ਸ਼ਰਣਾਗਤਿ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸ਼ਰਣਾਗਤਿ: ਇਸ ਤੋਂ ਭਾਵ ਹੈ ਸ਼ਰਣ ਵਿਚ ਆਉਣ ਦੀ ਸਥਿਤੀ। ਇਸ ਦਾ ਸੰਬੰਧ ਆਤਮ-ਸਮਰਪਣ ਨਾਲ ਹੈ। ਪੁਸ਼ਟੀਮਾਰਗ ਵਾਲਿਆਂ ਨੇ ਇਸ ਨੂੰ ‘ਪ੍ਰਪੱਤਿ’ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਥਾਂ ਥਾਂ’ਤੇ ਆਤਮ-ਸਮਰਪਣ ਕਰਨ ਦੀ ਅਰਜ਼ੋਈ ਕੀਤੀ ਮਲਦੀ ਹੈ। ਬਾਣੀਕਾਰਾਂ ਨੇ ਪਰਮਾਤਮਾ ਦੀ ਭਗਤੀ ਲਈ , ਉਸ ਦੀ ਸ਼ਰਣ ਗ੍ਰਹਿਣ ਕਰਨ ਲਈ ਬਾਕੀ ਸਾਰੇ ਸੰਸਾਰਿਕ ਪ੍ਰਲੋਭਨ ਤੁਛ ਸਮਝੇ ਹਨ। ਸਚ ਤਾਂ ਇਹ ਹੈ ਕਿ ਮਨੁੱਖ ਦਾ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਹਾਰਾ, ਆਸਰਾ ਜਾਂ ਠੌਰ-ਠਿਕਾਣਾ ਵੀ ਨਹੀਂ ਹੈ। ਉਹ ਜਾਵੇ ਵੀ ਤਾਂ ਕਿਥੇ ? ਇਸ ਲਈ ਉਚਿਤ ਇਹੀ ਹੈ ਕਿ ਸਰਬ- ਸਮਰਥ ਅਗੇ ਆਤਮ-ਸਮਰਪਣ ਕਰ ਦਿੱਤਾ ਜਾਏ। ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਵਿਚ ਕਿਹਾ ਹੈ— ਚਾਰੇ ਕੁੰਡਾ ਢੂਢੀਆ ਕੋ ਨੀਮ੍ਹੀ ਮੈਡਾ ਜੋ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ ਦਰੁ ਬੀਭਾ ਮੈ ਨੀਮ੍ਹਿ ਕੋ ਕੈ ਕਰੀ ਸਲਾਮੁ ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ (ਗੁ. ਗ੍ਰੰ.418)।

            ਗੁਰੂ ਰਾਮਦਾਸ ਜੀ ਨੇ ਸੰਸਾਰ ਦੇ ਸਾਰੇ ਸਹਾਇਕ ਸਾਧਨਾਂ ਦੀ ਪਰਖ ਕਰਕੇ ਇਹ ਸਮਝ ਲਿਆ ਸੀ ਕਿ ਇਹ ਸਭ ਝੂਠੇ ਦਾਵੇ ਹਨ। ਸਹਾਰਾ ਤਾਂ ਕੇਵਲ ਪਰਮਾਤਮਾ ਦਾ ਹੀ ਲੈਣਾ ਉਚਿਤ ਹੈ। ਇਸ ਲਈ ਉਨ੍ਹਾਂ ਨੇ ਦ੍ਰਿੜ੍ਹ ਚਿੱਤ ਹੋ ਕੇ ਫ਼ੈਸਲਾ ਕੀਤਾ— ਅਬ ਹਮ ਚਲੀ ਠਾਕੁਰ ਪਹਿ ਹਾਰਿ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ਲੋਕਨ ਦੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ (ਗੁ.ਗ੍ਰੰ. 527-28)।

