ਸ਼ਬਦ-ਰਚਨਾ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼ਬਦ-ਰਚਨਾ : ਸ਼ਬਦ-ਰਚਨਾ ਦੇ ਸੰਕਲਪ ਦਾ ਸੰਬੰਧ ਭਾਸ਼ਾ ਦੇ ਸ਼ਬਦ-ਭੰਡਾਰ ਦੇ ਵਾਧੇ ਨਾਲ ਜੁੜਦਾ ਹੈ। ਭਾਸ਼ਾ ਦੇ ਸ਼ਬਦ-ਭੰਡਾਰ ਵਿੱਚ ਸਮੇਂ ਦੇ ਨਾਲ-ਨਾਲ ਪਰਿਵਰਤਨ ਹੁੰਦਾ ਰਹਿੰਦਾ ਹੈ। ਭਾਸ਼ਾਵਾਂ ਵਿੱਚ ਲੋੜ ਅਨੁਸਾਰ ਨਵੇਂ ਸ਼ਬਦ ਬਣਦੇ/ਆਉਂਦੇ ਰਹਿੰਦੇ ਹਨ ਅਤੇ ਪੁਰਾਣੇ ਸ਼ਬਦ ਲੋਪ ਹੁੰਦੇ ਜਾਂਦੇ ਹਨ। ਸ਼ਬਦਾਂ ਦਾ ਬਣਨਾ, ਸ਼ਬਦਾਂ ਦਾ ਲੋਪ ਹੋ ਜਾਣਾ ਅਤੇ ਸ਼ਬਦਾਂ ਦਾ ਹੋਰ ਭਾਸ਼ਾਵਾਂ ਵਿੱਚੋਂ ਆਉਣਾ ਇੱਕ ਵਿਸਤ੍ਰਿਤ ਅਧਿਐਨ ਖੇਤਰ ਹੈ। ਭਾਸ਼ਾ-ਵਿਗਿਆਨ ਦੇ ਅੰਤਰਗਤ ਇਹਨਾਂ ਨੂੰ ਰੂਪ- ਵਿਗਿਆਨ/ਭਾਵਾਂਸ਼-ਵਿਗਿਆਨ ਅਤੇ ਸ਼ਬਦ- ਵਿਗਿਆਨ ਨਾਂ ਦੇ ਵਿਸ਼ਿਆਂ ਅਧੀਨ ਵਿਚਾਰਿਆ ਜਾਂਦਾ ਹੈ। ਸ਼ਬਦ-ਵਿਗਿਆਨ ਦੇ ਅੰਤਰਗਤ ‘ਸ਼ਬਦ ਕੀ ਹੈ?` ਤੋਂ ਅਰੰਭ ਕਰ ਕੇ ਸ਼ਬਦਾਂ ਦੀ ਪ੍ਰਕਾਰ ਵੰਡ ਦੇ ਵੱਖੋ-ਵੱਖ ਆਧਾਰ, ਸ਼ਬਦਾਂ ਦੀ ਬਣਤਰ, ਸ਼ਬਦਾਂ ਦੀ ਵਿਉਂਤਪਤੀ, ਸ਼ਬਦਾਂ ਦੇ ਵਾਕਾਂ ਵਿੱਚ ਵਰਤੋਂ ਦੌਰਾਨ ਆਪਸੀ ਮੇਲ ਕਰਨ ਦੀਆਂ ਵਿਧੀਆਂ, ਸ਼ਬਦਾਂ ਦੀ ਰਚਨਾ, ਸ਼ਬਦਾਂ ਦੀ ਸੰਰਚਨਾ ਆਦਿ ਨੂੰ ਵਿਚਾਰਿਆ ਜਾਂਦਾ ਹੈ। ਸ਼ਬਦ ਰਚਨਾ ਅਤੇ ਸ਼ਬਦ ਸੰਰਚਨਾ, ਦੋ ਵੱਖੋ-ਵੱਖ ਪਰੰਤੂ ਅੰਤਰ- ਸੰਬੰਧਿਤ ਸੰਕਲਪ ਹਨ। ਸ਼ਬਦ ਰਚਨਾ ਦਾ ਸੰਬੰਧ ਸ਼ਬਦਾਂ ਦੇ ਇਤਿਹਾਸਿਕ ਪੱਖ ਨਾਲ ਹੈ ਅਰਥਾਤ ਇਹ ਵਿਚਾਰਿਆ ਜਾਂਦਾ ਹੈ ਕਿ ਅਜੋਕੇ ਰੂਪ ਤੋਂ ਪਹਿਲਾਂ ਇਹ ਕਿਸ ਰੂਪ ਵਿੱਚ ਸੀ ਜਾਂ ਇਸ ਦਾ ਸ੍ਰੋਤ ਕਿਹੜੀ ਭਾਸ਼ਾ ਹੈ ਤੇ ਓਥੋਂ ਕਿਵੇਂ ਅਜੋਕੇ ਰੂਪ ਵਿੱਚ ਰਚਿਆ ਗਿਆ ਅਤੇ ਸ਼ਬਦ ਸੰਰਚਨਾ ਵਿੱਚ ਸ਼ਬਦਾਂ ਦੇ ਇੱਕ ਸਮੇਂ ਅਤੇ ਇੱਕ ਸਥਾਨ ਦੀ ਬਣਤਰ ਨੂੰ ਵਿਚਾਰਿਆ ਜਾਂਦਾ ਹੈ। ਸ਼ਬਦ ਦੇ ਸਮੁੱਚੀ ਭਾਸ਼ਾ ਵਿਚਲੇ ਸ਼ਬਦਾਂ ਨੂੰ ਲੱਭ ਕੇ ਉਸ ਵਿਚਲੇ ਸਾਂਝੇ ਤੱਤ ਨੂੰ ਮੂਲ/ਧਾਤੂ ਦਾ ਨਾਂ ਦਿੱਤਾ ਜਾਂਦਾ ਹੈ ਅਤੇ ਬਾਕੀ ਦੇ ਹਿੱਸਿਆਂ ਨੂੰ ਵਧੇਤਰ ਕਿਹਾ ਜਾਂਦਾ ਹੈ। ਅਰਥਾਤ ਸ਼ਬਦ ਸੰਰਚਨਾ, ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਅਧਿਐਨ ਖੇਤਰ ਹੈ ਜਿਸ ਵਿੱਚ ਮੂਲ ਤੇ ਵਧੇਤਰ ਪਛਾਣੇ ਜਾਂਦੇ ਹਨ। ਅਜੋਕੀ ਭਾਸ਼ਾ-ਵਿਗਿਆਨਿਕ ਸ਼ਬਦਾਵਲੀ ਵਿੱਚ ਇਹਨਾਂ ਨੂੰ ਸੁਤੰਤਰ ਭਾਵਾਂਸ਼ ਤੇ ਬੱਝਵੇਂ ਭਾਵਾਂਸ਼ਾਂ ਦਾ ਨਾਂ ਵੀ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸ਼ਬਦ- ਸੰਰਚਨਾ ਸ਼ਬਦਾਂ ਦਾ ਸਮਕਾਲੀ ਅਤੇ ਸ਼ਬਦ-ਰਚਨਾ ਸ਼ਬਦਾਂ ਦਾ ਇਤਿਹਾਸਿਕ ਵੇਰਵਾ ਹੋ ਨਿਬੜਦੀ ਹੈ।
ਸ਼ਬਦ-ਰਚਨਾ ਦੇ ਦੋ ਪ੍ਰਮੁਖ ਭੇਦ ਮੰਨੇ ਜਾਂਦੇ ਹਨ-ਵਿਉਤਪਤੀ ਤੇ ਸਮਾਸੀਕਰਨ। ਵਿਉਂਤਪਤੀ ਇੱਕ ਭਾਵਾਂਸ਼-ਵਿਗਿਆਨਿਕ ਪ੍ਰਕਿਰਿਆ ਹੈ ਜਿਸ ਦੁਆਰਾ ਧਾਤੂ ਜਾਂ ਮੂਲਾਂਸ਼ ਤੋਂ, ਆਮ ਤੌਰ ਤੇ ਕਿਸੇ ਵਧੇਤਰ (ਅਗੇਤਰ, ਮਧੇਤਰ, ਪਿਛੇਤਰ) ਦੇ ਸੰਯੋਗ ਨਾਲ ਕਿਸੇ ਨਵੇਂ ਸ਼ਬਦ ਦੀ ਸਿਰਜਣਾ ਕੀਤੀ ਜਾਂਦੀ ਹੈ। ਜਿਨ੍ਹਾਂ ਸ਼ਬਦਾਂ ਦੀ ਸਿਰਜਣਾ ਕੀਤੀ ਜਾਂਦੀ ਹੈ, ਉਹਨਾਂ ਦੀਆਂ ਅਕਸਰ ਸ਼ਬਦ-ਸ਼੍ਰੇਣੀਆਂ ਤੇ ਕਈ ਵਾਰ ਅਰਥ ਵੀ ਬਦਲ ਜਾਂਦੇ ਹਨ। ਪੰਜਾਬੀ ਭਾਸ਼ਾ ਵਿੱਚ ਵਿਉਂਤਪਤ ਸ਼ਬਦ-ਨਿਰਮਾਣ ਦੇ ਕੋਈ ਨਿਯਮ-ਬੱਧ ਸਿਧਾਂਤ ਨਹੀਂ ਮਿਲਦੇ ਪਰ ਵੱਖ-ਵੱਖ ਵਿਆਕਰਨਾਂ ਵਿੱਚ ਇਸ ਨੂੰ ਹੇਠ ਲਿਖੇ ਅਨੁਸਾਰ ਸਥਾਪਿਤ ਕੀਤਾ ਗਿਆ ਹੈ :
1. ਨਾਂਵ-ਮੂਲਾਂ ਤੋਂ ਵਿਸ਼ੇਸ਼ਣ ਬਣਾਉਣ ਲਈ ਨਾਵਾਂ ਨਾਲ- ਆ, -ਈ, -ਊ, -ਈਲਾ, -ਅਲ, -ਲਾ, -ਲੂ, -ਇੱਕ, -ਜਨਕ, ਦਾਈ, ਮਈ ਤੇ ਵਾਕ ਆਦਿ ਬੱਝਵੇਂ ਭਾਵਾਂਸ਼ ਵਰਤੇ ਜਾਂਦੇ ਹਨ ਜਿਵੇਂ ਸੱਚ ਤੋਂ ਸੱਚਾ, ਅਸਮਾਨ ਤੋਂ ਅਸਮਾਨੀ, ਹਾੜ ਤੋਂ ਹਾੜੂ, ਅਣਖ ਤੋਂ ਅਣਖੀਲਾ, ਹੱਥ ਤੋਂ ਹੱਥਲ, ਅਖੀਰ ਤੋਂ ਅਖੀਰਲਾ ਆਦਿ।
2. ਵਿਸ਼ੇਸ਼ਣਾਂ ਨਾਲ -ਈ ਬੱਝਵੇਂ ਭਾਵਾਂਸ਼ ਲਗਾ ਕੇ ਵਿਸ਼ੇਸ਼ਣਾਂ ਤੋਂ ਨਾਂਵ ਬਣਾ ਲਏ ਜਾਂਦੇ ਹਨ ਜਿਵੇਂ ਖ਼ੁਸ਼ ਤੋਂ ਖ਼ੁਸ਼ੀ, ਹਾਜ਼ਰ ਤੋਂ ਹਾਜ਼ਰੀ, ਲਾਲ ਤੋਂ ਲਾਲੀ ਆਦਿ।
