ਵਿਕਾਰ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਿਕਾਰ : ਵਿਕਾਰ, ਪਰੰਪਰਾਈ ਵਿਆਕਰਨ ਦਾ ਸੰਕਲਪ ਹੈ। ਪਰੰਪਰਾਈ ਵਿਆਕਰਨ ਵਿੱਚ ਵਿਕਾਰ ਦੇ ਸੰਕਲਪ ਤਹਿਤ ਸ਼ਬਦ-ਸ਼੍ਰੇਣੀਆਂ ਦੀ ਰੂਪ-ਸਾਧਨਾ ਨੂੰ ਵਿਚਾਰਿਆ ਜਾਂਦਾ ਸੀ। ਆਧੁਨਿਕ ਵਿਆਕਰਨ ਵਿੱਚ ਇਸ ਸੰਕਲਪ ਦੀ ਵਰਤੋਂ ਰੂਪ-ਵਿਗਿਆਨ ਦੀ ਸ਼ਾਖਾ ਵਿੱਚ ਰੂਪਾਂਤਰ ਦੇ ਪ੍ਰਸੰਗ ਵਿੱਚ ਕੀਤੀ ਜਾਂਦੀ ਹੈ। ਪਰ ਰੂਪਾਂਤਰ ਜਾਂ ਰੂਪਾਂਤਰਨ ਸ਼ਬਦ ਅੰਗਰੇਜ਼ੀ transformation ਲਈ ਵੀ ਵਰਤਿਆ ਜਾਂਦਾ ਹੈ। ਪਰੰਪਰਾਈ ਵਿਆਕਰਨ ਵਿੱਚ ਵਿਕਾਰ ਤੋਂ ਭਾਵ ਉਸ ਰੂਪਾਤਮਕ ਪ੍ਰਕਿਰਿਆ ਤੋਂ ਲਿਆ ਜਾਂਦਾ ਹੈ, ਜੋ ਵਿਉਂਤਪਤ ਪ੍ਰਕਿਰਿਆ ਵਾਂਗ ਨਵੇਂ ਸ਼ਬਦਾਂ ਦੀ ਰਚਨਾ ਨਹੀਂ ਕਰਦੀ, ਸਗੋਂ ਵਿਕਾਰ-ਪ੍ਰਕਿਰਿਆ ਸ਼ਬਦ-ਰੂਪਾਂ ਦੀ ਰੂਪਾਵਲੀ ਸਿਰਜਦੀ ਹੈ ਅਰਥਾਤ ਵਿਕਾਸ ਇੱਕ ਸ਼੍ਰੇਣੀ-ਰੱਖਿਅਕ ਰੂਪਾਤਮਕ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਰਾਹੀਂ ਸ਼ਬਦਾਂ ਦੇ ਰੂਪ ਵਿੱਚ ਤਾਂ ਪਰਿਵਰਤਨ ਆ ਜਾਂਦਾ ਹੈ ਪਰ ਸ਼ਬਦ ਦੀ ਮੂਲ ਸ਼੍ਰੇਣੀ ਨਹੀਂ ਬਦਲਦੀ। ਮਿਸਾਲ ਵਜੋਂ ਹੇਠਾਂ ਪੰਜਾਬੀ ਦੇ ਇੱਕ ਨਾਂਵ ਸ਼ਬਦ ਅਤੇ ਕਿਰਿਆ ਸ਼ਬਦ ਦੀ ਰੂਪਾਵਲੀ ਦਿੱਤੀ ਜਾਂਦੀ ਹੈ।
ਬੱਚਾ (ਨਾਂਵ) - ਬੱਚੇ ਬੱਚਿਆਂ ਬੱਚੀਆਂ
ਬੱਚਿਓ ਬੱਚੀਓ
ਪੜ੍ਹ (ਕਿਰਿਆ) - ਪੜ੍ਹਦਾ ਪੜ੍ਹਦੀ ਪੜ੍ਹਦੇ
ਪੜ੍ਹਦੀਆਂ ਪੜ੍ਹਦਿਆਂ ਪੜ੍ਹੀਦਾ
ਪੜ੍ਹਨਾ ਪੜ੍ਹਨੀ ਪੜ੍ਹਨੇ
ਪੜ੍ਹਨੀਆਂ ਪੜ੍ਹੀਦੇ ਪੜ੍ਹੀਦੀਆਂ
ਪੜ੍ਹਾ ਪੜ੍ਹੇ ਪੜ੍ਹੀਆਂ
ਪੜ੍ਹੀਏ ਪੜ੍ਹੋ ਪੜ੍ਹਨ ਆਦਿ।
ਪੰਜਾਬੀ ਨਾਂਵ ਸ਼ਬਦ (ਬੱਚਾ) ਦੇ ਤਾਂ ਪੰਜ ਵਿਕਾਰੀ ਰੂਪ ਬਣੇ ਹਨ ਪਰ ਕਿਰਿਆ (ਪੜ੍ਹ) ਦੇ 18 ਵਿਕਾਰੀ ਰੂਪ ਸੰਭਵ ਹਨ। ‘ਬੱਚਾ’ ਸ਼ਬਦ ਦੀ ਰੂਪਵਲੀ ਦੇ ਸਾਰੇ ਵਿਕਾਰੀ ਰੂਪ ਨਾਂਵ ਸ਼ਬਦ ਸ਼੍ਰੇਣੀ ਨਾਲ ਹੀ ਸੰਬੰਧਿਤ ਹਨ ਅਤੇ ਕਿਰਿਆ ‘ਪੜ੍ਹ’ ਸ਼ਬਦ ਸ਼੍ਰੇਣੀ ਨਾਲ ਸੰਬੰਧਿਤ ਸਾਰੇ ਵਿਕਾਰੀ ਰੂਪ ਕਿਰਿਆ ਹੀ ਹਨ। ਸ਼ਬਦਾਂ ਦੇ ਇਹ ਵਿਕਾਰੀ ਰੂਪ ਵਾਕਾਤਮਕ ਸੰਬੰਧਾਂ ਦੇ ਸਿੱਟੇ ਵਜੋਂ ਹੋਂਦ ਵਿੱਚ ਆਉਂਦੇ ਹਨ। ਦਰਅਸਲ ਵਾਕ ਵਿੱਚ ਜੁੜਨ ਵੇਲੇ ਸ਼ਬਦ ਲਿੰਗ, ਵਚਨ, ਪੁਰਖ, ਕਾਲ, ਪੱਖ, ਵਾਕ ਅਤੇ ਕਾਰਕ ਆਦਿ ਵਿਆਕਰਨਿਕ ਸ਼੍ਰੇਣੀਆਂ ਤੋਂ ਪ੍ਰਭਾਵਿਤ ਹੁੰਦੇ ਹਨ। ਇਸ ਪ੍ਰਭਾਵ ਦੇ ਸਿੱਟੇ ਵਜੋਂ ਹੀ ਸ਼ਬਦਾਂ ਵਿੱਚ ਵਿਕਾਰ ਆਉਂਦਾ ਹੈ। ਮਿਸਾਲ ਵਜੋਂ ਹੇਠ ਲਿਖੇ ਵਾਕ ਪੇਸ਼ ਹਨ :
1. ਬੱਚਾ ਪੜ੍ਹਦਾ ਹੈ।
2. ਬੱਚੀ ਪੜ੍ਹਦੀ ਹੈ।
3. ਬੱਚੇ ਪੜ੍ਹਦੇ ਹਨ।
4. ਬੱਚੀਆਂ ਪੜ੍ਹਦੀਆਂ ਹਨ।
ਉਪਰੋਕਤ ਚਾਰਾਂ ਵਾਕਾਂ ਵਿੱਚ ਨਾਂਵ ਸ਼ਬਦ (ਬੱਚਾ) ਦਾ ਕਿਰਿਆ-ਸ਼ਬਦ (ਪੜ੍ਹਦਾ ਹੈ) ਨਾਲ ਵਾਕਾਤਮਕ ਸੰਬੰਧ ਹੈ। ਇਸ ਸੰਬੰਧ ਨੂੰ ਕਰਤਾ-ਕਿਰਿਆ ਦਾ ਸੰਬੰਧ ਕਿਹਾ ਜਾਂਦਾ ਹੈ-ਇਸ ਸੰਬੰਧ ਵਿੱਚ ਪੰਜਾਬੀ ਦਾ ਵਿਆਕਰਨਿਕ ਨੇਮ-ਸੰਬੰਧ ਕਾਰਜਸ਼ੀਲ ਹੈ। ਪਹਿਲੇ ਵਾਕ ਵਿੱਚ (ਬੱਚਾ) ਇੱਕ ਵਚਨ, ਪੁਲਿੰਗ ਹੈ, ਇਸ ਲਈ ਕਿਰਿਆ ਵੀ ਇੱਕ ਵਚਨ-ਪੁਲਿੰਗ ਦੇ ਗੁਣਾਂ ਦੀ ਧਾਰਨੀ ਹੈ। ਦੂਜੇ ਵਾਕ ਵਿੱਚ (ਬੱਚੀ) ਇੱਕ ਵਚਨ-ਇਲਿੰਗ ਹੈ। ਇਸ ਲਈ ਕਿਰਿਆ ਵੀ ਇਸੇ ਵਿਆਕਰਨਿਕ ਲੱਛਣ ਦੀ ਧਾਰਨੀ ਹੋ ਰਹੀ ਹੈ। ਸ਼ਬਦਾਂ ਦੀ ਅਜਿਹੀ ਰੂਪ-ਰਚਨਾ ਜਾਂ ਸਾਧਨਾ ਨੂੰ ਹੀ ਵਿਕਾਰ ਕਿਹਾ ਜਾਂਦਾ ਹੈ।
