ਰਾਂਝਾ ਜੋਗੀ ਬਣ ਕੇ ਰੰਗਪੁਰ ਹੀਰ ਨੂੰ ਮਿਲਣ ਜਾਂਦਾ ਹੈ ਅਤੇ ਉਹ ਦੋਵੇਂ ਦੌੜ ਜਾਂਦੇ ਹਨ। ਪਕੜੇ ਜਾਣ `ਤੇ ਉਹਨਾਂ ਨੂੰ ਅਦਲੀ ਰਾਜੇ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ ਜੋ ਉਹਨਾਂ ਦੇ ਵਿਆਹ ਨੂੰ ਮਨਜ਼ੂਰੀ ਦੇ ਦਿੰਦਾ ਹੈ। ਪਰ ਹੀਰ ਦੇ ਮਾਪੇ ਸਿਆਲੀਂ ਲਿਜਾ ਕੇ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੰਦੇ ਹਨ। ਰਾਂਝਾ ਵੀ ਹੀਰ ਦੀ ਮੌਤ ਦੀ ਖ਼ਬਰ ਸੁਣ ਕੇ ਆਹ ਨਾਲ ਮਰ ਜਾਂਦਾ ਹੈ।
ਫ਼ਾਰਸੀ ਵਿੱਚ ਬੈਂਤ ਦਾ ਮਤਲਬ ਸ਼ਿਅਰ ਹੈ ਜਿਹੜਾ ਪੰਜਾਬੀ ਵਿੱਚ ਆ ਕੇ ਬੈਂਤ ਛੰਦ ਬਣ ਗਿਆ। ਭਾਵੇਂ ਬੈਂਤ ਛੰਦ ਦੀ ਕਾਢ ਵਾਰਿਸ ਸ਼ਾਹ ਤੋਂ ਰਤਾ ਪਹਿਲਾਂ ਅਹਿਮਦ ਗੁੱਜਰ ਨੇ ਕੀਤੀ ਪਰ ਇਸਦੀ ਪੁਖਤਗੀ ਵਾਰਿਸ ਸ਼ਾਹ ਦੀ ਦੇਣ ਹੈ।
ਵਾਰਿਸ ਸ਼ਾਹ ਦੀ ਰਚਨਾ ਦੇ ਲੋਕ-ਪ੍ਰਿਆ ਹੋਣ ਦੇ ਕਿੰਨੇ ਹੀ ਸਬੱਬ ਹੋ ਸਕਦੇ ਹਨ ਪਰ ਪ੍ਰਤੱਖ ਤੌਰ `ਤੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਰਚਨਾ ਰਾਹੀਂ ਵਾਰਿਸ ਸ਼ਾਹ ਨੇ ਪ੍ਰੀਤ ਕਥਾ ਨੂੰ ਕੇਂਦਰ ਵਿੱਚ ਰੱਖ ਕੇ ਭੂਪਵਾਦੀ ਮੁੱਲ-ਵਿਧਾਨ ਵਾਲੇ ਤੱਤਕਾਲੀਨ ਪੰਜਾਬੀ ਸਮਾਜ ਦੀ ਇੱਕ ਮੁਕੰਮਲ ਝਾਕੀ ਪੇਸ਼ ਕੀਤੀ ਹੈ। ਇਸ ਝਾਕੀ ਵਿੱਚ ਅਰਥ ਵਿਵਸਥਾ, ਰਾਜ ਵਿਵਸਥਾ, ਨਿਆਂ ਪ੍ਰਬੰਧ, ਧਾਰਮਿਕ ਵਿਸ਼ਵਾਸ, ਰੀਤੀ ਰਿਵਾਜ, ਰਿਸ਼ਤਾ ਨਾਤਾ ਪ੍ਰਣਾਲੀ ਦੇ ਚੰਗੇ ਮੰਦੇ ਸਾਰੇ ਪੱਖ ਸਾਕਾਰ ਹੋ ਜਾਂਦੇ ਹਨ। ਵੇਲੇ ਦੇ ਪੰਜਾਬੀ ਸਮਾਜ ਦੇ ਲੋਕ ਜੀਵਨ ਦਾ ਕੋਈ ਵੀ ਪੱਖ ਇਸ ਰਚਨਾ ਦੇ ਘੇਰੇ ਤੋਂ ਬਾਹਰ ਨਹੀਂ ਰਿਹਾ ਜਾਪਦਾ। ਇਸ ਵਿਚਲਾ ਸਾਰਾ ਬਿਰਤਾਂਤ ਹਕੀਕਤ ਦੇ ਬਹੁਤ ਨੇੜੇ ਹੈ। ਜੋ ਕੁਝ ਵੀ ਪਰਾਭੌਤਿਕ ਜਾਂ ਗ਼ੈਰ-ਕੁਦਰਤੀ ਇਸ ਕਿੱਸੇ ਵਿੱਚ ਹੈ ਉਹ ਵੇਲੇ ਦੇ ਸਮਾਜ ਦੀ ਲੋਕ ਮਾਨਸਿਕਤਾ ਦਾ ਪਰਤੌ ਹੈ।
ਵਾਰਿਸ ਦੀ ਸ਼ਖ਼ਸੀਅਤ ਅਤੇ ਉਸ ਦੀ ਰਚਨਾ ਦੇ ਸੰਬੰਧ ਵਿੱਚ ਦੋ ਧਾਰਨਾਵਾਂ ਪ੍ਰਚਲਿਤ ਹਨ ਜੋ ਆਪੋ- ਆਪਣੀ ਥਾਂ ਸੱਚੀਆਂ ਵੀ ਹਨ ਅਤੇ ਜਿਨ੍ਹਾਂ ਵਿੱਚ ਆਪਸੀ ਵਿਰੋਧ ਵੀ ਹੈ। ਇੱਕ ਬੰਨੇ ਇਹ ਪ੍ਰਵਾਨ ਕੀਤਾ ਜਾਂਦਾ ਹੈ ਕਿ ਵਾਰਿਸ ਅਸਲੋ-ਅਸਲੀ ਇੱਕ ਸੂਫ਼ੀ ਫ਼ਕੀਰ ਸੀ ਅਤੇ ਇਸ ਲਈ ਉਸ ਨੇ ਇਸ਼ਕ ਮਿਜ਼ਾਜੀ ਨੂੰ ਇਸ਼ਕ ਹਕੀਕੀ ਦਾ ਇੱਕ ਪੜਾਅ ਸਮਝਦਿਆਂ ਹੋਇਆਂ ਅਤੇ ਇਸ ਨੂੰ ਪ੍ਰਵਾਨਗੀ ਦਿੰਦਿਆਂ ਹੋਇਆਂ, ਖਰਲ ਹਾਂਸ ਦੀ ਮਸੀਤ ਵਿੱਚ ਬੈਠ ਕੇ ਹੀਰ ਦਾ ਕਿੱਸਾ ਲਿਖਕੇ ਇੱਕ ਧਾਰਮਿਕ ਕਰਤੱਵ ਦੀ ਪੂਰਤੀ ਕੀਤੀ। ਦੂਜੇ ਬੰਨ੍ਹੇ ਇਹ ਕਿਹਾ ਜਾਂਦਾ ਹੈ ਕਿ ਵਾਰਿਸ ਸ਼ਾਹ ਖ਼ੁਦ ਇਸ਼ਕ ਦਾ ਕੁੱਠਾ ਸੀ ਜਿਸਨੇ ਕਿਸੇ ਭਾਗਭਰੀ ਨਾਲ ਆਪਣੇ ਇਸ਼ਕ ਦੀ ਦਾਸਤਾਂ ਨੂੰ ਜ਼ਬਾਨ ਦੇਣ ਲਈ ਇਸ ਕਿੱਸੇ ਦੀ ਰਚਨਾ ਕੀਤੀ। ਸੂਫ਼ੀ ਮਤ ਦੀ ਧਾਰਨਾ ਅਨੁਸਾਰ ਇਸ਼ਕ ਮਿਜ਼ਾਜੀ ਦੀ ਬਾਤ ਪਾਉਂਦਿਆਂ ਉਸ ਨੇ ਕਿੱਸੇ ਦੇ ਸ਼ੁਰੂ ਵਿੱਚ ਕਿਹਾ ਹੈ:
ਅੱਵਲ ਹਮਦ ਖੁਦਾਇ ਦਾ ਵਿਰਦ ਕੀਜੇ,
ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ
ਪਹਿਲੇ ਆਪ ਖੁਦਾਇ ਨੇ ਇਸ਼ਕ ਕੀਤਾ ਤੇ
ਮਾਸ਼ੂਕ ਹੈ ਨਬੀ ਰਸੂਲ ਮੀਆਂ
ਅਤੇ ਇਹ ਵੀ ਕਿਹਾ ਹੈ :
ਇਹ ਕੁਰਾਨ ਮਜੀਦ ਦੇ ਮਾਇਨੇ ਨੇ
ਜੋ ਬੋਲ ਮੀਆਂ ਵਾਰਿਸ ਸ਼ਾਹ ਦੇ ਨੇ
