ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
The Shiromani Gurudawara Prabandhak Commettee ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸਨੂੰ ਸਿਖਾਂ ਦੀ ਸੰਸਦ ਵੀ ਕਿਹਾ ਜਾਂਦਾ ਹੈ, ਭਾਰਤ ਵਿਚ ਇਕ ਅਜਿਹਾ ਸੰਗਠਨ ਹੈ, ਜੋ ਭਾਰਤ ਦੇ ਤਿੰਨ ਰਾਜਾਂ-ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਸਿੱਖਾਂ ਦੇ ਪੂਜਾ ਸਥਲਾਂ ਦੀ ਦੇਖਭਾਲ ਲਈ ਜ਼ਿੰਮੇਵਾਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਅੰਮ੍ਰਿਤਸਰ ਵਿਚ ਹਰਮੰਦਰ ਸਾਹਿਬ ਦੇ ਪ੍ਰਸ਼ਾਸਨ ਲਈ ਵੀ ਜ਼ਿੰਮੇਵਾਰ ਹੈ। ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਸ਼ਾਸਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਵਿਚ ਹੈ। ਕਮੇਟੀ ਦੇ ਅਧਿਕਾਰੀ ਹਰਮੰਦਰ ਸਾਹਿਬ ਵਿਚ ਹੁੰਦੇ ਖੁਲ੍ਹੇ ਇਕੱਠਾ ਵਿਚ ਚੁਣੇ ਜਾਂਦੇ ਹਨ। ਇਹਨਾਂ ਇਕੱਠਾਂ ਵਿਚ ਸਾਰੇ ਸਿੱਖ ਭਾਗ ਲੈ ਸਕਦੇ ਹਨ।
ਐਸ.ਜੀ.ਪੀ.ਸੀ. ਦਾ ਪ੍ਰਸ਼ਾਸਨ ਚੇਅਰਮੈਨ, ਕੋਸ਼ ਅਧਿਕਾਰੀ ਅਤੇ ਜਨਰਲ ਸਕੱਤਰ ਦੇ ਹੱਥਾਂ ਵਿਚ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਅਰਿਆਂ ਦੀ ਸੁਰੱਖਿਆ , ਵਿੱਤ , ਸੁਵਿਧਾ ਦੇਖਭਾਲ ਅਤੇ ਧਾਰਮਿਕ ਪੱਖਾਂ ਦੇ ਨਾਲ ਨਾਲ ਪੁਰਾਤਤਵੀ, ਦੁਰਲੱਭ ਵਸਤਾਂ ਅਤੇ ਪਾਵਨ ਕਲਾ-ਕ੍ਰਿਤਾਂ ਵਿਜਸ ਵਿਚ ਹਥਿਆਰ, ਕਪੜੇ, ਪੁਸਤਕਾਂ ਅਤੇ ਸਿੱਖ ਗੁਰੂ ਸਾਹਿਬਾਨ ਦੀਆਂ ਲਿਖਤਾਂ ਸ਼ਾਮਲ ਹੁੰਦੀਆਂ ਹਨ, ਦੀ ਦੇਖਭਾਲ ਦਾ ਵੀ ਪ੍ਰਬੰਧ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਖ-ਵੱਖ ਸਿਖਿਅਕ ਸੰਸਥਾਵਾਂ, ਹਸਪਤਾਲਾਂ ਅਤੇ ਖ਼ੈਰਾਤੀ ਸੰਗਠਨਾਂ ਨੂੰ ਪ੍ਰਾਯੋਜਿਤ ਕਰਦੀ ਹੈ ਅਤੇ ਇਹਨਾਂ ਦਾ ਪ੍ਰਬੰਧ ਕਰਦੀ ਹੈ।
ਬੀਬੀ ਜਾਗੀਰ ਕੌਰ ਪਹਿਲੀ ਇਸਤਰੀ ਸੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈਜ਼ੀਡੈਂਟ ਚੁਣੀ ਗਈ ਸੀ। ਉਹ ਮਾਰਚ, 1999 ਤੋਂ ਨਵੰਬਰ, 2000 ਤਕ ਇਸ ਪਦ ਤੇ ਸੁਸ਼ੋਭਿਤ ਰਹੀ। 2006 ਤੋਂ ਸਰਦਾਰ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਲੇ ਆ ਰਹੇ ਹਨ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ: ਸਿੱਖਾਂ ਦੀ ਇਕ ਧਾਰਮਿਕ ਸੰਸਥਾ ਜਿਸ ਦਾ ਮੁੱਖ ਉਦੇਸ਼ ਗੁਰੂ-ਧਾਮਾਂ ਦੀ ਵਿਵਸਥਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ। ਇਸ ਦੀ ਸਥਾਪਨਾ ਦਾ ਮੂਲ ਕਾਰਣ ਸੰਨ 1920 ਈ. ਵਿਚ ਗੁਰਦੁਆਰਿਆਂ ਦੇ ਸੁਧਾਰ ਲਈ ਸ਼ੁਰੂ ਕੀਤਾ ਅੰਦੋਲਨ ਸੀ। ਸਿੱਖ ਰਾਜ ਦੀ ਸਮਾਪਤੀ ਤੋਂ ਬਾਦ ਹਰ ਤਰ੍ਹਾਂ ਦੀ ਨਿਰਾਸ਼ਾ ਨੇ ਪੰਥ ਨੂੰ ਘੇਰ ਲਿਆ। ਗੁਰੂ-ਧਾਮਾਂ ਦੇ ਪੁਜਾਰੀ ਜਾਂ ਮਹੰਤ ਗੁਰਦੁਆਰਿਆਂ ਨੂੰ ਆਪਣੀ ਵਿਰਾਸਤ ਸਮਝਣ ਲਗ ਗਏ ਅਤੇ ਵਿਲਾਸਤਾ ਵਿਚ ਪੂਰੀ ਤਰ੍ਹਾਂ ਮਗਨ ਹੋ ਗਏ। ਅੰਗ੍ਰੇਜ਼ ਸਰਕਾਰ ਇਨ੍ਹਾਂ ਦੀ ਪਿਠ ਠੋਕ ਰਹੀ ਸੀ। ਕਿਉਂਕਿ ਅਜਿਹਾ ਕਰਨ ਨਾਲ ਸਿੱਖ ਜੱਥੇਬੰਦੀ ਕਮਜ਼ੋਰ ਹੁੰਦੀ ਸੀ। ਇਹ ਗੱਲ ਸਰਕਾਰ ਦੇ ਹੱਕ ਵਿਚ ਜਾਂਦੀ ਸੀ, ਕਿਉਂਕਿ ਸਿੱਖ ਸਮਾਜ ਨੂੰ ਗੁੰਮਰਾਹ ਕਰਨ ਲਈ ਸਰਕਾਰ ਆਪਣੀ ਮਨ-ਮਰਜ਼ੀ ਦੇ ਹੁਕਮਨਾਮੇ ਆਦਿ ਜਾਰੀ ਕਰਵਾ ਸਕਦੀ ਸੀ ਅਤੇ ਸਰਕਾਰ- ਵਿਰੋਧੀਆ ਨੂੰ ਤਨਖ਼ਾਹ ਲਗਵਾ ਸਕਦੀ ਸੀ। ਮਹਾਰਾਜਾ ਦਲੀਪ ਸਿੰਘ ਨੂੰ ਅੰਗ੍ਰੇਜ਼ ਸਰਕਾਰ ਦੀ ਵਫ਼ਾਦਾਰੀ ਲਈ ਹੁਕਮਨਾਮੇ ਭੇਜੇ ਗਏ ਸਨ। ਗਿਆਨੀ ਦਿਤ ਸਿੰਘ, ਭਾਈ (ਪ੍ਰੋ.) ਗੁਰਮੁਖ ਸਿੰਘ ਵਰਗੇ ਸੁਤੰਤਰ ਚੇਤਨਾ ਵਾਲੇ ਸਿੱਖਾਂ ਨੂੰ ਤਨਖ਼ਾਹੀਏ ਕਰਾਰ ਦਿੱਤਾ ਗਿਆ ਸੀ। ਬੱਬਰ ਅਕਾਲੀਆਂ ਅਤੇ ਗ਼ਦਰੀ ਸਿੱਖਾਂ ਪ੍ਰਤਿ ਵੀ ਅਜਿਹੀਆਂ ਨਕਾਰਾਤਮਕ ਕਾਰਵਾਈਆਂ ਕੀਤੀਆਂ ਗਈਆਂ ਸਨ।
ਸੰਨ 1849 ਈ. ਤੋਂ ਬਾਦ ਦਰਬਾਰ ਸਾਹਿਬ ਦੀ ਵਿਵਸਥਾ ਅੰਗ੍ਰੇਜ਼ ਸਰਕਾਰ ਨੇ ਆਪਣੇ ਹੱਥ ਵਿਚ ਲੈ ਕੇ ਸਿੱਖ ਰਈਸਾਂ ਦੀ ਇਕ ਕਮੇਟੀ ਬਣਾ ਦਿੱਤੀ। ਦਰਬਾਰ ਸਾਹਿਬ ਦੇ ਪ੍ਰਬੰਧ ਲਈ ਇਕ ‘ਸਰਬਰਾਹ’ (ਮੈਨੇਜਰ) ਰਖਿਆ ਗਿਆ, ਜਿਸ ਦੀ ਨਿਯੁਕਤੀ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਕਰਦਾ ਸੀ। 13 ਅਪ੍ਰੈਲ 1919 ਈ. ਨੂੰ ਹੋਏ ਜਲਿਆਂ ਵਾਲੇ ਬਾਗ਼ ਦੇ ਖ਼ੂਨੀ ਕਾਂਡ ਤੋਂ ਬਾਦ ਬ੍ਰਿਗੇਡੀਅਰ ਜਨਰਲ ਡਾਇਰ ਨੂੰ ਉਸ ਵਕਤ ਦੇ ਸਰਬਰਾਹ ਰਸਾਲਦਾਰ ਮੇਜਰ ਅਰੂੜ ਸਿੰਘ ਤੋਂ ਸਿਰੋਪਾ ਅਤੇ ਸੋਨੇ ਦਾ ਕੜਾ ਦਿਵਾਉਣਾ ਅਤੇ ਲੈਫ਼- ਗਵਰਨਰ ਸਰ ਮਾਈਕਲ ਓ ਡਵਾਇਰ ਨੂੰ ਸਨਮਾਨਿਤ ਕਰਾਉਣਾ ਬਹੁਤ ਘਿਨੌਣਾ ਕਰਮ ਸੀ ਜਿਸ ਕਰਕੇ ਸਿੱਖ ਸਮਾਜ ਵਿਚ ਬਹੁਤ ਰੋਹ ਛਾ ਗਿਆ। ਇਸ ਤੋਂ ਇਲਾਵਾ, 12 ਅਕਤੂਬਰ 1920 ਈ. ਨੂੰ ‘ਖ਼ਾਲਸਾ ਬਰਾਦਰੀ ’ ਨੇ ਜਲਿਆਂ ਵਾਲੇ ਬਾਗ਼ ਵਿਚ ਦੀਵਾਨ ਸਜਾ ਕੇ ਪਛੜੀਆਂ ਹੋਈਆਂ ਜਾਤਾਂ ਦੇ ਅਨੇਕ ਸਿੱਖਾਂ ਨੂੰ ਅੰਮ੍ਰਿਤ ਪਾਨ ਕਰਾਇਆ। ਦੀਵਾਨ ਦੀ ਸਮਾਪਤੀ ਤੋਂ ਬਾਦ ਸਾਰੀ ਸੰਗਤ ਜਿਨ੍ਹਾਂ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਕਈ ਪ੍ਰੋਫੈਸਰ ਅਤੇ ਵਿਦਿਆਰਥੀ ਵੀ ਸ਼ਾਮਲ ਸਨ, ਦਰਬਾਰ ਸਾਹਿਬ ਗਈ ਤਾਂ ਜੁ ਅਰਦਾਸ ਕਰਕੇ ਕੜਾਹ ਪ੍ਰਸਾਦ ਚੜ੍ਹਾਇਆ ਜਾਏ। ਪੁਜਾਰੀਆਂ ਦੁਆਰਾ ਅਰਦਾਸ ਨ ਕਰਨ’ਤੇ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈ ਕੇ ਨਿਰਣਾ ਕਰਨ ਦਾ ਸੁਝਾਉ ਦਿੱਤਾ। ਵਾਕ ਇਸ ਤਰ੍ਹਾਂ ਦਾ ਆਇਆ— ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਹਿ। ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ। (ਗੁ. ਗ੍ਰੰ.638)। ਪੁਜਾਰੀਆਂ ਦਾ ਭਰਮ ਮਿਟ ਗਿਆ ਅਤੇ ਅਰਦਾਸ ਕਰ ਦਿੱਤੀ ਗਈ। ਉਸ ਉਪਰੰਤ ਸੰਗਤ ‘ਅਕਾਲ ਤਖ਼ਤ ’ ਉਪਰ ਗਈ। ਉਥੋਂ ਦੇ ਪੁਜਾਰੀ ਸੰਗਤ ਨੂੰ ਵੇਖ ਕੇ ਭਜ ਗਏ। ਸੁਧਾਰਵਾਦੀਆਂ ਨੇ ਖ਼ੁਦ ਅਰਦਾਸ ਕਰਕੇ ਪ੍ਰਸਾਦ ਵੰਡਿਆ ਅਤੇ ਤਖ਼ਤ ਸਾਹਿਬ ਦੇ ਪ੍ਰਬੰਧ ਅਤੇ ਸੁਰਖਿਆ ਲਈ 25 ਸਿੰਘ ਉਥੇ ਠਹਿਰਾ ਦਿੱਤੇ, ਜਿਨ੍ਹਾਂ ਦਾ ਜੱਥੇਦਾਰ ਸ. ਤੇਜਾ ਸਿੰਘ ਭੁੱਚਰ ਨੂੰ ਥਾਪਿਆ ਗਿਆ।
13 ਅਕਤੂਬਰ 1920 ਈ. ਨੂੰ ਡਿਪਟੀ ਕਮਿਸ਼ਨਰ ਨੇ ਨਵੇਂ ਬਣਾਏ ਸਰਬਰਾਹ (ਸ. ਸੁੰਦਰ ਸਿੰਘ ਰਾਮਗੜ੍ਹੀਆ) ਅਧੀਨ 9 ਮੈਂਬਰਾਂ ਦੀ ਆਰਜ਼ੀ ਕਮੇਟੀ ਬਣਾ ਦਿੱਤੀ। ਉਧਰ ਸੁਧਾਰਕਾਂ ਨੇ 15 ਨਵੰਬਰ 1920 ਈ. ਨੂੰ ਇਸ ਮਸਲੇ ਨੂੰ ਨਜਿਠਣ ਲਈ ਅਕਾਲ ਤਖ਼ਤ ਦੇ ਸਾਹਮਣੇ ਸਿੱਖ ਸੰਗਤਾਂ ਦੀ ਇਕਤਰਤਾ ਰਖ ਦਿੱਤੀ। ਪਰ ਇਸ ਤੋਂ ਦੋ ਦਿਨ ਪਹਿਲਾਂ ਮਹਾਰਾਜਾ ਪਟਿਆਲਾ ਨਾਲ ਸਲਾਹ ਕਰਕੇ 13 ਨਵੰਬਰ 1920 ਈ. ਨੂੰ 36 ਮੈਂਬਰਾਂ ਦੀ ਇਕ ਕਮੇਟੀ ਬਣਾ ਦਿੱਤੀ ਗਈ ਜਿਸ ਦਾ ਪ੍ਰਧਾਨ ਸ. ਹਰਬੰਸ ਸਿੰਘ ਅਟਾਰੀ ਨੂੰ ਬਣਾਇਆ ਗਿਆ। 15 ਅਤੇ 16 ਨਵੰਬਰ ਨੂੰ ਅਕਾਲ ਤਖ਼ਤ ਦੇ ਸਾਹਮਣੇ ਬਹੁਤ ਵੱਡੀ ਗਿਣਤੀ ਵਿਚ ਸੰਗਤ ਜੁੜੀ ਅਤੇ ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਦ ਇਕ ਕਮੇਟੀ ਬਣਾਈ ਗਈ, ਜਿਸ ਦਾ ਨਾਂ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਰਖਿਆ ਗਿਆ। ਇਸ ਵਿਚ ਕੁਲ 175 ਮੈਂਬਰ ਲਏ ਗਏ। ਇਨ੍ਹਾਂ ਮੈਂਬਰਾਂ ਵਿਚ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ, ਸਿੱਖ ਰਿਆਸਤਾਂ , ਦੇਸ਼ ਦੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਤੋਂ ਇਲਾਵਾ, ਸਰਕਾਰ ਦੁਆਰਾ ਸਥਾਪਿਤ ਕਮੇਟੀ ਦੇ 36 ਮੈਂਬਰਾਂ ਨੂੰ ਲੈ ਲਿਆ ਗਿਆ। ਇਸ ਕਮੇਟੀ ਦੀ ਉਦਘਾਟਨੀ ਮੀਟਿੰਗ 12 ਦਸੰਬਰ 1920 ਈ. ਨੂੰ ਅਕਾਲ ਤਖ਼ਤ ਉਪਰ ਰਖੀ ਗਈ। ਸ. ਸੁੰਦਰ ਸਿੰਘ ਮਜੀਠੀਆ ਨੂੰ ਪ੍ਰਧਾਨ, ਸ. ਹਰਬੰਸ ਸਿੰਘ ਅਟਾਰੀ ਨੂੰ ਮੀਤ-ਪ੍ਰਧਾਨ ਅਤੇ ਸ. ਸੁੰਦਰ ਸਿੰਘ ਰਾਮਗੜ੍ਹੀਆਂ ਨੂੰ ਸਕੱਤਰ ਬਣਾਇਆ ਗਿਆ। ਅਗਲੇ ਸਾਲ ਦੇ ਸ਼ੁਰੂ ਵਿਚ 23 ਜਨਵਰੀ ਨੂੰ ਸ. ਸੁੰਦਰ ਸਿੰਘ ਮਜੀਠੀਆ ਨੇ ਪੰਜਾਬ ਦੇ ਗਵਰਨਰ ਦੀ ਐਗਜ਼ਕਟਿਵ ਕੌਂਸਲ ਦਾ ਮੈਂਬਰ ਹੋ ਜਾਣ ਕਾਰਣ ਅਸਤੀਫ਼ਾ ਦੇ ਦਿੱਤਾ ਅਤੇ ਬਾਬਾ ਖੜਕ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ। 30 ਅਪ੍ਰੈਲ 1921 ਈ. ਵਿਚ ਇਸ ਕਮੇਟੀ ਨੂੰ ਰਜਿਸਟਰ ਕਰਵਾ ਦਿੱਤਾ ਗਿਆ। ਜੁਲਾਈ 1921 ਈ. ਵਿਚ ਨਵੀਂ ਕਮੇਟੀ ਲਈ ਚੋਣ ਹੋਈ। ਸਿੱਟੇ ਵਜੋਂ ਬਾਬਾ ਖੜਕ ਸਿੰਘ ਨੂੰ ਪ੍ਰਧਾਨ, ਕਪਤਾਨ ਰਾਮ ਸਿੰਘ ਨੂੰ ਮੀਤ ਪ੍ਰਧਾਨ ਅਤੇ ਸ. ਬਹਾਦੁਰ ਮਹਿਤਾਬ ਸਿੰਘ ਨੂੰ ਸਕੱਤਰ ਚੁਣ ਲਿਆ ਗਿਆ। ਇਸ ਕਮੇਟੀ ਦਾ ਮੁੱਖ ਉਦੇਸ਼ ਸੀ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ, ਉਨ੍ਹਾਂ ਨੂੰ ਸਿੱਖ ਮਰਯਾਦਾ ਦਾ ਪਾਲਨ ਨ ਕਰਨ ਵਾਲੇ ਪੁਜਾਰੀਆਂ ਤੋਂ ਆਜ਼ਾਦ ਕਰਾਉਣਾ, ਆਮਦਨ ਨੂੰ ਵਿਵਸਥਿਤ ਰੂਪ ਦੇ ਉਸ ਨੂੰ ਗੁਰਦੁਆਰਿਆਂ ਦੀ ਦੇਖ-ਭਾਲ, ਵਿਦਿਆ ਪ੍ਰਸਾਰ ਅਤੇ ਲੰਗਰ ਉਤੇ ਖ਼ਰਚ ਕਰਨਾ ਆਦਿ। ਉਦਘਾਟਨੀ ਮੀਟਿੰਗ ਤੋਂ ਦੋ ਦਿਨ ਬਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਜਨੈਤਿਕ ਸ਼ਾਖਾ ਦੀ ਸਥਾਪਨਾ ਕੀਤੀ ਗਈ ਅਤੇ ਉਸ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਰਖਿਆ ਗਿਆ।
ਇਸ ਦੌਰਾਨ ਗੱਲਬਾਤ ਜਾਂ ਸੁਲਹ-ਸਫ਼ਾਈ ਨਾਲ ਕੁਝ ਗੁਰਦੁਆਰੇ/ਗੁਰੂ-ਧਾਮ ਪੁਜਾਰੀਆਂ ਜਾਂ ਮਹੰਤਾਂ ਤੋਂ ਮੁਕਤ ਹੋ ਗਏ। ਆਪਣੀਆਂ ਗੱਦੀਆਂ ਖੁਸਦੀਆਂ ਵੇਖ ਕੇ ਕਈ ਮਹੰਤ ਸਰਕਾਰ ਕੋਲੋਂ ਮਦਦ ਲੈਣ ਲਈ ਵੀ ਗਏ ਅਤੇ ਸਰਕਾਰ ਵਲੋਂ ਅਜਿਹਾ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਪਰ ਕਈ ਸਥਾਨਾਂ ਦੇ ਮਹੰਤ ਹਿੰਸਕ ਕਾਰਵਾਈਆਂ ਕਰਨ ਤੋਂ ਸੰਕੋਚ ਨ ਕਰਕੇ ਹਥਿਆਰ ਅਤੇ ਗੁੰਡੇ ਇਕੱਠੇ ਕਰਦੇ ਰਹੇ। ਹਿੰਸਕ ਕਾਰਵਾਈ ਦੀ ਪਹਿਲੀ ਘਟਨਾ 26 ਜਨਵਰੀ 1921 ਈ. ਨੂੰ ਤਰਨਤਾਰਨ ਗੁਰੂ-ਧਾਮ ਵਿਚ ਵਾਪਰੀ, ਜਦੋਂ ਸਮਝੌਤੇ ਲਈ ਗਏ ਅਕਾਲੀ ਕਾਰਕੁੰਨਾਂ ਉਤੇ ਗੁਰੂ-ਧਾਮ ਦੇ ਅੰਦਰੋਂ ਹਮਲਾ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਦੋ ਸਿੰਘ— ਹਜ਼ਾਰਾ ਸਿੰਘ ਅਤੇ ਹੁਕਮ ਸਿੰਘ— ਸ਼ਹੀਦ ਹੋ ਗਏ ਅਤੇ ਕਈ ਜ਼ਖ਼ਮੀ ਹੋ ਗਏ। ਉਧਰ 20 ਫਰਵਰੀ 1921 ਈ. ਨੂੰ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਹੋ ਗਿਆ। ਇਨ੍ਹਾਂ ਸਾਕਿਆਂ ਨੇ ਸਿਧ ਕਰ ਦਿੱਤਾ ਕਿ ਮਹੰਤਾਂ ਨੂੰ ਸਰਕਾਰ ਦੀ ਮਦਦ ਹਾਸਲ ਸੀ। ਫਲਸਰੂਪ ਮੋਰਚਿਆਂ ਦੀ ਲੜੀ ਚਲ ਪਈ। ਸਿੱਖਾਂ ਵਿਚ ਬਹੁਤ ਜੋਸ਼ ਪੈਦਾ ਹੋ ਗਿਆ। 12 ਅਕਤੂਬਰ 1923 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ , ਦੋਹਾਂ ਨੂੰ ਗ਼ੈਰ-ਕਾਨੂੰਨੀ ਠਹਿਰਾ ਕੇ ਵੱਡੇ ਵੱਡੇ ਲੀਡਰਾਂ ਅਤੇ ਸੈਂਕੜੇ ਕਾਰਕੁੰਨਾਂ ਨੂੰ ਜੇਲ੍ਹਾਂ ਵਿਚ ਸੁਟ ਦਿੱਤਾ ਗਿਆ। ਆਖ਼ਿਰ ਸਿੱਖਾਂ ਦੀਆਂ ਸ਼ਹਾਦਤਾਂ, ਕੁਰਬਾਨੀਆਂ ਅਤੇ ਜੋਸ਼ ਸਾਹਮਣੇ ਸਰਕਾਰ ਝੁਕ ਗਈ ਅਤੇ ਸਿੱਖ ਗੁਰਦੁਆਰਾ ਐਕਟ 1925 ਪਾਸ ਕਰਕੇ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦੀ ਵਿਵਸਥਾ ਖ਼ੁਦ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ।
ਪੰਜਾਬ ਦੇ ਸਾਰੇ ਅਨੁਸੂਚਿਤ ਗੁਰਦੁਆਰੇ ਇਸ ਐਕਟ ਅਧੀਨ ਹੋ ਗਏ। ਬਾਦ ਵਿਚ ਪੈਪਸੂ ਦੇ ਗੁਰੂ-ਧਾਮ ਵੀ ਇਸੇ ਐਕਟ ਅਧੀਨ ਕਰ ਦਿੱਤੇ ਗਏ। ਪਰ ਪਾਕਿਸਤਾਨ ਬਣਨ ਨਾਲ ਉਸ ਦੀ ਸੀਮਾ ਵਿਚ ਪੈਂਦੇ ਧਰਮ-ਧਾਮ ਹਮੇਸ਼ਾਂ ਲਈ ਖੁਸ ਗਏ।
