ਵਿਦਾਈ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਦਾਈ : ਵਿਦਾਈ ਦੇ ਕੋਸ਼ਗਤ ਅਰਥ ਰਵਾਨਗੀ ਜਾਂ ਵਿਦਾ ਹੋਣ ਦੇ ਹਨ, ਪਰ ਪੰਜਾਬੀ ਸੱਭਿਆਚਾਰ ਵਿੱਚ ਵਿਦਾਈ ਦੇ ਸੰਦਰਭ ਕਈ ਪ੍ਰਕਾਰ ਦੇ ਹੋਣ ਕਾਰਨ ਵਿਦਾਈ ਦੇ ਅਰਥ ਬਹੁ-ਭਾਂਤੀ ਲਏ ਜਾਂਦੇ ਹਨ। ਇੱਕ ਦੂਜੇ ਤੋਂ ਦੂਰ ਹੋਣ ਸੰਬੰਧੀ ਦੋ ਸ਼ਬਦ ਪ੍ਰਚਲਿਤ ਹਨ ‘ਵਿਦਾਈ’ ਅਤੇ ‘ਜੁਦਾਈ’। ਜੁਦਾਈ ਅਣਚਾਹੀ ਦੂਰੀ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ, ਜਦ ਕਿ ਵਿਦਾਈ ਹੱਥੀ ਕੀਤੀ ਰਵਾਨਗੀ ਅਤੇ ਸਹਿਮਤੀ ਨਾਲ ਜਾਣ ਦੀ ਦਿੱਤੀ ਪ੍ਰਵਾਨਗੀ ਨਾਲ ਸੰਬੰਧਿਤ ਹੈ।

     ਵਿਦਾਈ ਨੂੰ ਵਧੇਰੇ ਕਰ ਕੇ ਵਿਆਹ ਸਮੇਂ ਤੋਰੀ ਜਾਣ ਵਾਲੀ ਧੀ ਦੀ ਡੋਲੀ ਨਾਲ ਜੋੜ ਕੇ ਵਰਤਿਆ ਜਾਂਦਾ ਹੈ, ਜਦ ਕਿ ਵਿਦਾਈ ਦੇ ਸੱਭਿਆਚਾਰਿਕ ਪੱਖ, ਵਿਆਹ ਨਾਲ ਸੰਬੰਧਿਤ ਰਸਮਾਂ ਮੁਕਲਾਵਾ, ਤ੍ਰੇਵੇਂਹਦਾ ਆਦਿ ਨਾਲ ਵੀ ਓਨੇ ਹੀ ਸੰਬੰਧਿਤ ਹਨ, ਜਿੰਨੇ ਵਿਆਹ ਸਮੇਂ ਧੀ ਦੀ ਡੋਲੀ ਵਿਦਾਅ ਕਰਨ ਨਾਲ ਸਮਝੇ ਜਾਂਦੇ ਹਨ।

     ਇਸ ਦਾ ਇੱਕ ਕਾਰਨ ਮੁਟਿਆਰ ਧੀ ਦਾ ਇਕਾਇਕ ਮਾਪਿਆਂ ਤੋਂ ਵੱਖ ਹੋਣਾ, ਸਧਾਰਨ ਘਟਨਾ ਨਾ ਹੋ ਕੇ ਵਿਛੋੜੇ ਵਰਗੀ ਸਥਿਤੀ ਦਾ ਹੋਣਾ ਹੈ। ਮੁਟਿਆਰ ਧੀ ਨੂੰ ਅਣਵੇਖੀ ਥਾਂ ਦੂਜੇ ਅੰਗਾਂ-ਸਾਕਾਂ ਵਿੱਚ ਅਤੇ ਭੂਗੋਲਿਕ ਪੱਖੋਂ ਕਿਸੇ ਦੂਜੀ ਥਾਂ ’ਤੇ ਸਦਾ-ਸਦਾ ਲਈ ਤੋਰ ਦੇਣਾ ਦੁਖਦਾਈ ਸਮਝਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮਾਪਿਆਂ ਲਈ ਜਿੱਥੇ ਅੱਥਰੂ ਉਮਡ ਆਉਣ ਦੀ ਸਥਿਤੀ ਹੁੰਦੀ ਹੈ, ਉੱਥੇ ਵਰ ਵਾਲੀ ਧਿਰ, ਖ਼ੁਸ਼ੀ ਦੇ ਇਜ਼ਹਾਰ ਵਜੋਂ ਡੋਲੀ ਤੋਂ ਸਿੱਕਿਆਂ ਦੀ ਵਰਖਾ ਕਰ ਕੇ ਪੁੰਨ ਕਰਨ ਦੀ ਅਤੇ ਜੇਤੂ ਹੋਣ ਦੀ ਖ਼ੁਸ਼ੀ ਹਾਸਲ ਕਰਦੀ ਹੈ।

