ਵਿਬੰਧ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Estoppel_ਵਿਬੰਧ: ਵਿਬੰਧ ਕਾਨੂੰਨ ਦਾ ਇਕ ਅਸੂਲ ਹੈ ਜਿਸ ਦੁਆਰਾ ਵਿਅਕਤੀ ਨੂੰ ਉਸ ਦੁਆਰਾ ਕੀਤੇ ਗਏ ਕਿਸੇ ਦਰਸਾਵੇ ਦਾ ਪਾਬੰਦ ਕੀਤਾ ਜਾਂਦਾ ਹੈ। ਇਹ ਦਰਸਾਵਾ ਐਲਾਨ ਜਾਂ ਮੂੰਹੋਂ ਬੋਲੇ ਸ਼ਬਦਾਂ ਦੁਆਰਾ ਜਾਂ ਕਿਸੇ ਕੰਮ ਜਾਂ ਉਕਾਈ ਦੁਆਰਾ ਵੀ ਕੀਤਾ ਜਾ ਸਕਦਾ ਹੈ। ਲੇਕਿਨ ਦਰਸਾਵਾ ਕਰਨ ਵਾਲੇ ਵਿਅਕਤੀ ਨੂੰ ਆਪਣੇ ਦਰਸਾਵੇ ਉਤੇ ਪਹਿਰਾ ਦੇਣ ਲਈ ਤਦ ਹੀ ਮਜਬੂਰ ਕੀਤਾ ਜਾ ਸਕਦਾ ਹੈ ਜੇ ਉਸ ਦੇ ਦਰਸਾਵੇ ਉੱਤੇ ਇਰਾਦਤਨ ਵਿਸ਼ਵਾਸ ਕਰਵਾ ਉਸ ਨੇ ਉਸ ਹੋਰ ਵਿਅਕਤੀ ਤੋਂ ਕੋਈ ਕਾਰਜ ਕਰਵਾ ਲਿਆ ਹੋਵੇ ਜਾਂ ਕਰਨ ਦਿੱਤਾ ਹੋਵੇ। ਵਿਬੰਧ ਦਾ ਆਧਾਰ ਇਹ ਅਸੂਲ ਹੈ ਕਿ ਜੇ ਕਿਸੇ ਵਿਅਕਤੀ ਨੂੰ ਕੀਤੇ ਗਏ ਦਰਸਾਵੇ ਦੁਆਰਾ ਅਜਿਹਾ ਕੰਮ ਕਰਨ ਲਈ ਪ੍ਰੇਰਤ ਕੀਤਾ ਗਿਆ ਹੈ ਜੋ ਉਸ ਨੇ ਦਰਸਾਵੇ ਉੱਤੇ ਵਿਸ਼ਵਾਸ ਕਰਕੇ ਕੀਤਾ ਹੈ ਅਤੇ ਹੋਰਵੇਂ ਨਹੀਂ ਸੀ ਕਰਨਾ, ਤਾਂ ਦਰਸਾਵਾ ਕਰਨ ਵਾਲੇ ਵਿਅਕਤੀ ਨੂੰ ਆਪਣੇ ਪਹਿਲੇ ਬਿਆਨ ਆਦਿ ਦੇ ਪ੍ਰਭਾਵ ਤੋਂ ਮੁਨਕਰ ਹੋਣ ਜਾਂ ਭੱਜਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।
ਮੋਟੇ ਤੌਰ ਤੇ ਵਿਬੰਧ ਦਾ ਮਤਲਬ ਇਹ ਹੈ ਕਿ ਜਦੋਂ ਇਕ ਧਿਰ ਆਪਣੇ ਐਲਾਨ, ਕੰਮ ਜਾਂ ਉਕਾਈ ਦੁਆਰਾ ਦੂਜੀ ਧਿਰ ਨੂੰ ਅਜਿਹੀ ਗੱਲ ਦੇ ਸੱਚ ਹੋਣ ਦਾ ਵਿਸ਼ਵਾਸ ਕਰਵਾ ਦਿੰਦੀ ਹੈ ਤਾਂ ਪਹਿਲੀ ਧਿਰ ਨੂੰ ਇਹ ਵਿਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਸਚਾਈ ਕੁਝ ਹੋਰਵੇਂ ਸੀ।
