ਸ਼ਰਾਧ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸ਼ਰਾਧ: ਹਿੰਦੂ ਧਰਮ ਵਿਚ ਮ੍ਰਿਤ ਪਿਤਰਾਂ ਪ੍ਰਤਿ ਸ਼ਰਧਾ ਦੀ ਭਾਵਨਾ ਵਿਅਕਤ ਕਰਨ ਦੀ ਇਹ ਇਕ ਸਮਾਜਿਕ ਪ੍ਰਥਾ ਹੈ। ਸ਼ਰਧਾ ਪੂਰਵਕ ਸ਼ਾਸਤ੍ਰੀ ਵਿਧੀ ਨਾਲ ਪਿਤਰਾਂ ਦੀ ਤ੍ਰਿਪਤੀ ਲਈ ਕੀਤਾ ਗਿਆ ਧਾਰਮਿਕ ਕ੍ਰਿਤ ਹੀ ‘ਸ਼ਰਾਧ’ (ਸ਼੍ਰਾਧ) ਅਖਵਾਉਂਦਾ ਹੈ। ਪੁਰਾਤਨ ਗ੍ਰੰਥਾਂ ਵਿਚ ਇਸ ਦੇ ਕਈ ਭੇਦ ਮੰਨੇ ਗਏ ਹਨ। ਮਨੁ ਅਨੁਸਾਰ ਇਹ ਪੰਜ ਪ੍ਰਕਾਰ ਦੇ ਹਨ— ਨਿਤੑਯ, ਨੈਮਿਤਿਕ, ਕਾਮੑਯ, ਪਾਰਵਣ ਅਤੇ ਵ੍ਰਿੱਧੀ। ਵਿਸ਼ਵਾਮਿਤਰ ਨੇ ‘ਨਿਤੑਯ ਸ਼੍ਰਾਧ ’ ਦੇ ਕਈ ਹੋਰ ਰੂਪ ਦਸ ਕੇ ਇਨ੍ਹਾਂ ਦੀ ਗਿਣਤੀ ਬਾਰ੍ਹਾਂ ਕੀਤੀ ਹੈ।
ਭਾਈ ਕਾਨ੍ਹ ਸਿੰਘ ਨੇ ਸ਼ਰਾਧ ਦੇ ਚਾਰ ਭੇਦ ਦਸੇ ਹਨ— ਨਿਤੑਯ, ਪਾਰਵਣ, ਕੑਸ਼ਯਾਹ ਅਤੇ ਮਹਾਲਯ। ‘ਨਿਤੑਯ ਸ਼੍ਰਾਧ’ ਤੋਂ ਭਾਵ ਹੈ ਨਿੱਤ ਦੇਵਤਾ/ਪਿਤਰਾਂ ਨੂੰ ਜਲ ਆਦਿ ਦੇਣਾ। ‘ਪਾਰਵਣ-ਸ਼੍ਰਾਧ’ ਉਹ ਹੈ ਜੋ ਅਮਾਵਸ ਆਦਿ ਪਰਵਾਂ ਉਤੇ ਕੀਤਾ ਜਾਂਦਾ ਹੈ। ਮੋਏ ਹੋਏ ਪਿਤਰਾਂ ਦੇ ਦੇਹਾਂਤ ਵਾਲੇ ਦਿਨਾਂ ਨੂੰ ਕੀਤਾ ਜਾਣ ਵਾਲਾ ਸ਼ਰਾਧ ‘ਕੑਸ਼ਯਾਹ ਸ਼੍ਰਾਧ’ ਅਖਵਾਉਂਦਾ ਹੈ ਅਤੇ, ‘ਮਹਾਲਯ ਸ਼੍ਰਾਧ’ ਉਹ ਹੈ ਜੋ ਅਸੂ ਮਹੀਨੇ ਦੇ ਪਹਿਲੇ ਪੱਖ ਵਿਚ ਕੀਤਾ ਜਾਂਦਾ ਹੈ।