3. ਕਿਰਿਆ ਮੂਲ ਵਿੱਚ -ਆਈ, -ਈ, ਆਦਿ ਬੱਝਵੇਂ ਭਾਵਾਂਸ਼ ਦੀ ਵਰਤੋਂ ਕਰ ਕੇ ਨਾਂਵ ਸ਼੍ਰੇਣੀ ਦੇ ਕਿਰਿਆ ਮੂਲ ਬਣਾਏ ਜਾਂਦੇ ਹਨ। ਜਿਵੇਂ ਚੜ੍ਹ ਤੋਂ ਚੜ੍ਹਾਈ, ਪੜ੍ਹ ਤੋਂ ਪੜ੍ਹਾਈ, ਸੁਣ ਤੋਂ ਸੁਣਾਈ, ਖੱਟ ਤੋਂ ਖੱਟੀ, ਠੱਗ ਤੋਂ ਠੱਗੀ, ਘੂਰ ਤੋਂ ਘੂਰੀ ਆਦਿ।
4. ਕਈ ਸ਼ਬਦਾਂ ਵਿੱਚ ਨਾਂਵ ਤੋਂ ਜਦੋਂ ਵਿਸ਼ੇਸ਼ਣ ਬਣਾਏ ਜਾਂਦੇ ਹਨ ਤਾਂ ਮੂਲ ਸ਼ਬਦ ਦੇ ਸ੍ਵਰ ਵਿੱਚ ਤਬਦੀਲੀ ਆਉਂਦੀ ਹੈ। ਜਿਵੇਂ ਜਿੱਤ ਤੋਂ ਜੇਤੂ ਅਤੇ ਪਿੰਡ ਤੋਂ ਪੇਂਡੂ ਆਦਿ ਸ਼ਬਦਾਂ ਵਿੱਚ ਪਹਿਲਾ ਹ੍ਰਸਵ ਸ੍ਵਰ ‘ਇ`, ‘ੲ` ਵਿੱਚ ਬਦਲ ਜਾਂਦਾ ਹੈ।
5. ਕੁਝ ਹਾਲਤਾਂ ਵਿੱਚ ਇੱਕ ਬੱਝਵੇਂ ਭਾਵਾਂਸ਼ ਨਾਲ ਨਾਂਵਾਂ ਤੋਂ ਵਿਸ਼ੇਸ਼ਣ ਬਣਾਉਣ ਲੱਗਿਆਂ ਨਾਂਵ ਵਿੱਚ ਆਇਆ ਪਹਿਲਾ ਹ੍ਰਸਵ ਸ੍ਵਰ ਦੀਰਘ ਕਰ ਦਿੱਤਾ ਜਾਂਦਾ ਹੈ ਜਿਵੇਂ ਅੰਤਰ ਤੋਂ ਆਂਤਰਿਕ, ਸ਼ਬਦ ਤੋਂ ਸ਼ਾਬਦਿਕ ਆਦਿ।
6. ਵਿਸ਼ੇਸ਼ਣ ਮੂਲਾਂ ਨਾਲ -ਈ ਬੱਝਵੇਂ ਭਾਵਾਂਸ਼ ਲਗਾ ਕੇ ਨਾਂਵ ਬਣਾਉਣ ਦੀ ਰੀਤ ਪ੍ਰਚਲਿਤ ਹੈ। ਪਰ ਜੇ ਵਿਸ਼ੇਸ਼ਣ ਮੂਲ ਵਿੱਚ ਪਹਿਲੇ ਦੋ ਸ੍ਵਰ ਦੀਰਘ ਹੋਣ ਤਾਂ ਨਾਂਵ ਬਣਾਉਂਦਿਆਂ ਉਹਨਾਂ ਵਿੱਚੋਂ ਪਹਿਲਾ ਹ੍ਰਸਵ ਹੋ ਜਾਂਦਾ ਹੈ ਜਿਵੇਂ ਗੋਲ ਤੋਂ ਗੁਲਾਈ, ਡੂੰਘਾ ਤੋਂ ਡੂੰਘਾਈ ਆਦਿ।
7. ਕਈ ਵਿਸ਼ੇਸ਼ਣ ਮੂਲਾਂ ਦਾ ਅੰਤਲਾ -ਆ ਹਟਾ ਕੇ, -ਇਆਈ ਬੱਝਵਾਂ ਭਾਵਾਂਸ਼ ਲਾ ਕੇ ਨਾਂਵ ਮੂਲ ਬਣਾਏ ਜਾਂਦੇ ਹਨ, ਔਖਾ ਤੋਂ ਔਖਿਆਈ, ਚੰਗਾ ਤੋਂ ਚੰਗਿਆਈ ਆਦਿ।
