ਵਿਡੋਜ਼ ਦੇ ਭਾਗ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Parts of Windows

ਜਦੋਂ ਤੁਸੀਂ ਆਪਣੇ ਕੰਪਿਊਟਰ ਉੱਤੇ ਕੋਈ ਪ੍ਰੋਗਰਾਮ ਚਲਾਉਂਦੇ ਹੋ ਜਾਂ ਡਾਕੂਮੈਂਟ ਖੋਲ੍ਹਦੇ ਹੋ ਤਾਂ ਇਹ ਤੁਹਾਡੀ ਡੈਸਕਟਾਪ ਉੱਪਰ ਇਕ ਵਿੰਡੋ ਵਿੱਚ ਖੁੱਲ੍ਹਦਾ ਹੈ। ਵਿੰਡੋਜ਼ ਹੇਠਾਂ ਲਿਖੇ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ:

· ਪ੍ਰੋਗਰਾਮ ਵਿੰਡੋਜ਼

· ਡਾਕੂਮੈਂਟ ਵਿੰਡੋਜ਼

ਪ੍ਰੋਗਰਾਮ ਵਿੰਡੋ ਵਿੱਚ ਪ੍ਰੋਗਰਾਮ ਹੁੰਦੇ ਹਨ ਜਿਵੇਂ ਕਿ ਐਮਐਸ ਵਰਡ ਜਾਂ ਮੀਡੀਆ ਪਲੇਅਰ ਆਦਿ। ਦੂਜੇ ਪਾਸੇ ਡਾਕੂਮੈਂਟ (ਡਾਕੂਮੈਂਟ) ਵਿੰਡੋ ਪ੍ਰੋਗਰਾਮ ਵਿੰਡੋ ਵਿੱਚ ਡਾਕੂਮੈਂਟ ਦਿਖਾਉਂਦੀ ਹੈ। ਤੁਸੀਂ ਸਿਰਫ਼ ਇਕ ਹੀ ਪ੍ਰੋਗਰਾਮ ਵਿੰਡੋ ਵਿੱਚ ਕਾਫ਼ੀ ਸਾਰੇ ਡਾਕੂਮੈਂਟ ਖੋਲ੍ਹ ਸਕਦੇ ਹੋ। ਉਦਾਹਰਨ ਵਜੋਂ ਐਮਐਸ ਵਰਡ (ਪ੍ਰੋਗਰਾਮ ਵਿੰਡੋ) ਵਿੱਚ ਬਹੁਤ ਸਾਰੇ ਡਾਕੂਮੈਂਟ ਖੋਲ੍ਹੇ ਜਾ ਸਕਦੇ ਹਨ। ਆਓ ਵਿੰਡੋਜ਼ ਦੇ ਵੱਖ-ਵੱਖ ਭਾਗਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕਰੀਏ:

ਟਾਈਟਲ ਬਾਰ

ਇਹ ਵਿੰਡੋ ਦੇ ਸਭ ਤੋਂ ਉੱਪਰਲੇ ਕਿਨਾਰੇ 'ਤੇ ਹੁੰਦੀ ਹੈ ਤੇ ਖੱਬੇ ਤੋਂ ਸੱਜੇ ਤੱਕ ਇਕ ਲੰਬੀ ਪੱਟੀ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ। ਇਹ ਵੱਖ-ਵੱਖ ਐਪਲੀਕੇਸ਼ਨ, ਡਾਕੂਮੈਂਟ, ਸਮੂਹ ਜਾਂ ਡਾਇਰੈਕਟਰੀ ਦਾ ਨਾਮ ਦਿਖਾਉਂਦੀ ਹੈ। ਜਦੋਂ ਵਿੰਡੋ ਕਾਰਜਸ਼ੀਲ ਜਾਂ ਐਕਟਿਵ ਹੁੰਦੀ ਹੈ ਤਾਂ ਇਸ ਦਾ ਰੰਗ ਬਦਲ ਜਾਂਦਾ ਹੈ।