     ਇਉਂ ਵਿਦਾਈ ਦਾ ਸੰਬੰਧ ਘਰ ਤੋਂ ਦੂਰ ਜਾਣ ਦੀ ਰਜ਼ਾਮੰਦੀ ਨਾਲ ਦਿੱਤੀ ਆਗਿਆ ਤੋਂ ਹੈ। ਇਹ ਆਗਿਆ ਭਾਵੇਂ ਵਿਆਹੁਤਾ ਧੀ ਦੀ ਡੋਲੀ ਦੀ ਹੋਵੇ, ਮੁਕਲਾਵੇ ਸੰਬੰਧੀ ਹੋਵੇ, ਜਾਂ ਨੌਜਵਾਨ ਪੁੱਤਰ ਨੂੰ ਜੰਗ ਵਿੱਚ ਭੇਜਣ ਦੀ ਕਿਉਂ ਨਾ ਹੋਵੇ।

     ਜੁਦਾਈ ਅਤੇ ਵਿਦਾਈ ਦੋਵੇਂ ਪੀੜਿਤ ਅਵਸਥਾਵਾਂ ਸਮਝੀਆਂ ਜਾਂਦੀਆਂ ਹਨ। ਧੀ ਦੀ ਡੋਲੀ ਨੂੰ ਤੋਰ ਕੇ ਵਿਦਾਈ ਦੇਣੀ ਜਾਂ ਨੌਜਵਾਨ ਪੁੱਤਰ ਨੂੰ ਜੰਗ ਵਿੱਚ ਭੇਜਣਾ ਮਾਪਿਆਂ ਲਈ ਅਤਿ ਦੁਖਦਾਈ ਸਮਝੇ ਜਾਂਦੇ ਹਨ। ਦੁਖਦਾਈ ਪੱਖ ਨੂੰ ਸੁਖਾਵਾਂ ਬਣਾਉਣ ਲਈ ਹੀ ਵਿਦਾਈ ਦੇ ਪਲਾਂ ਨੂੰ ਰਸਮਾਂ-ਰੀਤਾਂ ਦੁਆਰਾ ਨਿਭਾਏ ਜਾਣ ਦਾ ਰਿਵਾਜ ਹੈ ਤਾਂ ਜੋ ਵਿਦਾਈ ਦੀ ਪੀੜ ਘਟਾਈ ਜਾ ਸਕੇ।