8. ਕੁਝ ਹਾਲਤਾਂ ਵਿੱਚ ਵਿਸ਼ੇਸ਼ਣਾਂ ਤੋਂ ਨਾਂਵ ਬਣਾਉਣ ਲਈ ਵਿਸ਼ੇਸ਼ਣ ਦਾ ਅੰਤਮ -ਆ ਹਟਾ ਦੇਣ ਨਾਲ ਪਿੱਛੇ ਰਿਹਾ ਰੂਪ ਨਾਂਵ ਹੁੰਦਾ ਹੈ ਜਿਵੇਂ : ਸੁੱਕਾ ਤੋਂ ਸੁੱਕ, ਸੁੱਚਾ ਤੋਂ ਸੁੱਚ ਆਦਿ।
ਇਸ ਤਰ੍ਹਾਂ ਵਿਉਤਪਤੀ ਦੇ ਆਧਾਰ ਤੇ ਸ੍ਵਰ ਬਦਲੀ ਨਾਲ ਸ਼ਬਦ ਦੀ ਇੱਕ ਸ਼੍ਰੇਣੀ ਤੋਂ ਦੂਜੀ ਸ਼੍ਰੇਣੀ ਵਿੱਚ ਰਚਨ ਦੀ ਰੀਤ ਪ੍ਰਚਲਿਤ ਹੈ।
ਵਿਉਤਪਤੀ ਦੀ ਪ੍ਰਕਿਰਿਆ ਵਿੱਚ ਜਿੱਥੇ ਇਕੱਲੇ- ਇਕਹਿਰੇ ਸ਼ਬਦ ਦੀ ਰਚਨਾ ਬਾਰੇ ਚਰਚਾ ਕੀਤੀ ਜਾਂਦੀ ਹੈ ਤੇ ਇਹ ਦੱਸਿਆ ਜਾਂਦਾ ਹੈ ਕਿ ਕਿਸੇ ਧਾਤੂ/ਮੂਲਾਂਸ਼ ਨਾਲ ਅਗੇਤਰ ਜਾਂ ਪਿਛੇਤਰ ਜੋੜ ਕੇ ਨਵੀਨ ਸ਼ਬਦਾਂ ਦੀ ਉਸਾਰੀ ਕਿਵੇਂ ਕੀਤੀ ਜਾਂਦੀ ਹੈ ਉੱਥੇ ਸ਼ਬਦ-ਰਚਨਾ ਦੀ ਦੂਜੀ ਪ੍ਰਕਿਰਿਆ ‘ਸਮਾਸੀਕਰਨ` ਵਿੱਚ ਇੱਕ ਸ਼ਬਦ ਤੋਂ ਵਧੇਰੇ ਦੋ-ਤਿੰਨ ਸ਼ਬਦਾਂ ਦਾ ਸੰਯੋਜਨ ਕਰ ਕੇ ਨਵੇਂ-ਨਵੇਂ ਸ਼ਬਦਾਂ ਦੀ ਰਚਨਾ ਕੀਤੀ ਜਾਂਦੀ ਹੈ। ਜਿਵੇਂ :
1. ਨਾਂਵ + ਨਾਂਵ = ਨਾਂਵ (ਰਾਜਭਵਨ)
2. ਨਾਂਵ + ਵਿਸ਼ੇਸ਼ਣ = ਵਿਸ਼ੇਸ਼ਣ (ਬੁੱਧੀਜੀਵੀ)
3. ਨਾਂਵ + ਕਿਰਿਆ = ਵਿਸ਼ੇਸ਼ਣ (ਸੰਨ੍ਹਮਾਰ)
4. ਵਿਸ਼ੇਸ਼ਣ + ਨਾਂਵ = ਵਿਸ਼ੇਸ਼ਣ (ਨਿਰਮਲ ਚਿੱਤ)
5. ਨਾਂਵ + ਵਿਸ਼ੇਸ਼ਣ = (ਧਰਮ ਰੱਖਿਅਕ)
6. ਵਿਸ਼ੇਸ਼ਣ + ਵਿਸ਼ੇਸ਼ਣ = (ਦਾਨਾਬੀਨਾ)
