ਵਿਰਾਸਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਰਾਸਤ [ਨਾਂਇ] ਵਿਰਸਾ; ਵਿਰਸੇ ਵਿੱਚ ਮਿਲੀ ਜਾਇਦਾਦ , ਜੱਦੀ ਜਾਇਦਾਦ; ਉੱਤਰਾਧਿਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਰਾਸਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Inheritance_ਵਿਰਾਸਤ : ਵਿਰਾਸਤ ਸ਼ਬਦ ਵਿਚ ਕਿਸੇ ਵਡੇਰੇ ਤੋਂ ਨਿਰਵਸੀਅਤ ਰੂਪ ਵਿਚ ਮਿਲੀ ਸੰਪਤੀ ਤੋਂ ਇਲਾਵਾ ਵਸੀਅਤ ਅਧੀਨ ਮਿਰਤਕ ਦੀ ਹਾਸਲ ਕੀਤੀ ਸੰਪਤੀ ਵੀ ਸ਼ਾਮਲ ਹੁੰਦੀ ਹੈ। ਚਿਰੰਜੀ ਲਾਲ ਸ੍ਰੀ ਲਾਲ ਗੋਇਨਕਾ ਬਨਾਮ ਜਸਜੀਤ ਸਿੰਘ [(1993)2 ਐਸ ਸੀ ਸੀ 507)] ਅਨੁਸਾਰ ਵਿਰਾਸਤ ਮਿਰਤਕ ਵਿਅਕਤੀ ਦੀ ਸ਼ਖ਼ਸੀਅਤ ਦੀ ਇਕ ਲਿਹਾਜ਼ ਨਾਲ ਕਾਨੂੰਨੀ ਅਤੇ ਗਲਪਕ ਨਿਰੰਤਰਤਾ ਹੈ ਕਿਉਂ ਕਿ ਕਾਨੂੰਨ ਦੁਆਰਾ ਇਕ ਲਿਹਾਜ਼ ਨਾਲ ਮਿਰਤਕ ਦੀ ਪਛਾਣ ਉਸ ਵਿਅਕਤੀ ਨਾਲ ਜੋੜੀ ਜਾਂਦੀ ਜੋ ਮਿਰਤਕ ਦੀ ਪ੍ਰਤੀਨਿਧਤਾ ਕਰਦਾ ਹੈ। ਅਜਿਹੇ ਅਧਿਕਾਰ ਜੋ ਮਿਰਤਕ ਦੇ ਨਹੀਂ ਹੋ ਸਕਦੇ ਅਤੇ ਜਿਨ੍ਹਾਂ ਦੀ ਉਹ ਸਰੀਰਕ ਰੂਪ ਵਿਚ ਵਰਤੋਂ ਨਹੀਂ ਕਰ ਸਕਦਾ ਅਤੇ ਜੋ ਬਾਂਧਾ ਉਹ ਸਰੀਰਕ ਰੂਪ ਵਿਚ ਨਹੀਂ ਨਿਭਾ ਸਕਦਾ ਉਹ ਆਪਣੇ ਜਿਉਂਦੇ ਇਵਜ਼ੀ ਰਾਹੀਂ ਉਨ੍ਹਾਂ ਦੀ ਵਰਤੋਂ ਕਰਦਾ ਅਤੇ ਨਿਭਾਉਂਦਾ ਹੈ। ਇਸ ਗਲਪ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਮਿਰਤਕ ਵਿਅਕਤੀ ਦੀ ਸ਼ਖ਼ਸੀਅਤ ਉਸ ਦੀ ਕੁਦਰਤੀ ਮੌਤ ਤੋਂ ਬਾਦ ਇਸ ਹਦ ਤਕ ਉੱਤਰ-ਜੀਵੀ ਹੁੰਦੀ ਹੈ। ਆਖ਼ਰ ਇਕ ਵਕਤ ਆ ਜਾਂਦਾ ਹੈ ਜਦੋਂ ਉਸ ਦੀ ਬਾਂਧਾਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਜਿਉਂਦੇ ਵਿਅਕਤੀਆਂ ਰਾਹੀਂ ਉਸ ਦੀ ਪ੍ਰਤੀਨਿਧਤਾ ਦੀ ਲੋੜ ਨਹੀਂ ਰਹਿ ਜਾਂਦੀ।

Iniquum est aliquem rei sui esse judicem_ਆਪਣੇ ਦਾਵੇ ਵਿਚ ਆਪ ਹੀ ਜੱਜ ਬਣ ਬੈਠਣਾ ਅਨਿਆਂ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਰਾਸਤ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਵਿਰਾਸਤ : ਜਦੋਂ ਇੱਕ ਵਿਅਕਤੀ ਜ਼ਿੰਦਾ ਹੁੰਦਾ ਹੈ, ਉਹ ਆਪਣੀ ਜਾਇਦਾਦ ਨੂੰ ਆਪਣੀ ਮਰਜ਼ੀ ਨਾਲ ਵਰਤ ਸਕਦਾ ਹੈ ਜਾਂ ਵੰਡ ਸਕਦਾ ਹੈ। ਉਸ ਨੂੰ ਇਹ ਵੀ ਹੱਕ ਹੈ ਕਿ ਉਹ ਆਪਣੇ ਜਿਊਂਦਿਆਂ ਜੀ ਆਪਣੀ ਜਾਇਦਾਦ ਸੰਬੰਧੀ ਵਸੀਅਤ ਕਰ ਸਕੇ, ਤੇ ਜੇ ਉਹ ਵਿਅਕਤੀ ਵਸੀਅਤ ਕਰਕੇ ਮਰਦਾ ਹੈ ਤਾਂ ਉਸ ਜਾਇਦਾਦ ਦੀ ਵੰਡ ਉਸਦੀ ਵਸੀਅਤ ਦੇ ਆਧਾਰ ਤੇ ਹੀ ਹੁੰਦੀ ਹੈ। ਪਰ ਜੇ ਉਹ ਵਿਅਕਤੀ ਬਿਨਾਂ ਵਸੀਅਤ ਕੀਤੇ ਮਰ ਜਾਂਦਾ ਹੈ ਤਾਂ ਇਹ ਸਵਾਲ ਉੱਠਦਾ ਹੈ ਕਿ ਉਸ ਦੀ ਜਾਇਦਾਦ ਕਿਸ ਨੂੰ ਜਾਏਗੀ। ਇਹ ਧਾਰਨਾ ਹੈ ਕਿ ਕੋਈ ਵੀ ਮਲਕੀਅਤ ਬਿਨਾਂ ਮਾਲਕ ਤੋਂ ਨਹੀਂ ਹੋ ਸਕਦੀ, ਕੋਈ ਨਾ ਕੋਈ ਉਸਦਾ ਮਾਲਕ ਜ਼ਰੂਰ ਹੋਣਾ ਚਾਹੀਦਾ ਹੈ, ਚਾਹੇ ਕੋਈ ਵਿਅਕਤੀ, ਕੰਪਨੀ ਜਾਂ ਸਰਕਾਰ। ਵਿਰਾਸਤ ਕਨੂੰਨ ਵਿੱਚ ਇਸ ਸਵਾਲ ਦਾ ਜਵਾਬ ਮਿਲਦਾ ਹੈ ਕਿ ਬਿਨਾਂ ਵਸੀਅਤ ਤੋਂ ਮਰਨ ਵਾਲੇ ਵਿਅਕਤੀ ਦੇ ਵਾਰਿਸ ਕੌਣ ਹਨ, ਤੇ ਕਿਹੜੇ ਰਿਸ਼ਤੇਦਾਰਾਂ ਨੂੰ ਵਿਰਾਸਤ ਦੇਣ ਵਿੱਚ ਪਹਿਲ ਦਿੱਤੀ ਜਾਵੇਗੀ, ਤੇ ਉਹਨਾਂ ਨੂੰ ਕਿੰਨਾ ਹਿੱਸਾ ਮਿਲੇਗਾ ਤੇ ਕਿਸੇ ਵਾਰਸ ਦੀਆਂ ਕੀ ਅਯੋਗਤਾਵਾਂ ਹਨ।

ਹਰ ਧਰਮ ਦੇ ਲੋਕਾਂ ਦੇ ਆਪਣੇ-ਆਪਣੇ ਵਿਰਾਸਤ ਕਨੂੰਨ ਹਨ ਤੇ ਉਹਨਾਂ ਦੀ ਜਾਇਦਾਦ ਦੀ ਵੰਡ ਉਹਨਾਂ ਦੇ ਨਿੱਜੀ ਕਨੂੰਨਾਂ ਅਨੁਸਾਰ ਹੀ ਹੁੰਦੀ ਹੈ। ਇੱਥੇ ਵਿਰਾਸਤ ਕਨੂੰਨ 1956, ਹਿੰਦੂਆਂ ਤੇ ਲਾਗੂ ਹੁੰਦਾ ਹੈ। ਹਿੰਦੂਆਂ ਵਿੱਚ 1956 ਤੋਂ ਪਹਿਲਾਂ ਵਿਰਾਸਤ ਦਾ ਫ਼ੈਸਲਾ ਹਰ ਇਲਾਕੇ ਦੇ ਅਤੇ ਹਰ ਕੌਮ ਦੇ ਰਸਮਾਂ-ਰਿਵਾਜਾਂ ਅਨੁਸਾਰ ਹੀ ਕੀਤਾ ਜਾਂਦਾ ਸੀ। ਅਜ਼ਾਦ ਭਾਰਤ ਵਿੱਚ ਹਿੰਦੂ ਵਿਰਾਸਤ ਕਨੂੰਨ ਦੀ ਜ਼ਰੂਰਤ ਇਸ ਲਈ ਪਈ, ਕਿਉਂਕਿ ਰਸਮਾਂ-ਰਿਵਾਜਾਂ ਵਿੱਚ ਕੋਈ ਠੋਸ ਨਿਯਮ ਨਹੀਂ ਸਨ ਹੁੰਦੇ। ਇਸ ਦੇ ਕਾਰਨ ਵੱਜੋਂ ਇੱਕ ਪਰਿਵਾਰ ਦੇ ਮੈਂਬਰ ਕਈ ਵਾਰੀ ਜਾਇਦਾਦ ਦਾ ਬਣਦਾ ਹਿੱਸਾ ਪ੍ਰਾਪਤ ਨਹੀਂ ਕਰ ਸਕਦੇ ਸਨ, ਖ਼ਾਸ ਕਰਕੇ ਇਸਤਰੀ ਜਾਤੀ ਨੂੰ ਆਪਣੇ ਮਾਂ-ਬਾਪ ਦੀ ਜਾਇਦਾਦ ਵਿੱਚੋਂ ਹਿੱਸਾ ਲੈਣ ਤੇ ਪਾਬੰਦੀ ਹੋਇਆ ਕਰਦੀ ਸੀ। ਵਿਰਾਸਤ ਸੰਬੰਧੀ ਮੁਸ਼ਕਲਾਂ ਨੂੰ ਹੱਲ ਕਰਨ ਦੇ ਮਕਸਦ ਨਾਲ ਹੀ ਹਿੰਦੂ ਵਿਰਾਸਤ ਕਨੂੰਨ 1956 ਬਣਾਇਆ ਗਿਆ। ਇਸ ਵਿੱਚ ਵੱਖ-ਵੱਖ ਮਰਨ ਵਾਲੇ ਵਿਅਕਤੀਆਂ ਦੇ ਹੱਥ ਵਿੱਚ ਜੋ ਜਾਇਦਾਦ ਹੁੰਦੀ ਹੈ, ਉਸ ਦੀ ਵੰਡ ਨਿਯਮਾਂ ਅਨੁਸਾਰ ਕਰਨ ਦਾ ਵਿਸਥਾਰ ਦਿੱਤਾ ਗਿਆ ਹੈ।

