ਵਿੰਡੋਜ਼-ਐਕਸਪੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Windows-XP
ਵਿੰਡੋਜ਼-2000 ਅਤੇ ਵਿੰਡੋਜ਼-Me ਦਾ ਅਗਲਾ ਸੰਸਕਰਨ ਵਿੰਡੋਜ਼-XP ਹੈ। ਵਿੰਡੋਜ਼-XP ਦੇ ਹੋਮ ਐਡੀਸ਼ਨ ਅਤੇ ਪ੍ਰੋਫੈਸ਼ਨਲ ਐਡੀਸ਼ਨ ਨਾਮ ਦੇ ਦੋ ਸੰਸਕਰਨ ਜਾਰੀ ਕੀਤੇ ਗਏ ਜਿਹੜੇ ਕਿ ਕ੍ਰਮਵਾਰ ਘਰੇਲੂ, ਵਪਾਰਿਕ ਜਾਂ ਕਿੱਤਾਕਾਰੀ ਲੋੜਾਂ ਦੀ ਪੂਰਤੀ ਕਰਦੇ ਹਨ। ਵਿੰਡੋਜ਼-XP ਅਜੋਕੇ ਪਰਸਨਲ ਕੰਪਿਊਟਰ , ਲੈਪਟਾਪ , ਪਾਮਟਾਪ ਆਦਿ ਕੰਪਿਊਟਰਾਂ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਓਪਰੇਟਿੰਗ ਸਿਸਟਮ ਹੈ। ਇਹ ਸ਼ਕਤੀਸ਼ਾਲੀ ਓਪਰੇਟਿੰਗ ਸਿਸਟਮ ਨਵੀਂ ਪੀੜ੍ਹੀ ਦੀਆਂ ਅਨੇਕਾਂ ਲੋੜਾਂ ਪੂਰੀਆਂ ਕਰਦਾ ਹੈ।
ਵਿਸ਼ੇਸ਼ਤਾਵਾਂ (Features)
ਵਿਡੋਜ਼-XP ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਵਿਚੋਂ ਕੁੱਝ ਹੇਠਾਂ ਲਿਖੇ ਅਨੁਸਾਰ ਹਨ:
1. ਸਭ ਤੋਂ ਤੇਜ਼, ਆਕਰਸ਼ਕ ਅਤੇ ਸੁਰੱਖਿਅਤ (Fast, Attractive and Secure): ਵਿੰਡੋਜ ਦਾ XP ਸੰਸਕਰਨ ਸਭ ਤੋਂ ਤੇਜ਼, ਆਕਰਸ਼ਕ ਅਤੇ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਵਿੱਚ ਮਾਈਕਰੋਸਾਫਟ ਨੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਹੈ। ਵਿੰਡੋਜ-XP ਨੂੰ ਸਮੇਂ-ਸਮੇਂ 'ਤੇ ਅੱਪਗ੍ਰੇਡ ਕੀਤਾ ਜਾ ਸਕਦਾ ਹੈ। Windows-XP ਬਹੁਤ ਹੀ ਸ਼ਕਤੀ ਅਤੇ ਕੁਸ਼ਲਤਾ-ਪੂਰਵਕ ਕੰਮ ਕਰਨ ਵਾਲੀ ਪ੍ਰਣਾਲੀ ਹੈ। ਇਹੀ ਕਾਰਨ ਹੈ ਕਿ XP ਦੇ ਸਬੰਧ ਵਿੱਚ ਅਕਸਰ ਕਿਹਾ ਜਾਂਦਾ ਹੈ ''Windows XP works harder so you can work smarter !”। ਇਸ ਦਾ ਮਤਲਬ ਇਹ ਹੋਇਆ ਕਿ ਵਰਤੋਂਕਾਰ ਬਹੁਤ ਹੀ ਘੱਟ ਜੋਖ਼ਮ ਉਠਾ ਕੇ ਵਧੀਆ ਕੰਮ ਕਰ ਸਕਦਾ ਹੈ।