ਇਸ ਤਰ੍ਹਾਂ ਪੰਜਾਬੀ ਭਾਸ਼ਾ ਵਿੱਚ ਉਪਰੋਕਤ ਸਥਿਤੀਆਂ ਵਿੱਚ ਸਮਾਸੀ ਸ਼ਬਦਾਂ ਦੇ ਨਮੂਨੇ ਮਿਲਦੇ ਹਨ।
ਪੰਜਾਬੀ ਭਾਸ਼ਾ ਵਿੱਚ ਵਿਅਕਤੀਵਾਚਕ ਨਾਵਾਂ ਦੇ ਆਧਾਰ ਤੇ ਨਵੇਂ ਧਾਤੂਆਂ ਦੀ ਸਿਰਜਣਾ ਕੀਤੀ ਜਾਂਦੀ ਹੈ। ਵਿਅਕਤੀਵਾਚਕ ਨਾਂਵਾਂ ਦੇ ਆਧਾਰ ਤੇ ਉਹਨਾਂ ਦੇ ਕੰਮ, ਗੁਣ ਜਾਂ ਵਿਸ਼ੇਸ਼ਤਾ ਨੂੰ ਲੈ ਕੇ ਨਵੇਂ ਸ਼ਬਦ ਰਚ ਲਏ ਜਾਂਦੇ ਹਨ ਜਿਵੇਂ-ਸੀਤਾ (ਪਤੀਬ੍ਰਤਾ), ਬਭੀਖਣ (ਘਰ ਦਾ ਭੇਤੀ), ਜੈ ਚੰਦ (ਦੇਸ਼ ਧ੍ਰੋਹੀ) ਆਦਿ ਲਈ ਵਰਤੇ ਜਾਂਦੇ ਹਨ। ਗਾਂਧੀਵਾਦ, ਬੋਧੀ, ਜੈਨੀ, ਮਾਰਕਸਵਾਦ ਨਾਂਵ ਵੀ ਵਿਅਕਤੀਆਂ ਦੇ ਨਾਂਵਾਂ ਉੱਤੇ ਰਚੇ ਗਏ ਹਨ। ਕੁਝ ਨਾਂਵ ਥਾਂਵਾਂ ਨਾਲ ਵੀ ਸੰਬੰਧਿਤ ਹਨ। ਜਿਵੇਂ ਚੀਨੀ (ਚੀਨ ਦੀ), ਮਿਸਰੀ (ਮਿਸਰ ਦੀ) ਆਦਿ। ਕੁਝ ਸ਼ਬਦ ਧੁਨੀਆਂ ਦੇ ਆਧਾਰ ਉਪਰ ਵੀ ਹੋਂਦ ਵਿੱਚ ਆਉਂਦੇ ਹਨ ਜਿਵੇਂ ਖਟ-ਖਟ, ਚੂੰ-ਚੂੰ, ਘੜ-ਘੜ, ਤਿਪ-ਤਿਪ ਆਦਿ। ਕੁਝ ਸ਼ਬਦ ਸੰਖਿਆ ਦੇ ਆਧਾਰ ਉਪਰ ਵੀ ਮਿਲਦੇ ਹਨ ਜਿਵੇਂ ਚਾਰ ਸੌ ਵੀਹ, ਦੱਸ ਨੰਬਰੀ ਆਦਿ।
ਲੰਮੇ ਅਤੇ ਔਖੇ ਸ਼ਬਦਾਂ ਨੂੰ ਸੌਖੇ ਬੋਲਣ, ਪੜ੍ਹਣ ਤੇ ਲਿਖਣ ਲਈ ਸੰਖੇਪਤਾ ਦੀ ਵਿਧੀ ਵਰਤੀ ਜਾਂਦੀ ਹੈ। ਇਸ ਅਧੀਨ ਤਿੰਨ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ :
ਕੁਝ ਸੰਸਥਾਵਾਂ ਦੇ ਨਾਂ ਦੀ ਮੁਢਲੀ ਧੁਨੀ ਨੂੰ ਪੂਰਾ ਨਾਮ ਪ੍ਰਗਟ ਕਰਨ ਲਈ ਵਰਤ ਲਿਆ ਜਾਂਦਾ ਹੈ। ਜਿਵੇਂ ਭਾਜਪਾ, ਇੰਕਾ ਆਦਿ।