ਇਸ ਕਨੂੰਨ ਅਨੁਸਾਰ ਇੱਕ ਹਿੰਦੂ ਨਿਰਵਸੀਅਤ ਪੁਰਸ਼ ਦੀ ਮੌਤ ਤੋਂ ਬਾਅਦ ਉਸਦੀ ਜਾਇਦਾਦ ਦੀ ਵੰਡ ਧਾਰਾ 8 ਅਨੁਸਾਰ ਇਸ ਪ੍ਰਕਾਰ ਹੋਵੇਗੀ। ਸਭ ਤੋਂ ਪਹਿਲਾਂ ਵਰਗ-  ਦੇ ਵਾਰਸਾਂ ਵਿੱਚ ਹੋਵੇਗਾ ਜੇ ਵਰਗ- ਵਿੱਚ ਕੋਈ ਵਾਰਸ ਨਾ ਹੋਵੇ ਤਾਂ ਫਿਰ

ਵਰਗ-  ਦੇ ਵਾਰਸਾਂ ਵਿੱਚ ਹੋਵੇਗਾ ਜੇ ਇਹਨਾਂ ਵਿੱਚ ਵੀ ਕੋਈ ਜ਼ਿੰਦਾ ਨਾ ਹੋਵੇ ਤਾਂ ਫਿਰ ਉਸਦੇ ਇੱਕ-ਗੋਤਰਾਂ ਵਿੱਚ ਅਤੇ ਅਖ਼ੀਰ ਵਿੱਚ ਉਸਦੇ ਬੰਧੂਆਂ ਵਿੱਚ। ਵਰਗ- ਵਿੱਚ ਉਸ ਹਿੰਦੂ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਸਥਾਨ ਮਿਲਿਆ ਹੈ। ਵਰਗ-Ⅰ  ਦੇ ਵਾਰਸਾਂ ਵਿੱਚੋਂ ਕੋਈ ਇੱਕ ਵੀ ਜ਼ਿੰਦਾ ਹੋਵੇ ਤਾਂ ਉਹ ਬਾਕੀ ਸਭ ਵਰਗਾਂ ਦੇ ਵਾਰਸਾਂ ਨੂੰ ਖ਼ਾਰਜ ਕਰ ਦਿੰਦਾ ਹੈ। ਵਰਗ-  ਵਿੱਚ ਦੱਸੇ ਵਾਰਸ ਹਨ:(1) ਪੁੱਤਰ, (2) ਧੀ, (3) ਵਿਧਵਾ, (4) ਮਾਤਾ, (5) ਕਿਸੇ ਪੂਰਵ-ਮਿਰਤ ਪੁੱਤਰ ਦਾ ਪੁੱਤਰ, (6) ਕਿਸੇ ਪੂਰਵ-ਮਿਰਤ ਪੁੱਤਰ ਦੀ ਧੀ, (7) ਕਿਸੇ ਪੂਰਵ-ਮਿਰਤ ਧੀ ਦਾ ਪੁੱਤਰ, (8) ਕਿਸੇ ਪੂਰਵ ਮਿਰਤ ਧੀ ਦੀ ਧੀ, (9) ਕਿਸੇ ਪੂਰਵ-ਮਿਰਤ ਪੁੱਤਰ ਦੀ ਵਿਧਵਾ, (10) ਕਿਸੇ ਪੂਰਵ-ਮਿਰਤ ਪੁੱਤਰ ਦੇ ਪੂਰਵ-ਮਿਰਤ ਪੁੱਤਰ ਦਾ ਪੁੱਤਰ, (11) ਕਿਸੇ ਪੂਰਵ-ਮਿਰਤ ਪੁੱਤਰ ਦੇ ਪੂਰਵ-ਮਿਰਤ ਪੁੱਤਰ ਦੀ ਧੀ ਅਤੇ (12) ਕਿਸੇ ਪੂਰਵ-ਮਿਰਤ ਪੁੱਤਰ ਦੇ ਪੂਰਵ ਮਿਰਤ ਪੁੱਤਰ ਦੀ ਵਿਧਵਾ।