ਇਸ ਤਰ੍ਹਾਂ ਵਿਕਾਰ ਦੇ ਪੱਖ ਤੋਂ ਕਿਸੇ ਭਾਸ਼ਾ ਦੀ ਸ਼ਬਦਾਵਲੀ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਵਿਕਾਰੀ ਸ਼ਬਦ ਅਤੇ ਅਵਿਕਾਰੀ ਸ਼ਬਦ। ਵਿਕਾਰੀ ਸ਼ਬਦ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿਸੇ ਨਾ ਕਿਸੇ ਵਿਆਕਰਨਿਕ ਸ਼੍ਰੇਣੀ (ਲਿੰਗ-ਵਚਨ-ਕਾਲ ਆਦਿ) ਕਾਰਨ ਆਪਣਾ ਰੂਪ ਵਟਾ ਲੈਣ ਜਾਂ ਜਿਨ੍ਹਾਂ ਦੇ ਰੂਪ ਵਿੱਚ ਪਰਿਵਰਤਨ ਆ ਜਾਵੇ, ਪਰ ਉਹਨਾਂ ਦੀ ਸ਼੍ਰੇਣੀ ਉਹੀ ਰਹੇ। ਇਸ ਦੇ ਉਲਟ ਜਿਨ੍ਹਾਂ ਸ਼ਬਦ ਰੂਪਾਂ ਦਾ ਵਿਆਕਰਨਿਕ ਸ਼੍ਰੇਣੀ ਅਨੁਸਾਰ ਰੂਪ ਨਾ ਬਦਲੇ, ਉਹਨਾਂ ਨੂੰ ਅਵਿਕਾਰੀ ਸ਼ਬਦ ਕਿਹਾ ਜਾਂਦਾ ਹੈ। ਮਿਸਾਲ ਵਜੋਂ ਪੰਜਾਬੀ ਦੇ - ਕਿ, ਨੇ, ਨੂੰ, ਪਰ, ਤੋਂ, ਫਿਰ, ਅਤੇ, ਜਾਂ, ਹੀ, ਵੀ, ਈ ਆਦਿ ਅਵਿਕਾਰੀ ਸ਼ਬਦ ਹਨ।
ਲੇਖਕ : ਬੂਟਾ ਸਿੰਘ ਬਰਾੜ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਕਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਿਕਾਰ [ਨਾਂਪੁ] ਵਿਗਾੜ, ਖ਼ਰਾਬੀ, ਐਬ; ਰੋਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਕਾਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਵਿਕਾਰ (ਸੰ.। ਸੰਸਕ੍ਰਿਤ) ੧. ਸ੍ਵਭਾਵ ਦੀ ਬਦਲ , ਕੁਦਰਤੀ ਹਾਲਤ ਦਾ ਬਦਲ ਕੇ ਹੋਰ ਹੋ ਜਾਣਾ।
੨. ਖੋਟੇ ਕਰਮਾਂ ਦੀ ਇੱਛਾ , ਵਿਸ਼ੇ ਵਾਸ਼ਨਾ। ਯਥਾ-‘ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ’।
੩. ਖੋਟੇ ਕਰਮ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First