     ਜਿਵੇਂ ਵਿਆਹ ਸਮੇਂ ਧੀ ਦੇ ਦੁਰੇਡੇ ਚਲੇ ਜਾਣ ਦੀ ਜੁਦਾਈ ਨੂੰ ਵਿਦਾਈ ਦੀਆਂ ਸ਼ਗਨਾਂ ਵਾਲੀਆਂ ਰਸਮਾਂ, ਪੀੜ ਅਤੇ ਵਿਛੋੜੇ ਦੇ ਸੱਲ ਨੂੰ ਘੱਟ ਕਰ ਦਿੰਦੀਆਂ ਹਨ, ਇਵੇਂ ਹੀ ਕਿਸੇ ਨੌਜਵਾਨ ਦੇ ਜੰਗ (ਲਾਮ) ’ਤੇ ਜਾਣ ਵੇਲੇ ਕਈ ਤਰ੍ਹਾਂ ਦੇ ਸ਼ਗਨ ਕੀਤੇ ਜਾਂਦੇ ਹਨ। ਅਜਿਹੇ ਸ਼ਗਨਾਂ ਵਿੱਚ ਜੰਗ ’ਤੇ ਜਾਣ ਵਾਲੇ ਦੇ ਮੱਥੇ ਪੁਰ ਤਿਲਕ ਲਾਉਣਾ, ਗੁੱਟ ’ਤੇ ਜਿੱਤ ਦਾ ਗਾਨਾ ਬੰਨ੍ਹਣਾ, ਪੈਂਡੇ ਪੈਣ ਸਮੇਂ ਕਦਮਾਂ ਅੱਗੇ ਨਾਰੀਅਲ ਤੋੜਨਾ, ਸੰਖ, ਭੇਰੀ, ਨਗਾੜਾ ਜਾਂ ਢੋਲ ਆਦਿ ਵਜਾਉਣਾ, ਸਿਰ ਤੋਂ ਫੁੱਲਾਂ ਦੀ ਵਰਖਾ ਕਰਨੀ, ਵੱਡੇ ਤੋਂ ਅਸ਼ੀਰਵਾਦ ਲੈਣਾ ਆਦਿ ਦੇ ਸ਼ਗਨ ਕੀਤੇ ਜਾਂਦੇ ਹਨ। ਇਹ ਵਿਦਾਈ ਕਿਉਂਕਿ ਪਰਿਵਾਰਿਕ ਰਜ਼ਾਮੰਦੀ ਦੇ ਅਨੁਕੂਲ ਹੁੰਦੀ ਹੈ, ਇਸ ਲਈ ਵਿਛੋੜੇ ਦੇ ਇਸ ਸੱਲ ਨੂੰ ਖ਼ੁਸ਼ੀ ਨਾਲ ਭਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਇਹਨਾਂ ਉਪਰਾਲਿਆਂ ਵਿੱਚੋਂ ਇੱਕ ਰਜ਼ਾਮੰਦੀ ਜ਼ਾਹਰ ਕਰਨ ਦਾ ਉਪਰਾਲਾ ਹੈ। ਉਦਾਹਰਨ ਲਈ ਜੇਕਰ ਨਵ-ਵਿਆਹੁਤਾ ਧੀ ਦੀ ਡੋਲੀ ਰਥ ਆਦਿ ਵਿੱਚ ਤੋਰੀ ਜਾ ਰਹੀ ਹੋਵੇ ਤਾਂ ਮਾਪੇ ਆਪਣੇ ਹੱਥੀਂ ਰਥ ਨੂੰ ਧੱਕਾ ਦੇ ਕੇ ਅੱਗੇ ਨੂੰ ਤੋਰਦੇ ਹੋਏ ਖ਼ੁਸ਼ੀ ਦੇ ਪ੍ਰਤੀਕ ਨੂੰ ਸਿਰਜਦੇ ਹਨ।

     ਵਿਦਾਈ ਸਮੇਂ ਰਜ਼ਾਮੰਦੀ ਦੇ ਇਜ਼ਹਾਰ ਵਜੋਂ ਨਵ- ਵਿਆਹੁਤਾ ਨੂੰ ਸਫ਼ਰ ਸਮੇਂ ਖਾਧ ਪਦਾਰਥ ਵਜੋਂ ਮਿਠਿਆਈ ਆਦਿ ਦੇਣ ਦਾ ਰਿਵਾਜ ਵੀ ਹੈ। ਜਦ ਕਿ ਜੰਗ ’ਤੇ ਜਾਣ ਲਈ ਵਿਦਾਈ ਸਮੇਂ ਵਡੇਰਿਆਂ ਵੱਲੋਂ ਆਪਣੇ ਹੱਥੀ ਤਲਵਾਰ, ਢਾਲ, ਨੇਜਾ, ਬਰਛਾ ਆਦਿ ਦੇ ਕੇ ਰਜ਼ਾਮੰਦੀ ਅਤੇ ਆਗਿਆ ਨੂੰ ਪ੍ਰਮਾਣਿਤ ਕੀਤਾ ਜਾਂਦਾ ਹੈ। ਇਉਂ ਜੁਦਾਈ ਰਜ਼ਾਮੰਦੀ ਨਾਲ ਜਾਣ ਲਈ ਦਿੱਤੀ ਆਗਿਆ ਹੈ, ਜਦ ਕਿ ਜੁਦਾਈ ਅਣਚਾਹੀ ਇੱਛਾ ਨਾਲ ਦੂਰ ਜਾਣ ਦਾ ਦੁਖਦਾਈ ਕਾਰਜ ਹੈ।


ਲੇਖਕ : ਜਸਪ੍ਰੀਤ ਕੌਰ ਸੰਧੂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.