ਸ਼ਬਦ-ਸੁਰਤਿ-ਯੋਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸ਼ਬਦ-ਸੁਰਤਿ-ਯੋਗ: ਗੁਰੂ ਗ੍ਰੰਥ ਸਾਹਿਬ ਵਿਚ ਇਸ ਯੋਗ ਦਾ ਉਲੇਖ ਮਿਲਦਾ ਹੈ। ਇਸ ਦਾ ਪਿਛੋਕੜ ਨਿਘਾਰ ਨੂੰ ਪ੍ਰਾਪਤ ਹੋਏ ਤਾਂਤ੍ਰਿਕ ਬੌਧ ਧਰਮ ਨਾਲ ਜਾ ਜੁੜਦਾ ਹੈ। ਲਪਭਗ ਹਰ ਧਰਮ ਇਕ ਵਿਸ਼ੇਸ਼ ਉਚਾਈ ਤਕ ਪਹੁੰਚ ਕੇ ਹੌਲੀ ਹੌਲੀ ਆਪਣੇ ਗੌਰਵ ਤੋਂ ਡਿਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹੀ ਸਥਿਤੀ ਬੌਧ-ਧਰਮ ਦੀ ਵੀ ਰਹੀ ਸੀ। ਮਹਾਤਮਾ ਬੁੱਧ ਦੇ ਧਰਮ-ਚਕ੍ਰ ਨੇ ਬ੍ਰਾਹਮਣਵਾਦ ਦੇ ਪ੍ਰਭਾਵ ਨੂੰ ਇਸ ਤਰ੍ਹਾਂ ਉਡਾਇਆ ਜਿਵੇਂ ਤੇਜ਼ ਹਵਾ ਕੱਖਾਂ ਨੂੰ ਉਡਾ ਕੇ ਖੇਰੂੰ ਖੇਰੂੰ ਕਰ ਦਿੰਦੀ ਹੈ। ਸਾਧਾਰਣ ਜਨਤਾ ਤਾਂ ਕੀ, ਵੱਡੇ ਵੱਡੇ ਰਾਜੇ ਵੀ ਇਸ ਧਰਮ ਦੀ ਵਿਵਹਾਰਿਕਤਾ ਤੋਂ ਪ੍ਰਭਾਵਿਤ ਹੋਏ ਅਤੇ ਇਸ ਨੂੰ ਰਾਜ-ਧਰਮ ਵਜੋਂ ਸਵੀਕਾਰ ਕੀਤਾ। ਪਰ ਸ਼ੰਕਰਾਚਾਰਯ ਨੇ ਵੈਦਿਕ ਧਰਮ ਦੀ ਪੁਨਰ-ਸੰਸਥਾਪਨਾ ਕਰਕੇ ਬੌਧ-ਧਰਮ ਨੂੰ ਵਿਚਾਰਧਾਰਿਕ ਪੱਧਰ ਉਤੇ ਅਜਿਹਾ ਪਰਾਜਿਤ ਕੀਤਾ ਕਿ ਭਾਰਤ ਵਿਚੋਂ ਇਸ ਦੇ ਪੈਰ ਉਖੜ ਗਏ ਅਤੇ ਆਪਣੀ ਹੋਂਦ ਨੂੰ ਕਾਇਮ ਰਖਣ ਲਈ ਇਸ ਨੂੰ ਵਿਦੇਸ਼ਾਂ ਵਿਚ ਸ਼ਰਣ ਲੈਣੀ ਪਈ। ਬੌਧ-ਧਰਮ ਦੇ ਇਸ ਨਿਘਾਰ ਤੋਂ ਸ਼ੈਵ-ਮਤ ਵਾਲਿਆਂ ਨੇ ਲਾਭ ਉਠਾਇਆ ਅਤੇ ਬਹੁਤ ਸਾਰੇ ਬੌਧੀ ਸਿੱਧਾਂਤਾਂ, ਮੂਰਤੀਆਂ ਅਤੇ ਮੰਦਿਰਾਂ ਨੂੰ ਸ਼ੈਵ ਰੂਪ ਦੇ ਦਿੱਤਾ। ਬੌਧ-ਮੰਦਿਰਾਂ ਨੂੰ ਸ਼ਿਵ-ਮੰਦਿਰਾਂ ਵਿਚ ਬਦਲ ਦਿੱਤਾ। ਦੂਜੇ ਪਾਸੇ ਸਿੱਧਾਂਤਿਕ ਹਾਰ ਕਾਰਣ ਅਤੇ ਸ਼ੈਵ-ਸ਼ਾਕਤ-ਤੰਤ੍ਰਾਂ ਦੀ ਪ੍ਰੇਰਣਾ ਦੇ ਫਲਸਰੂਪ ਬੌਧ-ਧਰਮ ਦੇ ਅਨੁਯਾਈਆਂ ਨੇ ਤਾਂਤ੍ਰਿਕਤਾ ਦਾ ਬਾਣਾ ਪਾਉਣਾ ਸ਼ੁਰੂ ਕੀਤਾ ਅਤੇ ਮਹਾਯਾਨ ਸੰਪ੍ਰਦਾਇ ਵਾਲਿਆਂ ਨੇ ਅਜਿਹਾ ਪ੍ਰਭਾਵ ਗ੍ਰਹਿਣ ਕਰਨ ਵਿਚ ਪਹਿਲ ਕੀਤੀ। ਉਨ੍ਹਾਂ ਨੇ ਭਗਤੀ ਅਤੇ ਯੋਗ-ਸਾਧਨਾ ਦੀਆਂ ਬਿਰਤੀਆ ਨੂੰ ਅੰਗੀਕਾਰ ਕੀਤਾ। ਫਲਸਰੂਪ ਤਾਂਤ੍ਰਿਕ ਬੌਧ ਧਰਮ ਦਾ ਵਿਕਾਸ ਮੁੱਖ ਤੌਰ ’ਤੇ ਚਾਰ ਧਾਰਾਵਾਂ ਵਿਚ ਹੋਇਆ— ਮੰਤ੍ਰਯਾਨ, ਵਜ੍ਰਯਾਨ, ਸਹਜਯਾਨ ਅਤੇ ਕਾਲਚਕ੍ਰਯਾਨ।
ਇਨ੍ਹਾਂ ਚੌਹਾਂ ਵਿਚੋਂ ਮੰਤ੍ਰਯਾਨ ਦਾ ਮੂਲ ਸਰੋਤ ਸ਼ੈਵ-ਸ਼ਾਕਤ-ਤੰਤ੍ਰਾਂ ਦਾ ਬੁਨਿਆਦੀ ਸਿੱਧਾਂਤ ਮੰਤ੍ਰਚੈਤਨੑਯ ਵਿਚ ਵੇਖਿਆ ਜਾ ਸਕਦਾ ਹੈ ਜਿਸ ਦਾ ਬੌਧੀਆਂ ਨੇ ਆਪਣੇ ਢੰਗ ਨਾਲ ਵਿਕਾਸ ਕੀਤਾ। ਇਸ ਧਾਰਾ ਦਾ ਮੂਲ ਸਿੱਧਾਂਤ ਗ੍ਰੰਥ ‘ਮੰਜੁਸ਼੍ਰੀਮੂਲ-ਕਲਪ’ ਹੈ। ਇਸ ਦੀ ਸਰਬ ਪ੍ਰਮੁਖ ਵਿਸ਼ੇਸ਼ਤਾ ਇਸ ਦਾ ਮੰਤ੍ਰ-ਤੱਤ੍ਵ ਹੈ। ਇਸ ਮਤ ਵਾਲਿਆਂ ਨੇ ਕਈ ਪ੍ਰਕਾਰ ਦੇ ਮੰਤ੍ਰਾਂ ਦਾ ਵਿਕਾਸ ਕੀਤਾ। ਇਨ੍ਹਾਂ ਮੰਤ੍ਰਾਂ ਨੂੰ ਦੇਵਤਿਆਂ ਦਾ ਪ੍ਰਤੀਕ ਸਮਝਿਆ ਜਾਂਦਾ ਸੀ। ਇਸ ਮਤ ਵਾਲਿਆਂ ਦੀ ਧਾਰਣਾ ਹੈ ਕਿ ਬੀਜ-ਮੰਤ੍ਰ ਦੀ ਭਾਵਨਾ ਕਰਦਿਆਂ ਕਰਦਿਆਂ ‘ਸੁੰਨ ’ ਵਿਚੋਂ ਹੀ ਸੰਬੰਧਿਤ ਦੇਵਤਾ ਪ੍ਰਗਟ ਹੋ ਜਾਂਦਾ ਹੈ। ਇਸ ਦੀ ਦੂਜੀ ਵਿਸ਼ੇਸ਼ਤਾ ਮੁਦ੍ਰਾ-ਤੱਤ੍ਵ ਹੈ। ਵਖ ਵਖ ਮੁਦ੍ਰਾਵਾਂ ਤੋਂ ਭਿੰਨ ਭਿੰਨ ਤਰ੍ਹਾਂ ਦੀਆਂ ਸਿੱਧੀਆਂ ਪ੍ਰਾਪਤ ਹੋਣ ਦਾ ਲਾਭ ਹੁੰਦਾ ਹੈ। ਤੀਜੀ ਵਿਸ਼ੇਸ਼ਤਾ ਹੈ ਮੰਡਲ- ਤੱਤ੍ਵ। ਮੰਡਲਾਂ ਨਾਲ ਅਨੇਕ ਪ੍ਰਕਾਰ ਦੀਆਂ ਸ਼ਕਤੀਆਂ ਦਾ ਸੰਬੰਧ ਸਥਾਪਿਤ ਕੀਤਾ ਜਾਂਦਾ ਹੈ। ਅਨੁਮਾਨ ਹੈ ਕਿ ਇਸ ਧਾਰਾ ਦਾ ਉਦਭਵ ਤੀਜੀ ਜਾਂ ਚੌਥੀ ਸਦੀ ਵਿਚ ਹੋਇਆ ਹੋਵੇਗਾ। ਇਸ ਮਤ ਦੇ ਮੰਤ੍ਰਾਂ ਦੇ ਗੂੜ੍ਹ ਰਹੱਸ ਦਾ ਪ੍ਰਚਾਰ ਸਮਾਜ ਵਿਚ ਸੌਖ ਨਾਲ ਨ ਹੋ ਸਕਣ ਕਾਰਣ ਇਸ ਦੇ ਪੈਰ ਜਮ ਨ ਸਕੇ ਅਤੇ ਬੌਧੀ ਤਾਂਤ੍ਰਿਕਾਂ ਨੇ ਵਜ੍ਰਯਾਨ ਦੀ ਸਥਾਪਨਾ ਕੀਤੀ।
ਤਾਂਤ੍ਰਿਕ ਬੌਧ-ਮਤ ਵਿਚਲੇ ਮੰਤ੍ਰ-ਯੋਗ ਦਾ ਮੱਧ- ਯੁਗ ਦੇ ਸੰਤਾਂ ਉਤੇ ਭਾਵੇਂ ਕੋਈ ਸਿੱਧਾ ਅਸਰ ਨਹੀਂ ਹੋਇਆ, ਪਰ ਤੰਤ੍ਰ-ਗ੍ਰੰਥਾਂ ਤੋਂ ਬੌਧ-ਮਤ ਵਿਚ ਆਇਆ ‘ਸ਼ਬਦਵਾਦ’ ਨਿਰਗੁਣਵਾਦੀ ਸੰਤਾਂ ਦੀ ਬਾਣੀ ਵਿਚ ਸ਼ਬਦ-ਯੋਗ ਅਥਵਾ ਸ਼ਬਦ-ਸੁਰਤਿ-ਯੋਗ ਵਿਚ ਇਕ ਨਵਾਂ ਰੂਪ ਧਾਰਦਾ ਪ੍ਰਤੀਤ ਹੁੰਦਾ ਹੈ। ਇਸ ਨੂੰ ਨਾਦ-ਯੋਗ ਜਾਂ ਅਨਹਦ-ਨਾਦ ਦੀ ਸਾਧਨਾ ਵੀ ਕਿਹਾ ਜਾ ਸਕਦਾ ਹੈ। ਨਾਦ ਅਤੇ ਬਿੰਦੂ , ਅਸਲ ਵਿਚ, ਸਾਰੇ ਬ੍ਰਹਮੰਡ ਵਿਚ ਵਿਆਪਤ ਅਨਾਹਤ-ਨਾਦ ਜਾਂ ਅਨਹਦ-ਨਾਦ ਦਾ ਵਿਅਕਤੀ ਵਿਚ ਵਿਅਕਤ ਰੂਪ ਹੈ। ਕਹਿਣ ਤੋਂ ਭਾਵ ਹੈ ਜੋ ਨਾਦ ਅਨਾਹਤ ਭਾਵ ਨਾਲ ਸਾਰੇ ਸੰਸਾਰ ਵਿਚ ਵਿਆਪਤ ਹੈ, ਉਸ ਦਾ ਪ੍ਰਕਾਸ਼ ਜਦ ਵਿਅਕਤੀ ਵਿਚ ਹੁੰਦਾ ਹੈ, ਉਸ ਨੂੰ ਨਾਦ ਅਤੇ ਬਿੰਦੂ ਕਿਹਾ ਜਾਂਦਾ ਹੈ। ਜੋ ਅਖੰਡ ਨਾਦ ਜਗਤ ਅਤੇ ਬ੍ਰਹਮੰਡ ਵਿਚ ਲਗਾਤਾਰ ਧੁਨਿਤ ਹੋ ਰਿਹਾ ਹੈ, ਉਸ ਨੂੰ ਬੱਧ ਜੀਵ ਜਾਂ ਸਾਧਕ ਸੁਣ ਨਹੀਂ ਸਕਦਾ। ਪਰ ਜਦੋਂ ਵਿਸ਼ੇਸ਼ ਕ੍ਰਿਆ ਦੁਆਰਾ ਸੁਖਮਨਾ ਮਾਰਗ ਖੁਲ੍ਹ ਜਾਂਦਾ ਹੈ ਤਾਂ ਕੁੰਡਲਿਨੀ ਜਾਗ ਜਾਂਦੀ ਹੈ, ਫਿਰ ਪ੍ਰਾਣੀ ਸਥਿਰ ਹੋ ਕੇ ਸ਼ੂਨੑਯ ਪਥ ਤੋਂ ਨਿਰੰਤਰ ਉਸ ਅਨਾਹਤ- ਧੁਨੀ ਜਾਂ ਅਨਹਦ-ਨਾਦ ਨੂੰ ਸੁਣਨ ਲਗਦਾ ਹੈ। ਇਹੀ ਨਾਦ ਉਪਾਧੀ-ਯੁਕਤ ਹੋਣ ਤੇ ਸੱਤ ਸੁਰਾਂ ਵਿਚ ਵੰਡਿਆ ਜਾਂਦਾ ਹੈ ਪਰ ਉਪਾਧੀ-ਰਹਿਤ ਅਵਸਥਾ ਵਿਚ ‘ਪ੍ਰਣਵ’ ਜਾਂ ‘ਓਅੰਕਾਰ ’ ਅਖਵਾਉਂਦਾ ਹੈ। ਇਹੀ ਸ਼ਬਦ ਹੈ। ਮੰਤ੍ਰਯਾਨ ਵਾਲਿਆਂ ਨੇ ਬੌਧ-ਧਰਮ ਦੇ ਵਿਚਾਰਾਂ/ਸਿੱਧਾਂਤਾਂ ਦੀ ਜਟਿਲਤਾ ਨੂੰ ਖ਼ਤਮ ਕਰਨ ਲਈ ਨਿੱਕੀਆਂ ਨਿੱਕੀਆਂ ਧਰਣੀਆਂ ਬਣਾ ਕੇ ਪ੍ਰਚਾਰ ਕੀਤਾ, ਪਰ ਤਾਂਤ੍ਰਿਕ ਪ੍ਰਭਾਵ ਕਾਰਣ ਇਹ ਧਰਣੀਆਂ ਅਰਥ -ਰਹਿਤ ਮੰਤ੍ਰਾਂ ਵਿਚ ਬਦਲ ਗਈਆਂ। ਫਿਰ ਮੰਤ੍ਰਾਂ ਦਾ ਘਣੀਭੂਤ ਰੂਪ ਅੱਖਰਾਂ ਵਿਚ ਬਦਲ ਗਿਆ ਅਤੇ ਬੀਜ-ਮੰਤ੍ਰ ਦੀ ਪਰੰਪਰਾ ਚਲੀ। ਪਰ ਇਸ ਪਰੰਪਰਾ ਦਾ ਵਿਕਾਸ ਮੱਧ- ਯੁਗ ਤਕ ਆ ਕੇ ਰੁਕ ਗਿਆ।
ਮੱਧ-ਯੁਗ ਦੇ ਸੰਤ-ਸਾਧਕਾਂ ਨੇ ਪਰੰਪਰਾਗਤ ਮੰਤ੍ਰ -ਸਾਧਨਾ, ਸ਼ਬਦ-ਸਾਧਨਾ ਨੂੰ ਇੰਨ-ਬਿੰਨ ਗ੍ਰਹਿਣ ਨ ਕਰਕੇ ਉਸ ਨੂੰ ਨਾਮ-ਸਾਧਨਾ ਵਿਚ ਰੂਪਾਂਤਰਿਤ ਕਰ ਦਿੱਤਾ। ਇਹ ਕਿਤੇ ਵੀ ਨਾਮ ਦੀ ਸਿੱਧਾਂਤਿਕ ਅਥਵਾ ਸ਼ਾਸਤ੍ਰੀ ਵਿਆਖਿਆ ਵਿਚ ਨਹੀਂ ਪਏ ਅਤੇ ਨ ਹੀ ਇਨ੍ਹਾਂ ਨੇ ਕ੍ਰਿਆ- ਯੋਗ ਜਾਂ ਤਾਂਤ੍ਰਿਕ ਸਾਧਨਾ ਦੀਆਂ ਮਾਨਤਾਵਾਂ ਨੂੰ ਸਵੀਕਾਰ ਕੀਤਾ ਹੈ। ਅਸਲ ਵਿਚ, ਸੰਤ-ਮਤ ਵਿਚ ਨਾਮ-ਸਾਧਨਾ ਮਨੋਵ੍ਰਿਤੀਆਂ ਨੂੰ ਈਸ਼ਵਰ ਵਲ ਮੋੜਨ ਦੀ ਪ੍ਰਕ੍ਰਿਆ ਹੈ। ਸਿੱਧਾਂ ਦੇ ਪੁਛਣ’ਤੇ ਕਿ ਸ਼ਬਦ ਦਾ ਨਿਵਾਸ ਕਿਥੇ ਹੈ ਜਿਸ ਦੁਆਰਾ ਸੰਸਾਰ ਤਰਿਆ ਜਾਂਦਾ ਹੈ ? ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਕਿ ਉਹ ਸ਼ਬਦ ਸਾਰਿਆਂ ਸਥਾਨਾਂ ਵਿਚ ਨਿਰੰਤਰ ਵਸ ਰਿਹਾ ਹੈ, ਅਲੱਖ ਅਤੇ ਸਰਬ-ਵਿਆਪਕ ਹੈ।
