ਵਿੰਡੋਜ਼-98 ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Windows-98

ਵਿੰਡੋਜ਼-98 ਇਕ ਸ਼ਕਤੀਸ਼ਾਲੀ ਓਪਰੇਟਿੰਗ ਸਿਸਟਮ ਹੈ। ਇਹ ਇਕ ਸਧਾਰਨ ਵਰਤੋਂਕਾਰ ਤੋਂ ਲੈ ਕੇ ਕਿੱਤਾਕਾਰੀ ਵਰਤੋਂਕਾਰਾਂ ਲਈ ਬੜੇ ਗਜ਼ਬ ਦਾ ਸਾਫਟਵੇਅਰ ਸਾਬਤ ਹੋਇਆ ਹੈ। ਇਸ ਨੂੰ ਵਿੰਡੋਜ਼-95 ਤੋਂ ਸੋਧਿਆ ਗਿਆ। ਅੱਜ ਭਾਵੇਂ ਵਿੰਡੋਜ਼ ਦੇ ਅਨੇਕਾਂ ਸੰਸਕਰਨ ਵਿਕਸਿਤ ਹੋ ਚੁੱਕੇ ਹਨ ਪਰ ਵਿੰਡੋਜ਼-98 ਦੀ ਵਰਤੋਂ ਅਤੇ ਲੋੜ ਨੂੰ ਨਕਾਰਾ ਨਹੀਂ ਜਾ ਸਕਦਾ। ਇਹੀ ਕਾਰਨ ਹੈ ਕਿ ਵਿੰਡੋਜ਼-98 ਨੂੰ ਸਦਾਬਹਾਰ ਓਪਰੇਟਿੰਗ ਸਿਸਟਮ ਕਿਹਾ ਜਾਂਦਾ ਹੈ। ਇਸ ਰਾਹੀਂ ਇੰਟਰਨੈੱਟ ਉੱਤੇ ਬੜੀ ਤੇਜ਼ ਰਫ਼ਤਾਰ ਨਾਲ ਕੰਮ ਕੀਤਾ ਜਾ ਸਕਦਾ ਹੈ। ਇਸ ਵਿੱਚ ਆਧੁਨਿਕ ਗ੍ਰਾਫਿਕਸ, ਆਵਾਜ਼ ਅਤੇ ਮਲਟੀਮੀਡੀਆ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਯੂਐਸਬੀ (Universal Serial Bus) ਦੀ ਬਦੌਲਤ ਇਸ ਨਾਲ ਕੰਪਿਊਟਰ ਦੇ ਵਿਭਿੰਨ ਭਾਗਾਂ ਨੂੰ ਜੋੜਨਾ ਜਾਂ ਹਟਾਉਣਾ ਬਹੁਤ ਅਸਾਨ ਹੈ। ਆਓ, ਹੁਣ ਵਿੰਡੋਜ਼-98 ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਹਾਸਲ ਕਰੀਏ:

ਵਿਸ਼ੇਸ਼ਤਾਵਾਂ (Features) :

1. ਇਸ ਵਿੱਚ ਇੰਟਰਨੈੱਟ ਐਕਸਪਲੋਰਰ-5 ਦੀ ਸੁਵਿਧਾ ਹੈ।

2. ਵਿੰਡੋਜ਼-98 ਅੱਪਗ੍ਰੇਡ (ਨਵਾਂ) ਸੰਸਕਰਨ ਭਰਨ ਦੀ ਖੁਲ੍ਹ ਦਿੰਦੀ ਹੈ।

3. ਵਿੰਡੋਜ਼-98 ਯੂਐਸਬੀ (USB) ਬ੍ਰਾਡਬੈਂਡ ਨੈੱਟਵਰਕ ਆਦਿ ਨੂੰ ਸਪੋਰਟ (Sport) ਕਰਦੀ ਹੈ।

4. ਇਸ ਉੱਤੇ ਨੈੱਟ ਮੀਟਿੰਗ (ਇੰਟਰਨੈੱਟ ਕਾਨਫਰੰਸ) ਦੀ ਸੁਵਿਧਾ ਉਪਲਬਧ ਹੈ।

5. ਵਿੰਡੋਜ਼-98 ਉੱਤੇ ਤੁਸੀਂ ਇੰਟਰਨੈੱਟ ਸੁਵਿਧਾ ਨੂੰ ਸ਼ੇਅਰ (Sharing) ਕਰ ਸਕਦੇ ਹੋ।

6. ਇਸ ਉੱਤੇ ਹਾਰਡ ਡਰਾਈਵਜ਼ ਦੇ ਪ੍ਰਬੰਧ ਅਤੇ ਰੱਖ-ਰਖਾਅ ਲਈ ਸੋਧੀ ਹੋਈ FAT ਫਾਈਲ   ਪ੍ਰਣਾਲੀ ਹੈ।

