ਵਿਰੋਧਾਤਮਿਕਤਾ ਸਰੋਤ : 
    
      ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
      
           
     
      
      
      
        ਵਿਰੋਧਾਤਮਿਕਤਾ : ਭਾਸ਼ਾ  ਦੀ ਭਾਵ ਜੁਗਤ ਵਿੱਚ ਵਿਰੋਧਾਤਮਿਕਤਾ ਇੱਕ ਜ਼ਰੂਰੀ ਸੰਬੰਧ  ਮੰਨਿਆ ਜਾਂਦਾ ਹੈ। ਪਰ  ਇਸ ਬਾਰੇ ਕੁਝ ਭੁਲੇਖੇ ਰਹੇ ਹਨ। ਇਹਨਾਂ ਭੁਲੇਖਿਆਂ ਦਾ ਕਾਰਨ  ਇਹ ਹੈ ਕਿ ਵਿਰੋਧਾਤਮਿਕਤਾ ਨੂੰ ਸਮਾਨਾਰਥਕਤਾ  ਦਾ ਪੂਰਨ  ਸਮਝਿਆ ਜਾਂਦਾ ਹੈ। ਦੂਜਾ  ਕਾਰਨ ਇਹ ਹੈ ਕਿ ਵੱਖ-ਵੱਖ ਕਿਸਮ ਦੀਆਂ ਵਿਰੋਧਤਾਵਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਗਿਆ। ਸਮਾਨਾਰਥਕਤਾ ਅਤੇ  ਵਿਰੋਧਾਤਮਿਕਤਾ ਵੱਖ-ਵੱਖ ਕਿਸਮ ਦੇ ਭਾਵਾਤਮਿਕ ਸੰਬੰਧ ਹਨ। ਮੋਟੇ ਤੌਰ ਤੇ ਵਿਰੋਧਾਤਮਿਕਤਾ ਤਿੰਨ ਕਿਸਮ ਦੀ ਹੁੰਦੀ ਹੈ ਅਤੇ ਹਰ ਕਿਸਮ ਦੀ ਵਿਰੋਧਾਤਮਿਕਤਾ ਨੂੰ ਐਨਟੋਨੀਮੀ ਨਹੀਂ ਕਿਹਾ ਜਾ ਸਕਦਾ।
	     ਇੱਕ ਕਿਸਮ ਦੀ ਵਿਰੋਧਤਾ ਉਹ ਹੈ, ਜਿਹੜੀ ਸ਼ਬਦਾਂ ਦੇ ਅਜਿਹੇ ਜੋੜਿਆਂ ਵਿੱਚ ਦੇਖੀ ਜਾ ਸਕਦੀ ਹੈ, ਜਿਵੇਂ ਕੁਆਰਾ/ਵਿਆਹਿਆ, ਨਰ/ਮਾਦਾ ਆਦਿ ਪੂਰਨ ਹਨ। ਇਸ ਲਈ ਇਹਨਾਂ ਵਾਸਤੇ ਪੂਰਕ  ਸ਼ਬਦ  (comple-mentary) ਵਰਤਣਾ ਚਾਹੀਦਾ ਹੈ। ਇਸੇ ਤਰ੍ਹਾਂ ਬੁਰਾ/ਚੰਗਾ ਸ਼ਬਦ ਨੂੰ ਲਿਆ ਜਾ ਸਕਦਾ ਹੈ। ‘ਬੁਰਾ’ ਉਹ ਹੈ ਜੋ ‘ਚੰਗਾ’ ਨਹੀਂ। ਅਜਿਹੇ ਸ਼ਾਬਦਿਕ ਜੋੜਿਆਂ ਦੀ ਖ਼ਾਸ ਗੱਲ  ਇਹ ਹੈ ਕਿ ਇੱਕ ਦਾ ਹੋਣਾ, ਦੂਜੇ  ਦਾ ਨਾ ਹੋਣਾ ਹੈ ਅਤੇ ਦੂਜੇ ਦਾ ਨਾ ਹੋਣਾ, ਪਹਿਲੇ ਦਾ ਹੋਣਾ ਹੈ।
