ਸ਼ਰੀਕਾ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼ਰੀਕਾ : ਕਿਸੇ ਖ਼ਾਨਦਾਨ ਦੇ ਉਹਨਾਂ ਵਿਅਕਤੀਆਂ ਦੇ ਸਮੂਹ ਨੂੰ ਸ਼ਰੀਕਾ ਕਿਹਾ ਜਾਂਦਾ ਹੈ ਜਿਹੜਾ ਜੱਦੀ-ਪੁਸ਼ਤੀ ਜ਼ਮੀਨ ਜਾਇਦਾਦ ਦਾ ਭਾਈਵਾਲ ਹੋਵੇ। ਇਹ ਅੰਗਾਂ ਸਾਕਾਂ ਦੀ ਉਸ ਸ਼੍ਰੇਣੀ ਦਾ ਨਾਂ ਹੈ, ਜਿਸ ਵਿੱਚ ਆਪਸੀ ਲਹੂ ਦੀ ਸਾਂਝ ਤਾਂ ਹੋਵੇ, ਪਰ ਇਹ ਅੰਗ-ਸਾਕ ਆਪਣੇ ਵੱਖ-ਵੱਖ ਟੱਬਰਾਂ ਵਿੱਚ ਰਹਿੰਦੇ ਹੋਣ। ਪੰਜਾਬੀ ਸੱਭਿਆਚਾਰਿਕ ਰਹਿਤਲ ਵਿੱਚ ਜੇਕਰ ਸੱਕੇ ਭਰਾ ਵਿਆਹੇ ਜਾਣ ਪਿੱਛੋਂ ਵੱਖ-ਵੱਖ ਟੱਬਰਾਂ ਵਿੱਚ ਰਹਿੰਦੇ ਹੋਣ ਤਾਂ ਉਹ ਵੀ ਇੱਕ ਦੂਜੇ ਲਈ ਸ਼ਰੀਕ ਦਾ ਦਰਜਾ ਰੱਖਦੇ ਹਨ। ਸ਼ਰੀਕ ਅੰਗਾਂ-ਸਾਕਾਂ ਦੀ ਸ਼੍ਰੇਣੀ ਵਿੱਚ ਕੇਵਲ ਪਿੱਤਰੀ ਲਹੂ ਦੀ ਸਾਂਝ ਵਾਲੇ ਅੰਗ ਸਾਕ ਹੀ ਆਉਂਦੇ ਹਨ। ਜਿਵੇਂ ਚਾਚੇ, ਤਾਏ ਆਦਿ ਦੀ ਪੀੜ੍ਹੀ ਵਿੱਚ ਪੈਦਾ ਹੋਈ ਔਲਾਦ।
ਸ਼ਰੀਕ, ਸ਼ਰੀਕਾ ਸ਼੍ਰੇਣੀ ਵਿੱਚ ਆਉਣ ਵਾਲੇ ਅੰਗਾਂ-ਸਾਕਾਂ ਵਿੱਚੋਂ ਕਿਸੇ ਇੱਕ ਵਿਅਕਤੀ ਨੂੰ ਦਿੱਤਾ ਵਿਸ਼ੇਸ਼ਣ ਹੈ ਜਿਸ ਵਿੱਚ ਪੁਰਸ਼ ਨੂੰ ਸ਼ਰੀਕ ਅਤੇ ਇਸਤਰੀ ਨੂੰ ਸ਼ਰੀਕਣੀ ਕਿਹਾ ਜਾਂਦਾ ਹੈ। ਨਾਬਾਲਗ਼ ਬੱਚੇ ਇਸ ਸੰਗਿਆ ਤੋਂ ਬਾਹਰ ਰਹਿੰਦੇ ਹਨ। ਪੰਜਾਬੀ ਸੱਭਿਆਚਾਰਿਕ ਦ੍ਰਿਸ਼ਟੀ ਤੋਂ ਕੋਈ ਵਿਅਕਤੀ ਆਪਣੇ ਸ਼ਰੀਕ ਨੂੰ ਪ੍ਰਸੰਸਾਤਮਿਕ ਦ੍ਰਿਸ਼ਟੀ ਨਾਲ ਨਹੀਂ ਦੇਖਦਾ, ਕਿਉਂਕਿ ਹਰ ਸ਼ਰੀਕ ਬਾਰੇ ਇੱਕ ਪ੍ਰਚਲਿਤ ਧਾਰਨਾ ਹੈ ਕਿ ਸ਼ਰੀਕ ਇੱਕ ਦੂਜੇ ਦੀ ਬਾਹਰਲੇ ਮਨੋ ਤਾਰੀਫ਼ ਕਰਨ ਦਾ ਵਿਖਾਵਾ ਕਰਦੇ ਹਨ ਪਰ ਅੰਦਰਲੇ ਮਨੋ ਵਿਰੋਧੀ ਧਿਰ ਨੂੰ ਆਪਣੇ ਤੋਂ ਨੀਵਾਂ ਹੋਇਆ ਵੇਖਣਾ ਲੋਚਦੇ ਹਨ।
