ਵਿਅਕਤੀ ਭਾਸ਼ਾ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਵਿਅਕਤੀ ਭਾਸ਼ਾ: ਭਾਸ਼ਾ ਇਕ ਸਮਾਜੀ ਵਰਤਾਰਾ ਹੈ ਇਸ ਨੂੰ ਸਮਾਜ ਨਾਲੋਂ ਤੋੜ ਕੇ ਜਾਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਸਮਾਜੀ ਵਰਤਾਰੇ ਦੇ ਅਧਾਰ ’ਤੇ ਭਾਸ਼ਾ ਦੀਆਂ ਵਿਭਿੰਨ ਵੰਨਗੀਆਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਭਾਸ਼ਾ ਵੰਨਗੀਆਂ ਦਾ ਅਧਿਅਨ ਕਰਨ ਦੇ ਦੋ ਅਧਾਰ ਹਨ : (i) ਭੂਗੋਲਕ ਅਤੇ (ii) ਸਮਾਜਕ। ਭੂਗੋਲਕ ਪੱਖ ਤੋਂ ਭਾਸ਼ਾ ਦਾ ਅਧਿਅਨ ਭੂਗੋਲਕ ਹੱਦਬੰਦੀਆਂ ’ਤੇ ਅਧਾਰਤ ਹੁੰਦਾ ਹੈ। ਇਕ ਸਮਾਜ ਇਨ੍ਹਾਂ ਕੁਦਰਤੀ ਹੱਦਬੰਦੀਆਂ ਕਾਰਨ ਵੱਖੋ ਵੱਖਰੇ ਛੋਟੇ ਸਭਿਆਚਾਰਕ ਗੁੱਟਾਂ ਵਿਚ ਵੰਡਿਆ ਜਾਂਦਾ ਹੈ ਭਾਵੇਂ ਸਭਿਆਚਾਰ ਦੇ ਪੱਖ ਤੋਂ ਇਹ ਛੋਟੇ ਗੁੱਟ ਇਕ ਸਮੁੱਚੇ ਸਭਿਆਚਾਰ ਦਾ ਹਿੱਸਾ ਤਾਂ ਹੁੰਦੇ ਹਨ ਪਰ ਇਨ੍ਹਾਂ ਵਿਚ ਵਖਰੇਵੇਂ ਵੀ ਹੁੰਦੇ ਹਨ। ਉਪ ਭਾਸ਼ਾਵਾਂ ਦਾ ਅਧਿਅਨ ਉਪਭਾਸ਼ਾ ਵਿਗਿਆਨ ਦੇ ਘੇਰੇ ਵਿਚ ਕੀਤਾ ਜਾਂਦਾ ਹੈ ਜਦੋਂ ਕਿ ਇਕ ਸਮਾਜ ਲਿੰਗ, ਉਮਰ, ਕਿੱਤਾ, ਜਾਤ ਆਦਿ ਦੇ ਅਧਾਰ ’ਤੇ ਵੀ ਵੰਡਿਆ ਹੋਇਆ ਹੁੰਦਾ ਹੈ। ਇਹ ਸਾਰੇ ਵਖਰੇਵੇਂ ਵੀ ਭਾਸ਼ਾ ਨੂੰ ਪਰਭਾਵਤ ਕਰਦੇ ਹਨ। ਇਨ੍ਹਾਂ ਦਾ ਅਧਿਅਨ ਸਮਾਜ ਭਾਸ਼ਾ ਵਿਗਿਆਨ ਦੇ ਘੇਰੇ ਵਿਚ ਕੀਤਾ ਜਾਂਦਾ ਹੈ। ਵਿਅਕਤੀ ਭਾਸ਼ਾ ਸਮਾਜ ਭਾਸ਼ਾ ਵਿਗਿਆਨ ਨਾਲ ਸਬੰਧਤ ਸੰਕਲਪ ਹੈ। ਇਕ ਵਿਅਕਤੀ ਇਕ ਵਿਸ਼ੇਸ਼ ਸਮੇਂ, ਸਥਾਨ ਅਤੇ ਸਥਿਤੀ ਵਿਚ ਇਸ ਪਰਕਾਰ ਦੀ ਭਾਸ਼ਾ ਦੀ ਵਰਤੋਂ ਕਰਦਾ ਹੈ ਪਰ ਇਹ ਭਾਸ਼ਾਈ ਰੂਪ ਉਸ ਵਕਤ ਬਦਲ ਜਾਂਦਾ ਹੈ ਜਦੋਂ ਸਮਾਂ, ਸਥਾਨ ਅਤੇ ਵਿਅਕਤੀ ਬਦਲ ਜਾਂਦੇ ਹਨ। ਇਸ ਲਈ ਇਕ ਵਿਅਕਤੀ ਹਮੇਸ਼ਾਂ ਇਕੋ ਭਾਸ਼ਾਈ ਰੂਪ ਨਹੀਂ ਵਰਤਦਾ। ਪਤਨੀ, ਬੱਚੇ, ਵੱਡਿਆਂ, ਅਫਸਰਾਂ, ਮਤਾਹਿਤਾਂ, ਯਾਰਾਂ, ਸਹਿ-ਕਰਮੀਆਂ ਨਾਲ ਗੱਲ ਕਰਦਾ ਹੋਇਆ ਵਿਅਕਤੀ ਸਰੋਤੇ ਦੇ ਅਧਾਰ ’ਤੇ ਭਾਸ਼ਾਈ ਰੂਪਾਂ ਦੀ ਚੋਣ ਕਰਦਾ ਹੈ। ਇਸ ਲਈ ਵਿਅਕਤੀ ਭਾਸ਼ਾ, ਸਮੇਂ, ਸਥਾਨ ਅਤੇ ਸਥਿਤੀ ’ਤੇ ਅਧਾਰਤ ਹੁੰਦੀ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First