ਵਿਸਮਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਸਮਕ : ਭਾਸ਼ਾਈ ਬੁਲਾਰੇ ਦੀ ਕਿਸੇ ਭਾਵਨਾ ਜਾਂ ਮਨੋਵੇਗ ਦਾ ਸੰਕੇਤ ਕਰਨ ਵਾਲੇ ਸ਼ਬਦਾਂ ਨੂੰ ਵਿਸਮਕ ਸ਼੍ਰੇਣੀ ਦੇ ਸ਼ਬਦ ਕਿਹਾ ਜਾਂਦਾ ਹੈ। ਬੁਲਾਰੇ ਦੀ ਭਾਵਨਾਤਮਿਕ-ਮਨੋਸਥਿਤੀ ਦਾ ਸੰਬੰਧ ਖ਼ੁਸ਼ੀ, ਦੁੱਖ, ਹੈਰਾਨੀ, ਅਫ਼ਸੋਸ, ਫਿਟਕਾਰ, ਹੱਲਾਸ਼ੇਰੀ ਆਦਿ ਵਰਤਾਰਿਆਂ ਨਾਲ ਹੁੰਦਾ ਹੈ। ਵਿਸਮਕ ਸ਼ਬਦਾਂ ਦੇ ਅੰਤ ਵਿੱਚ ਵਿਸ਼ਰਾਮ ਚਿੰਨ੍ਹ ‘ਵਿਸਮਕ’ (!) ਦੀ ਵਰਤੋਂ ਕੀਤੀ ਜਾਂਦੀ ਹੈ। ਕੁੱਝ ਕੁ ਵਿਸਮਕ ਸ਼ਬਦ ਇਹ ਹਨ-ਵਾਹ! ਹਾਇ!, ਹੈਂ!, ਉਫ਼! ਦੁਰ ਫਿੱਟੇ ਮੂੰਹ!, ਆਦਿ।

     ਵਿਸਮਕ ਸ਼ਬਦ ਅਰਥ ਪੱਖੋਂ ਤਾਂ ਵਾਕ ਦਾ ਹਿੱਸਾ ਹੁੰਦੇ ਹਨ ਪਰ ਬਣਤਰ ਪੱਖੋਂ ਨਹੀਂ। ਦੂਜੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਵਿਸਮਕ ਸ਼ਬਦਾਂ ਨੂੰ ਜੇ ਵਾਕ ਨਾਲੋਂ ਵੱਖ ਕਰ ਦਿੱਤਾ ਜਾਵੇ ਤਾਂ ਵਾਕ ਦੀ ਵਿਆਕਰਨਿਕ ਬਣਤਰ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਉਂਞ ਸਾਰੇ ਵਾਕ ਦਾ ਉਚਾਰਨ ਵਿਸਮਕ ਸ਼ਬਦਾਂ ਦੀ ਵਾਕ-ਸੁਰ ਵਾਲਾ ਹੀ ਹੁੰਦਾ ਹੈ।

     ਵਿਸਮਕ ਸ਼ਬਦ ਬੰਦ ਸ਼੍ਰੇਣੀ ਦੇ ਸ਼ਬਦ ਹਨ, ਅਰਥਾਤ ਇਹਨਾਂ ਦੀ ਗਿਣਤੀ ਸੀਮਿਤ ਹੁੰਦੀ ਹੈ। ਵਿਸਮਕ ਸ਼ਬਦ ਅਵਿਕਾਰੀ ਹੁੰਦੇ ਹਨ। ਵਿਸਮਕ ਸ਼ਬਦਾਂ ਦੀ ਵਰਤੋਂ ਆਮ ਕਰ ਕੇ ਵਾਕ ਤੋਂ ਪਹਿਲਾਂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਗਿਣਤੀ ਇੱਕ ਤੋਂ ਵੱਧ ਵੀ ਹੋ ਸਕਦੀ ਹੈ ਜੋ ਵਾਕਾਂਸ਼ ਪੱਧਰ ਤੱਕ ਸੀਮਿਤ ਰਹਿੰਦੀ ਹੈ। ਕਈ ਵਿਸਮਕ ਸ਼ਬਦਾਂ ਦੀ ਦੁਹਰੁਕਤ (ਦੁਹਰਾ ਕੇ) ਵਰਤੋਂ ਵੀ ਕੀਤੀ ਜਾਂਦੀ ਹੈ: ਵਾਹ-ਵਾਹ!, ਬੱਲੇ-ਬੱਲੇ! ਆਦਿ। ਅਰਥਾਂ ਦੇ ਆਧਾਰ ਉੱਤੇ ਵਿਸਮਕ ਸ਼ਬਦਾਂ ਨੂੰ ਛੇ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ :

