ਵੀ ਐਸ ਨਾਈਪਾਲ ਸਰੋਤ : 
    
      ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
      
           
     
      
      
      
        ਵੀ. ਐਸ. ਨਾਈਪਾਲ (1932) : ਵੀ.ਐਸ. ਨਾਈਪਾਲ, ਜਿਸ ਦਾ ਪੂਰਾ  ਨਾਂ ਵਿਦਿਆਧਰ ਸੂਰਜ  ਪ੍ਰਸਾਦ ਨਾਈਪਾਲ ਹੈ, ਦਾ ਜਨਮ ਟਰਿਨੀਡਾਡ, ਵੈਸਟ ਇੰਡੀਜ਼, ਦੇ ਇੱਕ ਛੋਟੇ ਜਿਹੇ ਪਿੰਡ  ਚੌਗੁਆਨਾਜ਼ ਵਿੱਚ 1932 ਵਿੱਚ ਹੋਇਆ। ਉਸ ਦਾ ਪਿਤਾ, ਜਿਸ ਦਾ ਨਾਂ ਸੀਪ੍ਰਸਾਦ ਨਾਈਪਾਲ ਸੀ, ਇੱਕ ਅਖ਼ਬਾਰ ਲਈ ਬਤੌਰ ਪੱਤਰਕਾਰ ਕੰਮ  ਕਰਦਾ ਸੀ। ਸ਼ੁਰੂ ਤੋਂ ਹੀ ਨਾਈਪਾਲ ਨੂੰ ਆਲੇ-ਦੁਆਲੇ ਦਾ ਮਾਹੌਲ ਬਹੁਤ ਘਟੀਆ ਅਤੇ  ਅਣਸੁਖਾਵਾਂ ਲੱਗਦਾ ਸੀ, ਕਿਉਂਕਿ ਟਰਿਨੀਡਾਡ ਵਿੱਚ ਗ਼ਰੀਬੀ, ਅਨਪੜ੍ਹਤਾ  ਅਤੇ ਮਿਲੀਆਂ-ਜੁਲੀਆਂ ਜਾਤਾਂ ਅਤੇ ਰੰਗਾਂ ਦੇ ਲੋਕਾਂ ਦੇ ਰਹਿਣ  ਕਰ ਕੇ ਕੋਈ  ਤਰੱਕੀ ਜਾਂ ਸਫਲਤਾ ਹਾਸਲ ਕਰਨੀ ਅਸੰਭਵ  ਸੀ। ਇਸ ਕਰ ਕੇ ਬਚਪਨ ਤੋਂ ਹੀ ਨਾਈਪਾਲ ਦੇ ਮਨ  ਵਿੱਚ ਇੱਕ ਧਾਰਨਾ ਸੀ-ਕਿਸੇ ਤਰ੍ਹਾਂ ਵੈਸਟ ਇੰਡੀਜ਼ ਤੋਂ ਨਿਕਲਣ ਅਤੇ ਛੁਟਕਾਰਾ ਪਾਇਆ ਜਾਵੇ। ਇਹੋ ਕਾਫ਼ੀ  ਨਹੀਂ ਸੀ। ਉਸ ਦੇ ਵਡੇਰੇ ਭਾਰਤ ਤੋਂ ਜ਼ਬਰਦਸਤੀ ਬਸਤੀਵਾਦ  ਦੇ ਇੱਕ ਇਕਰਾਰਨਾਮੇ ਅਧੀਨ  ਕਿਰਤ ਲਈ ਅੰਗਰੇਜ਼ਾਂ ਨੇ ਵੈਸਟ ਇੰਡੀਜ਼ ਲਿਆਂਦੇ ਸਨ। ਉਹ ਪਿੱਛੋਂ ਬਿਹਾਰ, ਯੂ.