7. ਵਿੰਡੋਜ਼-98 ਵਿੱਚ ''ਸ਼ਟ-ਡਾਊਨ'' ਕਰਨ ਅਤੇ ਕਿਸੇ ਐਪਲੀਕੇਸ਼ਨ ਨੂੰ ਚਾਲੂ ਕਰਨ ਦੀ ਰਫ਼ਤਾਰ ਪੁਰਾਣੇ ਸੰਸਕਰਨਾਂ ਦੇ ਮੁਕਾਬਲੇ ਬਿਹਤਰ ਹੈ। ਵਿੰਡੋਜ਼-98 ਵਿੱਚ ਤੁਸੀਂ ਆਪਣੇ ਕੰਪਿਊਟਰ ਨੂੰ ਜਲਦੀ ਬੂਟ ਕਰਵਾ ਸਕਦੇ ਹੋ। ਇਸ ਵਿੱਚ ਕੰਪਿਊਟਰ ਨੂੰ ਆਨ ਅਤੇ ਆਫ਼ ਕਰਨ ਦੀ ਸਵੈਚਾਲਿਤ ਸੁਵਿਧਾ ਉਪਲਬਧ ਹੈ।

8. ਵਿੰਡੋਜ਼-98 ਵਿੱਚ ਵੈਬਸਾਈਟ ਰਾਹੀਂ ਅੱਪਡੇਟ ਦੀ ਸੁਵਿਧਾ ਉਪਲਬਧ ਹੈ।

9. ਵਿੰਡੋਜ਼-98 ਐਚਟੀਐਮਐਲ ਅਰਥਾਤ ਹਾਈਪਰ ਟੈਕਸਟ ਮਾਰਕ-ਅਪ ਲੈਂਗੂਏਜ (HTML) ਅਧਾਰਿਤ ''ਹੈਲਪ'' (ਮਦਦ) ਸੂਚਨਾਵਾਂ ਉਪਲਬਧ ਕਰਵਾਉਂਦੀ ਹੈ। ਵਿੰਡੋਜ਼ ਵਿੱਚ ਤੁਸੀਂ ਮੌਜੂਦਾ ਵਿਸ਼ੇ ਬਾਰੇ    ਮਦਦ ਲੈ ਸਕਦੇ ਹੋ।

10. ਇਸ ਵਿੱਚ ਡਾਈਲ-ਅਪ ਨੈੱਟਵਰਕ ਦੀ ਸੋਧੀ ਹੋਈ ਵਿਸ਼ੇਸ਼ਤਾ ਹੈ।

11. ਵਿੰਡੋਜ਼-98 ਵਿੱਚ ਤੁਸੀਂ ਇਕ ਤੋਂ ਵਧੇਰੇ ਗ੍ਰਾਫਿਕਸ ਅਡੌਪਟਰ ਵਰਤ ਕੇ ਡਾਕੂਮੈਂਟ ਅਤੇ ਐਪਲੀਕੇਸ਼ਨ ਵਿੰਡੋਜ਼ ਨੂੰ ਆਕਰਸ਼ਿਤ ਬਣਾ ਸਕਦੇ ਹੋ।

12. ਕਿਸੇ ਤਕਨੀਕੀ ਖ਼ਰਾਬੀ ਦਾ ਪਤਾ ਲਗਾਉਣ ਅਤੇ ਠੀਕ ਕਰਨ ਲਈ ਇਸ ਵਿੱਚ ਇਕ ਵਿਸ਼ੇਸ਼ ਗੁਣ ਹੈ ਜਿਸ ਨੂੰ ਟ੍ਰਬਲਸ਼ੂਟਿੰਗ ਵੀਜ਼ਾਰਡ (Troubleshooting Wizard) ਕਿਹਾ ਜਾਂਦਾ ਹੈ।

13. ਵਿੰਡੋਜ਼-98 ਵਿੱਚ ਵੈੱਬ ਟੀਵੀ ਦੀ ਸੁਵਿਧਾ ਉਪਲਬਧ ਹੈ। ਟੀਵੀ ਟਿਊਨਰ ਕਾਰਡ ਦੀ ਮਦਦ ਨਾਲ ਤੁਸੀਂ ਕੰਪਿਊਟਰ ਉੱਤੇ ਟੀਵੀ ਦੇ ਪ੍ਰੋਗਰਾਮ ਦੇਖ ਸਕਦੇ ਹੋ।