ਸ਼ਰਾਧ ਨੂੰ ਕੇਵਲ ਤਿੰਨ ਪੀੜ੍ਹੀਆਂ ਤਕ ਸੀਮਿਤ ਰਖਿਆ ਜਾਂਦਾ ਹੈ— ਪਿਤਾ , ਦਾਦਾ ਅਤੇ ਪੜਦਾਦਾ। ਨਾਨਕੇ ਪੱਖ ਦੇ ਤਿੰਨ ਬਜ਼ੁਰਗਾਂ— ਨਾਨੇ, ਪੜਨਾਨੇ ਅਤੇ ਲਕੜਨਾਨੇ— ਦਾ ਸ਼ਰਾਧ ਕਰਨ ਦੀ ਵੀ ਕਿਤੇ ਕਿਤੇ ਪਰੰਪਰਾ ਹੈ। ਸ਼ਰਾਧ ਕੇਵਲ ਮਰਦ ਬਜ਼ੁਰਗਾਂ ਦਾ ਹੀ ਕੀਤਾ ਜਾਂਦਾ ਹੈ। ਮ੍ਰਿਤ ਇਸਤਰੀਆਂ ਬਾਰੇ ਸ਼ਰਾਧ ਕਰਨ ਦੀ ਪ੍ਰਥਾ ਨਹੀਂ ਹੈ।
ਆਮ ਤੌਰ ’ਤੇ ਸ਼ਰਾਧ ਤੋਂ ਭਾਵ ਅਸੂ ਦੇ ਮਹੀਨੇ ਵਿਚ ਪਿਤਰਾਂ ਦੇ ਨਿਮਿਤ ਦਿੱਤੇ ਗਏ ਦਾਨ , ਭੋਜਨ ਆਦਿ ਲਿਆ ਜਾਂਦਾ ਹੈ ਜਿਸ ਪਿਛੇ ਮਨੋਰਥ ਇਹ ਰਹਿੰਦਾ ਹੈ ਕਿ ਇਸ ਪ੍ਰਕਾਰ ਦਿੱਤੇ ਗਏ ਪਦਾਰਥ ਪਿਤਰਾਂ ਨੂੰ ਸਵਰਗ ਵਿਚ ਪ੍ਰਾਪਤ ਹੋ ਜਾਂਦੇ ਹਨ। ਮੂਲ ਰੂਪ ਵਿਚ ਦਾਨ ਆਦਿ ਆਪਣੀ ਔਕਾਤ ਅਨੁਸਾਰ ਪਿੱਤਰ-ਸ਼ਰਧਾ ਅਤੇ ਮਾਨਸਿਕ ਸ਼ੁੱਧੀ ਲਈ ਕੀਤਾ ਜਾਂਦਾ ਸੀ ਪਰ ਪੌਰਾਣਿਕ ਯੁਗ ਵਿਚ ਪੁਰੋਹਿਤਾਂ, ਪੰਡਿਆਂ ਆਦਿ ਨੇ ਆਪਣੇ ਆਰਥਿਕ ਹਿਤ ਲਈ ਸ਼ਰਾਧ ਨਾਲ ਕਈ ਪ੍ਰਕਾਰ ਦੇ ਮਹਾਤਮ ਕਲਪਿਤ ਕਰਕੇ ਧਰਮ ਤੋਂ ਡਰਨ ਵਾਲੇ ਵਿਅਕਤੀਆਂ ਦੀ ਸ਼ਰਧਾ ਦਾ ਅਨੁਚਿਤ ਲਾਭ ਉਠਾਇਆ ਹੈ।
ਗੁਰੂ ਨਾਨਕ ਦੇਵ ਜੀ ਇਸ ਪ੍ਰਕਾਰ ਦੇ ਕਰਮ ਜਾਂ ਪ੍ਰਥਾ ਦੇ ਵਿਰੋਧੀ ਸਨ। ਉਨ੍ਹਾਂ ਦੀ ਧਾਰਣਾ ਸੀ ਕਿ ਅਗਲੇ ਜੀਵਨ (ਪਰਲੋਕ) ਵਿਚ ਉਹੀ ਕੁਝ ਪ੍ਰਾਪਤ ਹੁੰਦਾ ਹੈ ਜੋ ਸ਼ਰੀਰਿਕ ਘਾਲਣਾ ਨਾਲ ਇਸ ਸੰਸਾਰ ਵਿਚ ਅਰਜਿਤ ਕੀਤਾ ਜਾਂਦਾ ਹੈ। ਜੋ ਚੋਰੀ ਕਰਕੇ ਜਾਂ ਕਿਸੇ ਹੋਰ ਘਟੀਆ ਢੰਗ ਨਾਲ ਕਮਾਇਆ ਹੋਇਆ ਧਨ ਪਿੱਤਰਾਂ ਨਿਮਿਤ ਦਾਨ ਦੇ ਰੂਪ ਵਿਚ ਦੇ ਦਿੱਤਾ ਗਿਆ ਤਾਂ ਪਰਮਾਤਮਾ ਦੀ ਹਜ਼ੂਰੀ ਵਿਚ, ਵਾਸਤਵਿਕਤਾ ਦਾ ਗਿਆਨ ਹੋ ਜਾਣ’ਤੇ, ਨਿਰਦੋਸ਼ ਪਿੱਤਰਾਂ ਨੂੰ ਵਿਅਰਥ ਵਿਚ ਚੋਰ ਘੋਸ਼ਿਤ ਕੀਤਾ ਜਾਵੇਗਾ ਅਤੇ ਪੁਰੋਹਿਤਾਂ ਰੂਪੀ ਦਲਾਲਾਂ ਦੇ ਹੱਥ , ਇਸ ਅਪਰਾਧ ਕਾਰਣ ਕਟੇ ਜਾਣਗੇ — ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ। ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ। ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ। ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਹਿ। (ਗੁ.ਗ੍ਰੰ.472)। ਸੰਤ ਕਬੀਰ ਜੀ ਨੇ ਵੀ ਇਸ ਪ੍ਰਥਾ ਉਪਰ ਕਟਾਖ ਕਰਦਿਆਂ ਕਿਹਾ ਹੈ ਕਿ ਜੀਉਂਦਿਆਂ ਤਾਂ ਬਜ਼ੁਰਗਾਂ (ਪਿੱਤਰਾਂ) ਦਾ ਕੋਈ ਸਤਿਕਾਰ ਜਾਂ ਸੇਵਾ ਨਹੀਂ ਕਰਦਾ , ਫਿਰ ਮਰਿਆਂ ਹੋਇਆਂ ਦਾ ਸ਼ਰਾਧ ਕਰਨ ਦਾ ਕੀ ਪ੍ਰਯੋਜਨ ਹੈ— ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ। ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ। (ਗੁ.ਗ੍ਰੰ.332)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4793, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸ਼ਰਾਧ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸ਼ਰਾਧ : ਇਹ ਭਾਰਤ ਦਾ ਇਕ ਬਹੁਤ ਪੁਰਾਣਾ ਧਾਰਮਕ ਕਰਮ ਹੈ ਜੋ ਵੇਦਾਂ ਦੇ ਸਮੇਂ ਤੋਂ ਲੈਕੇ ਅਜ ਤੱਕ ਕਿਸੇ ਨਾ ਕਿਸੇ ਰੂਪ ਵਿਚ ਸਾਡੇ ਸਮਾਜ ਵਿਚ ਪ੍ਰਚਲਤ ਹੈ। ਇਹ ਪਿਤਰੀ ਯੱਗ ਵਡੇਰਿਆਂ ਦੀਆਂ ਰੂਹਾਂ ਦੀ ਯਾਦ ਵਿਚ, ਉਨ੍ਹਾਂ ਦੀ ਤ੍ਰਿਪਤੀ ਲਈ ਸ਼ਰਧਾ ਨਾਲ ਕੀਤੇ ਜਾਂਦੇ ਹਨ। ਅਜੋਕੇ ਸਮੇਂ ਵਿਚ ਸ਼ਰਾਧ ਮੁਖ ਰੂਪ ਵਿਚ ਧਾਰਮਕ ਕਰਮ ਦਾ ਨਾਂ ਹੈ, ਜੋ ਸਨਾਤਨੀ ਹਿੰਦੂ ਅੱਸੂ ਮਹੀਨੇ ਦੇ ਹਨੇਰੇ ਪੱਖ (ਕ੍ਰਿਸ਼ਨ ਪੱਖ) ਵਿਚ ਪਿਤਰਾਂ ਦੀਆਂ ਤਿੱਥਾਂ ਤੇ ਉਨ੍ਵਾਂ ਨਮਿਤ ਬ੍ਰਾਹਮਣ ਨੂੰ ਖਾਣਾ ਖੁਆ ਕੇ ਪੂਰਾ ਕਰਦੇ ਹਨ।
ਮਹਾਨ ਕੋਸ਼ ਕ੍ਰਿਤ ਕਾਨ੍ਹ ਸਿੰਘ ਜੀ ਅਨੁਸਾਰ ਸ਼ਰਾਧ ਦੀਆਂ ਚਾਰ ਕਿਸਮਾਂ ਹਨ :––
1. ਨਿਤਯ ਸ਼ਰਾਧ––ਇਹ ਸ਼ਰਾਧ ਰੋਜ਼ਾਨਾ ਕੀਤਾ ਜਾਂਦਾ ਹੈ ਅਤੇ ਇਸ ਅਨੁਸਾਰ ਨਿਤ ਹੀ ਦੇਵਤਾ ਪਿਤਰਾਂ ਨੂੰ ਜਲ ਆਦਿ ਦਿੱਤਾ ਜਾਂਦਾ ਹੈ।
2. ਪਾਰਵਣ ਸ਼ਰਾਧ––ਇਹ ਸ਼ਰਾਧ ਅਮਾਵਸ ਆਦਿ ਪਰਵਾਂ ਤੇ ਕੀਤਾ ਜਾਂਦਾ ਹੈ।
3. ਕਸ਼ਯਾਹ ਸ਼ਰਾਧ––ਇਹ ਸ਼ਰਾਧ ਮੋਏ ਪਿਤਰ ਦੀ ਮੌਤ ਵਾਲੇ ਦਿਨ ਕੀਤਾ ਜਾਂਦਾ ਹੈ।
4. ਮਹਾਲਯ ਸ਼ਰਾਧ––ਇਹ ਸ਼ਰਾਧ ਅੱਸੂ ਮਹੀਨੇ ਦੇ ਪਹਿਲੇ ਪੱਖ (ਸ਼ੁਕਲ ਪੱਖ) ਵਿਚ ਕੀਤਾ ਜਾਂਦਾ ਹੈ।
ਸ਼ਰਾਧ ਵਿਚ ਵੱਡਿਆਂ ਵਡੇਰਿਆਂ ਦੇ ਨਾਂ ਜੌਂ ਅਤੇ ਚਾਵਲ ਦੇ ਆਟੇ ਦੀਆਂ ਕੱਚੀਆਂ ਪਿੰਨੀਆਂ ਬਣਾ ਕੇ ਪਿੰਡ ਦਾਨ ਕੀਤਾ ਜਾਂਦਾ ਹੈ। ਤਿਲ, ਚਾਵਲ ਅਤੇ ਜੌਂ ਪਾਣੀ ਵਿਚ ਪਾਕੇ ਉਨ੍ਹਾਂ ਦੇ ਨਾਂ ਦੀਆਂ ਚੁਲੀਆਂ ਛੱਡੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ‘ਤਰਪਣ’ ਕਿਹਾ ਜਾਂਦਾ ਹੈ। ਪਿਤਰਾਂ ਦੇ ਨਾਂ ਆਹੂਤੀਆਂ ਪਾਕੇ ਯੱਗ ਕੀਤਾ ਜਾਂਦਾ ਹੈ ਅਤੇ ਅੰਤ ਵਿਚ ਕਿਸੇ ਬ੍ਰਾਹਮਣ ਨੂੰ ਉਨ੍ਹਾਂ ਦੇ ਨਾਂ ਖਾਣਾ ਖੁਆਇਆ ਜਾਂਦਾ ਹੈ।
ਹਰਦੱਤ ਅਨੁਸਾਰ 1. ਨਿਤਯ-ਸ਼ਰਾਧ ਹੈ ਉਹ ਸ਼ਰਾਧ ਹੈ, ਜੋ ਸਾਰੇ ਸਾਲ ਵਿਚ ਹਰ ਰੋਜ਼ ਕੀਤਾ ਜਾਂਦਾ ਹੈ। ਬ੍ਰਾਹਮਣ ਨੂੰ ਭੋਜਨ ਛਕਾਉਣਾ ਇਸ ਸ਼ਰਾਧ ਦਾ ਮੁੱਖ ਹਿੱਸਾ ਹੈ। ਨਿਤਯ-ਸ਼ਰਾਧ ਪਿੰਡੋਂ ਬਾਹਰ ਪਵਿੱਤਰ ਜਗ੍ਹਾ ਤੇ ਕੀਤਾ ਜਾਂਦਾ ਹੈ।
2. ਨੈਯਾਮਿਕ ਸ਼ਰਾਧ ਉਹ ਸ਼ਰਾਧ ਹੈ, ਜੋ ਹਰ ਮਹੀਨੇ ਵਿਚ ਕੀਤਾ ਜਾਂਦਾ ਹੈ। ਵਸ਼ਿਸ਼ਠ ਅਨੁਸਾਰ ਇਹ ਸ਼ਰਾਧ ਮੰਦਰ ਵਿਚ ਕੀਤਾ ਜਾਣਾ ਚਾਹੀਦਾ ਹੈ।
ਸ਼ਰਾਧ ਕਰਨ ਸਬੰਧੀ ਕਈ ਨਿਯਮ ਬਣਾਏ ਗਏ ਹਨ। ਸ਼ਰਾਧ ਸਬੰਧੀ ਬਣੀਆਂ ਹੋਈਆਂ ਸਾਰੀਆਂ ਰੀਤਾਂ ਨੂੰ ਦੁਹਰਾਇਆ ਜਾਣਾ ਬਹੁਤ ਜ਼ਰੂਰੀ ਹੈ। ਕੋਹਤਾ, ਕੁਸ਼ਾ ਅਤੇ ਤਿਲ ਇਸ ਸਮੇਂ ਪਵਿਤਰ ਮੰਨੇ ਜਾਂਦੇ ਹਨ। ਸ਼ਰਾਧ ਕਰਨ ਲਈ ਦੋਹਤੇ ਨੂੰ ਵੀ ਯੋਗ ਮੰਨਿਆ ਗਿਆ ਹੈ। ਸ਼ਰਾਧ ਦਾ ਸਹੀ ਅਤੇ ਉਚਿਤ ਸਮਾਂ ਦਿਨ ਦਾ 1/8 ਭਾਗ (ਅਸ਼ਠਮਾ ਭਾਗ) ਮੰਨਿਆ ਗਿਆ ਹੈ। ਆਮ ਨਿਯਮ ਇਹ ਹੈ ਕਿ ਸ਼ਰਾਧ ਵਾਲੇ ਦਿਨ ਵਿਅਕਤੀ ਨੂੰ ਪਵਿੱਤਰ ਅਤੇ ਸ਼ਾਂਤ ਹੋਣਾ ਚਾਹੀਦਾ ਹੈ। ਵਸ਼ਿਸ਼ਠ ਜੀ ਦੇ ਕਥਨ ਅਨੁਸਾਰ ਜੇ ਇਨ੍ਹਾਂ ਵਿਅਕਤੀਆਂ ਨੂੰ ਮੰਤਰਾਂ (ਵੇਦ) ਦਾ ਚੰਗਾ ਗਿਆਨ ਹੋਵੇ ਅਤੇ ਜੇ ਇਹ ਸਰੀਰਕ ਤੌਰ ਤੇ ਬੱਜਲ ਵੀ ਹੋਣ ਤਾਂ ਵੀ ਇਨ੍ਹਾਂ ਨੂੰ ਪੰਕਤੀ ਪਾਵਨ ਸਮਝਿਆ ਜਾਵੇਗਾ। ਬੌਧਾਯਨ ਅਨੁਸਾਰ ਯੋਨੀ ਜਾਂ ਗੋਤਰ ਜਾਂ ਮੰਤਰ ਦੁਆਰਾ, ਜੋ ਵਿਅਕਤੀ ਸ਼ਰਾਧ ਕਰਨ ਵਾਲੇ ਦੇ ਸਬੰਧੀ ਹੋਣ, ਉਨ੍ਹਾਂ ਨੂੰ ਸ਼ਰਾਧ ਦੇ ਮੌਕੇ ਸੱਦਿਆ ਨਹੀਂ ਜਾ ਸਕਦਾ।
ਉਹ ਵਿਅਕਤੀ ਜਿਸਨੇ ਵੇਦ ਦੀਆਂ ਉਹ ਤਿੰਨ ਰਿਚਾਵਾਂ, ਜਿਨ੍ਹਾਂ ਵਿਚ ਸ਼ਬਦ ‘ਮਧੂ’ ਆਇਆ ਹੋਵੇ, ਦਾ ਅਧਿਐਨ ਕੀਤਾ ਹੋਵੇ, ਉਹ ਵਿਅਕਤੀ ਜਿਸਨੇ ਸੁਪਰਣ ਰਿਸ਼ੀ ਦੀਆਂ ਤਿੰਨੇ ਰਿਚਾਵਾਂ ਦਾ ਅਧਿਐਨ ਕੀਤਾ ਹੋਵੇ, ਉਹ ਵਿਅਕਤੀ ਜਿਸਨੂੰ ਨਚੀਕੇਤ ਦੇ ਅਗਨੀ ਸਬੰਧੀ ਮੰਤਰ ਅਤੇ ਬ੍ਰਾਹਮਣ ਗ੍ਰੰਥਾਂ ਦਾ ਪੂਰਾ ਗਿਆਨ ਹੋਵੇ, ਉਹ ਵਿਅਕਤੀ ਜਿਸਨੇ ਚਾਰ ਬਲੀਆਂ ਦੇ ਮੰਤਰਾਂ ਦਾ ਅਧਿਐਨ ਕੀਤਾ ਹੋਵੇ, ਨੂੰ ਇਸ ਸਮੇਂ ਸੱਦਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹ ਵਿਅਕਤੀ ਜਿਸਨੇ ਪੰਜ ਅੱਗਨੀਆਂ ਦੇ ਵਿਗਿਆਨ ਦਾ ਅਧਿਐਨ ਕੀਤਾ ਹੋਵੇ, ਉਹ ਵਿਅਕਤੀ ਜਿਸਨੇ ਜਯੇਸ਼ਠ ਸਾਮ ਦੇ ਮੰਤਰਾਂ ਦਾ ਉਚਾਰਣ ਕੀਤਾ ਹੋਵੇ, ਉਹ ਵਿਅਕਤੀ ਜਿਸਨੇ ਵੇਦ ਦਾ ਅਧਿਐਨ ਆਪਣੇ ਲਈ ਕੀਤਾ ਹੋਵੇ ਅਤੇ ਤ੍ਰਿਵੇਦੀ ਦੇ ਪੁੱਤਰ ਨੂੰ ਵੀ ਸ਼ਰਾਧ ਦੇ ਮੌਕੇ ਸੱਦਿਆ ਜਾ ਸਕਦਾ ਹੈ।