ਇਸ ਦਾ ਇੱਕ ਕਾਰਨ ਪੇਂਡੂ ਸਮਾਜ ਵਿੱਚ ਕਿਸੇ ਇੱਕ ‘ਪੁਰਖੇ` ਦੀ ਜ਼ਮੀਨ ਜਾਇਦਾਦ ਦੀ ਅੱਗੋਂ ਕਈ ਹਿੱਸਿਆਂ ਵਿੱਚ ਹੋਈ ਵੰਡ ਹੈ, ਜਿਸ ਵਿੱਚ ਸਮਾਂ ਪਾ ਕੇ ਕੁਝ ਪਰਿਵਾਰ ਸ੍ਵੈ-ਸੰਪੰਨ ਬਣ ਜਾਂਦੇ ਹਨ ਅਤੇ ਕੁਝ ਆਰਥਿਕ ਪੱਖੋਂ ਪਛੜੇਵੇਂ ਵਾਲੇ ਰਹਿ ਜਾਂਦੇ ਹਨ। ਕਈ ਹਾਲਤਾਂ ਵਿੱਚ ਸ੍ਵੈ-ਸੰਪੰਨ ਪਰਿਵਾਰ ਦੇ ਲੋਕ ਆਪਣੇ ਤੋਂ ਕਮਜ਼ੋਰ (ਨਜ਼ਦੀਕੀ) ਅੰਗਾਂ-ਸਾਕਾਂ ਨੂੰ ਹੋਰ ਨੀਵਾਂ ਕਰ ਕੇ ਖ਼ੁਸ਼ ਹੋਣ ਦੀ ਮੰਦੀ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਅਧੀਨ ਉਹ ਹਰ ਸਮੇਂ ਹਰ ਅਵਸਰ `ਤੇ ਸ਼ਰੀਕ ਦਾ ਨੁਕਸਾਨ ਕਰਨ ਬਾਰੇ ਸੋਚਦੇ ਰਹਿੰਦੇ ਹਨ ਜਾਂ ਇਸ ਤੋਂ ਉਲਟ ਆਰਥਿਕ ਪੱਖੋਂ ਪਛੜ ਗਏ ਕਿਸੇ ਟੱਬਰ ਦੇ ਲੋਕ, ਆਪਣੇ ਤੋਂ ਸੰਪੰਨ ਨਜ਼ਦੀਕੀ ਨੂੰ ਰਾਹੇ ਬਗਾਹੇ ਨੀਵਾਂ ਵਿਖਾ ਕੇ ਖ਼ੁਸ਼ ਹੋਣ ਦਾ ਯਤਨ ਕਰਦੇ ਰਹਿੰਦੇ ਹਨ।
ਇਸ ਦੇ ਬਾਵਜੂਦ ਅਜਿਹੇ ਨਜ਼ਦੀਕੀ ਅੰਗਾਂ ਸਾਕਾਂ ਲਈ ਜੀਵਨ ਦੀ ਹਰ ਖ਼ੁਸ਼ੀ-ਗ਼ਮੀ ਅਤੇ ਵਾਹੀ-ਖੇਤੀ ਦੇ ਸਮੂਹਿਕ ਕਾਰਜਾਂ ਵਿੱਚ ਰਲ ਕੇ ਤੁਰਨਾ ਜ਼ਰੂਰੀ ਹੁੰਦਾ ਹੈ। ਕਿਸੇ ਵੀ ਖ਼ੁਸ਼ੀ-ਗ਼ਮੀ ਦੇ ਕਾਰਜ ਵਿੱਚ ਸ਼ਰੀਕੇ ਦੀ ਗ਼ੈਰ-ਹਾਜ਼ਰੀ ਸਾਰੇ ਅਵਸਰ ਦੀ ਚੜ੍ਹਤ ਨੂੰ ਹੀ ਡੇਗ ਦਿੰਦੀ ਹੈ। ਬਹੁਤੀਆਂ ਹਾਲਤਾਂ ਵਿੱਚ ਸ਼ਰੀਕੇ ਵਿਚਲੇ ਕਿਸੇ ਟੱਬਰ ਦਾ ਰੁੱਸ ਕੇ ਖ਼ੁਸ਼ੀ ਦੇ ਕਾਰਜ ਵਿੱਚ ਨਾ ਸ਼ਾਮਲ ਹੋਣਾ ਸੁਖਾਵਾਂ ਨਹੀਂ ਹੁੰਦਾ। ਸ਼ਮੂਲੀਅਤ ਲਈ ਮੰਨ-ਮਨਾਈ ਤੇ ਜ਼ੋਰ ਦਿੱਤਾ ਜਾਂਦਾ ਹੈ ਜਿਸ ਵਿੱਚ ਈਨ ਮਨਾਉਣ ਦੀ ਹੱਦ ਤੱਕ ਇੱਕ ਦੂਜੀ ਧਿਰ ਨੂੰ ਮਜਬੂਰ ਕਰ ਕੇ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਸ਼ਰੀਕੇ ਦੀ ਭਾਵਨਾ ਅਜਿਹੀ ਪੇਂਡੂ ਰਹਿਤਲ ਵਿੱਚ ਵਧੇਰੇ ਵੇਖਣ ਨੂੰ ਮਿਲਦੀ ਹੈ ਜਿਸ ਥਾਂ ਜੱਦੀ ਅੰਗਾਂ ਸਾਕਾਂ ਦੀ ਵੱਸੋ ਹੋਵੇ ਕਿਉਂਕਿ ਕਈ ਹਾਲਤਾਂ ਵਿੱਚ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ਦਾ ਚਲਨ ਪੀੜ੍ਹੀ ਦਰ ਪੀੜ੍ਹੀ ਤੁਰਿਆ ਆਉਂਦਾ ਹੈ। ਖਹਿਬਾਜ਼ੀ ਦਾ ਇਹ ਰੁਝਾਨ ਆਰਥਿਕ ਅਤੇ ਜ਼ਮੀਨ ਜਾਇਦਾਦ ਪੱਖੋਂ ਸੰਪੰਨ ਟੱਬਰਾਂ ਵਿੱਚ ਵਧੇਰੇ ਵੇਖਣ ਨੂੰ ਮਿਲਦਾ ਹੈ। ਕਾਮਾ ਸ਼੍ਰੇਣੀਆਂ ਵਿੱਚ ਇਹਦੀ ਅਣਹੋਂਦ ਹੀ ਹੈ।
ਇਸ ਦੇ ਬਾਵਜੂਦ ਪੰਜਾਬੀ ਸੱਭਿਆਚਾਰਿਕ ਰਹਿਤਲ ਵਿੱਚ ਸ਼ਰੀਕੇ ਦੀ ਭੂਮਿਕਾ ਕਾਫ਼ੀ ਮਹੱਤਵਪੂਰਨ ਹੈ। ਖ਼ਾਸ ਕਰ ਸੋਗ ਦੀਆਂ ਰਸਮਾਂ ਸਮੇਂ। ਉਦਾਹਰਨ ਲਈ ਟੱਬਰ ਵਿੱਚ ਮੌਤ ਹੋ ਜਾਣ ਦੀ ਸੂਰਤ ਵਿੱਚ ਮ੍ਰਿਤਕ ਪ੍ਰਾਣੀ ਦੇ ਦਾਹ ਕਰਨ ਤੱਕ ਘਰ ਵਿੱਚ ਅਗਨੀ ਬਾਲਣੀ ਅਤੇ ਅੰਨ ਪਕਾਉਣਾ ਨਿਸ਼ੇਧ ਸਮਝਿਆ ਜਾਂਦਾ ਹੈ। ਇਸ ਸੂਰਤ ਵਿੱਚ ਪਰਿਵਾਰ ਦੇ ਜੀਆਂ ਅਤੇ ਸੋਗ ਕਰਨ ਆਏ ਪਰਾਹੁਣਿਆਂ ਲਈ ਭੋਜਨ ਦਾ ਪ੍ਰਬੰਧ ਨਜ਼ਦੀਕੀ ਸ਼ਰੀਕੇ ਦੇ ਕਿਸੇ ਟੱਬਰ ਨੇ ਕਰਨਾ ਹੁੰਦਾ ਹੈ। ਭੋਜਨ ਦੀ ਵੰਨਗੀ ਮ੍ਰਿਤਕ ਪ੍ਰਾਣੀ ਦੀ ਉਮਰ ਨੂੰ ਧਿਆਨ ਵਿੱਚ ਰੱਖ ਕੇ ਨਿਸ਼ਚਿਤ ਕੀਤੀ ਜਾਂਦੀ ਹੈ। ਉਦਾਹਰਨ ਲਈ, ਜੁਆਨ ਪ੍ਰਾਣੀ ਦੀ ਮੌਤ ਸਮੇਂ ਸਾਦਾ ਭੋਜਨ ਅਤੇ ਕਿਸੇ ਵਡੇਰੇ ਪ੍ਰਾਣੀ ਦੀ ਮੌਤ ਸਮੇਂ ਭੋਜਨ ਵਿੱਚ ਕਿਸੇ ਮਿੱਠੇ ਪਦਾਰਥ ਨੂੰ ਸ਼ਾਮਲ ਕਰਨ ਦੀ ਰੀਤ ਹੈ। ਇਹ ਰੋਟੀ ਸ਼ਰੀਕੇ ਦੇ ਲੋਕ ਆਪਣੀ ਮਾਨ ਵਡਿਆਈ ਨੂੰ ਮੁੱਖ ਰੱਖਦੇ ਹੋਏ ਵਿਖਾਵੇ ਦੀ ਭਾਵਨਾ ਨਾਲ ਵੀ ਖਵਾਉਣ ਦੀ ਬਿਰਤੀ ਰੱਖਦੇ ਹਨ।
ਇਉਂ ਕਿਸੇ ਇੱਕ ਸ਼ਰੀਕੇ ਦੇ ਲੋਕ, ਇੱਕ-ਦੂਜੇ ਨਾਲ ਖਹਿਬਾਜ਼ੀ ਰੱਖਣ ਦੇ ਬਾਵਜੂਦ, ਆਪਸ ਵਿੱਚ ਮਿਲ ਕੇ ਰਹਿਣ ਲਈ ਮਜਬੂਰ ਹੁੰਦੇ ਹਨ। ਇੱਕ ਦੂਜੇ ਦੀ ਜ਼ਮੀਨ ਹਥਿਆ ਕੇ, ਜਾਂ ਵਿਕਦੀ ਵੇਖ ਕੇ, ਖ਼ੁਸ਼ ਹੋਣਾ ਸ਼ਰੀਕ ਦੇ ਸੁਭਾਅ ਦਾ ਖ਼ਾਸਾ ਸਮਝਿਆ ਜਾਂਦਾ ਹੈ। ਕਈ ਹਾਲਤਾਂ ਵਿੱਚ ਇਹ ਖਹਿਬਾਜ਼ੀ ਗੰਭੀਰ ਦੁਸ਼ਮਣੀ ਦੀ ਸ਼ਕਲ ਵੀ ਅਖ਼ਤਿਆਰ ਕਰ ਲੈਂਦੀ ਹੈ ਜਿਸ ਵਿੱਚ ਕਤਲ ਹੋਣ ਜਾਂ ਕਰਨ ਦੀ ਨੌਬਤ ਆ ਪਹੁੰਚਦੀ ਹੈ।
ਲੇਖਕ : ਪ੍ਰੀਤ ਮਹਿੰਦਰ ਸੇਖੋਂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸ਼ਰੀਕਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਰੀਕਾ (ਨਾਂ,ਪੁ) ਭਿਆਲੀ; ਵੰਡ-ਵਿਹਾਰ; ਬਰਾਦਰੀ; ਭਾਈਚਾਰਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸ਼ਰੀਕਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਰੀਕਾ [ਨਾਂਪੁ] ਭਾਈਚਾਰਾ , ਬਰਾਦਰੀ; ਖੁਣਸ, ਸਾੜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First