ਪੀ. ਦੇ ਗ਼ਰੀਬ  ਦੇਹਾਤੀ ਸਨ, ਜੋ ਲਾਲਚ  ਨਾਲ  ਉੱਥੇ ਆ ਤਾਂ ਗਏ, ਪਰ  ਉਹਨਾਂ ਨੂੰ ਇਹ ਗਿਆਨ  ਨਹੀਂ ਸੀ ਕਿ ਉਹ ਮੁੜ ਭਾਰਤ ਕਦੇ ਵੀ ਨਹੀਂ ਜਾ ਸਕਣਗੇ। ਇਸ ਲਈ ਭਾਰਤੀਆਂ ਤੇ ਕਈ ਹੋਰ ਦੇਸਾਂ ਤੋਂ ਇਸ ਪ੍ਰਕਾਰ ਲਿਆਂਦੇ ਲੋਕਾਂ ਦਾ ਇਹ ਇੱਕ ਦੁਖਾਂਤ ਸੀ, ਜਿਸ ਕਰ ਕੇ ਉਹਨਾਂ ਨੂੰ ਤਾਨਾਸ਼ਾਹ ਬਸਤੀਵਾਦੀਆਂ ਅਧੀਨ ਨੌਕਰਾਂ ਤੇ ਗ਼ੁਲਾਮਾਂ ਦੀ ਤਰ੍ਹਾਂ ਕੰਮ ਕਰਨਾ ਪੈਂਦਾ ਸੀ। ਨਾਈਪਾਲ ਨੇ ਇਸ ਮਜ਼ਦੂਰੀ ਜਾਂ ਜਬਰਨ ਲਿਆਏ ਗਏ ਲੋਕਾਂ ਤੋਂ ਕੰਮ ਕਰਵਾਏ ਜਾਣ ਦੇ ਪ੍ਰਸੰਗ (indentured labour) ਜਾਂ ਵਿਸ਼ੇ ਨੂੰ ਆਪਣੀਆਂ ਰਚਨਾਵਾਂ ਵਿੱਚ ਬਹੁਤ ਮਹੱਤਵਪੂਰਨ ਸਥਾਨ ਦਿੱਤਾ ਹੈ। ਇਸ ਦਾ ਇੱਕ ਕਾਰਨ  ਇਹ ਵੀ ਹੈ ਕਿ ਨਾਈਪਾਲ ਅਜਿਹੇ ਸਾਰੇ ਗ਼ਰੀਬ ਅਤੇ ਮਜ਼ਦੂਰ ਲੋਕਾਂ ਨੂੰ ਹੀ ਨਵੀਂ ਦੁਨੀਆ  ਦੇ ਵਾਸੀ  ਮੰਨਦਾ ਹੈ ਅਤੇ ਨਾਲ ਹੀ ਇਸ ਪ੍ਰਕਾਰ ਹੋਂਦ  ਵਿੱਚ ਆਏ ਦੇਸਾਂ ਜਾਂ ਸਮਾਜਾਂ ਨੂੰ ਬਹੁਤ ਕਮਜ਼ੋਰ ਅਤੇ ਇਤਿਹਾਸਿਕ ਪਰੰਪਰਾਵਾਂ  ਤੋਂ ਟੁੱਟਿਆ ਸਮਝਦਾ ਹੈ। ਸਕੂਲੀ ਸਿੱਖਿਆ  ਦੇ ਬਾਅਦ ਨਾਈਪਾਲ ਇੰਗਲੈਂਡ ਲਈ ਰਵਾਨਾ ਹੋ ਗਿਆ, ਜਿੱਥੇ ਉਸ ਨੇ ਬਾਅਦ ਵਿੱਚ ਕੁਈਨਜ਼ ਰਾਯਲ ਕਾਲਜ ਤੋਂ ਬੀ.ਏ. ਕੀਤੀ ਅਤੇ ਕੁੱਝ ਸਮਾਂ ਬੀ.ਬੀ.ਸੀ. ਵਿੱਚ ਕੰਮ ਵੀ ਕੀਤਾ।