ਵਰਗ- ਵਿੱਚ ਜਿੰਨੇ ਵਾਰਸ ਜਿਊਂਦੇ ਹੋਣਗੇ ਓਨੇ ਹੀ ਹਿੱਸਿਆਂ ਵਿੱਚ ਮਿਰਤਕ ਹਿੰਦੂ ਪੁਰਸ਼ ਦੀ ਸੰਪਤੀ ਵੰਡੀ ਜਾਵੇਗੀ। ਜੇਕਰ ਵਰਗ-  ਵਿੱਚੋਂ ਕੋਈ ਵੀ ਵਾਰਸ ਜ਼ਿੰਦਾ ਨਾ ਹੋਵੇ ਤਾਂ ਹੀ ਵਰਗ-  ਦੇ ਵਾਰਸਾਂ ਨੂੰ ਜਾਇਦਾਦ ਵਿੱਚੋਂ ਹਿੱਸਾ ਮਿਲਦਾ ਹੈ। ਵਰਗ-  ਦੇ ਵਾਰਸ ਹਨ: (1) ਪਿਤਾ, (2) ਪੋਤਰੀ ਦੇ ਧੀ-ਪੁੱਤਰ, ਭਰਾ, ਭੈਣ, (3) ਦੋਹਤਰੇ ਦੇ ਧੀ ਤੇ ਪੁੱਤਰ, ਦੋਹਤਰੀ ਦੀ ਧੀ ਤੇ ਪੁੱਤਰ, (4) ਭਤੀਜਾ, ਭਤੀਜੀ, ਭਾਣਜਾ, ਭਾਣਜੀ, (5) ਦਾਦਾ, ਦਾਦੀ, (6) ਮਤਰੇਈ ਮਾਂ, ਵਿਧਵਾ ਭਾਬੀ, (7) ਤਾਇਆ, ਚਾਚਾ, ਭੂਆ, (8) ਨਾਨਾ, ਨਾਨੀ, (9) ਮਾਮਾ ਤੇ ਮਾਮੀ।

ਵਰਗ- ਦੇ ਵਾਰਸਾਂ ਨੂੰ ਹਿੱਸਾ ਇੰਦਰਾਜ ਵਾਰ ਹੀ ਮਿਲਦਾ ਹੈ, ਭਾਵ ਜੇ ਇੰਦਰਾਜ- ਵਿੱਚ ਦਿੱਤਾ ਵਾਰਸ ‘ਪਿਤਾ’ ਜ਼ਿੰਦਾ ਹੈ ਤਾਂ ਬਾਕੀ ਹੋਰ ਕਿਸੇ ਇੰਦਰਾਜ ਦੇ ਵਾਰਸਾਂ ਨੂੰ ਹਿੱਸਾ ਨਹੀਂ ਮਿਲੇਗਾ। ਇੱਥੇ ਹਿੱਸੇ ਇੰਦਰਾਜ-ਵਾਰ ਹੀ ਮਿਲਦੇ ਹਨ। ਜੇ ਉਪਰਲੇ ਇੰਦਰਾਜ ਵਿੱਚ ਕੋਈ ਵਾਰਸ ਨਾ ਹੋਵੇ ਤਾਂ ਹੀ ਅਗਲੇ ਇੰਦਰਾਜ ਦੇ ਵਾਰਸਾਂ ਨੂੰ ਹਿੱਸਾ ਮਿਲਦਾ ਹੈ।

ਜੇ ਕੋਈ ਹਿੰਦੂ ਇਸਤਰੀ ਬਿਨਾਂ ਆਪਣੀ ਵਸੀਅਤ ਕੀਤਿਆਂ ਮਰ ਜਾਂਦੀ ਹੈ ਤਾਂ ਉਸਦੀ ਜਾਇਦਾਦ ਦੀ ਵੰਡ, ਹਿੰਦੂ ਵਿਰਾਸਤ ਕਨੂੰਨ ਦੀ ਧਾਰਾ 15 ਅਤੇ 16 ਅਨੁਸਾਰ ਹੁੰਦੀ ਹੈ। ਉਸਦੀ ਜਾਇਦਾਦ ਇਸ ਤਰ੍ਹਾਂ ਵੰਡੀ ਜਾਏਗੀ: (1) ਪਹਿਲੇ, ਪੁੱਤਰਾਂ ਅਤੇ ਧੀਆਂ (ਕਿਸੇ ਪੂਰਵ-ਮਿਰਤ ਪੁੱਤਰ ਜਾਂ ਧੀ ਦੇ ਬੱਚਿਆਂ ਨੂੰ ਸ਼ਾਮਲ ਕਰ ਕੇ) ਅਤੇ ਪਤੀ ਤੇ; (2) ਦੂਜੇ, ਪਤੀ ਦੇ ਵਾਰਸਾਂ ਤੇ; (3) ਤੀਜੇ, ਮਾਤਾ ਅਤੇ ਪਿਤਾ ਤੇ;