ਮੀਨੂ ਬਾਰ

ਮੀਨੂ ਬਾਰ ਟਾਈਟਲ ਬਾਰ ਦੇ ਹੇਠਾਂ ਇਕ ਲੰਬੀ ਪੱਟੀ ਦੇ ਰੂਪ ਵਿੱਚ ਹੁੰਦੀ ਹੈ। ਇਸ ਵਿੱਚ ਕਈ ਪ੍ਰਕਾਰ ਦੇ ਮੀਨੂ ਹੁੰਦੇ ਹਨ ਜਿਵੇਂ ਕਿ ਫਾਈਲ ਮੀਨੂ , ਐਡਿਟ ਮੀਨੂ ਆਦਿ। ਇਨ੍ਹਾਂ ਮੀਨੂਜ਼ ਵਿੱਚ ਅੱਗੇ ਵੱਖ-ਵੱਖ ਕਮਾਂਡਜ਼ ਹੁੰਦੀਆਂ ਹਨ। ਇਹ ਕਮਾਂਡਜ਼ ਵੱਖ ਵੱਖ ਕੰਮ ਕਰਵਾਉਣ 'ਚ ਮਦਦ ਕਰਦੀਆਂ ਹਨ।

ਟੂਲ ਬਾਰ

ਇਸ ਵਿੱਚ ਵੱਖ-ਵੱਖ ਕਮਾਂਡਾਂ ਨਾਲ ਸੰਬੰਧਿਤ ਬਟਨ ਹੁੰਦੇ ਹਨ। ਵੱਖ-ਵੱਖ ਪ੍ਰੋਗਰਾਮਾਂ ਦੀ ਟੂਲ ਬਾਰਜ਼ ਵਿਚਲੇ ਬਟਨਾਂ ਦੀ ਤਰਤੀਬ ਅਤੇ ਸ਼ਕਲ ਵੱਖਰੀ-ਵੱਖਰੀ ਹੋ ਸਕਦੀ ਹੈ।

ਡਾਕੂਮੈਂਟ ਵਿੰਡੋ

ਇਹ ਇਕ ਅਜਿਹਾ ਖੇਤਰ ਹੈ ਜਿੱਥੇ ਨਵਾਂ ਡਾਕੂਮੈਂਟ ਤਿਆਰ ਕੀਤਾ ਜਾਂਦਾ ਹੈ ਅਤੇ ਪਹਿਲਾਂ ਤੋਂ ਬਣਿਆ ਡਾਕੂਮੈਂਟ ਦੇਖਿਆ ਜਾਂਦਾ ਹੈ। ਇੱਥੇ ਇਕ ਵੱਡੀ ਆਈ ਵਰਗਾ ਨਿਸ਼ਾਨ ਨਜ਼ਰ ਆਉਂਦਾ ਹੈ ਜਿਸ ਨੂੰ ਕਰਸਰ ਕਿਹਾ ਜਾਂਦਾ ਹੈ। ਇਸ ਕਰਸਰ 'ਤੇ ਹੀ ਸਾਰੀ ਜਾਣਕਾਰੀ ਦਾਖ਼ਲ ਕਰਵਾਈ ਜਾਂਦੀ ਹੈ ਜਿਸ ਕਾਰਨ ਇਸ ਨੂੰ ਇਨਸਰਸ਼ਨ ਪੌਆਇੰਟ ਵੀ ਕਿਹਾ ਜਾਂਦਾ ਹੈ।

ਸਕਰੋਲ ਐਰੋ

ਇਸ ਨੂੰ ਕਲਿੱਕ ਕਰਨ ਨਾਲ ਅਸੀਂ ਆਪਣੇ ਡਾਕੂਮੈਂਟ ਵਿੱਚ ਚਾਰੋਂ ਦਿਸ਼ਾਵਾਂ ਵਿੱਚ ਘੁੰਮ ਸਕਦੇ ਹਾਂ।

ਹੌਰੀਜੈਂਟਲ ਸਕਰੋਲ ਬਾਰ

ਡਾਕੂਮੈਂਟ ਵਿੰਡੋ ਦੇ ਹੇਠਾਂ ਇਕ ਲੇਟਵੀਂ ਪੱਟੀ ਨਜ਼ਰ ਆਉਂਦੀ ਹੈ। ਇਸ ਦੀ ਮਦਦ ਨਾਲ ਡਾਕੂਮੈਂਟ ਨੂੰ ਖੱਬੇ ਜਾਂ ਸੱਜੇ ਪਾਸੇ ਸਰਕਾ ਕੇ ਪੜ੍ਹਿਆ ਜਾਂਦਾ ਹੈ।