14. ਮੈਮਰੀ ਡਿਸਕਾਂ ਦੇ ਉਚਿਤ ਪ੍ਰਬੰਧ ਲਈ ਇਸ ਵਿੱਚ ਡਿਸਕ ਡੀਫਰੇਜਮੈਂਟਰ , ਸਕੈਨ ਡਿਸਕ ਅਤੇ ਡਿਸਕ ਕਲੀਨ-ਅਪ ਦੀ ਸੁਵਿਧਾ ਹੈ।

15. ਵਿੰਡੋਜ਼-98 ਵਿੱਚ ਤੁਸੀਂ ਵਾਲ ਪੇਪਰ, ਸਕਰੀਨ ਸੇਵਰ , ਸਕਰੀਨ ਦੀ ਦਿੱਖਾਵਟ ਆਦਿ ਦੀ ਕਈ ਤਰੀਕਿਆਂ ਨਾਲ (ਡਿਸਪਲੇਅ) ਸੈਟਿੰਗ ਕਰ ਸਕਦੇ ਹੋ।

16. ਇਸ ਵਿੱਚ ਅੰਕੜਿਆਂ ਦੇ ਬੈਕ-ਅਪ (Backup) ਦੀ ਬੜੀ ਅਸਾਨ ਅਤੇ ਤੇਜ਼ ਰਫ਼ਤਾਰੀ ਸੁਵਿਧਾ ਹੈ।

17. ਇੰਟਰਨੈੱਟ ਦੇ ਮੰਤਵ ਲਈ ਇਸ ਵਿੱਚ ਕਈ ਪ੍ਰੋਗਰਾਮਾਂ ਦਾ ਇਕ ਸਾਂਝਾ ਪਲੇਟਫਾਰਮ ਉਪਲਬਧ ਹੈ।

18. ਇਸ ਵਿੱਚ ਸਿਸਟਮ ਫਾਈਲਾਂ ਦਾ ਨਿਰੀਖਣ ਕਰਨ ਦੀ ਇਕ ਨਿਵੇਕਲੀ ਸੁਵਿਧਾ ਹੁੰਦੀ ਹੈ।

19. ਇਸ ਵਿੱਚ ਨਵੀਂ ਪੀੜ੍ਹੀ ਦੇ ਹਾਰਡਵੇਅਰ ਭਾਗਾਂ ਨੂੰ ਜੋੜਨ ਦਾ ਵਿਸ਼ਾਲ ਗੁਣ ਹੈ।

20. ਇੰਟਰਨੈੱਟ ਕੁਨੈਕਸ਼ਨ ਬਣਾਉਣ ਅਤੇ ਤਬਦੀਲ ਕਰਨ ਲਈ ਇਸ ਵਿੱਚ ਇੰਟਰਨੈੱਟ ਕੁਨੈਕਸ਼ਨ ਵਿਜ਼ਾਰਡ ਦੀ ਅਸਾਨ ਸੁਵਿਧਾ ਹੈ।

ਹਾਰਡਵੇਅਰ ਲੋੜਾਂ (Hardware Requirement)

ਵਿੰਡੋਜ਼-98 ਇੰਸਟਾਲ ਕਰਨ ਲਈ ਹੇਠਾਂ ਲਿਖੇ ਹਾਰਡਵੇਅਰ ਭਾਗਾਂ ਦੀ ਲੋੜ ਪੈਂਦੀ ਹੈ :

1. MS-DOS ਸੰਸਕਰਨ 6.0, 6.2 ਜਾਂ 6.22                  

2. ਘੱਟੋ-ਘੱਟ 80386 ਪ੍ਰੋਸੈਸਰ

3. ਘੱਟੋ-ਘੱਟ 4 MB RAM                             

4. ਵਿੰਡੋਜ਼-98 ਦੀ CD

5. 40 MB ਖਾਲੀ ਸਪੇਸ ਵਾਲੀ ਹਾਰਡ ਡਿਸਕ                  

6. ਸੁਪਰ VGA ਕਾਰਡ

7. ਮਾਊਸ                                                        

8. CD-ROM ਡਰਾਈਵ (CD ਡਰਾਈਵਰ ਸਮੇਤ)                        


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1313, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.