ਭਾਰਤੀ ਸ਼ਹਾਦਤ ਐਕਟ 1872 ਦੀ ਧਾਰਾ 115 ਵਿਚ ਵਿਬੰਧ ਨਾਲ ਸਬੰਧਤ ਕਾਨੂੰਨ ਬਿਆਨ ਕੀਤਾ ਗਿਆ ਹੈ ਜੋ ਨਿਮਨ ਅਨੁਸਾਰ ਹੈ:-
ਵਿਬੰਧ : 115 ‘‘ਜਦੋਂ ਇਕ ਵਿਅਕਤੀ ਨੇ ਆਪਣੇ ਐਲਾਨ, ਕਾਰਜ ਜਾਂ ਉਕਾਈ ਦੁਆਰਾ ਕਿਸੇ ਹੋਰ ਵਿਅਕਤੀ ਨੂੰ ਇਰਾਦੇ ਨਾਲ ਵਿਸ਼ਵਾਸ ਕਰਵਾਇਆ ਜਾਂ ਕਰ ਲੈਣ ਦਿੱਤਾ ਹੈ ਕਿ ਕੋਈ ਗੱਲ ਸੱਚ ਹੈ ਅਤੇ ਅਜਿਹੇ ਵਿਸ਼ਵਾਸ ਤੋਂ ਕਾਰਜ ਕਰਵਾਇਆ ਜਾਂ ਕਰਨ ਦਿੱਤਾ ਹੈ, ਤਦ ਨ ਤਾਂ ਉਸ ਨੂੰ ਅਤੇ ਨ ਉਸ ਦੇ ਪ੍ਰਤੀਨਿਧ ਨੂੰ ਆਪਣੇ ਅਤੇ ਅਜਿਹੇ ਵਿਅਕਤੀ ਦੇ ਜਾਂ ਉਸ ਦੇ ਪ੍ਰਤੀਨਿਧ ਦੇ ਵਿਚਕਾਰ ਕਿਸੇ ਦਾਵੇ ਜਾਂ ਕਾਰਵਾਈ ਵਿਚ ਉਸ ਗੱਲ ਦੀ ਸਚਾਈ ਤੋਂ ਇਨਕਾਰ ਕਰਨ ਦਿੱਤਾ ਜਾਵੇਗਾ।’’
ਮਿਸਾਲ ਲਈ ਜ਼ਮੀਨ ਦਾ ਇਕ ਟੁਕੜਾ ‘ੳ’ ਦਾ ਨਹੀਂ ਹੈ। ਪਰ ਉਹ ਝੂਠੇ ਤੌਰ ਤੇ ‘ਅ’ ਨੂੰ ਵਿਸ਼ਵਾਸ ਕਰਵਾ ਦਿੰਦਾ ਹੈ ਕਿ ਭੋਂ ਦਾ ਉਹ ਟੋਟਾ ‘ੳ’ ਦਾ ਹੈ। ਇਸ ਤਰ੍ਹਾਂ ਕਰਕੇ ‘ਅ’ ਨੂੰ ਪ੍ਰੇਰਦਾ ਹੈ ਜੋ ‘ੳ’ ਨੂੰ ਉਸ ਕੀਮਤ ਖ਼ਰੀਦ ਅਦਾ ਕਰ ਦਿੰਦਾ ਹੈ।
ਬਾਦ ਵਿਚ ਕਿਸੇ ਤਰ੍ਹਾਂ ਜ਼ਮੀਨ ਦਾ ਉਹੀ ਟੋਟਾ ‘ੳ’ ਦੀ ਸੰਪਤੀ ਬਣ ਜਾਂਦਾ ਹੈ। ‘ੳ’ ਇਸ ਆਧਾਰ ਤੇ ਵਿਕਰੀ ਮਨਸੂਖ ਕਰਨਾ ਚਾਹੁੰਦਾ ਹੈ ਕਿ ਵਿਕਰੀ ਦੇ ਸਮੇਂ ਉਹ ਉਸ ਦਾ ਮਾਲਕ ਨਹੀਂ ਸੀ। ‘ੳ’ ਨੂੰ ਆਪਣੇ ਹੱਕ ਦੀ ਅਣਹੋਂਦ ਸਾਬਤ ਨਹੀਂ ਕਰਨ ਦਿੱਤੀ ਜਾਵੇਗੀ।