2. ਅਸਾਨ ਵਰਤੋਂ (Easy to Use): Windows XP ਵਰਤੋਂ ਵਿੱਚ ਕਾਫ਼ੀ ਅਸਾਨ ਹੈ। ਇਕ ਆਮ ਵਰਤੋਂਕਾਰ ਵੀ ਬੜੀ ਅਸਾਨੀ ਨਾਲ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਇਸ ਨੂੰ ਸਿੱਖ ਸਕਦਾ ਹੈ। ਇਸ ਦਾ ਵੀਜ਼ੂਅਲ ਸਟਾਈਲ ਇਸ ਦੀ ਦਿੱਖ ਨੂੰ ਆਕਰਸ਼ਕ ਤਾਂ ਬਣਾਉਂਦਾ ਹੀ ਹੈ ਨਾਲ ਵਰਤੋਂਕਾਰ ਨੂੰ ਸਿੱਖਣ ਅਤੇ ਵਰਤਣ 'ਚੋਂ ਵੀ ਮਦਦ ਕਰਦਾ ਹੈ। ਇਹ ਵਰਤੋਂਕਾਰ ਨਾਲ ਮਿੱਤਰਤਾਪੂਰਵਕ (Friendly) ਵਿਵਹਾਰ ਕਰਦੀ ਹੈ। ਇਸ ਦੇ ਰੰਗ ਬੜੇ ਮਨਮੋਹਕ ਅਤੇ ਪ੍ਰਬੰਧ ਵਿਵਸਥਾ ਆਹਲਾ ਦਰਜ਼ੇ ਦੀ ਹੈ।
3. ਨਵਾਂ ਸਟਾਰਟ ਮੀਨੂ (New Start Menu): ਇਸ ਦਾ ਨਵਾਂ ਸਧਾਰਨ ਸਟਾਰਟ ਮੀਨੂ (Start Menu) ਇਸ ਦੀ ਵੱਡੀ ਵਿਸ਼ੇਸ਼ਤਾ ਹੈ। ਤੁਹਾਡੇ ਦੁਆਰਾ ਬਹੁਤ ਜ਼ਿਆਦਾ ਅਤੇ ਵਾਰ-ਵਾਰ ਵਰਤੇ ਜਾਣ ਵਾਲੇ ਪ੍ਰੋਗਰਾਮ ਸਟਾਰਟ ਮੀਨੂ ਤੋਂ ਸਿੰਗਲ ਕਲਿੱਕ ਦੇ ਸਹਾਰੇ ਹੀ ਖੋਲ੍ਹੇ ਜਾ ਸਕਦੇ ਹਨ। ਇਸ ਵਿੱਚ ਫਾਲਤੂ ਚੀਜ਼ਾਂ ਦੀ ਸਾਫ-ਸਫਾਈ ਲਈ ਇਕ ਵਿਜ਼ਾਰਡ ਹੁੰਦਾ ਹੈ ਜਿਸ ਨੂੰ ਆਟੋਮੈਟਿਕ ਕਲੀਨ-ਅਪ ਵਿਜ਼ਾਰਡ (Cleanup Wizard) ਕਿਹਾ ਜਾਂਦਾ ਹੈ। ਇਸ ਦੀ ਟਾਸਕਬਾਰ ਵਿਵਸਥਿਤ ਹੁੰਦੀ ਹੈ ਤੇ ਨਿਰੰਤਰ ਅੱਪਡੇਟ ਹੁੰਦੀ ਰਹਿੰਦੀ ਹੈ।