	     ਜਿਨ੍ਹਾਂ ਸ਼ਬਦਾਂ ਨੂੰ ਅਸੀਂ ਵਿਰੋਧਾਤਮਿਕਤਾ ਦਾ ਨਾਂ ਦਿੰਦੇ ਹਾਂ, ਉਹ ਅਜਿਹੀਆਂ ਉਦਾਹਰਨਾਂ ਹਨ, ਜਿਵੇਂ “ਵੱਡਾ" ਅਤੇ “ਛੋਟਾ" ਤੋਂ ਸਪਸ਼ਟ ਹੁੰਦਾ ਹੈ। ਇਸ ਕਿਸਮ ਦੀ ਵਿਰੋਧਾਤਮਿਕਤਾ ਦਾ ਖ਼ਾਸ ਗੁਣ ਇਹ ਹੈ ਕਿ ਉਹਨਾਂ ਦੀ ਦਰਜਾਬੰਦੀ  ਕੀਤੀ ਜਾ ਸਕਦੀ ਹੈ। ਇਹ ਚੇਤੇ ਰਹੇ ਕਿ ਦਰਜਾਬੰਦੀ ਦਾ ਸੰਕਲਪ  ਸੈਪੀਰ ਭਾਸ਼ਾ- ਵਿਗਿਆਨੀ ਦੀ ਦੇਣ ਹੈ, ਜਿਹੜਾ ਤੁਲਨਾ ਨਾਲ  ਸੰਬੰਧਿਤ ਹੈ। ਇਹ ਤੁਲਨਾ ਸਪਸ਼ਟ ਜਾਂ ਛੁੱਪੀ ਹੋਈ ਹੋ ਸਕਦੀ ਹੈ। ਸਪਸ਼ਟ ਤੁਲਨਾਤਮਿਕ ਵਾਕ  ਦੋ ਕਿਸਮ ਦੇ ਹੁੰਦੇ ਹਨ :
	          1. ਦੋ ਚੀਜ਼ਾਂ ਦੀ ਕਿਸੇ ਗੁਣ ਦੇ ਦ੍ਰਿਸ਼ਟੀਕੋਣ ਤੋਂ ਤੁਲਨਾ ਕੀਤੀ ਜਾਵੇ ਅਤੇ ਇੱਕ ਵਿੱਚ ਦੂਜੇ ਨਾਲੋਂ ਵੱਖ ਗੁਣ ਹੋਣ, ਜਿਵੇਂ :
	                   “ਸਾਡਾ ਮਕਾਨ  ਤੁਹਾਡੇ ਮਕਾਨ ਨਾਲੋਂ ਵੱਡਾ  ਹੈ।"
	          2. ਉਸੇ ਚੀਜ਼ ਦੀ ਕਿਸੇ ਗੁਣ ਦੇ ਦ੍ਰਿਸ਼ਟੀਕੋਣ ਤੋਂ ਦੋ ਸਥਿਤੀਆਂ ਵਿੱਚ ਤੁਲਨਾ ਕੀਤੀ ਜਾਵੇ। ਜਿਵੇਂ :
	                   “ਸਾਡਾ ਮਕਾਨ ਪਹਿਲਾਂ ਨਾਲੋਂ ਵੱਡਾ ਹੈ।"
	     ਵਿਰੋਧਾਤਮਿਕਤਾ ਬਾਰੇ ਗੱਲ ਕਰਦਿਆਂ ਇਹ ਧਿਆਨ  ਰੱਖਣਾ ਚਾਹੀਦਾ ਹੈ ਕਿ ਇੱਕ ਦਾ ਨਾ ਹੋਣਾ, ਦੂਜੇ ਦੇ ਹੋਣ ਦਾ ਸਬੂਤ  ਨਹੀਂ ਜਿਵੇਂ : “ਸਾਡਾ ਮਕਾਨ ਵੱਡਾ ਨਹੀਂ"। ਵਾਕ ਦੇ ਛੁਪੇ ਭਾਵ ਇਹ ਨਹੀਂ ਕਿ “ਸਾਡਾ ਮਕਾਨ ਛੋਟਾ ਹੈ"। ਇਹ ਤੱਥ  ਵਿਰੋਧਾਤਮਿਕਤਾ ਨੂੰ ਪੂਰਕਤਾ ਨਾਲੋਂ ਨਿਖੇੜਦਾ ਹੈ। ਇਹ ਗੱਲ ਮਹੱਤਵਪੂਰਨ ਹੈ ਕਿ ਐਨਟੋਨੀਮੀ ਨਾਲੋਂ ਵਾਕ ਹਮੇਸ਼ਾਂ ਜੇ ਸਪਸ਼ਟ ਨਹੀਂ ਤਾਂ ਛੁਪੇ ਤੁਲਨਾਤਮਿਕ ਹੁੰਦੇ ਹਨ। ਇਹ ਗੱਲ ਕਈ ਸਾਲ ਪਹਿਲਾਂ ‘ਸੈਪੀਰ’ ਨੇ ਨੋਟ ਕੀਤੀ ਸੀ।