ਇਸ ਤਰ੍ਹਾਂ ਮੁਜ਼ਾਰੇ/ਕਿਰਾਏਦਾਰ ਜਾਂ ਉਸ ਰਾਹੀਂ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਕਿਰਾਏਦਾਰੀ/ਭੋਂਦਾਰੀ ਦੇ ਚਾਲੂ ਰਹਿੰਦਿਆਂ ਹੋਇਆ ਇਸ ਗੱਲ ਤੋਂ ਇਨਕਾਰ ਨਹੀਂ ਕਰਨ ਦਿੱਤਾ ਜਾਵੇਗਾ ਕਿ ਭੋਂ/ਮਕਾਨ ਮਾਲਕ ਦਾ ਭੋਂਦਾਰੀ/ ਕਿਰਾਏਦਾਰੀ ਦੇ ਅਰੰਭ ਤੇ ਉਸ ਸੰਪਤੀ ਤੇ ਹੱਕ ਸੀ, ਕਬਜ਼ਾ ਸੀ ਜਾਂ ਉਸ ਦੀ ਮਲਕੀਅਤ ਸੀ। ਵਿਬੰਧ ਉਦੋਂ ਹੀ ਅਮਲ ਵਿਚ ਆਉਂਦੀ ਹੈ ਜਦੋਂ (1) ਇਕ ਵਿਅਕਤੀ ਨੇ ਇਰਾਦਤਨ ਦੂਜੇ ਵਿਅਕਤੀ ਕੋਲ ਐਲਾਨ, ਕਾਰਜ ਜਾਂ ਉਕਾਈ ਦੁਆਰਾ ਕੋਈ ਦਰਸਾਵਾ ਕੀਤਾ ਹੋਵੇ, (2) ਉਸ ਦੂਜੇ ਵਿਅਕਤੀ ਨੇ ਉਸ ਦਰਸਾਵੇ ਉਤੇ ਵਿਸ਼ਵਾਸ ਕਰਕੇ ਕੋਈ ਕੰਮ ਕਰ ਲਿਆ ਹੋਵੇ, ਅਤੇ (3) ਉਹ ਕੰਮ ਉਸ ਵਿਅਕਤੀ, ਜਿਸ ਨੂੰ ਦਰਸਾਵਾ ਕੀਤਾ ਗਿਆ ਸੀ, ਦੇ ਹਿੱਤਾਂ ਲਈ ਹਾਨੀਕਾਰਕ ਸਾਬਤ ਹੋਇਆ ਹੋਵੇ। ਇਸ ਤਰ੍ਹਾਂ ਜਦੋਂ ਵਿਬੰਧ ਹੋਂਦ ਵਿਚ ਆ ਜਾਂਦਾ ਹੈ ਤਾਂ ਦਰਸਾਵਾ ਕਰਨ ਵਾਲੇ ਵਿਅਕਤੀ ਅਤੇ ਦੂਜੇ ਵਿਅਕਤੀ ਜਾਂ ਉਸ ਦੇ ਪ੍ਰਤੀਨਿਧ ਵਿਚਕਾਰ ਕਿਸੇ ਕਾਰਵਾਈ ਵਿਚ ਦਰਸਾਵਾ ਕਰਨ ਵਾਲੇ ਵਿਅਕਤੀ ਨੂੰ ਉਸ ਦਰਸਾਵੇ ਦੀ ਸਚਾਈ ਤੋਂ ਇਨਕਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜੇ ਦਰਸਾਵੇ ਉਤੇ ਵਿਸ਼ਵਾਸ ਕਰ ਕੇ ਕੀਤਾ ਗਿਆ ਕੋਈ ਕੰਮ ਕਰਨ ਵਾਲੇ ਲਈ ਹਾਨੀਕਾਰਕ ਨ ਵੀ ਨਿਕਲਿਆ ਹੋਵੇ ਤਾਂ ਵੀ ਵਿਬੰਧ ਅਮਲ ਵਿਚ ਆ ਸਕਦਾ ਹੈ ਅਤੇ ਦਰਸਾਵਾ ਕਰਨ ਵਾਲੇ ਵਿਅਕਤੀ ਨੂੰ ਦਰਸਾਵੇ ਵਿਚਲੀ ਦਾਵਾ ਕੀਤੀ ਸਚਾਈ ਤੋਂ ਮੁਨਕਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
ਇਸ ਧਾਰਾ ਦੇ ਹੇਠਾਂ ਦਿੱਤਾ ਗਿਆ ਦ੍ਰਿਸ਼ਟਾਂਤ ਪਿਕਾਰਡ ਬਨਾਮ ਸੀਅਰਜ਼ [(1837) 6 ਏ ਐਂਡ ਈ 469] ਦੇ ਕੇਸ ਵਿਚਲੇ ਤੱਥਾਂ ਉਤੇ ਆਧਾਰਤ ਹੈ। ਆਚਰਣ ਦੁਆਰਾ ਵਿਬੰਧ ਦਾ ਅਸੂਲ ਪਹਿਲੀ ਵਾਰੀ ਇਸ ਕੇਸ ਵਿਚ ਸੂਤਰਬੱਧ ਕੀਤਾ ਗਿਆ ਸੀ। ਉਸ ਵਿਚ ਕਿਹਾ ਗਿਆ ਸੀ, ‘‘ਜਿੱਥੇ ਕੋਈ ਵਿਅਕਤੀ ਆਪਣੇ ਸ਼ਬਦਾਂ ਜਾਂ ਆਚਰਣ ਦੁਆਰਾ ਕਿਸੇ ਹੋਰ ਵਿਅਕਤੀ ਨੂੰ ਚੀਜ਼ਾਂ ਦੀ ਇਕ ਖ਼ਾਸ ਅਵਸਥਾ ਦੀ ਹੋਂਦ ਵਿਚ ਵਿਸ਼ਵਾਸ ਕਰਾਉਂਦਾ ਹੈ ਅਤੇ ਉਸ ਨੂੰ ਉਸ ਵਿਸ਼ਵਾਸ ਉਤੇ ਕੋਈ ਕੰਮ ਕਰਨ ਲਈ ਇਸ ਤਰ੍ਹਾਂ ਪ੍ਰੇਰਤ ਕਰਦਾ ਹੈ ਕਿ ਉਹ ਵਿਅਕਤੀ ਆਪਣੀ ਪਹਿਲੀ ਪੋਜ਼ੀਸ਼ਨ ਬਦਲ ਲੈਂਦਾ ਹੈ, ਤਾਂ ਵਿਸ਼ਵਾਸ ਕਰਾਉਣ ਵਾਲਾ ਵਿਅਕਤੀ, ਵਿਸ਼ਵਾਸ ਕਰਨ ਵਾਲੇ ਵਿਅਕਤੀ ਦੇ ਸਨਮੁਖ ਇਹ ਬਿਆਨ ਕਰਨ ਤੋਂ ਵਰਜਤ ਹੋ ਜਾਂਦਾ ਹੈ ਕਿ ਉਸ ਸਮੇਂ ਚੀਜ਼ਾਂ ਦੀ ਅਵਸਥਾ ਬਿਆਨ ਕੀਤੇ ਅਨੁਸਾਰ ਨਹੀਂ ਸਗੋਂ ਹੋਰ ਤਰ੍ਹਾਂ ਸੀ।’’ ਸੈਯਦ ਅਬਦੁਲ ਕਾਦਰ ਬਨਾਮ ਰਾਮੀ ਰੈੱਡੀ (ਏ ਆਈ ਆਰ 1979 ਐਸ ਸੀ 553) ਵਿਚ ਇਕ ਵਿਅਕਤੀ ਨੇ ਇਹ ਗ਼ਲਤ ਦਰਸਾਵਾ ਕਰਕੇ ਕੋਈ ਸੰਪੱਤੀ ਵੇਚ ਦਿੱਤੀ ਕਿ ਉਹ ਉਸ ਸੰਪੱਤੀ ਦਾ ਮਾਲਕ ਸੀ। ਬਾਅਦ ਵਿਚ ਉਹ ਸੰਪੱਤੀ ਉਸ ਨੂੰ ਵਿਰਾਸਤ ਵਿਚ ਹਾਸਲ ਹੋ ਗਈ ਅਤੇ ਉਹ ਉਸ ਦਾ ਮਾਲਕ ਬਣ ਗਿਆ। ਮਾਲਕ ਬਣਨ ਉਪਰੰਤ ਉਸ ਨੇ ਪਹਿਲਾਂ ਕੀਤੀ ਵਿਕਰੀ ਨੂੰ ਸੁੰਨ ਕਰਾਉਣ ਲਈ ਇਹ ਆਧਾਰ ਲੈ ਲਿਆ ਕਿ ਜਦੋਂ ਉਸ ਨੇ ਉਹ ਸੰਪੱਤੀ ਵੇਚੀ ਸੀ ਉਦੋਂ ਉਹ ਉਸ ਦਾ ਮਾਲਕ ਨਹੀਂ ਸੀ, ਇਸ ਲਈ ਉਹ ਵਿਕਰੀ ਸੁੰਨ ਐਲਾਨੀ ਜਾਵੇ। ਲੇਕਿਨ ਉਹ ਅਜਿਹਾ ਕਰਨ ਤੋਂ ਵਿਬੰਧਤ ਕਰਾਰ ਦਿੱਤਾ ਗਿਆ। ਸਪਸ਼ਟ ਹੈ ਕਿ ਐਸਟਾਪਲ ਜਾਂ ਵਿਬੰਧ ਕਿਸੇ ਵਿਅਕਤੀ ਨੂੰ ਪਹਿਲਾਂ ਦਿੱਤੇ ਬਿਆਨ ਦੀ ਸਚਾਈ ਤੋਂ ਇਨਕਾਰ ਕਰਨ ਤੋਂ ਵਰਜਤ ਕਰਦਾ ਹੈ। ਲੇਕਿਨ ਯਾਦ ਰਖਣ ਵਾਲੀ ਗੱਲ ਇਹ ਹੈ ਕਿ ਵਿਬੰਧ ਜਾਂ ਐਸਟਾਪਲ ਦਾਵੇ ਦਾ ਕਾਰਨ ਨਹੀਂ ਪੈਦਾ ਕਰਦਾ। ਇਹ ਤਲਵਾਰ ਦੇ ਤੌਰ ਤੇ ਨਹੀਂ ਢਾਲ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਐਸਟਾਪਲ ਅਥਵਾ ਵਿਬੰਧ ਸੰਪੱਤੀ ਵਿਚ ਹਿੱਤ ਸਿਰਜਦਾ ਨਹੀਂ, ਸਗੋਂ ਹਿੱਤ ਕਿਸੇ ਹੋਰ ਵਿਹਾਰ ਦੁਆਰਾ ਸਿਰਜਿਆ ਜਾਂਦਾ ਹੈ ਜਿਸ ਦੇ ਕਾਨੂੰਨ-ਮੰਨਵਾਂ ਅਥਵਾ ਜਾਇਜ਼ ਹੋਣ ਤੋਂ ਉਸ ਧਿਰ ਨੂੰ ਇਨਕਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਕਿਉਂਕਿ ਉਹ ਉਸ ਵਿਹਾਰ ਦੇ ਪ੍ਰਸੰਗ ਵਿਚ ਇਕ ਪੋਜ਼ੀਸ਼ਨ ਲੈ ਚੁੱਕੀ ਹੁੰਦੀ ਹੈ।
ਭਾਰਤੀ ਸ਼ਹਾਦਤ ਐਕਟ ਦੀਆਂ ਧਾਰਾਵਾਂ 116 ਅਤੇ 117 ਵਿਬੰਧ ਨਾਲ ਤਲੱਕ ਰਖਦੀਆਂ ਹਨ।
ਲਾਰਡ ਕੋਕ ਦੇ ਸ਼ਬਦਾਂ ਵਿਚ ‘ਵਿਬੰਧ ਉਥੇ ਆਉਂਦਾ ਹੈ ਜਿਥੇ ਕੋਈ ਵਿਅਕਤੀ ਆਪਣੇ ਕਾਰਜ ਜਾਂ ਸਵੀਕ੍ਰਿਤੀ ਦੇ ਆਧਾਰ ਤੇ ਉਹ ਸੱਚ ਕਹਿਣ ਤੋਂ ਵਰਜਤ ਹੁੰਦਾ ਹੈ। ਅਰਥਾਤ ਉਸ ਨੂੰ ਉਸ ਦੁਆਰਾ ਪਹਿਲਾਂ ਕੀਤੇ ਐਲਾਨ ਜਾਂ ਕੰਮ ਦੇ ਖੰਡਨ ਵਿਚ ਉਹ ਕੁਝ ਕਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜਿਸ ਦਾ ਉਹ ਹੁਣ ਸੱਚ ਹੋਣਾ ਕਹਿੰਦਾ ਹੈ। ਇਸ ਤਰ੍ਹਾਂ ਵਿਬੰਧ ਦੋ ਧਿਰਾਂ, ਦੋ ਮਨੁੱਖਾਂ ਜੋ ਕਿਸੇ ਮੁਕੱਦਮੇਬਾਜ਼ੀ ਵਿਚ ਉਲਝੇ ਹੁੰਦੇ ਹਨ, ਵਿਚਕਾਰ ਕੁਦਰਤੀ ਨਿਆਂ ਦੇ ਅਸੂਲ ਨੂੰ ਲਾਗੂ ਕਰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First