ਵਿਗੜ-ਚਿੱਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Unsound mind_ਵਿਗੜ-ਚਿੱਤ: ਵਿਗੜ-ਚਿਤ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਸਰੀਰ ਅਤੇ ਹੋਰ ਮਨੁਖੀ ਕਾਰਵਿਹਾਰ ਦਾ ਪ੍ਰਬੰਧ ਖ਼ੁਦ ਨ ਕਰ ਸਕੇ। ਅਜਿਹਾ ਵਿਅਕਤੀ ਬਾਦਲੀਲ ਤਾਂ ਹੁੰਦਾ ਹੀ ਨਹੀਂ , ਉਹ ਸੋਚ ਜਾਂ ਵਿਚਾਰ-ਸ਼ਕਤੀ ਅਥਵਾ ਵਿਵੇਕ ਤੋਂ ਵੀ ਵੰਚਿਤ ਹੁੰਦਾ ਹੈ। ਦਰਅਸਲ ਪਾਗਲਪਨ ਦੇ ਕਈ ਰੂਪ ਹਨ ਅਤੇ ਉਸ ਦਾ ਪ੍ਰਗਟਾਅ ਵੀ ਵਖ ਵਖ ਰੂਪਾਂ ਵਿਚ ਹੁੰਦਾ ਰਹਿੰਦਾ ਹੈ। ਉਨ੍ਹਾਂ ਸਾਰੇ ਰੂਪਾਂ ਦੀਆਂ ਖ਼ਾਸੀਅਤਾਂ ਨੂੰ ਵਖ ਵਖ ਸ਼ਕਲ ਵਿਚ ਲੈਣ ਦੀ ਥਾਂ ਵਿਗੜ-ਚਿੱਤ ਇਕ ਅਜਿਹਾ ਸ਼ਬਦ ਵਰਤ ਲਿਆ ਜਾਂਦਾ ਹੈ ਜੋ ਲਗਭਗ ਪਾਗਲਪਨ ਦੀਆਂ ਸਭ ਕਿਸਮਾਂ ਦਾ ਲਖਾਇਕ ਬਣ ਜਾਂਦਾ ਹੈ। ਵਿਗੜ-ਚਿੱਤ ਵਿਅਕਤੀ ਮੂੜ੍ਹ ਵੀ ਹੋ ਸਕਦਾ ਹੈ ਅਤੇ ਅਤਿ-ਦਰਜੇ ਦੇ ਪਾਗਲਪਨ ਦਾ ਸ਼ਿਕਾਰ ਵੀ ਹੋ ਸਕਦਾ ਹੈ। ਕਾਨੂੰਨ ਵਿਚ ਉਸ ਦੀ ਉਸ ਅਵਸਥਾ ਨੂੰ ਵਿਗੜ-ਚਿੱਤ ਕਿਹਾ ਗਿਆ ਹੈ ਜਿਸ ਵਿਚ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਰਹਿ ਜਾਂਦੀ ਕਿ ਜੋ ਕੰਮ ਉਹ ਕਰ ਰਿਹਾ ਹੈ ਉਸ ਦੇ ਕੁਦਰਤੀ ਪਰਿਣਾਮ ਕੀ ਹੋਣਗੇ। ਭਾਰਤੀ ਦੰਡ ਸੰਘਤਾ ਦੀ ਧਾਰਾ 84 ਵਿਚ ਉਪਬੰਧ ਕੀਤਾ ਗਿਆ ਹੈ ਕਿ ਕੋਈ ਅਜਿਹੀ ਗੱਲ ਅਪਰਾਧ ਨਹੀਂ ਹੈ ਜੋ ਉਸ ਵਿਅਕਤੀ ਦੁਆਰਾ ਕੀਤੀ ਜਾਂਦੀ ਹੈ, ਜੋ ਉਸ ਨੂੰ ਕਰਨ ਸਮੇਂ , ਚਿੱਤ-ਵਿਗਾੜ ਕਾਰਨ ਉਸ ਕੰਮ ਦੀ ਪ੍ਰਕਿਰਤੀ ਅਤੇ ਇਹ ਜਾਣਨ ਦੇ ਅਸਮਰਥ ਹੈ ਕਿ ਉਸ ਕੰਮ ਦਾ ਨਤੀਜਾ ਕੀ ਨਿਕਲੇਗਾ ਜਾਂ ਇਹ ਨਹੀਂ ਜਾਣ ਸਕਦਾ ਕਿ ਜੋ ਕੁਝ ਉਹ ਕਰ ਰਿਹਾ ਹੈ ਉਹ ਦੋਸ਼ ਹੈ ਜਾਂ ਕਾਨੂੰਨ ਦੇ ਉਲਟ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1070, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First