            ਗੁਰੂ ਤੇਗ ਬਹਾਦਰ ਜੀ ਨੇ ਵੀ ਅਜਿਹੀ ਭਾਵਨਾ ਨੂੰ ਪ੍ਰਗਟ ਕਰਦੇ ਹੋਇਆਂ ਕਿਹਾ ਹੈ — ਹਰਿ ਜੂ ਰਾਖਿ ਲੇਹੁ ਪਤਿ ਮੇਰੀ ... ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ਨਾਨਕ ਹਾਰਿ ਪਰਿਓ ਸਰਨਾਗਤਿ ਅਭੈਦਾਨੁ ਪ੍ਰਭੁ ਦੀਜੈ (ਗੁ.ਗ੍ਰੰ.703)। ਜਦੋਂ ਸਾਧਕ ‘ਸ਼ਰਣਾਗਤਿ’ ਅਵਸਥਾ ਵਿਚ ਪਹੁੰਚ ਜਾਂਦਾ ਹੈ ਤਾਂ ਉਹ ਹਰ ਪ੍ਰਕਾਰ ਦੇ ਭੈ , ਸੰਕਟ , ਕਸ਼ਟ ਆਦਿ ਤੋਂ ਮੁਕਤ ਹੋ ਜਾਂਦਾ ਹੈ। ਬਿਲਾਵਲ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਇਸ ਅਵਸਥਾ ਦਾ ਬੜਾ ਟਕਸਾਲੀ ਚਿਤ੍ਰਣ ਕੀਤਾ ਹੈ— ਤਾਤੀ ਵਾਉ ਲਗਈ ਪਾਰਬ੍ਰਹਮ ਸਰਣਾਈ ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਭਾਈ (ਗੁ.ਗ੍ਰੰ.819)।

            ਗੁਰੂ ਗ੍ਰੰਥ ਸਾਹਿਬ ਵਿਚ ਵਰਣਿਤ ਸ਼ਰਣਾਗਤਿ ਦੀ ਭਾਵਨਾ ਦੇ ਦੋ ਪੱਖ ਵਿਸ਼ੇਸ਼ ਰੂਪ ਵਿਚ ਉਘੜਦੇ ਹਨ। ਇਕ ਹੈ ਪ੍ਰਤਿਪਾਲਕ ਸ਼ਕਤੀ ਵਾਲਾ। ਦੂਜਾ ਹੈ ਪ੍ਰਭੂ-ਪ੍ਰਾਪਤੀ ਦੇ ਸਾਧਨ ਵਾਲਾ। ਜਦੋਂ ਮਨੁੱਖ ਆਸ਼ਾ-ਨਿਰਾਸ਼ ਦੀ ਪਕੜ ਵਿਚ ਆ ਜਾਂਦਾ ਹੈ, ਤਾਂ ਖਲਾਸੀ ਲਈ ਪ੍ਰਭੂ-ਸ਼ਰਣ ਨੂੰ ਭਾਲਦਾ ਹੈ। ਇਸ ਲਈ ਵਿਵੇਕਸ਼ੀਲਤਾ ਦਾ ਪੱਲਾ ਛਡਣਾ ਨਹੀਂ ਚਾਹੀਦਾ, ਨਹੀਂ ਤਾਂ ਅਭਾਵ ਦੀ ਸਥਿਤੀ ਬਣੀ ਰਹਿੰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸ਼ਰਣਾਗਤਿ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ਰਣਾਗਤਿ: ਸੰਸਕ੍ਰਿਤ ਮੂਲ ਦੇ ‘ਸ਼ਰਣਾਗਤਿ’ ਸ਼ਬਦ ਦਾ ਸ਼ਾਬਦਿਕ ਅਰਥ ਹੈ ਆਤਮ ਸਮਰਪਣ ਦੀ ਸਥਿਤੀ। ਧਾਰਮਿਕ ਗ੍ਰੰਥਾਂ ਵਿਚ ਇਸ ਸ਼ਬਦ ਦਾ ਪ੍ਰਯੋਗ ਬਹੁਤ ਵਾਰੀ ਹੋਇਆ ਹੈ, ਕਿਉਂਕਿ ਹਰ ਧਰਮ ਵਿਚ ਰੱਬ ਨੂੰ ਸਾਰੇ ਜਗਤ ਦਾ ਆਸਰਾ ਮੰਨਿਆ ਜਾਦਾ ਹੈ। ਮਨੁੱਖ ਜਦ ਸੰਸਾਰ ਵਿਚ ਆਉਂਦਾ ਹੈ ਤਾਂ ਉਸ ਨੂੰ ਕਈ ਵਾਰ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਨੁੱਖ ਦੀ ਸ਼ਕਤੀ ਸੀਮਿਤ ਹੈ। ਉਹ ਰਸਤੇ ਵਿਚ ਆਈਆਂ ਰੁਕਾਵਟਾਂ ਨਾਲ ਜਦੋਂ ਜੂਝ ਜੂਝ ਕੇ ਥਕ ਜਾਂਦਾ ਹੈ, ਜਦੋਂ ਉਸ ਨੂੰ ਕਿਸੇ ਪ੍ਰਕਾਰ ਦੇ ਛੁਟਕਾਰੇ ਦੀ ਆਸ ਨਹੀਂ ਰਹਿੰਦੀ ਤਾਂ ਉਹ ਪਰਮਸੱਤਾ ਅੱਗੇ ਪ੍ਰਾਰਥਨਾਸ਼ੀਲ ਹੁੰਦਾ ਹੈ। ਉਸ ਵੇਲੇ ਉਹ ਆਪਣੇ ਆਪ ਨੂੰ ਕਿਸੇ ਕੰਮ ਲਈ ਵੀ ਅਸਮਰਥ ਸਮਝ ਕੇ ਆਪਣਾ ਆਪਾ ਪਰਮਾਤਮਾ ਅੱਗੇ ਸਮਰਪਣ ਕਰ ਦਿੰਦਾ ਹੈ, ਤਾਂ ਇਹੀ ਆਤਮ–ਸਮਰਪਣ ਦੀ ਭਾਵਨਾ ਸ਼ਰਣਾਗਤਿ ਹੈ। ਪ੍ਰਭੂ ਸੰਕਟ ਮੋਚਨ ਹੈ, ਸ਼ਰਣਾਗਤਿ ਦੇ ਦੁੱਖਾਂ ਨੂੰ ਹਰ ਲੈਂਦਾ ਹੈ ਅਤੇ ਉਸ ਨੂੰ ਅਧਿਆਤਮਿਕ ਉੱਨਤੀ ਦਾ ਲਾਭ ਪ੍ਰਾਪਤ ਕਰਾਂਦਾ ਹੈ।

