ਸ਼ਿਕਾਇਤਕਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Complainant_ਸ਼ਿਕਾਇਤਕਾਰ: ਜ਼ਾਬਤਾ ਫ਼ੌਜਦਾਰੀ ਸੰਘਤਾ ਵਿਚ ਇਸ ਸ਼ਬਦ ਦੀ ਪਰਿਭਾਸ਼ਾ ਨਹੀਂ ਦਿੱਤੀ ਗਈ। ਪਰ ਇਸ ਦਾ ਮਤਲਬ ਉਸ ਵਿਅਕਤੀ ਤੋਂ ਹੈ ਜਿਸ ਦੀ ਉਸ ਸੰਘਤਾ ਦੀ ਧਾਰਾ 200 ਅਧੀਨ ਪਰੀਖਿਆ ਕੀਤੀ ਗਈ ਸੀ। ਕੋਈ ਵੀ ਹੋਰ ਵਿਅਕਤੀ ਭਾਵੇਂ ਉਹ ਮੁਲਜ਼ਮ ਦੀ ਪ੍ਰਾਸੀਕਿਊਸ਼ਨ ਜਾਂ ਉਸ ਸੰਪਤੀ ਵਿਚ ਜੋ ਕਥਤ ਅਪਰਾਧ ਦਾ ਵਿਸ਼ਾ ਹੋਵੇ ਵਿਚ ਕਿਤਨੀ ਜ਼ਿਆਦਾ ਦਿਲਚਸਪੀ ਰਖਦਾ ਹੋਵੇ, ਸ਼ਿਕਾਇਤਕਾਰ ਨਹੀਂ ਸਮਝਿਆ ਜਾ ਸਕਦਾ। ਉਸ ਹੀ ਸੰਘਤਾ ਦੀ ਧਾਰਾ 2 (ਸ) ਵਿਚ ਸ਼ਿਕਾਇਤ ਦੀ ਪਰਿਭਾਸ਼ਾ ਦਿੱਤਾ ਗਈ ਹੈ। ਉਸ ਪਰਿਭਾਸ਼ਾ ਤੋਂ ਵੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਮੈਜਿਸਟਰੇਟ ਕੋਲ ਜ਼ਬਾਨੀ ਜਾਂ ਲਿਖਤੀ ਕਥਨ ਕਰਨ ਵਾਲਾ ਵਿਅਕਤੀ ਹੀ ਸ਼ਿਕਾਇਤਕਾਰ ਹੋ ਸਕਦਾ ਹੈ। ਉਪਰੋਕਤ ਧਾਰਾ ਦੇ ਹੇਠਾਂ ਦਿੱਤੀ ਵਿਆਖਿਆ ਤੋਂ ਵੀ ਸ਼ਿਕਾਇਤਕਾਰ ਬਾਰੇ ਉਪਰੋਕਤ ਵਰਣਨ ਦੀ ਪੁਸ਼ਟੀ ਹੁੰਦੀ ਹੈ।

       ਜੇ ਅਪੀਲ ਕਰਨ ਤੋਂ ਪਹਿਲਾਂ ਸ਼ਿਕਾਇਤਕਾਰ ਦੀ ਮੌਤ ਹੋ ਜਾਵੇ ਤਾਂ ਅਪੀਲ ਦਾ ਅਧਿਕਾਰ ਕਿਸੇ ਵਿਅਕਤੀ ਨੂੰ, ਇਥੋਂ ਤਕ ਕਿ ਉਸ ਦੇ ਕਾਨੂੰਨੀ ਪ੍ਰਤੀਨਿਧ ਨੂੰ ਵੀ ਨਹੀਂ ਹੁੰਦਾ। ਅਜਿਹੀ ਸੂਰਤ ਵਿਚ ਬਰੀ ਕੀਤੇ ਜਾਣ ਦੇ ਹੁਕਮ ਵਿਰੁਧ ਅਪੀਲ ਕਰਨ ਦਾ ਅਧਿਕਾਰ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 378(1) ਅਧੀਨ ਕੇਵਲ ਰਾਜ ਸਰਕਾਰ ਨੂੰ ਹੁੰਦਾ ਹੈ।

       ਸੂਚਨਾ ਅਤੇ ਸ਼ਿਕਾਇਤ ਵਿਚ ਫ਼ਰਕ ਹੈ। ਸੂਚਨਾ ਦੇ ਅਰਥ ਮੁਕਾਬਲਤਨ ਵਿਸ਼ਾਲ ਹਨ ਅਤੇ ਉਸ ਵਿਚ ਅਪਰਾਧ ਕੀਤੇ ਜਾਣ ਨਾਲ ਸਬੰਧਤ ਕੋਈ ਵੀ ਸੰਸੂਚਨਾ ਸ਼ਾਮਲ ਹੈ। ਸ਼ਿਕਾਇਤ ਵਿਸ਼ੇਸ਼ ਕਿਸਮ ਦੀ ਸੂਚਨਾ ਹੁੰਦੀ ਹੈ ਅਤੇ ਯਥਾਰੀਤੀ ਇਸ ਉਦੇਸ਼ ਨਾਲ ਕੀਤੀ ਜਾਂਦੀ ਹੈ ਕਿ ਜਿਸ ਵਿਅਕਤੀ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਉਹ ਜ਼ਾਬਤਾ ਫ਼ੌਜਦਾਰੀ ਸੰਘਤਾ ਅਧੀਨ ਕਾਰਵਾਈ ਕਰੇਗਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.