ਇਸ ਕਮੇਟੀ ਵਿਚ ਪਹਿਲਾਂ 132 ਨਿਰਵਾਚਿਤ ਮੈਂਬਰ ਸਨ, ਅਤੇ ਦਰਬਾਰ ਸਾਹਿਬ ਅਤੇ 4 ਤਖ਼ਤਾਂ ਦੇ ਜੱਥੇਦਾਰ/ਮੁੱਖ ਗ੍ਰੰਥੀ ਵੀ ਸ਼ਾਮਲ ਕੀਤੇ ਗਏ ਸਨ। ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਸਿੱਖਾਂ ਦੇ 25 ਨਾਮਜ਼ਦ ਮੈਂਬਰ ਵੀ ਲਏ ਗਏ ਸਨ। ਇਸ ਤੋਂ ਬਾਦ ਕੁਝ ਵਾਧ ਘਾਟ ਹੁੰਦੀ ਰਹੀ ਅਤੇ ਹੁਣ ਇਸਤਰੀ-ਪ੍ਰਤਿਨਿਧੀਆਂ ਲਈ ਰਾਖਵੀਆਂ ਸੀਟਾਂ ਨੂੰ ਛਡ ਕੇ ਇਸ ਕਮੇਟੀ ਵਿਚ 140 ਨਿਰਵਾਚਿਤ ਮੈਂਬਰ, ਪੰਜ ਤਖ਼ਤਾਂ ਦੇ ਜੱਥੇਦਾਰ, 15 ਨਾਮਜ਼ਦ ਮੈਂਬਰ ਸ਼ਾਮਲ ਹਨ। ਨਿਰਵਾਚਿਤ ਮੈਂਬਰਾਂ ਵਿਚ 20 ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ। ਪਹਿਲਾਂ ਤਿੰਨ ਸਾਲ ਬਾਦ ਚੋਣਾਂ ਹੁੰਦੀਆਂ ਸਨ, ਪਰ ਬਾਦ ਵਿਚ ਪੰਜ ਸਾਲ ਬਾਦ ਕਰ ਦਿੱਤੀਆਂ ਗਈਆਂ। ਕਾਰਜ ਸਾਧਕ ਕਮੇਟੀ ਦੀ ਮਿਆਦ ਕੇਵਲ ਇਕ ਵਰ੍ਹਾ ਰਖੀ ਗਈ। 21 ਸਾਲ ਦਾ ਹਰ ਸਾਬਤ ਸਰੂਪ ਸਿੱਖ (ਪੁਰਸ਼ ਜਾਂ ਇਸਤਰੀ) ਵੋਟਰ ਬਣਨ ਦਾ ਅਧਿਕਾਰੀ ਮੰਨਿਆ ਗਿਆ। ਇਸ ਕਮੇਟੀ ਜਾਂ ਗੁਰਦੁਆਰਿਆਂ ਸੰਬੰਧੀ ਪੈਦਾ ਹੋਣ ਵਾਲੇ ਝਗੜਿਆਂ ਜਾਂ ਝਮੇਲਿਆਂ ਦਾ ਨਿਪਟਾਰਾ ਕਰਨ ਲਈ ਇਕ ਜੁਡੀਸ਼ੀਅਲ ਕਮਿਸ਼ਨ ਦੀ ਵਿਵਸਥਾ ਕੀਤੀ ਗਈ।
ਸ਼ੁਰੂ ਵਿਚ ਇਸ ਕਮੇਟੀ ਦੀ ਸਥਾਪਨਾ ਦਾ ਉਦੇਸ਼ ਭਾਵੇਂ ਸੀਮਿਤ ਸੀ, ਪਰ ਆਮਦਨ ਦੇ ਸਾਧਨ ਅਧਿਕ ਹੋਣ ਕਾਰਣ ਸਕੂਲ , ਕਾਲਜ, ਹਸਪਤਾਲ ਆਦਿ ਖੋਲ ਕੇ ਸਮਾਜ ਭਲਾਈ ਵਲ ਉਚੇਚਾ ਧਿਆਨ ਦਿੱਤਾ ਜਾਣ ਲਗਿਆ। ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਿੱਖ ਧਰਮ ਨਾਲ ਸੰਬੰਧਿਤ ਸਾਹਿਤ ਅਤੇ ਇਤਿਹਾਸ ਦੀਆਂ ਰਚਨਾਵਾਂ ਦੇ ਪ੍ਰਕਾਸ਼ਨ ਅਤੇ ਧਰਮ- ਪ੍ਰਚਾਰ ਲਈ ਮਾਸਿਕ ਪੱਤਰਾਂ ਦੇ ਸੰਪਦਾਨ ਨੂੰ ਵੀ ਮੁੱਖ ਗਿਆ। ਸਿੱਖ ਮੋਰਚਿਆਂ ਵਿਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਅਤੇ ਦੰਗਿਆਂ ਜਾਂ ਹੋਰ ਕਿਸੇ ਪ੍ਰਕਾਰ ਦੇ ਸਰਕਾਰੀ ਜਾਂ ਗ਼ੈਰ- ਸਰਕਾਰੀ ਅਤਿਆਚਾਰਾਂ ਤੋਂ ਪੀੜਿਤ ਸਿੰਘਾਂ ਦੀ ਸਹਾਇਤਾ ਆਦਿ ਅਨੇਕ ਕੰਮ ਇਸ ਕਮੇਟੀ ਨੇ ਆਪਣੇ ਜ਼ਿੰਮੇ ਲਏ ਹੋਏ ਹਨ। ਸਿੱਖ ਗੁਰੂ-ਧਾਮਾਂ ਨਾਲ ਲਗੀਆਂ ਜ਼ਮੀਨਾਂ ਜਾਂ ਜਾਗੀਰਾਂ ਦੀ ਵਿਵਸਥਾ ਵੀ ਇਸੇ ਕਮੇਟੀ ਰਾਹੀਂ ਕੀਤੀ ਜਾਂਦੀ ਹੈ।
ਇਥੇ ਇਕ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ 14 ਦਸੰਬਰ 1920 ਈ. ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਮੇਟੀ ਦੀ ਰਾਜਨੈਤਿਕ ਸ਼ਾਖਾ ਵਜੋਂ ਕੀਤੀ ਗਈ ਸੀ। ਪਰ ਸਿੱਖ ਗੁਰਦੁਆਰਾ ਐਕਟ 1925 ਦੇ ਪਾਸ ਹੋ ਜਾਣ ਤੋਂ ਬਾਦ ਜੇਲ੍ਹਾਂ ਤੋਂ ਅਕਾਲੀਆਂ ਨੂੰ ਮੁਕਤ ਕਰਨ ਲਈ ਸਰਕਾਰ ਨੇ ਗੁਰਦੁਆਰਾ ਐਕਟ ਦੀ ਪਾਲਨਾ ਕਰਨ ਦੀ ਸ਼ਰਤ ਰਖੀ। ਨਰਮ-ਦਲੀਆਂ ਨੇ ਸ਼ਰਤ ਮੰਨ ਕੇ ਰਿਹਾਈ ਹਾਸਲ ਕਰ ਲਈ ਪਰ ਗਰਮ-ਦਲੀਆਂ ਨੇ ਜੇਲ੍ਹਾਂ ਅੰਦਰ ਰਹਿਣ ਨੂੰ ਤਰਜੀਹ ਦਿੱਤੀ। ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਦੋ-ਫਾੜ ਹੋ ਗਿਆ। ਗੁਰਦੁਆਰਾ ਐਕਟ ਅਧੀਨ 18 ਜੂਨ 1926 ਈ. ਨੂੰ ਜਦੋਂ ਪਹਿਲੀ ਚੋਣ ਹੋਈ ਤਾਂ ਜੇਲ੍ਹਾਂ ਵਿਚ ਬੰਦ ਹੋਣ ਦੇ ਬਾਵਜੂਦ ਗਰਮ ਦਲ ਵਾਲੇ ਅਕਾਲੀਆਂ ਨੇ ਨਰਮ-ਦਲੀਆਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਭੁਤਾ ਵਧ ਗਈ ਅਤੇ ਹੌਲੀ ਹੌਲੀ ਰਾਜਨੈਤਿਕ ਸ਼ਕਤੀ ਕਾਰਣ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਵਿਵਸਥਾ ਅਤੇ ਗਤਿਵਿਧੀ ਨੂੰ ਆਪਣੇ ਅਨੁਸਾਰ ਚਲਾਉਣ ਲਗ ਗਿਆ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਗੁਲਬੇ ਤੋਂ ਬਾਹਰ ਕਢਣ ਲਈ ਕਈ ਸੰਸਥਾਵਾਂ ਵਲੋਂ ਯਤਨ ਕੀਤੇ ਜਾਂਦੇ ਰਹੇ ਅਤੇ ਅਜਿਹੇ ਯਤਨਾਂ ਦੇ ਕਈ ਵਾਰ ਬੜੇ ਗੰਭੀਰ ਸਿੱਟੇ ਨਿਕਲੇ। ਨਵੰਬਰ 2002 ਵਿਚ ਹੋਈ ਕਾਰਜ- ਸਾਧਕ ਕਮੇਟੀ ਦੀ ਚੋਣ ਵੇਲੇ ਕਾਫ਼ੀ ਤਨਾਉ ਬਣਿਆ, ਪਰ ਸ਼੍ਰੋਮਣੀ ਅਕਾਲੀ ਦਲ ਦਾ ਗਲਬਾ ਕਮੇਟੀ ਉਤੇ ਬਣਿਆ ਰਿਹਾ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : ਇਹ ਸਿੱਖਾਂ ਦੀ ਇਕ ਤਰ੍ਹਾਂ ਦੀ ਪਾਰਲੀਮੈਂਟ ਹੈ, ਜਿਸ ਦਾ ਕੰਟਰੋਲ ਅਕਾਲੀਆਂ ਦੇ ਹੱਥ ਵਿਚ ਹੈ। ਸ਼ੁਰੂ ਵਿਚ ਸਿੱਖ ਗੁਰਦੁਆਰਿਆਂ ਨੂੰ ਆਪਣੇ ਹੱਥ ਵਿਚ ਲੈਣ ਅਤੇ ਇਨ੍ਹਾਂ ਦਾ ਪ੍ਰਬੰਧ ਸੁਧਾਰਣ ਲਈ ਦਸੰਬਰ, 1920 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਇਕ ਸਾਂਝਾ ਪੰਥਕ ਇਕੱਠ ਹੋਇਆ। ਖ਼ਾਲਸੇ ਦਾ ਇਹ ਪਹਿਲਾ ਇਕੱਠ ਸੀ, ਜਿਸਨੇ ਸਮੁੱਚੇ ਪੰਜਾਬ ਦੇ 175 ਮੈਂਬਰਾਂ ਦੀ ਇਕ ਕਮੇਟੀ ਚੁਣੀ ਤੇ ਇਸ ਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਖਿਆ। ਇਸ ਕਮੇਟੀ ਦੇ ਪਹਿਲੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ, ਮੀਤ ਪ੍ਰਧਾਨ ਹਰਬੰਸ ਸਿੰਘ ਅਟਾਰੀ ਅਤੇ ਸਕੱਤਰ ਸੁੰਦਰ ਸਿੰਘ ਰਾਮਗੜ੍ਹੀਆ ਨਿਯੁਕਤ ਹੋਏ।
ਇਸ ਤੋਂ ਪਹਿਲਾਂ ਸਿਖ ਗੁਰਦੁਆਰਿਆਂ ਦਾ ਪ੍ਰਬੰਧ ਵਧੇਰੇ ਕਰਕੇ ਉਦਾਸੀ ਅਤੇ ਨਿਰਮਲੇ ਸਾਧੂਆਂ ਜਾਂ ਪੁਜਾਰੀਆਂ ਦੇ ਹੱਥ ਵਿਚ ਸੀ। ਇਨ੍ਹਾਂ ਦੇ ਜੀਵਨ-ਢੰਗ ਵਿਚ ਕਾਫ਼ੀ ਗਿਰਾਵਟ ਆ ਚੁੱਕੀ ਸੀ ਅਤੇ ਗੁਰਦੁਆਰਿਆਂ ਦਾ ਪੈਸਾ ਬਹੁਤ ਗ਼ਲਤ ਕੰਮਾਂ ਲਈ ਵਰਤਿਆ ਜਾਣ ਲੱਗਾ ਸੀ। ਅੰਗਰੇਜ਼ੀ ਸਰਕਾਰ ਵੀ ਇਨ੍ਹਾਂ ਮੰਹਤਾਂ ਦੇ ਹੱਕ ਵਿਚ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਦੇ ਬਣਨ ਨਾਲ ਗੁਰਦੁਆਰਾ ਸੁਧਾਰ ਲਹਿਰ ਦਾ ਕੰਮ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਹੋਇਆ। ਸੰਨ 1921 ਵਿਚ ਇਹ ਕਮੇਟੀ ਰਜਿਸਟਰ ਹੋ ਗਈ।
ਇਸ ਲਹਿਰ ਦੇ ਸ਼ੁਰੂ ਹੋਣ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪੁਜਾਰੀਆਂ ਹਥੋਂ ਨਿਕਲ ਕੇ ਸਿੱਖਾਂ ਦੇ ਹੱਥ ਆ ਜਾਣ ਨਾਲ ਅੰਗਰੇਜ਼ੀ ਸਰਕਾਰ ਨੂੰ ਆਪਣੀ ਤਾਕਤ ਘਟਦੀ ਜਾਪੀ। ਉਨ੍ਹਾਂ ਨੇ ਸਿੱਖਾਂ ਤੇ ਕਈ ਪਾਬੰਦੀਆਂ ਲਗਾ ਦਿੱਤੀਆਂ। ਪਰ ਇਸ ਦੇ ਬਾਵਜੂਦ ਵੀ ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਾਲ, ਦਰਬਾਰ ਸਾਹਿਬ ਤਰਨਤਾਰਨ, ਸ੍ਰੀ ਨਨਕਾਣਾ ਸਾਹਿਬ ਇਤਿਹਾਸਕ ਸਥਾਨ ਗੁਰਦੁਆਰਾ ਸੁਧਾਨ ਅੰਦੋਲਨ ਦੀ ਤੇਜ਼ੀ ਕਾਰਨ ਛੇਤੀ ਹੀ ਪੰਥਕ ਪ੍ਰਬੰਧ ਹੇਠ ਆ ਗਏ।
14 ਅਗਸਤ, 1921 ਨੂੰ ਕਮੇਟੀ ਦੇ ਮੈਂਬਰਾਂ ਦੀ ਨਵੀਂ ਚੋਣ, ਜਿਸ ਵਿਚ ਨਵੇਂ ਪ੍ਰਧਾਨ ਬਾਬਾ ਖੜਕ ਸਿੰਘ ਸਿਆਲਕੋਟ, ਮੀਤ ਪ੍ਰਧਾਨ ਮਹਿਤਾਬ ਸਿੰਘ ਲਾਹੌਰ ਅਤੇ ਸਕੱਤਰ ਸੁੰਦਰ ਸਿੰਘ ਰਾਮਗੜ੍ਹੀਆ ਚੁਣੇ ਗਏ। ਇਸ ਤੋਂ ਬਾਅਦ ਅੰਦੋਲਨ ਹੋਰ ਤੇਜ਼ ਹੋਇਆ। ਸੰਨ 1922-1924 ਤਕ ਮੋਰਚਾ ਗੁਰੂ ਕਾ ਬਾਗ਼, ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ, ਗੁਰਦੁਆਰਾ ਭਾਈ ਫੇਰੂ ਦਾ ਮੋਰਚਾ, ਰਿਆਸਤ ਨਾਭਾ ਵਿਚ ਜੈਤੋਂ ਦਾ ਮੋਰਚਾ ਲੱਗਣ ਤੇ ਸਿਖਾਂ ਦੀ ਸਰਕਾਰ ਨਾਲ ਜ਼ਬਰਦਸਤ ਟੱਕਰ ਹੋਈ, ਜਿਸ ਵਿਚ ਸਰਕਾਰ ਨੂੰ ਝੁਕਣਾ ਪਿਆ। ਸੰਨ 1925 ਵਿਚ ਕਾਂਗਰਸੀ ਆਗੂ ਪੰਡਤ ਮਦਨ ਮੋਹਨ ਮਾਲਵੀਆ ਦੇ ਸਹਿਯੋਗ ਨਾਲ ਗੁਰਦੁਆਰਾ ਐਕਟ ਪਾਸ ਹੋਇਆ। ਪੰਜਾਬ ਦੇ ਸਾਰੇ ਇਤਿਹਾਸਕ ਗੁਰਦਆਰੇ ਕਮੇਟੀ ਦੇ ਪ੍ਰਬੰਧ ਹੇਠ ਆ ਗਏ।
ਗੁਰਦਵਾਰਾ ਐਕਟ ਦੇ ਅਧੀਨ 1929 ਈ. ਵਿਚ ਪੁਰਾਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਖ਼ਤਮ ਹੋਣ ਤੇ ਨਵਾਂ ਗੁਰਦਵਾਰਾ ਸੈਂਟਰਲ ਬੋਰਡ ਬਣਿਆ। ਪਿਛੋਂ ਸਰਬ ਸੰਮਤੀ ਨਾਲ ਇਸੇ ਦਾ ਨਾਮ ਜੁੜ ਨਵੇਂ ਸਿਰਿਓਂ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਰੱਖ ਦਿੱਤਾ ਗਿਆ। ਇਸ ਕਮੇਟੀ ਦੇ ਜਨਰਲ ਇਜਲਾਸ ਵਿਚ ਹੇਠ ਲਿਖੇ ਮਤੇ ਸਰਬ ਸੰਮਤੀ ਨਾਲ ਪਾਸ ਹੋਏ :
1. ਪੁਰਾਣੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣਾ ਕੁਲ ਚਾਰਜ ਨਵੀਂ ਬਣੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦੇ ਦੇਵੇ।
2. ਕਮੇਟੀ ਦੀਆਂ ਪਿਛਲੀਆਂ ਸਭ ਕਾਰਵਾਈਆਂ ਜਾਇਜ਼ ਕਰਾਰ ਦਿੱਤੀਆਂ ਜਾਣ।
3. ਗੁਰਦਵਾਰਾ ਐਕਟ ਨੂੰ ਨਾ ਕੇਵਲ ਪੰਜਾਬ ਸਗੋਂ ਹਿੰਦੁਸਤਾਨ ਭਰ ਵਿਚ ਲਾਗੂ ਕੀਤਾ ਜਾਵੇ।
4. ਸ਼੍ਰੋਮਣੀ ਕਮੇਟੀ ਦਾ ਸਾਰਾ ਕੰਮ ਨਿਰੋਲ ਪੰਜਾਬੀ ਵਿਚ ਹੋਵੇ।
ਕਮੇਟੀ ਨੇ ਇਨ੍ਹਾਂ ਪੰਥਕ ਭਲਾਈ ਦੇ ਮਤਿਆਂ ਦੇ ਨਾਲ 1927 ਤੋਂ ਲੈ ਕੇ 1947 ਤੱਕ ਹੇਠ ਲਿਖੇ ਕੰਮ ਕੀਤੇ। ਗੁਰਦਵਾਰਾ ਗਜ਼ਟ 1927 ਤੋਂ ਛਾਪਣਾ ਸ਼ੁਰੂ ਕੀਤਾ। ਛੂਤ-ਛਾਤ ਤੋੜਕ ਕਮੇਟੀ ਦੀ ਸਥਾਪਨਾ ਕੀਤੀ (1928-29)। ਸਿਖ ਰਹਿਤ ਮਰਯਾਦਾ ਦਾ ਖਰੜਾ ਤਿਆਰ ਕੀਤਾ (1931)। ਸੰਨ 1937 ਤੋਂ 1939 ਤਕ ਗੁਰਮਤ ਪ੍ਰਚਾਰ ਨੂੰ ਮੁਖ ਰੱਖ ਕੇ ਸ਼ਹਿਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੇ ਗੁਰੂ ਨਾਨਕ ਖ਼ਾਲਸਾ ਕਾਲਜ ਬੰਬਈ ਦੀ ਸਥਾਪਨਾ ਕੀਤੀ। 1964 ਵਿਚ ਮਾਤਾ ਗੁਜਰੀ ਕਾਲਜ ਫ਼ਤਿਹ ਗੜ੍ਹ ਸਾਹਿਬ ਆਪਣੇ ਅਧੀਨ ਲੈ ਲਿਆ। ਸੰਨ 1943 ਵਿਚ ਸਿਖ ਸੂਬੇ ਦੀ ਸਥਾਪਨਾ ਦਾ ਮਤਾ ਪਾਸ ਕੀਤਾ। ਗੁਰਬਾਣੀ ਤੇ ਗੁਰਮਤਿ ਸਾਹਿਤ ਦੀ ਛਪਵਾਈ, ਸਿੱਖ ਇਤਿਹਾਸਕ ਖੋਜ ਵਿਭਾਗ ਤੇ ਸਿੱਖ ਰੈਫ਼ਰੈਂਸ ਲਾਇਬਰੇਰੀ ਦੀ ਸਥਾਪਨਾ ਦੇ ਨਾਲ ਹੀ ਦੇਸ਼ ਦੀ ਆਜ਼ਾਦੀ ਸਮੇਂ ਲੋਕ ਭਲਾਈ ਨੂੰ ਮੁੱਖ ਰੱਖ ਕੇ ਦੇਸ਼-ਭਗਤਾਂ ਦਾ ਵੱਧ ਤੋਂ ਵੱਧ ਸਾਥ ਦਿੱਤਾ।
ਦੇਸ਼ ਦੀ ਵੰਡ (1947) ਤੋਂ ਬਾਅਦ ਪੱਛਮੀ ਪੰਜਾਬ ਦੇ 178 ਗੁਰਦਵਾਰੇ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਹੇਠੋਂ ਨਿਕਲ ਗਏ। ਵੰਡ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ 1948-50 ਵਿਚ ਪੱਛਮੀ ਪੰਜਾਬ ਤੋਂ ਆਏ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਫਿਰ ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਸਥਾਪਨਾ ਸਬੰਧੀ 1966 ਤਕ ਲਗਾਤਾਰ ਅਗਵਾਈ ਦੇ ਕੇ ਅਤੇ ਖ਼ਾਲਸਾ ਕਾਲਜਾਂ ਦੀ ਸਥਾਪਨਾ ਕਰਕੇ ਪੰਥਕ ਉਸਾਰੀ ਵਿਚ ਆਪਣਾ ਨਿੱਗਰ ਯੋਗਦਾਨ ਪਾਇਆ।
ਸੰਨ 1965 ਦੀ ਕਮੇਟੀ ਦੀ ਨਵੀਂ ਚੋਣ ਮੁਤਾਬਕ ਸ਼੍ਰੋਮਣੀ ਕਮੇਟੀ ਦੇ 140 ਇਲਾਕੇਵਾਰ ਮੈਂਬਰ ਅਤੇ 10 ਨਾਮਜ਼ਦ ਮੈਂਬਰ ਮਿਲਾ ਦੇ ਕੁੱਲ 150 ਮੈਂਬਰ ਹਨ ਤੇ ਸੰਨ 1921 ਤੋਂ 1982 ਤੋਂ 1982 ਤੱਕ ਇਸ ਕਮੇਟੀ ਦੇ ਕੁਲ 16 ਪ੍ਰਧਾਨ ਰਹਿ ਚੁੱਕੇ ਹਨ ਜਿਨ੍ਹਾਂ ਦੇ ਨਾਮ ਹਨ :––
1. ਸੁੰਦਰ ਸਿੰਘ ਮਜੀਠੀਆ, 2. ਬਾਬਾ ਖੜਕ ਸਿੰਘ, 3. ਮਾਸਟਰ ਤਾਰਾ ਸਿੰਘ, 4. ਗੋਪਾਲ ਸਿੰਘ ਕੌਮੀ, 5. ਪ੍ਰਤਾਪ ਸਿੰਘ ਸ਼ਾਕਰ, 6. ਜਥੇਦਾਰ ਮੋਹਨ ਸਿੰਘ, 7. ਜਥੇਦਾਰ ਊਧਮ ਸਿੰਘ ਨਾਗੋਕੇ, 8. ਚੰਨਣ ਸਿੰਘ ਉਰਾੜਾ, 9. ਮਾਸਟਰ ਨਾਹਰ ਸਿੰਘ, 10. ਪ੍ਰੀਤਮ ਸਿੰਘ ਖੜੰਜ, 11. ਈਸ਼ਰ ਸਿੰਘ ਮਝੈਲ, 12. ਹਰਿਕਿਸ਼ਨ ਸਿੰਘ, 13. ਪਰੇਮ ਸਿੰਘ ਲਾਲਪੁਰਾ, 14. ਅਜੀਤ ਸਿੰਘ ਬਾਲਾ, 15. ਸੰਤ ਚੰਨਣ ਸਿੰਘ, 16. ਗੁਰਚਰਨ ਸਿੰਘ ਟੌਹੜਾ (ਐਮ. ਪੀ.)।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-04, ਹਵਾਲੇ/ਟਿੱਪਣੀਆਂ: no