ਵਰਟੀਕਲ ਸਕਰੋਲ ਬਾਰ

ਇਹ ਵਿੰਡੋ ਦੇ ਸੱਜੇ ਪਾਸੇ ਨਜ਼ਰ ਆਉਣ ਵਾਲੀ ਇਕ ਖੜ੍ਹਵੀਂ ਪੱਟੀ ਹੈ। ਇਸ ਨੂੰ ਸਰਕਾ ਕੇ ਡਾਕੂਮੈਂਟ ਨੂੰ ਉੱਪਰ-ਥੱਲੇ ਘੁੰਮਾਇਆ ਜਾ ਸਕਦਾ ਹੈ।

ਸਟੇਟਸ ਬਾਰ

ਇਹ ਡਾਕੂਮੈਂਟ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਵਾਉਂਦੀ ਹੈ।

ਰੀਸਟੋਰ ਬਟਨ

ਇਹ ਦੋ ਕੰਮ ਕਰਦਾ ਹੈ, ਜਦੋਂ ਵਿੰਡੋ ਵੱਡੀ ਹੋ ਜਾਂਦੀ ਹੈ ਤਾਂ ਮੈਕਸੀਮਾਈਜ਼ ਬਟਨ ਰੀਸਟੋਰ ਬਟਨ ਵਿੱਚ ਬਦਲ ਜਾਂਦਾ ਹੈ। ਵਿੰਡੋ ਨੂੰ ਆਪਣਾ ਪਹਿਲਾਂ ਵਾਲਾ ਅਕਾਰ ਦੇਣ ਲਈ ਇਸ (ਰੀਸਟੋਰ ਬਟਨ) 'ਤੇ ਕਲਿੱਕ ਕੀਤਾ ਜਾਂਦਾ ਹੈ। ਇਹ ਬਟਨ ਟਾਈਟਲ ਬਾਰ ਵਿੱਚ ਸੱਜੇ ਪਾਸੇ ਹੁੰਦਾ ਹੈ।

ਕਲੋਜ਼ ਬਟਨ

ਕਲੋਜ਼ ਬਟਨ ਟਾਈਟਲ ਬਾਰ ਦੇ ਸੱਜੇ ਪਾਸੇ ਹੁੰਦਾ ਹੈ ਜੋ ਕਿ ਡਾਕੂਮੈਂਟ ਬੰਦ ਕਰਨ ਜਾਂ ਪ੍ਰੋਗਰਾਮ ਤੋਂ ਬਾਹਰ ਜਾਣ ਲਈ ਵਰਤਿਆ ਜਾਂਦਾ ਹੈ।

ਮੀਨੀਮਾਈਜ਼ ਬਟਨ

ਇਹ ਬਟਨ ਕਲਿੱਕ ਕਰਨ ਨਾਲ ਵਰਤਮਾਨ ਵਿੰਡੋ ਟਾਸਕਬਾਰ ਵਿੱਚ ਇਕ ਆਈਕਾਨ ਦਾ ਰੂਪ ਧਾਰਨ ਕਰ ਲੈਂਦੀ ਹੈ।

ਮੈਕਸੀਮਾਈਜ਼ ਬਟਨ

ਇਸ ਬਟਨ ਦੀ ਵਰਤੋਂ ਨਾਲ ਤੁਸੀਂ ਆਪਣੀ ਵਿੰਡੋ ਨੂੰ ਪੂਰੀ ਸਕਰੀਨ ਉੱਪਰ ਖੋਲ੍ਹ ਸਕਦੇ ਹੋ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.