ਸ਼ਕਰਗੜ੍ਹ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸ਼ਕਰਗੜ੍ਹ: ਭਾਰਤ ਦੀ ਵੰਡ ਤੋਂ ਪਹਿਲਾਂ ਇਹ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਇਕ ਤਹਿਸੀਲ ਸੀ ਅਤੇ ਅੱਜਕੱਲ੍ਹ ਇਹ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਹੈ। ਰਾਵੀ ਦਰਿਆ ਇਸ ਤਹਿਸੀਲ ਨੂੰ ਜ਼ਿਲ੍ਹਾ ਗੁਰਦਾਸਪੁਰ ਨਾਲੋਂ ਵੱਖ ਕਰਦਾ ਸੀ। ਇਸ ਤਹਿਸੀਲ ਦੇ ਉੱਤਰ ਵੱਲ ਜੰਮੂ ਦਾ ਇਲਾਕਾ ਲਗਦਾ ਹੈ। ਇਹ ਤਹਿਸੀਲ 1846 ਈ. ਵਿਚ, ਸਭਰਾਵਾਂ ਦੀ ਲੜਾਈ ਪਿਛੋਂ, ਲਾਹੌਰ ਦੀ ਸੰਧੀ ਅਨੁਸਾਰ, ਜ਼ਿਲ੍ਹਾ ਸਿਆਲ ਕੋਟ ਨਾਲ ਲਾਈ ਗਈ ਸੀ ਪਰ 1853 ਈ. ਵਿਚ ਇਹ ਜ਼ਿਲ੍ਹਾ ਗੁਰਦਾਸਪੁਰ ਵਿਚ ਸ਼ਾਮਲ ਕਰ ਦਿੱਤੀ ਗਈ। ਤਹਿਸੀਲ ਦਾ ਉੱਤਰੀ ਇਲਾਕਾ ਖੁਸ਼ਕ ਹੈ ਅਤੇ ਨਿੱਕੇ ਨਿੱਕੇ ਨਾਲਿਆਂ ਅਤੇ ਡੂੰਘੇ ਵਹਿਣਾਂ ਨਾਲ ਕੱਟਿਆ-ਵੱਢਿਆ ਪਿਆ ਹੈ। ਇਸ ਇਲਾਕੇ ਨੂੰ ਭੱਰਾੜੀ ਕਹਿੰਦੇ ਹਨ। ਇਸ ਦੇ ਦੱਖਣੀ ਹਿੱਸੇ ਨੂੰ ਦੜਪ ਕਿਹਾ ਜਾਂਦਾ ਹੈ। ਪਾਣੀ ਦੀ ਸਤ੍ਹਾ ਉੱਚੀ ਹੋਣ ਕਰਕੇ, ਇਥੋਂ ਦੀ ਮਿੱਟੀ ਉਪਜਾਊ ਹੈ ਅਤੇ ਇਥੇ ਸੰਘਣੀ ਖੇਤੀ ਕੀਤੀ ਜਾਂਦੀ ਹੈ। ਪੂਰਬ ਵੱਲ ਦੇ ਇਲਾਕੇ ਨੂੰ ਪੈਂਤਲਾ ਕਿਹਾ ਜਾਂਦਾ ਹੈ। ਇਸ ਇਲਾਕੇ ਵਿਚ ਉਂਝ ਦਰਿਆ ਦੀ ਲਿਆਂਦੀ ਮਿੱਟੀ ਵਿਛੀ ਹੈ, ਜਿਸ ਕਾਰਨ ਇਹ ਇਲਾਕਾ ਬਹੁਤ ਉਪਜਾਊ ਹੈ। ਅਨਾਜ, ਕਪਾਹ ਅਤੇ ਸਣ ਇਥੋਂ ਦੀਆਂ ਮੁੱਖ ਫ਼ਸਲਾਂ ਹਨ, ਘਿਓ, ਚਾਵਲ ਅਤੇ ਸਣ ਇਥੋਂ ਬਾਹਰ ਭੇਜੇ ਜਾਂਦੇ ਹਨ। ਤਹਿਸੀਲ ਦਾ ਸਦਰ-ਮੁਕਾਮ, ਸ਼ਕਰਗੜ੍ਹ ਨਾਂ ਦੇ ਕਸਬੇ ਵਿਚ ਹੈ ਇਥੇ ਵਿਸਾਖੀ ਦਾ ਮੇਲਾ ਲਗਦਾ ਹੁੰਦਾ ਸੀ। ਹ. ਪੁ. – ਇੰਪ. ਗ. ਇੰਡ. 22:228
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3678, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First