ਗੁਰਬਾਣੀ ਵਿਚ ਪਰੰਪਰਾਗਤ ਮੰਤ੍ਰ-ਯੋਗ ਅਤੇ ਲਯ-ਯੋਗ ਦੀ ਸਮਾਈ ਪ੍ਰਕਾਰਾਂਤਰ ਨਾਲ ਸ਼ਬਦ-ਸੁਰਤਿ- ਯੋਗ ਵਿਚ ਕੀਤੀ ਮਿਲਦੀ ਹੈ। ਸ਼ਬਦ-ਸੁਰਤਿ, ਸ਼ਬਦ ਵਿਚ ਜੁੜੀ ਹੋਈ ਬਿਰਤੀ ਹੈ। ਇਸ ਤੋਂ ਬਿਨਾ, ਗੁਰੂ ਨਾਨਕ ਦੇਵ ਜੀ ਅਨੁਸਾਰ, ਆਵਾਗਵਣ ਦਾ ਚੱਕਰ ਸਮਾਪਤ ਨਹੀਂ ਹੁੰਦਾ— ਸ਼ਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ। (ਗੁ.ਗ੍ਰੰ.1031)।
‘ਸ਼ਬਦ’ ਦੇ ਸਰੂਪ ਨੂੰ ਸਪੱਸ਼ਟ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ‘ਸਿਧ ਗੋਸਟਿ ’ ਵਿਚ ਕਿਹਾ ਹੈ ਕਿ ਸ਼ਬਦ ਨ ਕੇਵਲ ਬ੍ਰਹਮ ਦਾ ਹੀ ਵਾਚਕ ਹੈ, ਸਗੋਂ ਨਾਮ ਦਾ ਵੀ ਸੂਚਕ ਹੈ— ਸੁਰਤਿ ਸਬਦਿ ਭਵਸਾਗਰੁ ਤਰੀਐ ਨਾਨਕ ਨਾਮੁ ਵਖਾਣੇ। (ਗੁ.ਗ੍ਰੰ.938)। ਇਸ ਤਰ੍ਹਾਂ ਸ਼ਬਦ-ਸੁਰਤਿ-ਯੋਗ ਹੀ ਨਾਮ- ਸਾਧਨਾ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਯੋਗ ਤਾਂਤ੍ਰਿਕ ਬੌਧੀਆਂ ਦੀ ਮੰਤ੍ਰ-ਸਾਧਨਾ ਅਥਵਾ ਹਠ- ਯੌਗਿਕ ਕ੍ਰਿਆ ਦੀ ਲੋੜ ਤੋਂ ਸੁਤੰਤਰ ਹੈ। ਸਹਿਜ-ਸੁਭਾਵਿਕ ਢੰਗ ਨਾਲ ਸੁਰਤਿ ਸ਼ਬਦ ਜਾਂ ਨਾਮ ਵਿਚ ਟਿਕ ਜਾਂਦੀ ਹੈ। ਸ਼ਬਦ- ਸਾਧਨਾ ਦਾ ਨਿਬੇੜਾ ਨਾਮ ਵਿਚ ਕਰਦਿਆਂ ਗੁਰੂ ਜੀ ਨੇ ਪਰੰਪਰਾ ਤੋਂ ਹਟ ਕੇ ਸਪੱਸ਼ਟ ਕੀਤਾ ਹੈ— ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ। ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ। (ਗੁ.ਗ੍ਰੰ. 946)।
ਇਸ ਤਰ੍ਹਾਂ ਮੰਤ੍ਰਯਾਨ ਦੀ ਜਟਿਲਤਾ ਨੂੰ ਮੱਧ-ਯੁਗ ਵਿਚ ਜੋ ਅਸਵੀਕ੍ਰਿਤੀ ਪ੍ਰਾਪਤ ਹੋਈ ਸੀ, ਉਸ ਦੀ ਆਸਤਿਕ ਭਾਵਨਾ-ਸੰਯੁਕਤ ਪੂਰਤੀ ਸ਼ਬਦ-ਸੁਰਤਿ-ਯੋਗ ਨੇ ਯੁਗ ਦੀਆਂ ਪਰਿਸਥਿਤੀਆਂ ਦੇ ਸੰਦਰਭ ਵਿਚ ਕਰਕੇ ਧਰਮ ਸਾਧਨਾ ਦੇ ਇਤਿਹਾਸ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਸੀ। ਗੁਰੂ ਨਾਨਕ ਦੇਵ ਜੀ ਅਨੁਸਾਰ ਇਸ ਸ਼ਬਦ-ਸੁਰਤਿ- ਯੋਗ ਨੂੰ ਸ਼ਾਕਤ ਜਾਂ ਤਾਂਤ੍ਰਿਕ ਕਰਮਾਚਾਰ ਵਾਲੇ ਪ੍ਰਾਪਤ ਨਹੀਂ ਕਰ ਸਕਦੇ, ਫਲਸਰੂਪ ਉਹ ਆਵਾਗਵਣ ਦੇ ਚੱਕਰ ਵਿਚ ਪਏ ਰਹਿੰਦੇ ਹਨ— ਸਾਕਤ ਨਰਿ ਸਬਦ ਸੁਰਤਿ ਕਿਉ ਪਾਈਐ। ਸਬਦੁ ਸੁਰਤਿ ਬਿਨੁ ਆਈਐ ਜਾਈਐ। (ਗੁ.ਗ੍ਰੰ. 1042)। ਅਸਲ ਵਿਚ, ਇਹ ਯੋਗ ਆਪਣੀ ਪਰੰਪਰਾ ਤੋਂ ਹਟ ਕੇ ਸਾਤਵਿਕ ਰੂਪ ਵਿਚ ਸਾਹਮਣੇ ਆਇਆ ਹੈ, ਜੋ ਤਾਂਤ੍ਰਿਕਾਂ/ਸ਼ਾਕਤਾਂ ਦੀ ਪਕੜ ਅਥਵਾ ਪਹੁੰਚ ਤੋਂ ਬਾਹਰ ਦੀ ਗੱਲ ਹੈ।
‘ਸ਼ਬਦ-ਸੁਰਤਿ’ ਨੂੰ ਭੱਟਾਂ ਦੇ ਸਵੈਇਆਂ ਵਿਚ ਗੁਰਮਤਿ ਜਾਂ ਸਿੱਖ-ਧਰਮ-ਸਾਧਨਾ ਦਾ ਪ੍ਰਯਾਯਵਾਚੀ ਮੰਨਿਆ ਗਿਆ ਹੈ—ਨਾਨਕਿ ਨਾਮੁ ਨਿਰੰਜਨ ਜਾਨ੍ਹਉ ਕੀਨੀ ਭਗਤਿ ਪ੍ਰੇਮ ਲਿਵ ਲਾਈ। ਤਾਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ। (ਗੁ. ਗ੍ਰੰ.1406)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First