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : ਪਹਿਲਾਂ ਪਹਿਲ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲ ਸੀ। ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ ਵਿਚ ਲੈਣਾ ਚਾਹੁੰਦੇ ਸਨ ਕਿਉਂਕਿ ਮਹੰਤਾ ਦੇ ਪ੍ਰਬੰਧ ਤੋਂ ਉਹ ਨਾਖੁਸ਼ ਸਨ। ਕੁਝ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀ ਤੇ ਨਿਰਮਲੇ ਸਾਧੂਆਂ ਜਾਂ ਪੁਜਾਰੀਆਂ ਦੇ ਹੱਥ ਵਿਚ ਵੀ ਸੀ। ਮਹੰਤਾਂ ਦੇ ਦੁਰਾਚਾਰੀ ਜੀਵਨ ਕਾਰਨ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਕਾਫ਼ੀ ਗਿਰਾਵਟ ਆ ਚੁਕੀ ਸੀ। ਇਨ੍ਹਾਂ ਮਹੰਤਾਂ ਨੂੰ ਅੰਗਰੇਜ਼ੀ ਸਰਕਾਰ ਦੀ ਹਮਾਇਤ ਵੀ ਪ੍ਰਾਪਤ ਸੀ। ਇਸ ਨਾਕਸ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ 15 ਨਵੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕ ਭਾਰੀ ਇਕੱਠ ਕੀਤਾ ਗਿਆ ਜਿਸ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਸਮੂਹ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਇਕ ਕਮੇਟੀ ਰਾਹੀਂ ਕੀਤਾ ਜਾਵੇ। 175 ਮੈਂਬਰਾਂ ਦੀ ਇਕ ਕਮੇਟੀ ਬਣਾਈ ਗਈ ਜਿਸ ਦੇ ਪਹਿਲੇ ਪ੍ਰਧਾਨ ਸ. ਸੁੰਦਰ ਸਿੰਘ ਮਜੀਠਿਆ ਥਾਪੇ ਗਏ। ਇਸ ਕਮੇਟੀ ਦੇ ਬਣਨ ਨਾਲ ਗੁਰਦੁਆਰਾ ਸੁਧਾਰ ਲਹਿਰ ਦਾ ਕੰਮ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਸ਼ਿਸ਼ਾਂ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪੁਜਾਰੀਆਂ ਹੱਥੋਂ ਨਿਕਲ ਕੇ ਸਿੱਖਾਂ ਦੇ ਹੱਥ ਆ ਜਾਣ ਨਾਲ ਅੰਗਰੇਜ਼ੀ ਸਰਕਾਰ ਨੂੰ ਆਪਣੀ ਤਾਕਤ ਘਟਦੀ ਜਾਪੀ। ਉਨ੍ਹਾਂ ਨੇ ਸਿੱਖਾਂ ਉੱਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਪਰ ਇਸ ਦੇ ਬਾਵਜੂਦ ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਾਲ; ਦਰਬਾਰ ਸਾਹਿਬ, ਤਰਨਤਾਰਨ; ਸ੍ਰੀ ਨਨਕਾਣਾ ਸਾਹਿਬ ਆਦਿ ਇਤਿਹਾਸਕ ਸਥਾਨ ਗੁਰਦੁਆਰਾ ਸੁਧਾਰ ਅੰਦੋਲਨ ਦੀ ਤੇਜ਼ੀ ਕਾਰਨ ਛੇਤੀ ਹੀ ਪੰਥਕ ਪ੍ਰਬੰਧ ਹੇਠ ਆ ਗਏ।
14 ਅਗਸਤ, 1921 ਨੂੰ ਕਮੇਟੀ ਦੇ ਮੈਂਬਰਾਂ ਦੀ ਨਵੀਂ ਚੋਣ ਹੋਈ ਜਿਸ ਵਿਚ ਨਵੇਂ ਪ੍ਰਧਾਨ ਬਾਬਾ ਖੜਕ ਸਿੰਘ (ਸਿਆਲਕੋਟ) ਚੁਣੇ ਗਏ। ਇਸ ਤੋਂ ਬਾਅਦ ਅੰਦੋਲਨ ਹੋਰ ਤੇਜ਼ ਹੋਇਆ। ਸੰਨ 1922-24 ਤਕ ਮੋਰਚਾ ਗੁਰੂ ਕਾ ਬਾਗ਼, ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ, ਗੁਰਦੁਆਰਾ ਭਾਈ ਫੇਰੂ ਦਾ ਮੋਰਚਾ ਅਤੇ ਨਾਭਾ ਵਿਚ ਗੰਗਸਰ ਜੈਤੋ ਦਾ ਮੋਰਚਾ ਲਗਣ ਤੇ ਸਿੱਖਾਂ ਦੀ ਸਰਕਾਰ ਨਾਲ ਜ਼ਬਰਦਸਤ ਟੱਕਰ ਹੋਈ ਜਿਸ ਵਿਚ ਸਰਕਾਰ ਨੂੰ ਝੁਕਣਾ ਪਿਆ। ਜੈਤੋ ਦੇ ਮੋਰਚੇ ਦੌਰਾਨ ਐਸ.ਜੀ.ਪੀ.ਸੀ. ਨੂੰ ਅਕਾਲੀ ਦਲ ਸਮੇਤ ਗ਼ੈਰ ਕਾਨੂੰਨੀ ਸੰਸਥਾ ਕਰਾਰ ਦਿੱਤਾ ਗਿਆ। ਸੰਨ 1925 ਵਿਚ ਕਾਂਗਰਸੀ ਆਗੂ ਪੰਡਿਤ ਮਦਨ ਮੋਹਨ ਮਾਲਵੀਆ ਦੇ ਸਹਿਯੋਗ ਕਾਰਨ ਗੁਰਦੁਆਰਾ ਐਕਟ ਪਾਸ ਹੋਣ ਨਾਲ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆ ਗਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਸਿੱਖਾਂ ਦੀ ਪਾਰਲੀਮੈਂਟ ਬਣ ਗਈ। ਇਸ ਦੇ ਫ਼ੈਸਲੇ ਪੁਰਾਤਨ ਗੁਰਮਤਿਆਂ ਦਾ ਰੂਪ ਲੈਣ ਲਗ ਪਏ। ਗੁਰਦੁਆਰਿਆਂ ਦੀ ਆਮਦਨ ਤੋਂ ਇਸ ਦੀਆਂ ਵਿੱਤੀ ਲੋੜਾਂ ਪੂਰੀਆਂ ਹੋਣ ਲੱਗੀਆਂ।
ਗੁਰਦੁਆਰਾ ਐਕਟ ਦੇ ਅਧੀਨ 1929 ਈ. ਵਿਚ ਪੁਰਾਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਤਮ ਹੋਣ ਤੇ ਨਵਾਂ ਗੁਰਦੁਆਰਾ ਸੈਂਟਰਲ ਬੋਰਡ ਬਣਿਆ। ਪਿਛੋਂ ਸਰਬ ਸੰਮਤੀ ਨਾਲ ਇਸੇ ਦਾ ਨਾਂ ਮੁੜ ਨਵੇਂ ਸਿਰਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖ ਦਿੱਤਾ ਗਿਆ। ਇਸ ਕਮੇਟੀ ਦੇ ਜਨਰਲ ਇਜਲਾਸ ਵਿਚ ਹੇਠ ਲਿਖੇ ਮਤੇ ਸਰਬ ਸੰਮਤੀ ਨਾਲ ਪਾਸ ਹੋਏ –