          ਸ਼ਰਣਾਗਤਿ ਦੀ ਭਾਵਨਾ ਲਈ ਦਰਸ਼ਨ ਦੀ ਭਾਸ਼ਾ ਵਿਚ ‘ਪ੍ਰਪਤਿ’ ਸ਼ਬਦ ਵਰਤਿਆ ਗਿਆ ਹੈ, ਪ੍ਰਪਤਿ ਭਗਤੀ ਦਾ ਸਿਖਰ ਹੈ। ਇਸ ਸੰਬੰਧ ਵਿਚ ਵਿਸ਼ਿਸ਼ਟ ਅਦ੍ਵੈਤਵਾਦੀਆਂ ਦੇ ਦੋ ਮੱਤ ਪ੍ਰਚੱਲਿਤ ਹਨ। ਇਕ ਮੱਤ ਲੋਕ–ਆਚਾਰਯ ਦਾ ਹੈ, ਉਸ ਦੀ ਧਾਰਣਾ ਹੈ ਕਿ ਸ਼ਰਣਾਗਤਿ ਅਵਸਥਾ ਵਿਚ ਕਰਮ ਕਰਨ ਦੀ ਲੋੜ ਨਹੀਂ, ਇਸ ਨੂੰ ‘ਟੇਂਕਲਈ’ ਮੱਤ ਕਹਿੰਦੇ ਹਨ। ਇਸ ਦੇ ਪ੍ਰਮਾਣ ਲਈ ਬਿੱਲੀ ਦੇ ਬੱਚੇ ਦੀ ਮਿਸਾਲ ਦਿੰਦੇ ਹਨ। ਉਹ ਬੱਚਾ ਸਦਾ ਕਰਮਹੀਨ ਰਹਿੰਦਾ ਹੈ ਅਤੇ ਮਾਂ ਹੀ ਉਸ ਨੂੰ ਮੂੰਹ ਵਿਚ ਚੁਕ ਕੇ ਹਰ ਪਾਸੇ ਲੈ ਜਾਂਦੀ ਹੈ। ਦੂਜਾ ਮੱਤ ਆਚਾਰਯ ਵੇਦਾਂਤ ਦੇਸ਼ਕ ਦਾ ਹੈ। ਇਸ ਨੂੰ ‘ਬੜਕਲੇ’ ਮੱਤ ਆਖਦੇ ਹਨ। ਇਸ ਅਨੁਸਾਰ ਸ਼ਰਣਾਗਤਿ ਦੀ ਅਵਸਥਾ ਵਿਚ ਵੀ ਭਗਤ ਨੂੰ ਕਰਮਸ਼ੀਲ ਰਹਿਣਾ ਚਾਹੀਦਾ ਹੈ, ਇਸ ਲਈ ਬਾਂਦਰੀ ਦੇ ਬੱਚੇ ਦੀ ਕਰਮਸ਼ੀਲਤਾ ਦੀ ਮਿਸਾਲ ਦਿੱਤੀ ਜਾਂਦੀ ਹੈ। ਜਿਵੇਂ ਬਾਂਦਰੀ ਦਾ ਬੱਚਾ ਯਤਨ ਕਰਕੇ ਮਾਂ ਨੂੰ ਚੰਬੜਦਾ ਹੈ, ਉਸੇ ਤਰ੍ਹਾਂ ‘ਭਗਤ’ ਨੂੰ ਕਰਮਸ਼ੀਲ ਹੋ ਕੇ ਪ੍ਰਾਪਤੀ ਕਰਨੀ ਚਾਹੀਦੀ ਹੈ। ਮੱਧਯੁਗ ਦੇ ਭਗਤਾਂ ਵਿਚ ਇਹ ਦੋਵੇਂ ਧਾਰਣਾਵਾਂ ਕਿਸੇ ਨਾ ਕਿਸੇ ਰੂਪ ਵਿਚ ਪ੍ਰਚੱਲਿਤ ਰਹੀਆਂ ਹਨ। ਸਿੱਖ ਸਾਧਨਾ/ਭਗਤੀ ਮੁੱਖ ਤੌਰ ਤੇ ਦੂਜੀ ਧਾਰਣਾ ਵਾਲੀ ਹੈ।

          ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ‘ਸ਼ਰਣਾਗਤਿ’ ਸ਼ਬਦ ਦਾ ਵੱਖ ਵੱਖ ਰੂਪਾਂ ਵਿਚ ਅਨੇਕਾਂ ਥਾਈਂ ਵਰਣਨ ਆਇਆ ਹੈ। ਇਕ ਪਾਸੇ ਸਿਰਜਣਹਾਰ ਪ੍ਰਭੂ ਦੀ ਪ੍ਰਤਿਪਾਲਕ ਸ਼ਕਤੀ ਦਾ ਸ਼ਰਣਾਗਤਿ ਸ਼ਬਦ ਨਾਲ ਅਟੁੱਟ ਸੰਬੰਧ ਹੈ ਅਤੇ ਦੂਸਰੇ ਪਾਸੇ ਪ੍ਰਭੂ ਦੀ ਭਾਵਨਾ ਵੀ ਇਸ ਨਾਲ ਸੰਯੁਕਤ ਹੈ। ਅਗਿਆਨ ਵਸ ਜਦੋਂ ਮਨੁੱਖੀ ਜੀਵ ਦੁਖਾਂ ਤੇ ਸੁਖਾਂ ਦੇ ਅਨੁਭਵ ਨਾਲ ਨਿਰਾਸ਼ਾ ਤੇ ਆਸ਼ਾ ਦੀ ਲਪੇਟ ਵਿਚ ਆਉਂਦਾ ਹੈ, ਤਾਂ ਵਲਵਲੇ ਅਧੀਨ ਉਹ ਪ੍ਰਭੂ ਦੀ ਸ਼ਰਣ ਪ੍ਰਾਪਤੀ ਲਈ ਦੌੜਦਾ ਹੈ, ਅਤੇ ਕਦੀ ਉਸ ਨੂੰ ਵਿਸਾਰ ਦਿੰਦਾ ਹੈ, ਪਰ ਸ਼ਰਣਾਗਤਿ ਹੋਣ ਲਈ ਸਥਿਰ ਬੁੱਧੀ ਤੇ ਵਿਵੇਕਸ਼ੀਲ ਹੋਣ ਦੀ ਲੋੜ ਹੈ।