4. ਫੋਟੋ ਵਿਵਸਥਾ ਅਤੇ ਸਾਂਝ (Image Management and Sharing): ਵਿੰਡੋਜ਼-XP ਵਿੱਚ ਫੋਟੋਆਂ ਨੂੰ ਸਾਂਭਣ ਅਤੇ ਵੰਡ (ਸ਼ੇਅਰ) ਕਰਨ ਦੀ ਆਧੁਨਿਕ ਵਿਵਸਥਾ ਹੈ। ਵਿੰਡੋਜ਼-XP ਵਿੱਚ ਤੁਸੀਂ ਫੋਟੋਆਂ ਨੂੰ ਅਲੱਗ- ਅਲੱਗ ਦ੍ਰਿਸ਼ਾਂ ਵਿੱਚ ਵੇਖ ਸਕਦੇ ਹੋ ਤੇ ਉਹਨਾਂ ਨੂੰ ਆਪਣੇ ਪਰਿਵਾਰ , ਸਾਥੀਆਂ ਅਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰ ਸਕਦੇ ਹੋ।
ਵਿੰਡੋਜ਼-XP ਵਿੱਚ ਡਿਜੀਟਲ ਕੈਮਰੇ ਤੋਂ ਫੋਟੋਆਂ ਡਾਊਨਲੋਡ ਕਰਨੀਆਂ ਬਹੁਤ ਅਸਾਨ ਹਨ। ਬਸ , ਤੁਸੀਂ ਕੈਮਰੇ ਦੀ ਲੀਡ ਨੂੰ ਕੰਪਿਊਟਰ ਨਾਲ ਜੋੜੋ , ਦੇਖਦਿਆਂ-ਦੇਖਦਿਆਂ ਫੋਟੋਆਂ ਤੁਹਾਡੇ ਕੰਪਿਊਟਰ ਦੀ ਸਕਰੀਨ ਉੱਤੇ ਨਜ਼ਰ ਆਉਣ ਲੱਗਣਗੀਆਂ। ਇਹਨਾਂ ਫੋਟੋਆਂ ਨੂੰ ਤੁਸੀਂ ਸਿੱਧੇ ਤੌਰ 'ਤੇ ਸੰਪਾਦਿਤ ਕਰ ਸਕਦੇ ਹੋ, ਈ-ਮੇਲ ਰਾਹੀਂ ਭੇਜ ਸਕਦੇ ਹੋ ਅਤੇ ਪ੍ਰਿੰਟ ਕਰ ਸਕਦੇ ਹੋ। ਤੁਸੀਂ ਫੋਟੋਆਂ ਨੂੰ ਸੀਡੀ ਉੱਤੇ ਸੁਰੱਖਿਅਤ (Save) ਕਰ ਸਕਦੇ ਹੋ ਤੇ ਵੈੱਬ ਪੇਜ ਉੱਤੇ ਪ੍ਰਕਾਸ਼ਿਤ ਕਰ ਸਕਦੇ ਹੋ।
5. ਸੰਗੀਤ, ਵੀਡੀਓ ਅਤੇ ਸੀਡੀ ਪਲੇਅ ਕਰਨਾ (Playing Audio, Video and CD): ਵਿੰਡੋਜ਼-XP ਰਾਹੀਂ ਤੁਸੀਂ ਸੰਗੀਤ ਅਤੇ ਵੀਡੀਓ ਸਿੱਧੇ ਤੌਰ 'ਤੇ ਡਾਊਨਲੋਡ ਕਰ ਸਕਦੇ ਹੋ। ਇਸ ਦੇ ਮੀਡੀਆ ਪਲੇਅਰ ਵਿੱਚ ਤੁਸੀਂ ਆਪਣੀ ਮਨਭਾਉਂਦੀ ਤਬਦੀਲੀ ਕਰ ਸਕਦੇ ਹੋ। ਇਸੇ ਪ੍ਰਕਾਰ ਤੁਸੀਂ ਆਪਣੀ ਨਿੱਜੀ ਸੀਡੀ ਦੀ ਕਾਪੀ ਕੰਪਿਊਟਰ ਵਿੱਚ ਬੜੇ ਹੀ ਅਸਾਨ ਤਰੀਕੇ ਨਾਲ ਸੁਰੱਖਿਅਤ ਕਰ ਸਕਦੇ ਹੋ ਅਤੇ ਚੁਣੀਆਂ ਹੋਈਆਂ ਫਾਈਲਾਂ ਨੂੰ ਆਪਣੀ ਮਰਜ਼ੀ ਦੇ ਕ੍ਰਮ ਵਿੱਚ ਲਗਾ ਸਕਦੇ ਹੋ।
6. ਨੈੱਟਵਰਕਿੰਗ (Networking): ਵਿੰਡੋਜ਼-XP ਵੀਡੀਓ ਗੇਮਾਂ ਚਲਾਉਣ ਦੇ ਮਾਮਲੇ ਵਿੱਚ ਕਾਫ਼ੀ ਬਿਹਤਰ ਮੰਨੀ ਗਈ ਹੈ। ਨੈੱਟਵਰਕਿੰਗ ਅਤੇ ਇੰਟਰਨੈੱਟ ਦੀ ਮਦਦ ਨਾਲ ਤੁਸੀਂ ਕਿਸੇ ਦੂਰ ਪਏ ਕੰਪਿਊਟਰ ਉੱਤੇ ਬੈਠੇ ਸਾਥੀ ਨਾਲ ਗੇਮਾਂ ਖੇਡ ਸਕਦੇ ਹੋ।
ਤੁਸੀਂ ਸਪਰੈੱਡਸ਼ੀਟ ਆਦਿ ਵਿੱਚ ਕੋਈ ਵੱਡਾ ਪ੍ਰੋਜੈਕਟ ਬਣਾ ਰਹੇ ਹੋ ਤਾਂ ਨੈੱਟਵਰਕਿੰਗ ਦੇ ਜ਼ਰੀਏ ਆਪਣੇ ਸਮੁੱਚੇ ਕੰਮ ਨੂੰ ਵੱਖ-ਵੱਖ ਸਾਥੀ ਵਰਤੋਕਾਰਾਂ ਨਾਲ ਸ਼ੇਅਰ ਕਰ ਸਕਦੇ ਹੋ। ਨੈੱਟਵਰਕਿੰਗ ਦੇ ਜ਼ਰੀਏ ਕਿਸੇ ਫਾਈਲ (ਸੰਗੀਤ, ਵੀਡੀਓ, ਫੋਟੋਆਂ ਆਦਿ) ਨੂੰ ਇਕੋ ਸਮੇਂ ਕਈ ਵਰਤੋਂਕਾਰਾਂ ਦੁਆਰਾ ਵਰਤਿਆ ਜਾ ਸਕਦਾ ਹੈ। ਸਾਫਟਵੇਅਰ ਦੇ ਨਾਲ-ਨਾਲ ਤੁਸੀਂ ਹਾਰਡਵੇਅਰ ਦੀ ਸਾਂਝੇਦਾਰੀ (ਸ਼ੇਅਰਿੰਗ) ਵੀ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਟੀਮ ਵਿੱਚ ਕੰਮ ਕਰ ਰਹੇ ਹੋ ਅਤੇ ਤੁਹਾਡੀ ਸਾਰੀ ਟੀਮ ਕੋਲ ਸਿਰਫ਼ ਇਕ ਹੀ ਸਕੈਨਰ , ਪ੍ਰਿੰਟਰ ਜਾਂ ਫੈਕਸ ਹੈ ਤਾਂ ਨੈੱਟਵਰਕ ਦੀ ਬਦੌਲਤ ਤੁਸੀਂ ਇਨ੍ਹਾਂ ਦੀਆਂ ਦੂਸਰੀਆਂ ਟੀਮਾਂ ਨਾਲ ਸਾਂਝ ਕਰ ਸਕਦੇ ਹੋ। ਇਸੇ ਪ੍ਰਕਾਰ ਤੁਸੀਂ ਇਕੋ ਸਾਂਝੇ ਇੰਟਰਨੈੱਟ ਕੁਨੈਕਸ਼ਨ ਰਾਹੀਂ ਨੈੱਟਵਰਕ ਦੇ ਇਕ ਤੋਂ ਜ਼ਿਆਦਾ ਕੰਪਿਊਟਰਾਂ ਉੱਤੇ ਇਕੋ ਸਮੇਂ ਵੈੱਬ ਸਰਫਿੰਗ ਕਰ ਸਕਦੇ ਹੋ।
7. ਸਾਂਝਾ ਪਲੇਟਫਾਰਮ (Common Platform): ਵਿੰਡੋਜ਼ ਐਕਸਪੀ ਵੱਖ-ਵੱਖ ਵਰਤੋਂਕਾਰਾਂ ਦਾ ਇਕ ਸਾਂਝਾ ਪਲੇਟਫਾਰਮ ਹੈ। ਇਕੋ ਕੰਪਿਊਟਰ ਉੱਤੇ ਕੰਮ ਕਰਨ ਵਾਲੇ ਵੱਖ-ਵੱਖ ਵਰਤੋਂਕਾਰ ਆਪਣਾ ਵੱਖਰਾ ''ਪਾਸਵਰਡ ਪ੍ਰੋਟੈਕਟਿਡ ਅਕਾਊਂਟ'' ਬਣਾ ਸਕਦੇ ਹਨ ਅਤੇ ਆਪਣੀ ਸੁਵਿਧਾ ਅਨੁਸਾਰ ਉਸ ਵਿੱਚ ਤਬਦੀਲੀਆਂ ਕਰ ਸਕਦੇ ਹਨ। ਜਦੋਂ ਵਿੰਡੋਜ਼ ਚਲਦੀ ਹੈ ਤਾਂ ਵੱਖ-ਵੱਖ ਵਰਤੋਂਕਾਰਾਂ ਦੇ ਵੱਖ-ਵੱਖ ਅਕਾਊਂਟ ਸਰਗਰਮ ਹੋ ਜਾਂਦੇ ਹਨ। ਇਹਨਾਂ ਵੱਖ-ਵੱਖ ਅਕਾਊਂਟਸ (ਖਾਤਿਆਂ) ਵਿਚਕਾਰ ਸਵਿੱਚ ਕਰਨਾ (ਘੁੰਮਣਾ) ਬਹੁਤ ਅਸਾਨ ਅਤੇ ਤੇਜ਼ ਹੁੰਦਾ ਹੈ।
ਉਦਾਹਰਣ ਵਜੋਂ ਜੇਕਰ ਤੁਸੀਂ ਸਪਰੈੱਡਸ਼ੀਟ ਵਿੱਚ ਕੰਮ ਕਰ ਰਹੇ ਹੋ ਤੇ ਕੋਈ ਦੂਸਰਾ (ਅਕਾਊਂਟ ਹੋਲਡਰ) ਆਪਣੇ ਅਕਾਊਂਟ ਦੇ ਜ਼ਰੀਏ ਮੇਲ ਕਰਨਾ ਚਾਹੁੰਦਾ ਹੈ ਤਾਂ ਇਹ ਬਹੁਤ ਅਸਾਨ ਕੰਮ ਹੈ। ਤੁਹਾਨੂੰ ਸਿਸਟਮ ਸਿਰਫ਼ ''ਲਾਗ ਆਫ਼'' (Log Off) ਕਰਨਾ ਪਵੇਗਾ ਤੇ ਤੁਹਾਡਾ ਸਾਥੀ ਆਪਣੇ ਅਕਾਊਂਟ ਨੂੰ ਖੋਲ੍ਹ ਕੇ ਮੇਲ ਭੇਜ ਦੇਵੇਗਾ। ਹੁਣ ਤੁਸੀਂ ਦੁਬਾਰਾ ਜਦੋਂ ਆਪਣੇ ਅਕਾਊਂਟ ਵਿੱਚ ਜਾਵੋਗੇ ਤਾਂ ਤੁਹਾਨੂੰ ਡੈਸਕਟਾਪ ਉੱਤੇ ਉਹੀ ਕੁਝ (ਸਪਰੈੱਡਸ਼ੀਟ) ਖੁੱਲ੍ਹਿਆ ਹੋਇਆ ਮਿਲੇਗਾ ਜੋ ਕੁਝ ਤੁਸੀਂ ਛੱਡ ਕੇ ਗਏ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵਿੰਡੋਜ਼-XP ਰਾਹੀਂ ਦੋ ਵੱਖ-ਵੱਖ ਅਕਾਊਂਟਸ ਵਿੱਚ ਕੰਮ ਕਰਨਾ ਬਹੁਤ ਹੀ ਅਸਾਨ ਅਤੇ ਫੁਰਤੀਲਾ ਹੁੰਦਾ ਹੈ।
8. ਸਿਸਟਮ ਰੀਸਟੋਰ ਵਿਸ਼ੇਸ਼ਤਾ (System Restore Facility): ਵਿੰਡੋਜ਼-XP ਵਿੱਚ ਤੁਸੀਂ ਹਰੇਕ ਚੀਜ਼ ਲੱਭ ਸਕਦੇ ਹੋ ਅਤੇ ਉਸ ਨੂੰ ਵਰਤਣ ਦਾ ਤਰੀਕਾ ਜਾਣ ਸਕਦੇ ਹੋ। ਇਸ ਰਾਹੀਂ ਕਿਸੇ ਵੀ ਤਰਕੀਬ ਨੂੰ ਠੀਕ ਕਰਨ ਬਾਰੇ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਇਸ ਉੱਤੇ ਕਿਸੇ ਵੀ ਉਤਪਾਦ ਨੂੰ ਅੱਪਡੇਟ ਕਰਨਾ ਅਸਾਨ ਹੁੰਦਾ ਹੈ। ਵਿੰਡੋਜ਼-XP ਵਿੱਚ ਕੰਮ ਕਰਦੇ-ਕਰਦੇ ਤੁਸੀਂ ਸਿੱਧੇ ਇੰਟਰਨੈੱਟ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਸਕਦੇ ਹੋ। ਵਿੰਡੋਜ਼-XP ਵਿੱਚ ਇਕ ਵਿਸ਼ੇਸ਼ ਕਿਸਮ ਦਾ ਵਿਜ਼ਾਰਡ (Wizard) ਹੁੰਦਾ ਹੈ ਜੋ ਤੁਹਾਨੂੰ ਕਿਸੇ ਨਵੀਂ ਚੀਜ਼ ਨਾਲ ਜੁੜਨ ਸਮੇਂ ਕਦਮ-ਦਰ-ਕਦਮ ਹਦਾਇਤਾਂ ਮੁਹੱਈਆ ਕਰਵਾਉਂਦਾ ਹੈ।
ਵਿੰਡੋਜ਼-XP ਦਾ ਇਕ ਗੁਣ ਇਹ ਵੀ ਹੈ ਕਿ ਇਹ ਗ਼ੈਰ-ਵਰਤੋਂ ਵਾਲੀਆਂ ਫਾਈਲਾਂ ਅਤੇ ਪ੍ਰੋਗਰਾਮਾਂ ਨੂੰ ਮਿਟਾਉਂਦਾ ਰਹਿੰਦਾ ਹੈ। ਵਿੰਡੋਜ਼ ਵਿੱਚ ਆਈ ਛੋਟੀ-ਮੋਟੀ ਸਮੱਸਿਆ ਦੀ ਤੁਸੀਂ ਸਿਸਟਮ ਰੀਸਟੋਰ ਵਿਸ਼ੇਸ਼ਤਾ ਰਾਹੀਂ ਮੁਰੰਮਤ ਕਰ ਸਕਦੇ ਹੋ।
9. ਅੰਕੜਾ ਸੁਰੱਖਿਆ (Data Security): ਵਿੰਡੋਜ਼-XP ਵਿੱਚ ਕਈ ਮਹੱਤਵਪੂਰਨ ਸਾਫਟਵੇਅਰ ਗਾਰਡਸ (ਰੱਖਿਅਕ) ਹੁੰਦੇ ਹਨ ਜੋ ਇਕ ਸੁਰੱਖਿਆ ਘੇਰੇ ਰਾਹੀਂ ਵਾਈਰਸ ਅਤੇ ਹੈਕਿੰਗ ਆਦਿ ਦੇ ਹਮਲੇ ਤੋਂ ਬਚਾਉਂਦੇ ਹਨ।
10. ਭਰੋਸੇਯੋਗਤਾ: ਵਿੰਡੋਜ਼-XP ਵਿੱਚ ਭਰੋਸੇਯੋਗਤਾ ਅਤੇ ਅਨੁਕੂਲਣ ਦੇ ਵਿਸ਼ੇਸ਼ ਗੁਣ ਹਨ। ਵਿੰਡੋਜ਼-XP ਦੇ ਪ੍ਰੋਫੈਸ਼ਨਲ ਸੰਸਕਰਨ ਨੂੰ ਇਕ ਨਵੇਂ ਮਿਆਰੀ ਬਿਜ਼ਨੈੱਸ ਸਾਫਟਵੇਅਰ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਪ੍ਰੋਫੈਸ਼ਨਲ ਐਡੀਸ਼ਨ ਵਿੱਚ ਮਾਈਕਰੋਸਾਫਟ ਵਿੰਡੋਜ਼-XP ਹੋਮ ਐਡੀਸ਼ਨ ਦੇ ਮੁੱਢਲੇ ਗੁਣ ਅਤੇ ਕੁਝ ਨਵੀਆਂ ਵਿਸ਼ੇਸ਼ਤਾਵਾਂ ਭਰੀਆਂ ਗਈਆਂ ਹਨ ਜੋ ਪੇਸ਼ੇਵਰ ਆਧੁਨਿਕ ਵਰਤੋਂਕਾਰਾਂ ਲਈ ਬਹੁਤ ਹੀ ਲਾਭਦਾਇਕ ਹਨ। XP ਦੇ ਪ੍ਰੋਫੈਸ਼ਨਲ ਐਡੀਸ਼ਨ ਉੱਤੇ ਤੁਸੀਂ 24 ਵੱਖ-ਵੱਖ ਭਾਸ਼ਾਵਾਂ ਵਿੱਚ ਕੰਮ ਕਰ ਸਕਦੇ ਹੋ। ਵੱਖ-ਵੱਖ ਭਾਸ਼ਾਵਾਂ ਦਾ ਇਸਤੇਮਾਲ ਕਰਨ ਵਾਲੇ ਵਰਤੋਂਕਾਰ ਇਕੋ-ਇਕ ਸਾਂਝੇ ਕੰਪਿਊਟਰ ਨੂੰ ਵਰਤ ਕੇ ਆਪਣਾ ਕੰਮ ਚਲਾ ਸਕਦੇ ਹਨ।
11. ਨੈੱਟਵਰਕ ਦਾ ਜਾਦੂ (Magic of Network): ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠ ਕੇ ਆਪਣੇ ਦਫ਼ਤਰ ਦੇ ਕੰਪਿਊਟਰ ਵਿੱਚ ਪਈ ਈ-ਮੇਲ ਚੈੱਕ ਕਰ ਸਕਦੇ ਹੋ, ਫਾਈਲਾਂ ਦੇਖ ਸਕਦੇ ਹੋ ਤੇ ਪ੍ਰੋਗਰਾਮ ਚਲਾ ਸਕਦੇ ਹੋ। ਪ੍ਰੋਫੈਸ਼ਨਲ ਐਡੀਸ਼ਨ ਵਿੱਚ ਬਹੁਤ ਸਾਰੀਆਂ ਆਧੁਨਿਕ ਸੰਚਾਰ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਤਹਿਤ ਤੁਸੀਂ ਆਪਣੇ ਕੰਪਿਊਟਰ ਨੂੰ ਮੋਬਾਈਲ ਅਤੇ ਵਾਇਰਲੈੱਸ ਤਕਨਾਲੋਜੀ ਨਾਲ ਜੋੜ ਸਕਦੇ ਹੋ। ਵਿੰਡੋਜ਼-XP ਦਾ ਪ੍ਰੋਫੈਸ਼ਨਲ ਐਡੀਸ਼ਨ ਤੁਹਾਨੂੰ 10 ਇੰਟਰਨੈੱਟ ਜਾਂ ਦੂਸਰੇ ਫਾਈਲ ਸ਼ੇਅਰਿੰਗ ਕੁਨੈਕਸ਼ਨਾਂ ਨਾਲ ਇਕੱਠਿਆਂ ਹੀ ਜੁੜਨ ਦੀ ਪ੍ਰਵਾਨਗੀ ਦਿੰਦਾ ਹੈ। ਉਪਰੋਕਤ ਵਿਲੱਖਣ ਵਿਸ਼ੇਸ਼ਤਾਵਾਂ ਕਾਰਨ ਅਜੋਕੇ ਵਰਤੋਂਕਾਰ ਵਿੰਡੋਜ਼-98 ਨੂੰ ਵਰਤਣ ਦੀ ਬਜਾਏ ਵਿੰਡੋਜ਼-XP ਵਰਤਣਾ ਜ਼ਿਆਦਾ ਪਸੰਦ ਕਰਦੇ ਹਨ।
12. ਸਮੂਹਿਕ ਖੋਜ (Grouping Search): ਵਿੰਡੋਜ਼-XP ਵਿੱਚ ਸਮੂਹਿਕ ਖੋਜ ਦੀ ਸੁਵਿਧਾ ਹੈ। ਤੁਸੀਂ ਵੱਖ-ਵੱਖ ਸਮੂਹਾਂ ਵਾਲੀਆਂ ਫਾਈਲਾਂ ਨੂੰ ਵੱਖ-ਵੱਖ ਆਪਸ਼ਨਾਂ ਜਿਵੇਂ ਕਿ- ਪਿਕਚਰ, ਮਿਊਜ਼ਿਕ ਜਾਂ ਵੀਡੀਓ ਡਾਕੂਮੈਂਟਸ, ਆਲ ਫਾਈਲ ਟਾਈਪਸ ਆਦਿ ਰਾਹੀਂ ਲੱਭ ਸਕਦੇ ਹੋ।
