ਵਿਦਿਆਪਤੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਿਦਿਆਪਤੀ : ਹਿੰਦੀ ਦੇ ਸਾਹਿਤਿਕ ਇਤਿਹਾਸ ਵਿੱਚ ਵਿਦਿਆਪਤੀ ਨੂੰ ‘ਮੈਥਿਲੀ-ਕੋਕਿਲ’ ਅਤੇ ‘ਅਭਿਨਵ ਜੈਦੇਵ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ‘ਮੈਥਿਲੀ ਕੋਕਿਲ’ ਤੋਂ ਜ਼ਾਹਰ ਹੈ ਕਿ ਵਿਦਿਆਪਤੀ ਮੈਥਿਲੀ ਭਾਸ਼ਾ ਦਾ ਬੜਾ ਮਿੱਠਾ ਗੀਤਕਾਰ ਸੀ। ਉਸ ਨੂੰ ਆਸਰਾ ਦੇਣ ਵਾਲੇ ਸ਼ਿਵ ਸਿੰਘ ਜੈਦੇਵ ਨੇ ਉਸ ਨੂੰ ‘ਅਭਿਨਵ ਜੈਦੇਵ’ ਦੀ ਉਪਾਧੀ ਪ੍ਰਧਾਨ ਕੀਤੀ ਸੀ। ਮਹਾਂਕਵੀ ਜੈਦੇਵ ਸੰਸਕ੍ਰਿਤ ਦੇ ਮਸ਼ਹੂਰ ਕਵੀ ਹੋਇਆ ਹੈ। ਰਾਜਾ ਸ਼ਿਵ ਸਿੰਘ ਵਿਦਿਆਪਤੀ ਦੀ ਕਵਿਤਾ ਵਿੱਚ ਜੈਦੇਵ ਦੀ ਮਿਠਾਸ ਅਤੇ ਸੋਜ ਵੇਖਦਾ ਸੀ, ਇਸ ਲਈ ਉਸ ਨੂੰ ਅਭਿਨਵ (ਨਵਾਂ) ਜੈਦੇਵ ਕਹਿ ਕੇ ਪੁਕਾਰਦਾ ਸੀ।
ਮਿਥਿਲਾ ਪ੍ਰਦੇਸ਼ ਦਾ ਰਹਿਣ ਵਾਲਾ ਹਿੰਦੀ ਦਾ ਪਹਿਲਾ ਸ਼ਿੰਗਾਰੀ ਕਵੀ ਵਿਦਿਆਪਤੀ ਦਾ ਜਨਮ ਬਿਹਾਰ ਦੇ ਦਰਭੰਗਾ ਨਗਰ ਦੇ ਨਜ਼ਦੀਕ ‘ਬਿਸਪੀ’ ਨਾਂ ਦੇ ਪਿੰਡ ਵਿੱਚ ਹੋਇਆ। ਰਾਜਾ ਸ਼ਿਵ ਸਿੰਘ ਅਤੇ ਵਿਦਿਆਪਤੀ ਦੀ ਮਿੱਤਰਤਾ ਸੀ। ਰਾਜਾ ਭਵ ਸਿੰਘ ਦੀ ਮੌਤ ਤੋਂ ਬਾਅਦ ਜਦ ਸ਼ਿਵ ਸਿੰਘ ਗੱਦੀ ’ਤੇ ਬੈਠਿਆ ਤਾਂ ਉਸ ਵੇਲੇ ਸ਼ਿਵ ਸਿੰਘ 50 ਸਾਲ ਅਤੇ ਵਿਦਿਆਪਤੀ 52 ਸਾਲ ਦਾ ਸੀ। ਨੌਂ ਸਾਲ ਤੱਕ ਦੋਹਾਂ ਮਿੱਤਰਾਂ ਵਿੱਚ ਬੜਾ ਪਿਆਰ ਰਿਹਾ ਅਤੇ ਵਿਦਿਆਪਤੀ ਨੂੰ ਇਸ ਦੌਰਾਨ ਬੜਾ ਇੱਜ਼ਤ-ਮਾਣ ਪ੍ਰਾਪਤ ਹੋਇਆ। ਵਿਦਿਆਪਤੀ ਨੇ ਆਪਣੇ ਜ਼ਿਆਦਾਤਰ ਪਦ ਰਾਜਾ ਸ਼ਿਵ ਸਿੰਘ ਅਤੇ ਉਸ ਦੀ ਪਤਨੀ ਰਾਣੀ ਲਖਿਮਾਦੇਵੀ ਨੂੰ ਸੰਬੋਧਿਤ ਕੀਤੇ ਹਨ।
ਵਿਦਿਆਪਤੀ ਦਾ ਪਰਿਵਾਰ ਠਾਕੁਰਾਂ ਦਾ ਸੀ। ਉਸ ਦਾ ਪਿਤਾ ਗਣਪਤੀ ਠਾਕੁਰ ਅਤੇ ਮਾਤਾ ਗੰਗਾ ਦੇਵੀ ਸੀ ਅਤੇ ਉਹ ਮਿਥਿਲ ਦੇ ਰਾਜਾ ਗਣੇਸ਼ਵਰ ਦੀ ਸਭਾ ਵਿੱਚ ਆਦਰ ਦਾ ਪਾਤਰ ਸੀ।ਛੋਟੀ ਉਮਰ ਤੋਂ ਹੀ ਵਿਦਿਆਪਤੀ ਪਿਤਾ ਨਾਲ ਰਾਜ ਦਰਬਾਰ ਵਿੱਚ ਆਉਣ-ਜਾਣ ਲੱਗ ਪਿਆ ਸੀ। ਸਮਾਂ ਪਾ ਕੇ ਵਿਦਿਆਪਤੀ ਪਹਿਲੇ ‘ਸੰਸਕ੍ਰਿਤ’, ਫੇਰ ‘ਅਪਭ੍ਰੰਸ਼’ ਅਤੇ ਸ਼ਿਵ ਸਿੰਘ ਦੇ ਰਾਜ-ਸਮੇਂ ‘ਮੈਥਿਲੀ’ ਵਿੱਚ ਲਿਖਦਾ ਰਿਹਾ ਸੀ। ਅਲੱਗ-ਅਲੱਗ ਤਰ੍ਹਾਂ ਦੀਆਂ ਭਾਸ਼ਾਵਾਂ ਵਿੱਚ ਲਿਖਣ ਕਾਰਨ ਕੁਝ ਲੋਕ ਉਸ ਦਾ ਮਜ਼ਾਕ ਭੀ ਉਡਾਉਂਦੇ ਸਨ, ਪਰ ਉਸ ਨੇ ਆਪਣੀ ਭਾਸ਼ਾ ਦੇ ਸੰਬੰਧ ਵਿੱਚ ਬੜੀ ਨਿਮਰਤਾ ਨਾਲ ਇਹ ਕਿਹਾ ਹੈ :
ਬਾਲਚੰਦ ਵਿਦਿਆਵਈ ਭਾਸ਼ਾ,
ਦੁਇ ਨਹੀਂ ਲੱਗਈ ਦੁੱਜਨ ਹਾਸਾ।
ਓ ਪਰਮੇਸਰ ਹਰ ਸਿਰ ਸੋਹਇ,
ਈ ਇੱਚਈ ਨਾਅਰ ਮਾਨ ਮੋਹਈ।
ਭਾਵ ਵਿੱਦਿਆਪਤੀ ਦੀ ਭਾਸ਼ਾ ਅਤੇ ਬਾਲਚੰਦ, ਦੋਹਾਂ ਤੇ ਦੁਸ਼ਟਾਂ ਦੇ ਮਜ਼ਾਕ ਦਾ ਕੋਈ ਅਸਰ ਨਹੀਂ। ਬਾਲਚੰਦ ਸ਼ਿਵਜੀ ਦੇ ਸਿਰ ਦੀ ਸ਼ੋਭਾ ਹੈ, ਤਾਂ ਵਿੱਦਿਆਪਤੀ ਦੀ ਭਾਸ਼ਾ ਸਲੀਕੇ ਵਾਲੇ ਲੋਕਾਂ ਦਾ ਮਨ ਮੋਹ ਲੈਂਦੀ ਹੈ।
ਜੀਵਨ ਦੇ ਆਖ਼ਰੀ ਦਿਨਾਂ ਵਿੱਚ ਵਿਦਿਆਪਤੀ ਨੇ ਸ਼ਿੰਗਾਰੀ ਕਵਿਤਾ ਤਿਆਗ ਕੇ ਭਗਤੀ ਅਤੇ ਵਿਰਕਤੀ ਦੀ ਰਚਨਾ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਉਸ ਨੇ ਦੁਰਗਾ, ਸ਼ਿਵ, ਵਿਸ਼ਨੂੰ ਅਤੇ ਗੰਗਾ ਦੀ ਭਗਤੀ-ਪਦ ਲਿਖੇ ਹਨ। ਵਿਰਾਗ ਵਿੱਚ ਆ ਕੇ ਉਸ ਨੇ ਲਿਖਿਆ ਹੈ:
ਜਤਨ ਜਤੇਕ ਧਨ ਪਾਪ ਬਟੋਰਨ
ਮਿਲਿ ਮਿਲਿ ਪਰਿਜਨ ਖਾਯ।
ਮਰਨ ਕ ਬੇਰ ਹਰਿ ਕੋਈ ਨ ਪੂਛਬ
ਕਰਮ ਸੰਗ ਚਲਿ ਜਾਯ।
ਅਰਥਾਤ ਅਨੇਕ ਯਤਨ ਅਤੇ ਪਾਪ ਕਰ ਕੇ ਧਨ ਇਕੱਠਾ ਕਰੋ, ਸਭ ਰਿਸ਼ਤੇਦਾਰ ਖ਼ੁਸ਼ੀ ਨਾਲ ਖਾ ਜਾਂਦੇ ਹਨ। ਮਰਨ ਵੇਲੇ ਕੋਈ ਸਾਥ ਨਹੀਂ ਨਿਭਾਂਦਾ, ਸਿਰਫ਼ ਕਰਮ ਹੀ ਨਾਲ ਜਾਂਦੇ ਹਨ। ਵਿਦਿਆਪਤੀ ਦੀਆਂ ਕੁਲ 14 ਪੁਸਤਕਾਂ ਦਾ ਪਤਾ ਚੱਲ ਸਕਿਆ ਹੈ :
ਪਰੁਸ਼ ਪਰੀਕਸ਼ਾ, ਸੈਵ ਸਰਵਸਸਾਰ, ਲਿਖਨਾਵਲੀ, ਪ੍ਰਮਾਣਭੂਤ ਪੁਰਾਣ ਸੰਗ੍ਰਹਿ, ਗੰਗਾ ਵਾਕਿਆਵਲੀ, ਦੁਰਗਾ ਭਕਤੀ ਤਰੰਗਿਣੀ, ਭੂ ਪਰਿਕ੍ਰਮਾ, ਵਿਭਾਗਸਾਰ, ਵਰਸ਼ ਕ੍ਰਿਤਿਅ, ਗਯਾਪੱਤਲਕ, ਦਾਨ-ਵਾਕਿਆਵਲੀ ਸੰਸਕ੍ਰਿਤ ਭਾਸ਼ਾ ਵਿੱਚ, ਅਪਭ੍ਰੰਸ਼ ਭਾਸ਼ਾ ਜਾਂ ਅਵਹੱਟ ਭਾਸ਼ਾ ਵਿੱਚ ਕੀਰਤੀ ਲਤਾ, ਕੀਰਤੀ-ਪਤਾਕਾ, ਮੈਥਿਲੀ ਭਾਸ਼ਾ ਵਿੱਚ ਪਦਾਵਲੀ ਰਚੀ ਗਈ ਹੈ।
ਲੋਕ ਭਾਸ਼ਾ ਮੈਥਿਲੀ ਵਿੱਚ ਰਚੀ ਇੱਕ ਮਾਤਰ ਰਚਨਾ ਪਦਾਵਲੀ, ਰਸ, ਸੋਹਜ ਅਤੇ ਸੰਗੀਤ ਦੇ ਗੁਣਾਂ ਨਾਲ ਭਰਪੂਰ ਹੈ। ਇਸ ਵਿੱਚ ਰਾਧਾ-ਕ੍ਰਿਸ਼ਨ ਦੇ ਪਿਆਰ ਨੂੰ ਆਧਾਰ ਬਣਾ ਕੇ ਕਵੀ ਨੇ ਸ਼ਿੰਗਾਰ ਦੀ ਕਵਿਤਾ ਲਿਖੀ ਹੈ ਜੋ ਭਵਿੱਖ ਵਿੱਚ ਹਿੰਦੀ ਦੇ ਰੀਤੀ ਕਾਲ ਦੀ ਨੀਂਹ ਦਾ ਕੰਮ ਕਰਦੀ ਹੈ। ਪਦਾਵਲੀ ਦਾ ਹਰ ਇੱਕ ਪਦ ਸੰਗੀਤ, ਮਧੁਰਤਾ, ਸੁੰਦਰਤਾ ਸ਼ਬਦਾਵਲੀ ਅਤੇ ਸ਼ਿੰਗਾਰ-ਰਸ ਵਜੋਂ ਅਤਿ ਉੱਤਮ ਬਣਿਆ ਹੈ। ਵਿਦਿਆਪਤੀ ਦੀਆਂ ਉਕਤ 14 ਰਚਨਾਵਾਂ ਉਸ ਦੀ ਵਿਦਵਤਾ ਅਤੇ ਕਾਵਿ ਸ਼ਕਤੀ ਦਾ ਪ੍ਰਮਾਣ ਹਨ। ਧਰਮ-ਸ਼ਾਸਤਰੀ ਰਚਨਾਵਾਂ-ਗੰਗਾ ਵਾਕਿਆਵਲੀ, ਸ਼ੈਵ ਸਰਵਸਸਾਰ ਅਤੇ ਦੁਰਗਾ ਭਕਤੀ ਤਰੰਗਿਣੀ ਤੋਂ ਵਿਦਿਆਪਤੀ ਦੇ ਧਾਰਮਿਕ ਗਿਆਨ ਦਾ ਪਰਿਚੈ ਮਿਲਦਾ ਹੈ। ਭੂ ਪਰਿਕਰਮਾ ਅਤੇ ਪੁਰੁਸ਼ ਪਰੀਕਸ਼ਾ ਵਿੱਚ ਭੂਗੋਲ-ਇਤਿਹਾਸ ਦੀ ਜਾਣਕਾਰੀ ਮਿਲਦੀ ਹੈ। ਹੋਰ ਕਈ ਰਚਨਾਵਾਂ ਵਿੱਚ ਨੀਤੀ, ਵਿਹਾਰ ਅਤੇ ਸਮਾਜਿਕਤਾ ਦੀ ਝਲਕ ਮਿਲਦੀ ਹੈ। ਪਦਾਵਲੀ ਤੋਂ ਵਿਦਿਆਪਤੀ ਦੇ ਸੰਗੀਤ ਗਿਆਨ, ਰਸ-ਅਲੰਕਾਰ ਅਤੇ ਸ਼ਾਸਤਰੀ ਕਾਵਿ-ਚੇਤਨਾ ਦਾ ਪਰਿਚੈ ਮਿਲਦਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਵਿਦਿਆਪਤੀ ਇੱਕ ਪ੍ਰਤਿਭਾਸ਼ਾਲੀ ਅਮਰ ਕਵੀ ਸੀ। ਹਿੰਦੀ ਸਾਹਿਤ ਦੇ ਇਤਿਹਾਸ ਦੇ ਸ਼ੁਰੂ ਵਿੱਚ ਵਿਦਿਆਪਤੀ ਦੀ ਹੋਂਦ ਸਾਹਿਤ ਦੇ ਸ਼ੀਲ, ਸੁੰਦਰਤਾ ਅਤੇ ਸ਼ਕਤੀ ਦਾ ਸੁਮੇਲ ਹੈ।
ਪਦਾਵਲੀ ਦਾ ਮੁੱਖ ਵਿਸ਼ਾ ਸ਼ਿੰਗਾਰ, ਦੇਹ-ਸੁੰਦਰਤਾ, ਆਪਸੀ ਪ੍ਰੇਮ ਅਤੇ ਮਿਲਣ ਦੀ ਖਿੱਚ, ਬਸੰਤ ਦੀ ਬਹਾਰ ਅਤੇ ਮਿਲਣ-ਵਿਛੋੜੇ ਦੇ ਸਜੀਵ ਸ਼ਬਦ-ਚਿੱਤਰ ਹਨ। ਨਾਇਕਾ-ਭੇਦ, ਕਿਸ਼ਨ ਅਤੇ ਸ਼ੁਕਲ ਪੱਖ ਦੀਆਂ ਨਾਇਕਾਵਾਂ ਦੀਆਂ ਕਰਾਮਾਤਾਂ ਕਵੀ ਨੇ ਬੜੇ ਸੁਚੱਜੇ ਸ਼ਬਦਾਂ ਵਿੱਚ ਉੱਕਰੀਆਂ ਹਨ।
ਵਿਦਿਆਪਤੀ ਦੇ ਗੀਤ ਹਿੰਦੀ ਸਾਹਿਤ ਵਿੱਚ ਬਹੁਤ ਪ੍ਰਸਿੱਧ ਹਨ। ਹਿਰਦੇ ਦੇ ਸਹਿਜ ਭਾਵਾਂ ਨੂੰ ਗੀਤ ਰਾਹੀਂ ਪ੍ਰਗਟ ਕਰਨਾ ਕਵੀ ਦੀ ਕੁਸ਼ਲਤਾ ਹੁੰਦੀ ਹੈ। ਨਿੱਜੀ ਅਨੁਭਵਾਂ ਅਤੇ ਭਾਵਾਂ ਦੀਆਂ ਸੁੱਖ-ਦੁੱਖ ਭਰੀਆਂ ਸੰਵੇਦਨਾਵਾਂ ਭਾਸ਼ਾ ਅਤੇ ਛੰਦ ਦਾ ਜਾਮਾ ਪਾ ਕੇ ਗੀਤ ਬਣ ਉੱਭਰਦੀਆਂ ਹਨ। ਸਮਾਜ ਦੇ ਵੱਡੇ ਮੰਚ ਦੇ ਗੀਤ ਦੇ ਵਿਸ਼ੇ ਦੀ ਚੋਣ ਬੜੀ ਔਖੀ ਹੈ, ਪਰੰਤੂ ਜਦ ਕਵੀ ਕਿਸੇ ਇੱਕ ਭਾਵ ਵਿੱਚ ਰਮ ਕੇ ਆਪਣੇ-ਆਪ ਨੂੰ ਉਸ ਵਿੱਚ ਢਾਲ ਲੈਂਦਾ ਹੈ, ਤਾਂ ਗੀਤ ਜਨਮ ਲੈਂਦਾ ਹੈ। ਪ੍ਰੇਮ, ਭਗਤੀ, ਸ਼ਿੰਗਾਰ, ਦੇਸ਼, ਪ੍ਰਕਿਰਤੀ, ਆਸ-ਨਿਰਾਸ਼ਾ, ਹਾਸੀ-ਖ਼ੁਸ਼ੀ ਜਾਂ ਕਰੁਣਾ-ਦੁੱਖ ਵਿੱਚੋਂ ਕੋਈ ਵੀ ਭਾਵ ਗੀਤ ਦਾ ਆਧਾਰ ਹੋ ਸਕਦਾ ਹੈ। ਅੰਗਰੇਜ਼ੀ ਲੇਖਕ ਹਡਸਨ ਨੇ ਸੱਚੀ ਅਨੁਭੂਤੀ, ਗਹਿਰੀ ਭਾਵਨਾ ਦਾ ਸੁੰਦਰ ਪ੍ਰਗਟਾਵਾ, ਭਾਸ਼ਾ ਦੀ ਸੁੰਦਰਤਾ ਅਤੇ ਕਲਪਨਾ ਦਾ ਸੁਹਜ, ਇਹ ਚਾਰ ਤੱਤ ਗੀਤ ਦੇ ਜ਼ਰੂਰੀ ਅੰਗ ਸਵੀਕਾਰ ਕੀਤੇ ਹਨ। ਵਿਦਿਆਪਤੀ ਦੀ ਰਚਨਾ ਇਹਨਾਂ ਤੱਤਾਂ ਦਾ ਵਧੀਕ ਪਸਾਰਾ ਹੈ ਅਤੇ ਉਸ ਦੇ ਗੀਤਾਂ ਦਾ ਪ੍ਰਭਾਵ ਮਨ ਤੇ ਇੰਜ ਜਾਂਦਾ ਹੈ ਕਿ ਕਦੇ-ਕਦੇ ਸ੍ਰੋਤਾ ਮੁਗਧ ਹੋ ਕੇ ਆਤਮ-ਭੁੱਲ ਦੀ ਹਾਲਤ ਵਿੱਚ ਗਵਾਚ ਜਾਂਦਾ ਹੈ। ਵਿਦਿਆਪਤੀ ਦੀ ਰਚਨਾ ਵਿੱਚ ਅਨੁਭੂਤਿ ਅਤੇ ਸੰਗੀਤ ਦਾ ਵਿਸ਼ੇਸ਼ ਸਥਾਨ ਹੈ। ਅਲੱਗ-ਅਲੱਗ ਰਾਗ ਰਾਗਣੀਆਂ ਦਾ ਸਹਾਰਾ ਲੈ ਕੇ ਇਹਨਾਂ ਗੀਤਾਂ ਦਾ ਗਾਇਨ ਕੀਤਾ ਜਾ ਸਕਦਾ ਹੈ।
ਲੇਖਕ : ਮਨਮੋਹਨ ਸਹਿਗਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First