1-ਪੁਰਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਕੁਲ ਚਾਰਜ ਨਵੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦੇਵੇ।
2-ਕਮੇਟੀ ਦੀਆਂ ਪਿਛਲੀਆਂ ਸਭ ਕਾਰਵਾਈਆਂ ਜਾਇਜ਼ ਕਰਾਰ ਦਿੱਤੀਆਂ ਜਾਣ।
3-ਗੁਰਦਵਾਰਾ ਐਕਟ ਨੂੰ ਨਾ ਕੇਵਲ ਪੰਜਾਬ ਸਗੋਂ ਹਿੰਦੁਸਤਾਨ ਭਰ ਵਿਚ ਲਾਗੂ ਕੀਤਾ ਜਾਵੇ।
4-ਸ਼੍ਰੋਮਣੀ ਕਮੇਟੀ ਦਾ ਸਾਰਾ ਕੰਮ ਨਿਰੋਲ ਪੰਜਾਬੀ ਵਿਚ ਹੋਵੇ।
ਕਮੇਟੀ ਨੇ ਇਨ੍ਹਾਂ ਪੰਥਕ ਭਲਾਈ ਦੇ ਮਤਿਆਂ ਦੇ ਨਾਲ 1927 ਈ. ਤੋਂ ਲੈ ਕੇ 1947 ਤਕ ਕਈ ਕੰਮ ਕੀਤੇ। ਗੁਰਦੁਆਰਾ ਗਜ਼ਟ 1927 ਈ. ਤੋਂ ਛਪਣਾ ਸ਼ੁਰੂ ਹੋਇਆ। ਸੰਨ 1928-29 ਵਿਚ ਛੂਤ-ਛਾਤ ਵਿਰੁੱਧ ਲੜਨ ਲਈ ਇਕ ਮੁਹਿੰਮ ਛੇੜੀ ਗਈ। ਸੰਨ 1931 ਵਿਚ ਸਿੱਖ ਰਹਿਤ ਮਰਯਾਦਾ ਦਾ ਖਰੜਾ ਤਿਆਰ ਕੀਤਾ ਗਿਆ। ਸੰਨ 1937 ਤੋਂ 1939 ਤਕ ਗੁਰਮਤ ਪ੍ਰਚਾਰ ਨੂੰ ਮੁੱਖ ਰੱਖ ਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੇ ਗੁਰੂ ਨਾਨਕ ਖ਼ਾਲਸਾ ਕਾਲਜ, ਬੰਬਈ ਦੀ ਸਥਾਪਨਾ ਕੀਤੀ ਗਈ। ਸੰਨ 1943 ਵਿਚ ਸਿੱਖ ਸੂਬੇ ਦੀ ਸਥਾਪਨਾ ਦਾ ਮਤਾ ਪਾਸ ਕੀਤਾ। ਸੰਨ 1964 ਵਿਚ ਇਸ ਨੇ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਆਪਣੇ ਅਧੀਨ ਲੈ ਲਿਆ। ਗੁਰਬਾਣੀ ਅਤੇ ਗੁਰਮਤਿ ਸਾਹਿਬ ਦੀ ਛਪਾਈ, ਸਿੱਖ ਇਤਿਹਾਸਕ ਖੋਜ ਵਿਭਾਗ ਅਤੇ ਸਿੱਖ ਰੈਫ਼ਰੈਂਸ ਲਾਇਬਰੇਰੀ ਦੀ ਸਥਾਪਨਾ ਦੇ ਨਾਲ ਹੀ ਦੇਸ਼ ਦੀ ਆਜ਼ਾਦੀ ਸਮੇਂ ਲੋਕ ਭਲਾਈ ਨੂੰ ਮੁੱਖ ਰਖ ਕੇ ਦੇਸ਼-ਭਗਤਾਂ ਦਾ ਵੱਧ ਤੋਂ ਵੱਧ ਸਾਥ ਦਿੱਤਾ।
ਦੇਸ਼ ਦੀ ਵੰਡ (1947) ਤੋਂ ਬਾਅਦ ਪੱਛਮੀ ਪੰਜਾਬ ਦੇ ਕਈ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਹੇਠੋਂ ਨਿਕਲ ਗਏ। ਵੰਡ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ 1948-50 ਈ. ਵਿਚ ਪੱਛਮੀ ਪੰਜਾਬ ਤੋਂ ਆਏ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਤੇ ਫਿਰ ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਸਥਾਪਨਾ ਸਬੰਧੀ 1966 ਈ. ਵਿਚ ਲਗਾਤਾਰ ਅਗਵਾਈ ਦੇ ਕੇ ਅਤੇ ਖ਼ਾਲਸਾ ਕਾਲਜਾਂ ਦੀ ਸਥਾਪਨਾ ਕਰ ਕੇ ਪੰਥਕ ਉਸਾਰੀ ਵਿਚ ਆਪਣਾ ਨਿੱਗਰ ਯੋਗਦਾਨ ਪਾਇਆ।
ਹੁਣ ਸ਼੍ਰੋਮਣੀ ਕਮੇਟੀ ਵਿਚ ਇਲਾਕੇਵਾਰ ਮੈਂਬਰ ਚੁਣੇ ਜਾਂਦੇ ਹਨ ਅਤੇ ਕੁਝ ਨਾਮਜ਼ਦ ਵੀ ਕੀਤੇ ਜਾਂਦੇ ਹਨ। ਇਸ ਕਮੇਟੀ ਦੇ ਹੁਣ ਤੀਕ ਰਹਿ ਚੁਕੇ ਪ੍ਰਧਾਨ ਹੇਠ ਲਿਖੇ ਅਨੁਸਾਰ ਹਨ :-
ਸ. ਸੁੰਦਰ ਸਿੰਘ ਮਜੀਠੀਆ, ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸ. ਗੋਪਾਲ ਸਿੰਘ ਕੌਮੀ, ਸ. ਪ੍ਰਤਾਪ ਸਿੰਘ ਸ਼ਾਕਰ, ਜਥੇਦਾਰ ਮੋਹਨ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਸ. ਚਾਨਣ ਸਿੰਘ ਉਰਾੜਾ, ਮਾਸਟਰ ਨਾਹਰ ਸਿੰਘ, ਸ. ਪ੍ਰੀਤਮ ਸਿੰਘ ਖਡੰਜ, ਸ. ਈਸ਼ਰ ਸਿੰਘ ਮਝੈਲ, ਸ. ਹਰਿਕਿਸ਼ਨ ਸਿੰਘ, ਸ. ਪ੍ਰੇਮ ਸਿੰਘ ਲਾਲਪੁਰਾ, ਸ. ਅਜੀਤ ਸਿੰਘ ਬਾਬਾ, ਸੰਤ ਚੰਨਣ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ. ਕਾਬਲ ਸਿੰਘ, ਬੀਬੀ ਜਾਗੀਰ ਕੌਰ, ਜਥੇਦਾਰ ਜਗਦੇਵ ਸਿੰਘ ਤਲਵੰਡੀ। 27 ਨਵੰਬਰ, 2001 ਨੂੰ ਕਿਰਪਾਲ ਸਿੰਘ ਥਡੂੰਮਰ ਇਸ ਦੇ ਪ੍ਰਧਾਨ ਚੁਣੇ ਗਏ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5600, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-04-33-16, ਹਵਾਲੇ/ਟਿੱਪਣੀਆਂ: ਹ. ਪੁ.–ਹਿ. ਸਿ. -ਖ਼ੁਸ਼ਵੰਤ ਸਿੰਘ
ਵਿਚਾਰ / ਸੁਝਾਅ
Please Login First