ਦੋ ਸ਼ਬਦਾਂ ਦੇ ਅਗਲੇ ਤੇ ਪਿਛਲੇ ਹਿੱਸੇ ਨੂੰ ਜੋੜ ਕੇ ਵੀ ਨਵੇਂ ਸ਼ਬਦ ਘੜੇ ਜਾਂਦੇ ਹਨ। ਜਿਵੇਂ ਮੋਟਲ (ਹੋਟਲ ਤੇ ਮੋਟਰ ਨੂੰ ਜੋੜ ਕੇ), ਬਰੰਚ (ਬਰੇਕਫਾਸਟ ਤੇ ਲੰਚ ਤੋਂ), ਫਲੇਲ (ਫੁੱਲ ਤੇ ਤੇਲ), ਮਾਪੇ (ਮਾਂ ਤੇ ਪਿਉ) ਆਦਿ।
ਦੋ ਸ਼ਬਦਾਂ ਦੇ ਇੱਕ ਪੂਰੇ ਭਾਗ ਨੂੰ ਨਾ ਵਰਤਣ ਦੀ ਪ੍ਰਥਾ ਵੀ ਪ੍ਰਚਲਿਤ ਹੈ। ਜਿਵੇਂ : ਰੇਲਵੇ ਸਟੇਸ਼ਨ ਲਈ ਕੇਵਲ ਸਟੇਸ਼ਨ ਕਹਿ ਦੇਣਾ, ਮੋਟਰਕਾਰ ਲਈ ਕਾਰ, ਬਾਈਸਾਈਕਲ ਲਈ ਕੇਵਲ ਸਾਈਕਲ ਵਰਤ ਲੈਣਾ ਆਦਿ।
ਸ਼ਬਦ-ਰਚਨਾ ਦੇ ਅਧੀਨ ਅਜਿਹੇ ਵਿਸ਼ੇਸ਼ ਸ਼ਬਦਾਂ ਨੂੰ ਵਿਚਾਰਿਆ ਜਾ ਸਕਦਾ ਹੈ ਜਿਨ੍ਹਾਂ ਦੀ ਹੋਂਦ ਕਿਸੇ ਵਿਸ਼ੇਸ਼ ਸ਼ਬਦ ਨਾਲੋਂ ਕੋਈ ਧੁਨੀ ਕੱਟਣ ਨਾਲ ਬਣਦੀ ਹੈ ।ਜਿਵੇਂ ‘ਸੁਰ` ਸ਼ਬਦ ‘ਅਸੁਰ` ਦੇ ‘ਅ` ਕੱਟਣ ਤੋਂ ਬਾਅਦ ਬਣਿਆ ਹੈ ਅਤੇ ਅਸ਼ਲੀਲ ਤੋਂ ਸ਼ੀਲ ਸ਼ਬਦ ਬਣਿਆ ਹੈ।
ਇਸ ਤਰ੍ਹਾਂ ਉਪਰੋਕਤ ਨਿਯਮ ਪੰਜਾਬੀ ਭਾਸ਼ਾ ਵਿੱਚ ਮਿਲਦੇ ਹਨ ਜਿਨ੍ਹਾਂ ਤੇ ਆਧਾਰਿਤ ਨਵੇਂ ਸ਼ਬਦਾਂ ਦੀ ਰਚਨਾ ਕੀਤੀ ਜਾਂਦੀ ਹੈ।
ਲੇਖਕ : ਕੰਵਲਜੀਤ ਜੱਸਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 26483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First