ਦੂਜੇ ਬੰਨੇ ਯਾਰਾਂ ਨਾਲ ਮਜਲਿਸਾਂ ਵਿੱਚ ਬਹਿਕੇ ‘ਹੀਰ ਦੇ ਇਸ਼ਕ ਦਾ ਮਜ਼ਾ ਪਾਉਣ` ਲਈ ਉਹਨਾਂ ਦੀ ਫ਼ਰਮਾਇਸ਼ ਉੱਤੇ ‘ਪ੍ਰੇਮ ਦੀ ਝੋਕ ਵਾਲਾ ਨਵਾਂ ਕਿੱਸਾ ਬਣਾਉਣ` ਦਾ ਜ਼ਿਕਰ ਕੀਤਾ ਹੈ :
ਹੁਕਮ ਮੰਨਕੇ ਸੱਜਣਾਂ ਪਿਆਰਿਆਂ ਦਾ,
ਕਿੱਸਾ ਅਜਬ ਬਹਾਰ ਦਾ ਜੋੜਿਆ ਮੈਂ
ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ,
ਨਵਾਂ ਫੁੱਲ ਗੁਲਾਬ ਦਾ ਤੋੜਿਆ ਮੈਂ
ਕੁਰਾਨ ਮਜੀਦ ਦੇ ਮਾਅਨਿਆਂ ਵਾਲੀ ਗੱਲ ਦੇ ਸਮਾਨਾਂਤਰ ਹੀ ਕਿੱਸੇ ਦੇ ਬਿਰਤਾਂਤ ਵਿੱਚ ਕਾਫ਼ੀ ਕੁਝ ਅਜਿਹਾ ਹੈ ਜਿਸ ਵਿੱਚੋਂ ਧਾਰਮਿਕ ਰੁਚੀਆਂ ਵਾਲੇ ਲੋਕਾਂ ਨੂੰ ਤਾਂ ਕੀ ਸਧਾਰਨ ਮਨੁੱਖਾਂ ਨੂੰ ਵੀ ਚੰਮ-ਰਸ, ਅਸੱਭਿਯ ਬੋਲ ਬਾਣੀ ਅਤੇ ਅਸ਼ਲੀਲਤਾ ਦਾ ਆਭਾਸ ਹੁੰਦਾ ਹੈ। ਇਹ ਗੱਲ ਪ੍ਰਚਲਿਤ ਹੈ ਕਿ ਵਾਰਿਸ ਨੇ ਜਦੋਂ ਕਿੱਸਾ ਆਪਣੇ ਮੁਰਸ਼ਿਦ ਨੂੰ ਸੁਣਾਇਆ ਤਾਂ ਉਸ ਦਾ ਕਹਿਣਾ ਸੀ ਕਿ ਵਾਰਿਸ ਨੇ ਹੀਰਿਆਂ ਦੇ ਮਣਕਿਆਂ ਨੂੰ ਮੁੰਜ ਦੀ ਰੱਸੀ ਵਿੱਚ ਪਰੋ ਦਿੱਤਾ ਹੈ।
ਵਾਰਿਸ ਦੀ ਹੀਰ ਬਾਰੇ ਹੁਣ ਤਕ ਇਹ ਵਿਰੋਧਾਭਾਸ ਕਾਇਮ ਹੈ ਕਿ ਇੱਕ ਬੰਨੇ ਇਸ ਨੂੰ ਪੰਜਾਬੀ ਸਾਹਿਤ ਸੱਭਿਆਚਾਰ ਦੀ ਸ੍ਰੇਸ਼ਠ ਰਚਨਾ ਹੋਣ ਦਾ ਮਾਣ ਹਾਸਲ ਹੈ, ਦੂਜੇ ਬੰਨੇ ਇਸ ਨੂੰ ਘਰ ਪਰਿਵਾਰ ਦੇ ਅੰਦਰ ਥਾਂ ਨਹੀਂ ਦਿੱਤੀ ਗਈ। ਐਨ ਓਵੇਂ ਜਿਵੇਂ ਝੰਗ ਸਿਆਲਾਂ ਵਿੱਚ ਹੀਰ ਦੀ ਮੜ੍ਹੀ ਦੀ ਪੂਜਾ ਤਾਂ ਕੀਤੀ ਜਾਂਦੀ ਹੈ ਪਰ ਕਿਸੇ ਪੰਜਾਬੀ ਨੇ ਇਉਂ ਨਹੀਂ ਕੀਤਾ ਕਿ ਆਪਣੀ ਧੀ ਭੈਣ ਨੂੰ ਹੀਰ ਦਾ ਨਾਂ ਦੇਵੇ।
ਲੇਖਕ : ਰਘਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 23706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First