	     ਨਾਈਪਾਲ ਦਾ ਪਹਿਲਾ ਨਾਵਲ  ਦਾ ਮਿਸਟਿਕ ਮੈਸਿਓਰ (1957) ਵਿੱਚ ਪ੍ਰਕਾਸ਼ਿਤ ਹੋਇਆ, ਦੂਜਾ  ਦਾ ਸਫ਼ਰੇਜ ਆਫ਼ ਐਲਵਿਰਾ (1958) ਵਿੱਚ ਆਇਆ ਅਤੇ ਤੀਸਰਾ ਮਿਗੁਅਲ ਸਟਰੀਟ (1959) ਵਿੱਚ ਪ੍ਰਕਾਸ਼ਿਤ ਹੋਇਆ। ਇਹ ਤਿੰਨੋਂ ਪੁਸਤਕਾਂ ਵੈਸਟ ਇੰਡੀਜ਼ ਦੀ ਦੱਬੀ ਹੋਈ, ਬਸਤੀਵਾਦ ਦੀ ਸ਼ਿਕਾਰ  ਜਨਤਾ  ਬਾਰੇ ਸਨ, ਪਰ ਇਹਨਾਂ ਵਿੱਚ ਹਾਸ-ਵਿਅੰਗ ਜ਼ਿਆਦਾ ਸੀ। ਇਸ ਦੇ ਬਾਅਦ ਨਾਈਪਾਲ ਦਾ ਸਭ ਤੋਂ ਪ੍ਰਭਾਵਸ਼ਾਲੀ ਨਾਵਲ ਏ ਹਾਊਸ ਫਾਰ ਮਿਸਟਰ ਬਿਸਵਾਸ (1961) ਵਿੱਚ ਆਇਆ, ਜੋ ਕਿ ਇੱਕ ਆਮ  ਆਦਮੀ ਦੀ ਵਿਸ਼ਵਾਸ  ਦੀ ਜ਼ਿੰਦਗੀ ਬਾਰੇ ਸੀ, ਉਹ ਆਦਮੀ ਜੋ ਆਪਣਾ ਇੱਕ ਘਰ  ਬਣਾਉਣਾ ਚਾਹੁੰਦਾ ਸੀ। ਉਸ ਦੀ ਇਹ ਖ਼ਾਹਸ਼ ਪੂਰੀ  ਤਾਂ ਹੁੰਦੀ ਹੈ ਪਰ ਉਹ ਇਸ ਜੱਦੋ-ਜਹਿਦ ਦੇ ਕਾਰਨ ਮੌਤ  ਦਾ ਸ਼ਿਕਾਰ ਹੋ ਜਾਂਦਾ ਹੈ। ਦਾ ਮਿਮਿਕ ਮੈਨ (1967) ਨਾਈਪਾਲ ਦਾ ਇੱਕ ਹੋਰ ਮਕਬੂਲ ਨਾਵਲ ਹੈ, ਜਿਸ ਵਿੱਚ ਉਸ ਨੇ ਵੈਸਟ ਇੰਡੀਜ਼ ਵਰਗੇ ਦਬੇ ਹੋਏ ਸਮਾਜਾਂ ਦੀਆਂ ਆਰਥਿਕ  ਅਤੇ ਰਾਜਸੀ ਮਜ਼ਬੂਤੀਆਂ ਨੂੰ ਦਰਸਾਇਆ ਅਤੇ ਦੱਸਿਆ ਕਿ ਕਿਵੇਂ ਇਸ ਦੇ ਲੋਕ  ਘਰ ਤੋਂ ਬੇਘਰ ਹੋ ਚੁੱਕੇ ਹਨ। ਕੁੱਝ ਇਸੇ ਤਰ੍ਹਾਂ ਦਾ ਪ੍ਰਗਟਾਵਾ ਇਨ ਏ ਫ਼ਰੀ ਸਟੇਟ (1971) ਵਿੱਚ ਵੀ ਦੇਖਣ ਵਿੱਚ ਆਉਂਦਾ ਹੈ। ਇਸ ਤੋਂ ਬਾਅਦ ਨਾਈਪਾਲ ਦੀਆਂ ਤਕਰੀਬਨ ਸਾਰੀਆਂ ਰਚਨਾਵਾਂ ਕਿਸੇ ਨਾ ਕਿਸੇ ਰੂਪ  ਵਿੱਚ ਇਹਨਾਂ ਪਿਛੜੇ ਹੋਏ ਸਮਾਜਾਂ ਦੀ ਤੀਬਰ ਅਤੇ ਗੰਭੀਰ  ਤਸਵੀਰ ਪੇਸ਼ ਕਰਦੀਆਂ ਹਨ, ਜਿਵੇਂ ਕਿ ਗੁਰੀਲਾਜ਼ (1975), ਏ ਬੈਨਡ ਇਨ ਦਾ ਰੀਵਰ (1979)। ਇਸ ਤੋਂ ਬਾਅਦ ਨਾਈਪਾਲ ਨੇ ਦੋ ਨਾਵਲ ਦਾ ਐਨਿਗਮਾਂ ਆਫ਼ ਐਗਵਿਲ (1987) ਅਤੇ ਹਾਫ਼ ਏ ਲਾਈਫ਼ (2002) ਪ੍ਰਕਾਸ਼ਿਤ ਕੀਤੇ ਹਨ। ਨਾਈਪਾਲ ਇੱਕ ਉੱਘਾ  ਅਤੇ ਉੱਚੇ ਦਰਜੇ ਦਾ ਵਾਰਤਕ  ਲਿਖਾਰੀ ਵੀ ਹੈ ਅਤੇ ਉਸ ਨੇ ਆਪਣੀ ਵਾਰਤਕ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਦੇਸਾਂ, ਸਮਾਜਾਂ ਅਤੇ ਸੱਭਿਆਚਾਰਾਂ ਦਾ ਡੂੰਘਾ ਚਿੰਤਨ ਕੀਤਾ ਹੈ। ਭਾਰਤ, ਜਿੱਥੋਂ ਦੇ ਉਸ ਦੇ ਪੂਰਵਜ਼ ਸਨ, ਦੇ ਉੱਤੇ ਤਿੰਨ ਬਹੁ ਚਰਚੀ ਕਿਤਾਬਾਂ ਲਿਖੀਆਂ ਹਨ, ਜਿਵੇਂ ਕਿ ਐਨ ਏਰੀਆ ਆਫ਼ ਡਾਰਕਨੈਸ (1964), ਇੰਡੀਆ : ਏ ਵੂੰਡਿਡ ਸਿਵਿਲਿਜ਼ੇਸ਼ਨ (1977) ਅਤੇ ਇੰਡੀਆ : ਏ ਮਿਲਿਅਨ ਮਿਉਟੀਨੀਜ ਨਾਓ (1989)। ਇਸ ਤੋਂ ਇਲਾਵਾ ਉਸ ਨੇ ਮੁਸਲਮਾਨ ਦੇਸਾਂ ਦੀ ਮੌਜੂਦਾ ਦਸ਼ਾ ਤੇ ਵੀ ਕਈ ਪੁਸਤਕਾਂ ਲਿਖੀਆਂ ਹਨ। ਨਾਈਪਾਲ ਦੀ ਸਭ ਤੋਂ ਵੱਡੀ ਸਫਲਤਾ ਇਹ ਹੈ ਕਿ ਉਸ ਨੇ ਦਬੇ ਕੁੱਚਲੇ ਹੋਏ ਸਮਾਜਾਂ ਬਾਰੇ ਜੋ ਸਮਰਾਜਵਾਦ ਅਤੇ ਬਸਤੀਵਾਦ ਦਾ ਸ਼ਿਕਾਰ ਰਹੇ ਹਨ, ਵਿਰੁੱਧ ਡੱਟ  ਕੇ ਵਿਰੋਧ  ਕੀਤਾ ਹੈ ਤੇ ਇਸ ਲਈ ਯੂਰਪ ਨੂੰ ਜ਼ੁੰਮੇਵਾਰ ਠਹਿਰਾਇਆ ਹੈ। ਇਸ ਯੋਗਦਾਨ ਲਈ ਉਸ ਨੂੰ 2001 ਲਈ ਸਾਹਿਤ ਦਾ ਨੋਬਲ ਪੁਰਸਕਾਰ ਪ੍ਰਦਾਨ ਕੀਤਾ ਗਿਆ। ਨਾਈਪਾਲ ਦੀ ਇੱਕ ਹੋਰ ਅਹਿਮ ਪੁਸਤਕ ਏ ਵੇ ਇਨ ਦਾ ਵਰਲਡ (1994) ਹੈ, ਜਿਸ ਵਿੱਚ ਉਸ ਨੇ ਬਸਤੀਵਾਦ ਦੇ ਪੁਰਾਤਨ ਇਤਿਹਾਸਿਕ ਪਿਛੋਕੜ ਤੋਂ ਲੈ ਕੇ ਵੀਹਵੀਂ ਸਦੀ  ਤੱਕ ਦੀਆਂ ਬਦਲਦੀਆਂ ਨੁਹਾਰਾਂ ਤੇ ਸਥਿਤੀਆਂ ਨੂੰ ਕਹਾਣੀਆਂ, ਰੇਖਾ-ਚਿੱਤਰਾਂ, ਯਾਦਾਂ ਅਤੇ ਹੋਰ ਵਿਧੀਆਂ ਰਾਹੀਂ ਬੜੇ ਪ੍ਰਭਾਵਸ਼ਾਲੀ ਢੰਗ  ਨਾਲ ਦਰਸਾਇਆ ਹੈ। ਪਰੰਤੂ ਇਹਨਾਂ ਸਾਰੇ ਬਿਰਤਾਂਤਾਂ ਦਾ ਧੁਰਾ  ਕੈਰੀਬੀਅਨ ਜਾਂ ਵੈਸਟ ਇੰਡੀਜ਼ ਹੈ, ਜਿੱਥੇ ਕਾਲੇ ਅਤੇ ਹੋਰ ਬਸਤੀਵਾਦ ਦੇ ਜ਼ੁਲਮ ਦਾ ਸ਼ਿਕਾਰ ਹੋਏ ਮਨੁੱਖਾਂ ਦਾ ਸਾਮ੍ਹਣਾ ਪੱਛਮੀ ਗੋਰੇ ਲੋਕਾਂ ਤੇ ਉਹਨਾਂ ਦੀਆਂ ਨੀਤੀਆਂ ਨਾਲ ਹੁੰਦਾ ਰਿਹਾ ਹੈ। ਡੈਰੇਕ ਵੈਲਕੌਟ, ਜੋ ਕਿ ਵੈਸਟ ਇੰਡੀਜ਼ ਦਾ ਸਭ ਤੋਂ ਪ੍ਰਤਿਭਾਸ਼ਾਲੀ ਕਵੀ ਅਤੇ ਨਾਟਕਕਾਰ ਹੈ, ਦੇ ਬਾਅਦ ਨਾਈਪਾਲ ਦੂਸਰਾ ਵੈਸਟ ਇੰਡੀਜ਼ ਮੂਲ ਦਾ ਲੇਖਕ ਹੈ, ਜਿਸ ਨੂੰ ਨੋਬਲ ਪੁਰਸਕਾਰ ਮਿਲਿਆ ਹੈ। ਹਾਲ ਹੀ ਵਿੱਚ ਨਾਈਪਾਲ ਦਾ ਨਵਾਂ ਨਾਵਲ ਮੈਜਿਕ ਸੀਡਜ਼ ਛਪਿਆ ਹੈ, ਜਿਸ ਦਾ ਵਿਸ਼ਾ ਲੋਕਾਂ ਦਾ ਅਲੱਗ-ਅਲੱਗ ਦੇਸਾਂ ਤੇ ਸੱਭਿਆਚਾਰਾਂ ਵਿਚਲਾ ਪਰਵਾਸ  ਹੈ, ਪਰ ਹਾਫ਼ ਏ ਲਾਈਫ਼ ਦੀ ਤਰ੍ਹਾਂ ਭਾਰਤੀ ਸੰਦਰਭ ਇਸ ਨਾਵਲ ਦਾ ਪ੍ਰਮੁਖ ਵਿਸ਼ਾ ਹੈ।
    
      
      
      
         ਲੇਖਕ : ਮਨਜੀਤ ਇੰਦਰ ਸਿੰਘ, 
        ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First