13. ਮਾਈ ਡਾਕੂਮੈਂਟ (My Document): ਤੁਸੀਂ ਮਾਈ ਡਾਕੂਮੈਂਟ ਵਿੰਡੋ ਵਿਚਲੀਆਂ ਫਾਈਲਾਂ ਨੂੰ ਅਲੱਗ-ਅਲੱਗ ਸਮੂਹਾਂ ਵਿੱਚ ਵਿਵਸਥਿਤ ਕਰਕੇ ਦੇਖ ਸਕਦੇ ਹੋ। ਤੁਸੀਂ ਆਪਣੀਆਂ ਫਾਈਲਾਂ ਨੂੰ ਕਿਸਮ (Type) ਅਤੇ ਆਖਰੀ ਵਾਰ ਤਬਦੀਲੀ ਦੇ ਸਮੇਂ ਦੇ ਅਧਾਰ ਉੱਤੇ ਵਿਵਸਥਿਤ ਕਰ ਸਕਦੇ ਹੋ।
14. ਵੈੱਬ ਵੀਊ (Web view): ਵੈੱਬ ਵੀਊ ਰਾਹੀਂ ਤੁਸੀਂ ਆਪਣੀਆਂ ਫਾਈਲਾਂ ਦਾ ਉਚਿਤ ਪ੍ਰਬੰਧ ਕਰ ਸਕਦੇ ਹੋ। ਜਦੋਂ ਤੁਸੀਂ ਕਿਸੇ ਫਾਈਲ ਜਾਂ ਫੋਲਡਰ ਨੂੰ ਚੁਣਦੇ ਹੋ ਤਾਂ ਵਿੰਡੋ ਦੇ ਖੱਬੇ ਪੇਨ (ਪਾਸੇ) ਵਿੱਚ ਰੀਨੇਮ, ਮੂਵ, ਕਾਪੀ, ਈ-ਮੇਲ, ਪ੍ਰਿੰਟ, ਡਿਲੀਟ ਆਦਿ ਆਪਸ਼ਨਾਂ ਦੀ ਸੂਚੀ ਨਜ਼ਰ ਆਉਂਦੀ ਹੈ। ਸੋ XP ਵਿੱਚ ਫਾਈਲਾਂ ਉੱਤੇ ਹੋਣ ਵਾਲੇ ਵਿਭਿੰਨ ਕਾਰਜਾਂ ਨੂੰ ਬਹੁਤ ਹੀ ਅਸਾਨ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ।
15. ਫਾਈਲ ਸਮੂਹ (File Grouping): ਵਿੰਡੋਜ਼-XP ਦੀ ਟਾਸਕਬਾਰ ਇਕ ਨਵੀਂ ਨੁਹਾਰ ਪੇਸ਼ ਕਰਦੀ ਹੈ। ਟਾਸਕਬਾਰ ਉੱਪਰ ਇਕੋ ਕਿਸਮ ਦੀ ਐਪਲੀਕੇਸ਼ਨ (ਜਿਵੇਂ-ਵਰਡ ਆਦਿ) ਨਾਲ ਸਬੰਧਿਤ ਅਨੇਕਾਂ ਫਾਈਲਾਂ ਨੂੰ ਸਿਰਫ਼ ਇਕ ਹੀ ਆਈਕਾਨ ਵਿੱਚ ਦਿਖਾਇਆ ਜਾਂਦਾ ਹੈ। ਜਦੋਂ ਇਸ ਆਈਕਾਨ (ਬਟਨ) ਉੱਤੇ ਕਲਿੱਕ ਕੀਤਾ ਜਾਂਦਾ ਹੈ ਤਾਂ ਖੁੱਲ੍ਹੀਆਂ ਹੋਈਆਂ ਫਾਈਲਾਂ/ਐਪਲੀਕੇਸ਼ਨਜ ਦੀ ਸੂਚੀ ਉਪਰ ਨੂੰ ਖੁਲ੍ਹ ਜਾਂਦੀ ਹੈ। ਵਿੰਡੋਜ਼-XP ਦੀ ਇਸ ਵਿਲੱਖਣ ਵਿਸ਼ੇਸ਼ਤਾ ਕਾਰਨ ਵਰਤੋਂਕਾਰ ਇਕੋ ਸਮੇਂ ਬਹੁਤ ਸਾਰੀਆਂ ਫਾਈਲਾਂ/ਐਪਲੀਕੇਸ਼ਨਾਂ ਨੂੰ ਖੋਲ੍ਹ ਸਕਦਾ ਹੈ ਤੇ ਉਹਨਾਂ ਵਿੱਚ ਤੇਜੀ ਨਾਲ ਘੁੰਮ ਕੇ ਬਦਲਵਾਂ ਕਾਰਜ ਕਰ ਸਕਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First