          ਸ੍ਰੀ ਕ੍ਰਿਸ਼ਨ ਜੀ ਨੇ ਸ਼ਰਣ ਪ੍ਰਾਪਤੀ ਉਤੇ ਹੀ ‘ਗੀਤਾ’ ਦੀ ਸਮਾਪਤੀ ਕੀਤੀ ਹੈ ‘ਮਾਮੇਕੰ ਸ਼ਰਣੰ ਤੑਜ’। ਗੀਤਾ ਦਾ ਉਪਦੇਸ਼ਾਂ ਤੋਂ ਬਾਅਦ ਅੰਤ ਵਿਚ ਕਿਹਾ ਹੈ ‘ਮੇਰੀ ਸ਼ਰਣ ਆਓ’। ਇਸੇ ਤਰ੍ਹਾਂ ਬਿਲਾਵਲ ਮਹਲਾ 5 (ਪੰਨਾ 819)–‘ਤਾਤੀ ਵਾਉ ਨਾ ਲਾਗਈ ਪਾਰਬ੍ਰਹਮ ਸਰਣਾਈ’ ਵਾਲੇ ਸ਼ਬਦ ਤੋਂ ਇਹ ਸਿਖਿਆ ਮਿਲਦੀ ਹੈ ਕਿ ਜੋ ਪ੍ਰਭੂ ਦੀ ਸ਼ਰਣ ਜਾਂ ਆਸਰੇ ਵਿਚ ਆਉਂਦੇ ਹਨ, ਉਨ੍ਹਾਂ ਨੂੰ ਤੱਤੀ ਹਵਾ ਨਹੀਂ ਲਗਦੀ, ਭਾਵ ਕਿ ਦੁਖ ਉਨ੍ਹਾਂ ਦੇ ਨੇੜੇ ਨਹੀਂ ਪਹੁੰਚ ਸਕਦਾ। ਕਿਉਂਕਿ “ਜੋ ਸਰਣਿ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ” (ਬਿਹਾਗੜ ਛੰਤ ਮ. 5, ਪੰਨਾ 599) ਜੋ ਪਰਮਾਤਮਾ ਦੀ ਸ਼ਰਣ ਵਿਚ ਆ ਜਾਂਦੇ ਹਨ ਉਨ੍ਹਾਂ ਨੂੰ ਉਹ ਗਲੇ ਨਾਲ ਲਾਉਂਦਾ ਹੈ। ਪ੍ਰਭੁ ਦੀ ਪ੍ਰਕ੍ਰਿਤੀ ਹੀ ਆਜਿਹੀ ਬਣੀ ਹੈ, ਉਸ ਨੇ ਸ਼ਰਣ ਆਇਆਂ ਦੀ ਪਾਲਣਾ ਕਰਨੀ ਹੈ, ਉਨ੍ਹਾਂ ਦੀ ਪੱਤ ਰੱਖਣੀ ਹੈ। “ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ, ਜਾਇ ਪੂਛਹੁ ਵੇਦ ਪੁਰਾਣੀ ਹੈ!” (ਮਾਰੂ ਮ. 4, ਪੰਨਾ 1070)। ਰਹਿਰਾਸ ਦੇ ਪਾਠ ਸਮੇਂ (ਆਸਾ ਮਹਲ਼ਾ 4) ‘ਸੋ ਪੁਰਖ’ ਸ਼ਬਦ ਵਿਚ ਪ੍ਰਭੂ ਦੇ ਭਗਤ ਇਨ੍ਹਾਂ ਪੰਕਤੀਆਂ ਦਾ ਪਾਠ ਕਰਦੇ ਹਨ :