ਸ਼ਰਾਧ ਦੇ ਮੌਕੇ ਕੇਵਲ ਤਿੰਨ ਬ੍ਰਾਹਮਣਾਂ ਨੂੰ ਨਿਮੰਤ੍ਰਣ ਦਿੱਤਾ ਜਾਂਦਾ ਹੈ। ਅਜਿਹੇ ਵਿਅਕਤੀ ਨੂੰ ਭੋਜਨ ਛਕਾਇਆ ਜਾ ਸਕਦਾ ਹੈ, ਜਿਸਨੂੰ ਵੇਦ ਦਾ ਪੂਰਾ ਗਿਆਨ ਹੋਵੇ ਅਤੇ ਜੋ ਚੰਗੇ ਆਚਰਨ ਵਾਲਾ ਅਤੇ ਬੁਰੀ ਭਾਵਨਾ ਤੋਂ ਮੁਕਤ ਹੋਵੇ। ਭਾਵੇਂ ਕਿਸੇ ਅਮੀਰ ਦੇ ਘਰ ਵਿਚ ਸ਼ਰਾਧ ਕੀਤਾ ਜਾ ਰਿਹਾ ਹੋਵੇ, ਬਹੁਤ ਸਾਰੇ ਬ੍ਰਾਹਮਣਾਂ ਨੂੰ ਨਿਉਂਦਾ ਨਹੀਂ ਦਿੱਤਾ ਜਾਣਾ ਚਾਹੀਦਾ।
ਆਪਸਤੰਬ ਧਰਮਸੂਤਰ ਅਨੁਸਾਰ ਰਾਤ ਨੂੰ ਸ਼ਰਾਧ ਨਹੀਂ ਕੀਤਾ ਜਾਣਾ ਚਾਹੀਦਾ। ਹਰਦੱਤ ਅਨੁਸਾਰ ਜੇ ਪਹਿਲੇ ਦਿਨ ਸ਼ਰਾਧ ਮੁਕੰਮਲ ਨਾ ਹੋਇਆ ਹੋਵੇ ਤਾਂ ਬਾਕੀ ਦਾ ਹਿੱਸਾ ਉਸ ਰਾਤ ਨੂੰ ਪੂਰਾ ਕਰਨ ਦੀ ਥਾਂ ਤੇ ਅਗਲੇ ਦਿਨ ਕੀਤਾ ਜਾਣਾ ਚਾਹੀਦਾ ਹੈ। ਸ਼ਰਾਧ ਹਰ ਮਹੀਨੇ ਕੀਤਾ ਜਾਣਾ ਚਾਹੀਦਾ ਹੈ।
ਨੈਯਾਮਿਕ ਸ਼ਰਾਧ ਕਰਨ ਸਮੇਂ ਸਨੇਹ-ਪਦਾਰਥ ਭੋਜਨ ਵਿਚ ਖੁਆਏ ਜਾਣੇ ਅਤਿ ਜ਼ਰੂਰੀ ਹਨ। ਆਪਸਤੰਬ ਧਰਮਸੂਤਰਾ ਅਨੁਸਾਰ ਤਿਲ, ਮਾਂਹ ਦੀ ਦਾਲ, ਚਾਵਲ, ਜੌਂ, ਪਾਣੀ, ਮੂਲੀ-ਗਾਜਰ ਆਦਿ ਫਲਾਂ ਨੂੰ ਵੀ ਸ਼ਰਾਧ ਸਮੇਂ ਉਪਯੋਗ ਵਿਚ ਲਿਆਉਣਾ ਅਤਿ ਜ਼ਰੂਰੀ ਹੈ। ਘਿਓ ਅਤੇ ਹੋਰ ਸਨੇਹ-ਪਦਾਰਥਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦਾ ਹੈ ਅਤੇ ਜੇ ਇਹ ਵਸਤਾਂ ਨਾ ਮਿਲਦੀਆਂ ਹੋਣ ਤਾਂ ਘਿਓ ਦੀ ਥਾਂ ਤੇਲ ਅਤੇ ਸ਼ਬਜ਼ੀਆਂ ਨੂੰ ਵੀ ਵਰਤਿਆ ਜਾਣਾ ਚਾਹੀਦਾ ਹੈ।
ਇਹ ਰਸਮ ਪੂਰਨ ਹੋਣ ਉਪਰੰਤ ਸ਼ਰਾਧ ਦੇ ਮੌਕੇ ਤੇ ਛਕਾਏ ਜਾਣ ਵਾਲੇ ਭੋਜਣ ਅੰਨ ਚਾਵਲ ਆਦਿ ਨੂੰ ਜਾਂ ਤਾਂ ਅਗਨੀ ਦੀ ਭੇਟਾ ਚਾੜ੍ਹਨਾ ਚਾਹੀਦਾ ਹੈ ਜਾਂ ਕਿਸੇ ਬ੍ਰਹਮਚਾਰੀ ਨੂੰ ਦਿੱਤਾ ਜਾਣਾ ਚਾਹੀਦਾ ਹੈ।