     ਪ੍ਰਸੰਸਾ-ਵਾਚਕ : ਬੁਲਾਰੇ ਦੇ ਮਨ ਦੀ ਖ਼ੁਸ਼ੀ ਨੂੰ ਪ੍ਰਗਟ ਕਰਨ ਵਾਲੇ; ਇਹਨਾਂ ਵਿੱਚ ਹਲਾਸ਼ੇਰੀ ਦੀ ਭਾਵਨਾ ਵੀ ਹੁੰਦੀ ਹੈ-ਵਾਹ, ਵਾਹ-ਵਾਹ, ਵਾਹ ਭਈ ਵਾਹ!, ਅਸ਼ਕੇ!, ਬੱਲੇ!, ਸ਼ਾਬਾਸ਼!, ਖ਼ੂਬ! ਬਹੁਤ ਅੱਛੇ!, ਆਹਾ!, ਆਦਿ।

     ਦੁੱਖ-ਵਾਚਕ : ਅਫ਼ਸੋਸ, ਫ਼ਿਕਰ, ਚਿੰਤਾ, ਦੁੱਖ ਆਦਿ ਦਾ ਪ੍ਰਗਟਾਵਾ ਕਰਨ ਵਾਲੇ : ਉਫ਼!, ਹਾਇ!, ਹਾਇ-ਹਾਇ!, ਊਈ!, ਅਫ਼ਸੋਸ!, ਤੋਬਾ!, ਆਦਿ।

     ਹੈਰਾਨੀ-ਵਾਚਕ : ਹੈਰਾਨੀ ਦੀ ਭਾਵਨਾ ਨੂੰ ਪ੍ਰਗਟ ਕਰਨ ਵਾਲੇ : ਹੈ!, ਅੱਛਾ!, ਵਾਹ!, ਕਮਾਲ ਏ!, ਆਦਿ। ਹੈਰਾਨੀਵਾਚਕ ਵਿਸਮਕ ਸ਼ਬਦ ਪ੍ਰਸੰਸਾਵਾਚਕ ਸ਼ਬਦਾਂ ਨਾਲ ਚੋਖੀ ਸਾਂਝ ਰੱਖਦੇ ਹਨ। ਮਿਸਾਲ ਵਜੋਂ ਵਿਸਮਕ ਸ਼ਬਦ ‘ਵਾਹ!’ ਦੀ ਵਰਤੋਂ ਇਹਨਾਂ ਦੋਹਾਂ ਭਾਵਨਾਵਾਂ ਲਈ ਕੀਤੀ ਜਾਂਦੀ ਹੈ ਪਰ ਵੱਖ-ਵੱਖ ਵਾਕ-ਸੁਰ ਵਿੱਚ।

     1.   ਵਾਹ! ਤੁਹਾਡੀ ਟੀਮ ਨੇ ਤਾਂ ਵੱਡੀ ਜਿੱਤ ਪ੍ਰਾਪਤ ਕੀਤੀ ਏ।    (ਪ੍ਰਸੰਸਾ)

     2.  ਵਾਹ! ਮੋਹਣ ਵੀ ਇਸ ਵਾਰ ਪਾਸ ਹੋ ਗਿਆ ਏ?            (ਹੈਰਾਨੀ)

     ਨਿਰਾਦਰ-ਵਾਚਕ : ਫਿੱਟੇ ਮੂੰਹ! ਦੁਰ ਫਿੱਟੇ ਮੂੰਹ!, ਲਖ ਲਾਨ੍ਹਤ!, ਦੁਰ!

     ਇੱਛਾ-ਵਾਚਕ : ਕਾਸ਼!, ਜੇ ਕਿਤੇ!, ਹੇ ਦਾਤਾ! ਆਦਿ।

ਚਿਤਾਵਨੀ-ਵਾਚਕ : ਸ੍ਰੋਤੇ ਨੂੰ ਸੁਚੇਤ ਕਰਨ ਵਾਲੇ ਜਾਂ ਕੋਈ ਸੂਚਨਾ ਦੇਣ ਵਾਲੇ : ਵੇਖੀਂ!, ਵੇਖਿਓ!, ਖ਼ਬਰਦਾਰ!, ਬਚ ਕੇ!


ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਸਮਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਸਮਕ: ਪੰਜਾਬੀ ਵਿਚ ਵਿਸਮਕਤਾ ਵਾਕ ਦੇ ਕਾਰਜ ਨੂੰ ਪਰਭਾਵਤ ਨਹੀਂ ਹੁੰਦੀ ਸਗੋਂ ਵਿਸਮਕਤਾ ਦੀ ਸੂਚਨਾ ਵਾਕ ਤੋਂ ਪਹਿਲਾਂ ਵਿਚਰ ਰਹੇ ਸ਼ਬਦਾਂ ਤੋਂ ਪਰਾਪਤ ਹੁੰਦੀ ਹੈ। ਪੰਜਾਬੀ ਵਿਆਕਰਨਾਂ ਵਿਚ ਵਿਸਮਕ ਨੂੰ ਸ਼ਬਦ-ਸ਼ਰੇਣੀ ਦੇ ਤੌਰ ’ਤੇ ਸਵੀਕਾਰਿਆ ਗਿਆ ਹੈ। ਇਸ ਸ਼ਰੇਣੀ ਸ਼ਬਦਾਂ ਦੀ ਗਿਣਤੀ ਸੀਮਤ ਹੈ ਇਸ ਲਈ ਇਨ੍ਹਾਂ ਨੂੰ ਬੰਦ ਸ਼ਬਦ-ਸ਼ਰੇਣੀਆਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ। ਇਨ੍ਹਾਂ ਸ਼ਬਦਾਂ ਨੂੰ ਅਰਥ ਦੇ ਅਧਾਰ ’ਤੇ ਜਾਂ ਸਮਾਜ ਭਾਸ਼ਾ ਵਿਗਿਆਨਕ ਅਧਾਰ ’ਤੇ ਸਥਾਪਤ ਕੀਤਾ ਜਾਂਦਾ ਹੈ। ਪਰੰਪਰਾਵਾਦੀ ਵਿਆਕਰਨਾਂ ਵਿਚ ਇਨ੍ਹਾਂ ਸ਼ਬਦਾਂ ਦੀ ਸਥਾਪਤੀ ਬੁਲਾਰੇ ਦੀ ਭਾਵਨਾਤਮਕ ਮਨੋਸਥਿਤੀ ਅਨੁਸਾਰ ਕੀਤੀ ਜਾਂਦੀ ਹੈ। ਪੰਜਾਬੀ ਵਿਚ ਵਾਹ, ਕਾਸ਼, ਸ਼ਾਬਾਸ਼, ਬੱਲੇ ਆਦਿ ਸ਼ਬਦਾਂ ਨੂੰ ਇਸ ਸ਼ਰੇਣੀ ਵਿਚ ਰੱਖਿਆ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਉਚਾਰਨ ਦਬਾ-ਪੂਰਨ ਸੁਰ ਵਿਚ ਕੀਤਾ ਜਾਂਦਾ ਹੈ ਅਤੇ ਲਿਪਾਂਕਨਕਾਰੀ ਅਨੁਸਾਰ ਇਨ੍ਹਾਂ ਸ਼ਬਦਾਂ ਤੋਂ ਪਿਛੋਂ ਵਿਸਮਕ-ਸੂਚਕ ਚਿੰਨ੍ਹ ‘!’ ਦੀ ਵਰਤੋਂ ਕੀਤੀ ਜਾਂਦੀ ਹੈ। ਰੂਪ ਦੇ ਪੱਖ ਤੋਂ ਇਨ੍ਹਾਂ ਸ਼ਬਦਾਂ ਨੂੰ ਵਿਕਾਰੀ ਅਤੇ ਅਵਿਕਾਰੀ ਵਿਚ ਵੰਡਿਆ ਜਾਂਦਾ ਹੈ। ਵਿਕਾਰੀ ਸ਼ਬਦਾਂ ਦੀ ਗਿਣਤੀ ਸੀਮਤ ਹੈ, ਜਿਵੇਂ ਸੰਬੋਧਨ ਲਈ : ਓਏ-ਨੀ, ਅੜੀਏ-ਅੜਿਆ, ਮੂਰਖਾ-ਮੂਰਖੇ ਇਹ ਸ਼ਬਦ ਭਾਵੇਂ ਹੋਰ ਸ਼ਬਦ-ਸ਼ਰੇਣੀ ਦੇ ਵੀ ਮੈਂਬਰ ਹਨ ਪਰ ਇਨ੍ਹਾਂ ਤੋਂ ਵਿਸਮਿਕਤਾ ਦਾ ਕਾਰਜ ਲਿਆ ਜਾਂਦਾ ਹੈ। ਅਰਥ ਦੀ ਦਰਿਸ਼ਟੀ ਤੋਂ ਵਿਸਮਕ ਸ਼ਬਦਾਂ ਨੂੰ ਖੁਸ਼ੀ ਲਈ (ਵਾਹ!, ਆਹ!, ਬੱਲੇ!, ਸ਼ਾਬਾਸ਼!) ਦੁਖ ਅਤੇ ਗਮੀ ਲਈ (ਹਾਏ, ਉਹੋ, ਉਈ, ਅਫਸੋਸ) ਨਿਰਾਦਰ ਲਈ (ਦੁਰ ਦੁਰ, ਦੁਰ ਫਿਟੇ ਮੂੰਹ, ਫਿਟੇ ਮੂੰਹ, ਲੱਖ ਲਾਨਤ), ਸੁਚੇਤ ਕਰਨ ਲਈ (ਵੇਖੀ, ਵੇਖਿਓ, ਖ਼ਬਰਦਾਰ, ਵੇਖਣਾ, ਹੈਂ) ਇੱਛਾ ਪਰਗਟ ਕਰਨ ਲਈ (ਕਾਸ਼, ਹਾਏ, ਜੇ) ਅਸੀਸ ਲਈ (ਸੁਖੀ ਰਹਿ, ਜਵਾਨੀਆ ਮਾਣੋ, ਵਧੋ ਫੁਲੋ, ਸਾਈਂ ਜੀਵੀ, ਜਿਉਂਦਾ ਰਹਿ, ਬੁੱਢ ਸੁਹਾਗਣ ਹੋਵੇਂ) ਆਦਿ ਵਿਚ ਵੰਡਿਆ ਜਾਂਦਾ ਹੈ। ਆਮ ਤੌਰ ’ਤੇ ਵਿਸਮਕ ਸੂਚਨਾ ਸ਼ਬਦਾਂ ਜਾਂ ਵਾਕੰਸ਼ਾਂ ਤੋਂ ਪਰਾਪਤ ਹੁੰਦੀ ਹੈ। ਪਰੰਤੂ ਕਈ ਵਾਰ ਇਨ੍ਹਾਂ ਦੀ ਸੂਚਨਾ ਉਪਵਾਕ ਦੇ ਪੱਧਰ ਦੀਆਂ ਇਕਾਈਆਂ ਤੋਂ ਵੀ ਮਿਲਦੀ ਹੈ, ਭਾਵੇਂ ਇਨ੍ਹਾਂ ਦੀ ਗਿਣਤੀ ਸੀਮਤ ਹੈ, ਜਿਵੇਂ : ‘ਜਿਉਂਦਾ ਰਹਿ, ਬੁੱਢ ਸੁਹਾਗਣ ਹੋਵੇਂ’ ਆਦਿ। ਇਸ ਸ਼ਬਦ-ਸ਼ਰੇਣੀ ਦੇ ਮੈਂਬਰਾਂ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਸ਼ਬਦ, ਵਾਕ ਦੀ ਬਣਤਰ ਦੇ ਅੰਦਰ ਨਹੀਂ ਵਿਚਰਦੇ ਸਗੋਂ ਇਹ ਵਾਕ ਤੋਂ ਪਹਿਲਾਂ ਵਿਚਰਦੇ ਹਨ ਅਤੇ ਇਨ੍ਹਾਂ ਦਾ ਵਾਕ ਨਾਲ ਕੋਈ ਵਿਆਕਰਨਕ ਸਬੰਧ ਨਹੀਂ ਹੁੰਦਾ, ਜਿਵੇਂ : ਹੈਂ! ਉਹ ਮਰ ਗਿਆ, ਕਾਸ਼! ਜੇ ਉਹ ਨਾ ਮਰਦਾ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 10236, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.