                   ਕਹੁ ਨਾਨਕ ਹਮ ਨੀਚ ਕਰੰਮਾ।

                   ਸਰਣਿ ਪਰੈ ਕੀ ਰਾਖਹੁ ਸਰਮਾ।

          ਵਾਰ ਸੂਹੀ, ਮ. 3 ਦੀ ਵੀਹਵੀਂ ਪਉੜੀ (ਪੰਨਾ 792) ਦੇ ਵਿਸ਼ਲੇਸ਼ਣ ਤੋਂ ਇਹ ਭਾਵ ਸਪਸ਼ਟ ਹੁੰਦਾ ਹੈ ਕਿ ਪ੍ਰਭੂ ਆਪਣੇ  ਭਗਤਾਂ ਨੂੰ ਆਪਣੇ ਨਾਲ ਮਿਲਾ ਲਵੇ ਤਾਂ ਉਸ ਦੀ ਮਿਹਰ ਹੈ। ਉਸ ਤੋਂ ਬਿਨਾ ਸਾਡਾ ਹੋਰ ਕੋਈ ਮਿੱਤਰ ਨਹੀਂ, ਅਖੀਰ ਉਸੇ ਪ੍ਰਭੂ ਦੀ ਮਿੱਤਰਤਾ ਕੰਮ ਆਉਣੀ ਹੈ। ਛੁਟਕਾਰਾ ਉਸੇ ਨੂੰ ਪ੍ਰਾਪਤ ਹੋ ਸਕਦਾ ਹੈ ਜੋ ਪਰਮਾਤਮਾ ਦੀ ਸ਼ਰਣ ਵਿਚ ਹੈ :

                   ਮੈ ਤੁਝ ਬਿਨ ਬੇਲੀ ਕੋ ਨਹੀਂ ਤੂ ਅੰਤ ਸਖਾਈ।

                   ਜੋ ਤੇਰੀ ਸਰਨਾਗਤੀ ਤਿਨ ਲੈਹਿ ਛਡਾਈ।

          ਜਰਮਨੀ ਦੇ ਪ੍ਰਸਿੱਧ ਵਿਚਾਰਵਾਨ ਗੇਟੇ ਦਾ ਕਥਨ ਹੈ “ਜੀਵ ਆਪਣੇ ਆਪ ਨੂੰ ਕੇਵਲ ਸੋਚਣ ਨਾਲ ਨਹੀਂ, ਸਗੋਂ ਕਰਨੀ ਨਾਲ ਜਾਣ ਸਕਦਾ ਹੈ।” “ਜੋ ਵਿਅਕਤੀ ਆਪਣੀਆਂ ਚਿੱਤ–ਬਿਰਤੀਆਂ ਨੂੰ ਜੋੜ ਕੇ ਸੱਚੇ ਦਿਲੋਂ ਸ਼ਰਣਾਗਤਿ ਹੋਣ ਲਈ ਪ੍ਰਾਰਥਨਾ ਕਰਦਾ ਹੈ, ਉਹੀ ਉਸ ਦੀ ਕਿਰਪਾ ਦਾ ਪਾਤਰ ਬਣਦਾ ਹੈ।

[ਸਹਾ. ਗ੍ਰੰਥ––ਡਾ. ਤਾਰਨ ਸਿੰਘ : ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਿਤਿਕ ਇਤਿਹਾਸ’; ਭਾਈ ਮੋਹਨ ਸਿੰਘ ਵੈਦ : ‘ਸ਼ਰਨਾਗਤ ਹੋਣ ਦੇ ਲੱਛਣ’ ; ਡਾ. ਰਤਨ ਸਿੰਘ ਜੱਗੀ : ‘ਗੁਰੂ ਨਾਨਕ ਦੀ ਵਿਚਾਰਧਾਰਾ’; ਮ.   ਕੋ.]


ਲੇਖਕ : ਡਾ. ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.