	     ਸਾਕਾਚਾਰੀ/ਰਿਸ਼ਤੇ-ਨਾਤੇ ਮੱਦ  ਖ਼ਾਸ ਤੌਰ ਤੇ ਦੋ ਕਾਰਨਾਂ ਕਰ ਕੇ ਰਿਸ਼ਤੇ-ਸੰਬੰਧੀ ਵਿਰੋਧਤਾ ਵਿੱਚ ਚਰਚਾ ਲਈ ਦਿਲਚਸਪ ਹੈ। ਇੱਕ ਕਾਰਨ ਇਹ ਹੈ ਕਿ ਬਹੁਤੇ  ਇਹਨਾਂ ਵਿੱਚੋਂ ਕੇਵਲ  ਰਿਸ਼ਤੇ ਜਾਂ ਸੰਬੰਧ ਹੀ ਨਹੀਂ ਦਰਸਾਉਂਦੇ, ਬਲਕਿ ਸੰਬੰਧਿਤ ਵਿਅਕਤੀ  ਦੇ ਲਿੰਗ  ਬਾਰੇ ਵੀ ਦਰਸਾਉਂਦੇ ਹਨ, ਜਿਵੇਂ : ਪਿਤਾ  ਪੁਲਿੰਗ ਮਾਪੇ ਹੈ, ਲੜਕੀ  (ਧੀ) ਇੱਕ ਇਸਤਰੀ  ਲਿੰਗ ਬੱਚਾ  ਆਦਿ। ਇਸੇ ਤਰ੍ਹਾਂ ਹੋਰ ਜੋੜਿਆਂ ਨੂੰ ਦੇਖਿਆ ਜਾ ਸਕਦਾ ਹੈ, ਜਿਹੜੇ ਉਸੇ ਰਿਸ਼ਤੇ ਨੂੰ ਦਰਸਾਉਂਦੇ ਹੋਏ ਵੀ ਵੱਖੋ-ਵੱਖਰੇ ਲਿੰਗ ਰੱਖਦੇ ਹਨ, ਜਿਵੇਂ ਪਿਤਾ/ਮਾਤਾ, ਪੁੱਤਰ/ਧੀ, ਅੰਕਲ/ ਆਂਟੀ, ਭਤੀਜਾ/ਭਤੀਜੀ ਆਦਿ ਸ਼ਬਦਾਂ ਦੇ ਜੋੜਿਆਂ ਨੂੰ ਮੇਲ  ਖਾਂਦਾ ਸਮਰੂਪੀ ਜੋੜਾ  ਕਿਹਾ ਜਾ ਸਕਦਾ ਹੈ।
	     ਇਸੇ ਤਰ੍ਹਾਂ ਹੋਰ ਮੱਦਾਂ ਵੀ ਵਿਰੋਧਾਤਮਿਕਤਾ ਵਿੱਚ ਦੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਲਿੰਗ ਦਾ ਹਵਾਲਾ  ਦਿੱਤੇ ਬਿਨਾਂ ਹੀ ਸਮਰੂਪ ਵਿੱਚ ਦੇਖਿਆ ਜਾ ਸਕਦਾ ਹੈ। ਦੂਸਰਾ ਭਾਵੇਂ ਮੱਦ ਸਮਰੂਪੀ ਹੋਵੇ ਜਾਂ ਨਾ ਇਹ ਭਾਸ਼ਾ ਦਾ ਆਪਣਾ ਮਾਮਲਾ  ਹੈ।
    
      
      
      
         ਲੇਖਕ : ਗੁਰਪਾਲ ਸਿੰਘ, 
        ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First