ਸ਼ਰਾਧ ਖਾਣ ਵਾਲੇ ਵਿਅਕਤੀ ਨੂੰ ਵੇਦ ਦਾ ਮੁਕੰਮਲ ਗਿਆਨ ਹੋਣਾ ਚਾਹੀਦਾ ਹੈ। ਜੇ ਸ਼ਰਾਧ ਵਾਲੇ ਦਿਨ ਕੁੱਤਿਆਂ ਅਤੇ ਪਤਿਤ ਵਿਅਕਤੀਆਂ ਦੀ ਨਜ਼ਰ ਪੈ ਜਾਏ, ਤਾਂ ਸਾਰਾ ਸ਼ਰਾਧ ਖਰਾਬ ਹੋ ਜਾਂਦਾ ਹੈ।
ਸ਼ਰਾਧ ਕਰਨ ਨਾਲ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ ਅਤੇ ਉਸਨੂੰ ਸਵਰਗ ਅਤੇ ਆਮ ਸੁਖ ਪ੍ਰਾਪਤ ਹੁੰਦੇ ਹਨ।
ਪਰਾਹੁਣਿਆਂ ਨੂੰ ਤਿੰਨ ਵਾਰ ਸੱਦਾ ਦਿੱਤਾ ਜਾਣਾ ਚਾਹੀਦਾ ਹੈ। ਪਹਿਲੀ ਸੂਚਨਾ ਇਕ ਦਿਨ ਪਹਿਲਾਂ ਅਤੇ ਦੂਸਰੀ ਸੂਚਨਾ ਸ਼ਰਾਧ ਕਰਨ ਵਾਲੇ ਦਿਨ ਅਤੇ ਤੀਸਰੀ ਸੂਚਨਾ ਖਾਣਾ ਛਕਾਉਣ ਸਮੇਂ ਦਿੱਤੀ ਜਾਣੀ ਚਾਹੀਦੀ ਹੈ। ਪਰਾਹੁਣਿਆਂ ਨੂੰ ਜਾਂ ਤਾਂ ਪਹਿਲੇ ਦਿਨ ਜਾਂ ਸ਼ਰਾਧ ਵਾਲੇ ਦਿਨ ਦੀ ਸਵੇਰ ਨੂੰ ਸਦਿਆਂ ਜਾਣਾ ਚਾਹੀਦਾ ਹੈ।
ਸ਼ਰਾਧ ਕਰਨ ਵਾਲੇ ਨੂੰ ਕੇਵਲ ਬਚਿਆ-ਖੁਚਿਆ ਭੋਜਨ ਹੀ ਖਾਣਾ ਚਾਹੀਦਾ ਹੈ।
ਸ਼ਰਾਧ ਕੇਵਲ ਤਿੰਨ ਪੀੜ੍ਹੀਆਂ-ਬਾਪ, ਦਾਦੇ ਅਤੇ ਪੜਦਾਦੇ ਦਾ ਕੀਤਾ ਜਾਣਾ ਚਾਹੀਦਾ ਹੈ। ਨਾਨੇ, ਪੜਨਾਨੇ ਅਤੇ ਲਕੜਨਾਨੇ ਦਾ ਸ਼ਰਾਧ ਕੀਤਾ ਜਾਣਾ ਯੋਗ ਕਰਾਰ ਦਿੱਤਾ ਗਿਆ ਹੈ।
ਹ. ਪੁ.––ਸੰਸਕ੍ਰਿਤ ਇਗਲਿੰਸ਼ ਡਿਕਸ਼ਨਰੀ ਕਰਤਾ ਮੋਨੀਅਰ ਵਿਲੀਅਮਜ਼ ; ਧਰਮ ਸੂਰਤ ਕਰਤਾ ਡਾ. ਐਸ. ਸੀ. ਬੈਨਰਜੀ ; ਮ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First