(4) ਚੌਥੇ, ਪਿਤਾ ਦੇ ਵਾਰਸਾਂ ਤੇ; (5) ਅੰਤ ਵਿੱਚ, ਮਾਤਾ ਦੇ ਵਾਰਸਾਂ ਤੇ।

ਪੁਰਾਣੇ ਹਿੰਦੂ ਕਨੂੰਨ ਵਿੱਚ ਕੇਵਲ ਪਿਤਾ ਤੇ ਪੁੱਤਰਾਂ ਨੂੰ, ਜੋ ਕਿ ਸਹਿਵਾਰਸ (ਕੋ-ਪਾਰਸਨਰ) ਹੁੰਦੇ ਸਨ, ਉਹਨਾਂ ਨੂੰ ਹੀ ਜੱਦੀ ਜਾਇਦਾਦ ਵਿੱਚ ਹਿੱਸਾ ਮਿਲਦਾ ਸੀ ਪਰ ਹੁਣ ਹਿੰਦੂ ਵਿਰਾਸਤ ਕਨੂੰਨ ਵਿੱਚ ਸੋਧ ਕੀਤਾ ਗਿਆ ਹੈ ਜਿਸ ਕਰਕੇ ਹੁਣ ਲੜਕੀਆਂ ਨੂੰ ਵੀ ਪੁੱਤਰਾਂ ਦੀ ਤਰ੍ਹਾਂ ਹੀ ਸਹਿਵਾਰਸ (ਕੋ-ਪਾਰਸਨਰ) ਬਣਾ ਦਿੱਤਾ ਗਿਆ ਹੈ ਤੇ ਉਹ ਹੁਣ ਜੱਦੀ ਜਾਇਦਾਦ ਵਿੱਚ ਵੀ ਹੱਕਦਾਰ ਹੋ ਗਈਆਂ ਹਨ ਪਰ ਇੱਥੇ ਲੜਕਿਆਂ ਦੇ ਹੱਕ ਵਿੱਚ ਤੇ ਲੜਕੀਆਂ ਦੇ ਹੱਕ ਵਿੱਚ ਥੋੜ੍ਹਾ ਜਿਹਾ ਫ਼ਰਕ ਰਹਿ ਗਿਆ ਹੈ। ਪੁੱਤਰ ਚਾਹੇ ਔਰਸ ਪੁੱਤਰ ਹੋਵੇ ਜਾਂ ਗੋਦ ਲਿਆ ਹੋਵੇ ਉਹ ਜਾਇਦਾਦ ਦੇ ਹੱਕਦਾਰ ਹਨ, ਪਰ ਇਸ ਸੋਧ ਕੀਤੀ ਧਾਰਾ ਵਿੱਚ ਸਿਰਫ਼ ਔਰਸ (ਆਪ ਜੰਮੀਆਂ) ਲੜਕੀਆਂ ਹੀ ਜੱਦੀ ਜਾਇਦਾਦ ਦੀਆਂ ਹੱਕਦਾਰ ਹਨ, ਤੇ ਗੋਦ ਲਈਆਂ ਲੜਕੀਆਂ ਆਪਣੇ ਗੋਦ ਲੇਵਾ ਪਿਤਾ ਦੀ ਜੱਦੀ ਜਾਇਦਾਦ ਵਿੱਚ ਹੱਕਦਾਰ ਨਹੀਂ ਹਨ।

ਵਿਰਾਸਤ ਕਨੂੰਨ ਦੀਆਂ ਧਾਰਾਵਾਂ 24, 25 ਅਤੇ 26 ਵਿੱਚ ਇਸ ਬਾਰੇ ਉਪਬੰਧ ਕੀਤਾ ਗਿਆ ਹੈ। ਧਾਰਾ 24 ਦੇ ਅਨੁਸਾਰ ਜੇ ਕੋਈ ਵਾਰਸ, ਜੋ ਨਿਰਵਸੀਅਤ ਨਾਲ ਕਿਸੇ ਪੂਰਵ-ਮਿਰਤ ਪੁੱਤਰ ਦੀ ਵਿਧਵਾ, ਕਿਸੇ ਪੂਰਵ-ਮਿਰਤ ਪੁੱਤਰ ਦੇ ਪੂਰਵ-ਮਿਰਤ ਪੁੱਤਰ ਦੀ ਵਿਧਵਾ, ਜਾਂ ਕਿਸੇ ਭਰਾ ਦੀ ਵਿਧਵਾ ਵੱਜੋਂ ਸੰਬੰਧਿਤ ਹੈ, ਜੋ ਉੱਤਰ-ਅਧਿਕਾਰ ਸ਼ੁਰੂ ਹੋਣ ਦੀ ਤਾਰੀਖ਼ ਨੂੰ ਉਸ ਨੇ ਮੁੜ ਵਿਆਹ ਕਰਵਾ ਲਿਆ ਹੈ ਤਾਂ ਉਹ ਨਿਰਵਸੀਅਤੀ ਸੰਪਤੀ ਵਿੱਚ ਅਜਿਹੀ ਵਿਧਵਾ ਵੱਜੋਂ ਉੱਤਰ-ਅਧਿਕਾਰ ਪ੍ਰਾਪਤ ਕਰਨ ਦੀ ਹੱਕਦਾਰ ਨਹੀਂ ਹੋਵੇਗੀ। ਇਸੇ ਤਰ੍ਹਾਂ ਹੀ ਧਾਰਾ 25 ਵਿੱਚ ਕਿਹਾ ਗਿਆ ਹੈ ਕਿ ਕੋਈ ਵਿਅਕਤੀ ਕਤਲ ਕਰਦਾ ਹੈ ਜਾਂ ਕਤਲ ਕਰਨ ਦੀ ਸ਼ਹਿ ਦਿੰਦਾ ਹੈ, ਉਹ ਮਕਤੂਲ ਦੀ ਸੰਪਤੀ ਜਾਂ ਕਿਸੇ ਹੋਰ ਸੰਪਤੀ, ਜਿਸ ਤੇ ਵਿਰਾਸਤ ਨੂੰ ਅੱਗੇ ਵਧਾਉਣ ਲਈ ਉਹ ਕਤਲ ਕੀਤਾ ਗਿਆ ਜਾਂ ਕਤਲ ਕਰਨ ਦੀ ਸ਼ਹਿ ਦਿੱਤੀ ਗਈ, ਦੀ ਵਿਰਾਸਤ ਪਾਉਣ ਲਈ ਨਾਕਾਬਲ ਹੋਵੇਗਾ। ਧਾਰਾ 26 ਵਿੱਚ ਉਪਬੰਧ ਹੈ ਕਿ ਜੇ ਕੋਈ ਹਿੰਦੂ ਆਪਣਾ ਧਰਮ ਛੱਡ ਕੇ ਕੋਈ ਹੋਰ ਧਰਮ ਇਖ਼ਤਿਆਰ ਕਰ ਲੈਂਦਾ ਹੈ ਤਾਂ ਉਸ ਵਿਅਕਤੀ ਦੀ ਸੰਤਾਨ ਨੂੰ ਆਪਣੇ ਹਿੰਦੂ ਰਿਸ਼ਤੇਦਾਰਾਂ ਦੀ ਸੰਪਤੀ ਉੱਤੇ ਵਿਰਾਸਤ ਪਾਉਣ ਦਾ ਹੱਕ ਨਹੀਂ ਹੋਵੇਗਾ। ਇਹਨਾਂ ਸਾਰੀਆਂ ਨਾਕਾਬਲੀਅਤਾਂ ਦਾ ਅਸਰ ਇਹ ਹੋਵੇਗਾ ਕਿ ਜੋ ਵਿਅਕਤੀ ਨਾਕਾਬਲ ਕਰਾਰ ਦੇ ਦਿੱਤਾ ਗਿਆ ਹੈ ਉਸ ਨੂੰ ਇੰਞ ਮੰਨਿਆ ਜਾਵੇਗਾ ਕਿ ਅਜਿਹਾ ਵਿਅਕਤੀ ਨਿਰਵਸੀਅਤ ਤੋਂ ਪਹਿਲਾਂ ਮਰ ਚੁੱਕਿਆ ਸੀ, ਤੇ ਉਸ ਨੂੰ ਵਿਰਾਸਤ ਵਿੱਚ ਕੋਈ ਹਿੱਸਾ ਨਹੀਂ ਮਿਲੇਗਾ।


ਲੇਖਕ : ਗਗਨਪ੍ਰੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-12-10-49-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.