ਸਕੂਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਕੂਲ [ਨਾਂਪੁ] ਸਮੂਹਿਕ ਰੂਪ ਵਿੱਚ ਬੱਚਿਆਂ ਦੇ ਪੜ੍ਹਨ ਦੀ ਥਾਂ, ਵਿੱਦਿਆ ਪ੍ਰਾਪਤ ਕਰਨ ਦੀ ਸੰਸਥਾ , ਵਿਦਿਆਲਾ, ਮਦਰਸਾ , ਪਾਠਸ਼ਾਲਾ; ਵਿਚਾਰਧਾਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਕੂਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਕੂਲ. ਅੰ. School. ਪਾਠਸ਼ਾਲਾ. ਮਕਤਬ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਕੂਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸਕੂਲ: ਸਕੂਲ ਸ਼ਬਦ ਦੀ ਵਿਉਤਪਤੀ ਯੂਨਾਨੀ ਸ਼ਬਦ ਸਖੋਲੇ ਤੋਂ ਹੈ ਜਿਸ ਦਾ ਅਰਥ ਵਿਹਲ ਹੈ। ਸਕੂਲ ਨੂੰ ਇਸ ਸ਼ਬਦ ਨਾਲ ਮਿਲਾਉਣ ਦਾ ਵਿਸ਼ੇਸ਼ ਕਾਰਨ ਇਹ ਸੀ ਕਿ ਪ੍ਰਾਚੀਨ ਯੂਨਾਨ ਵਿਚ ਸਿੱਖਿਆ ਆਮ ਜਨਤਾ ਨੂੰ ਨਹੀਂ ਸਗੋਂ ਇਹ ਸਮਾਜ ਦੇ ਇਕ ਅਜਿਹੇ ਉੱਚੇ ਵਰਗ ਨੂੰ ਦਿੱਤੀ ਜਾਂਦੀ ਸੀ। ਜਿਸ ਕੋਲ ਵਿਹਲਾ ਸਮਾਂ ਹੁੰਦਾ ਸੀ। ਉਸ ਸਮੇਂ ਦੇ ਸਮਾਜ ਦੇ ਲਈ ਸਕੂਲ ਇਕ ਅਜਿਹੀ ਸੰਸਥਾ ਸੀ ਜੋ ਸਿਰਫ ਮਨੁੱਖੀ ਜੀਵਨ ਨਾਲ ਹੀ ਸਬੰਧਤ ਸੀ ਜਿਥੇ ਸਿਰਫ ਵਿਹਲ ਨੂੰ ਤਰਜੀਹ ਦਿੱਤੀ ਜਾਂਦੀ ਸੀ।
ਸਕੂਲ ਦੀ ਉਤਪਤੀ ਅਤੇ ਵਿਕਾਸ: ਪੁਰਾਤਨ ਕਾਲ ਵਿਚ ਸਮਾਜਿਕ ਜੀਵਨ ਵਧੇਰੇ ਗੁੰਝਲਦਾਰ ਨਹੀਂ ਸੀ। ਬੱਚੇ ਪਰਿਵਾਰ ਦੁਆਰਾ ਹੀ ਉਨ੍ਹਾਂ ਸਾਰੀਆਂ ਕਿਰਿਆਵਾਂ ਅਤੇ ਅਨੁਭਵਾਂ ਤੋਂ ਜਾਣੂ ਹੋ ਜਾਂਦੇ ਸਨ ਜਿਨ੍ਹਾਂ ਦੀ ਕਿ ਉਨ੍ਹਾਂ ਨੂੰ ਕਿੱਤਿਆਂ ਦੀ ਜਾਣਕਾਰੀ ਅਤੇ ਸਮਾਜਿਕ ਸਬੰਧ ਕਾਇਮ ਕਰਨ ਦੀ ਲੋੜ ਹੁੰਦੀ ਸੀ। ਪਰਿਵਾਰ ਤੋਂ ਬਾਅਦ ਇਨ੍ਹਾਂ ਭਾਵਾਂ ਦੀ ਪੂਰਤੀ ਲਈ ਮੰਦਰਾਂ, ਮਸੀਤਾਂ, ਗਿਰਜਿਆਂ ਅਤੇ ਗੁਰਦੁਆਰਿਆਂ ਨੇ ਇਹ ਜ਼ਿੰਮੇਵਾਰੀ ਆਪਣੇ ਸਿਰ ਲਈ। ਜਦੋਂ ਤੀਕ ਘਰ ਅਤੇ ਪਿੰਡ ਕਿੱਤੇ ਦੇ ਕੇਂਦਰ ਬਣੇ ਰਹੇ ਉਦੋਂ ਤਕ ਪਰਿਵਾਰ, ਧਾਰਮਿਕ ਸਥਾਨ ਅਤੇ ਸਥਾਨਕ ਜਾਤੀ ਆਦਿ ਹੀ ਬੱਚੇ ਦੇ ਜੀਵਨ ਲਈ ਸਕੂਲ ਦੇ ਰੂਪ ਵਿਚ ਸਹਾਈ ਹੁੰਦੇ ਰਹੇ ਪਰ ਸੱਭਿਅਤਾ ਦੇ ਵਿਕਾਸ ਦੇ ਨਾਲ ਨਾਲ ਜਿਉਂ ਜਿਉਂ ਬੱਚੇ ਇਨ੍ਹਾਂ ਮੌਕਿਆਂ ਤੋਂ ਵਾਂਝੇ ਹੁੰਦੇ ਗਏ ਅਤੇ ਸਮਾਜ ਸਰਲ ਤੋਂ ਜਟਿਲ ਹੁੰਦਾ ਗਿਆ ਤਿਉਂ ਤਿਉਂ ਹੀ ਘਰ, ਪਰਿਵਾਰ, ਜਾਤੀ ਤੇ ਧਾਰਮਿਕ ਸਥਾਨ ਬੱਚਿਆਂ ਨੂੰ ਸਭਿਆਚਾਰ ਅਤੇ ਗਿਆਨ ਦੇਣ ਤੋਂ ਅਸਮਰਥ ਹੁੰਦੇ ਗਏ। ਇਸ ਕਰ ਕੇ ਨਿਯਮਿਤ ਢੰਗ ਨਾਲ ਸਿੱਖਿਆ ਦੇਣ ਦੀ ਲੋੜ ਮਹਿਸੂਸ ਹੋਣ ਲੱਗੀ। ਇਸ ਪ੍ਰਕਾਰ ਅੱਜ ਦੇ ਰਸਮੀ ਸਕੂਲਾਂ ਦਾ ਜਨਮ ਹੋਇਆ। ਉਸ ਸਮੇਂ ਮਾਪਿਆਂ ਕੋਲ ਵਿਹਲ ਅਤੇ ਸਮਰੱਥ ਦੀ ਘਾਟ ਕਰ ਕੇ ਕੁਝ ਪੜ੍ਹੇ ਲਿਖੇ ਲੋਕਾਂ ਨੇ ਸਿੱਖਿਆ ਦੇਣ ਨੂੰ ਇਕ ਕਿੱਤੇ ਦੇ ਰੂਪ ਵਿਚ ਅਪਣਾਇਆ ਤੇ ਇਹੋ ਲੋਕ ਅੱਗੋਂ ਜਾ ਕੇ ਅਧਿਆਪਕ ਅਖਵਾਉਣ ਲੱਗੇ।
ਸਕੂਲ ਪ੍ਰਣਾਲੀ ਦਾ ਵਿਕਾਸ: ਮੁੱਢ ਵਿਚ ਸੰਸਾਰ ਦੇ ਕਈ ਦੇਸ਼ਾਂ ਜਿਵੇਂ ਚੀਨ, ਮਿਸਰ, ਬੈਬੀਲੋਨੀਆ, ਯੂਨਾਨ ਤੇ ਰੋਮ ਵਿਚ ਇਸ ਤਰ੍ਹਾਂ ਦੇ ਸਕੂਲਾਂ ਦਾ ਅਰੰਭ ਹੋਇਆ ਪਰ ਉਨ੍ਹਾਂ ਦਿਨਾਂ ਵਿਚ ਬੱਚਿਆਂ ਨੂੰ ਸਿਰਫ਼ ਉੱਚ ਸੰਸਕ੍ਰਿਤੀ, ਭਾਸ਼ਾ, ਕਾਰਜ-ਦਰਸ਼ਨ ਅਤੇ ਗਣਿਤ ਦਾ ਗਿਆਨ ਹੀ ਦਿੱਤਾ ਜਾਂਦਾ ਸੀ ਤੇ ਇਹ ਗਿਆਨ ਵੀ ਸਿਫਰ ਉੱਚ ਸ਼੍ਰੇਣੀ ਤਕ ਹੀ ਸੀਮਿਤ ਸੀ ਪਰ ਆਧੁਨਿਕ ਵਿਚਾਰਧਾਰਾ ਅਨੁਸਾਰ ਵਰਗ ਅਤੇ ਕਿੱਤੇ ਦੇ ਆਧਾਰ ਤੇ ਨਹੀਂ ਸਗੋਂ ਸਾਰੇ ਬੱਚਿਆਂ ਨੂੰ ਇਕੋ ਰੂਪ ਵਿਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਜਦੋਂ ਕਿਸੇ ਸਮਾਜ ਵਿਚ ਕੋਈ ਰਾਜਨੀਤਿਕ, ਧਾਰਮਿਕ ਜਾਂ ਆਰਥਿਕ ਪਰਿਵਰਤਨ ਆਉਂਦਾ ਹੈ ਤਾਂ ਉਸ ਦੀ ਸਿੱਖਿਆ ਪ੍ਰਣਾਲੀ ਵਿਚ ਪਰਿਵਰਤਨ ਆਉਣਾ ਸੁਭਾਵਕ ਹੈ। ਜਿਸ ਨਾਲ ਸਕੂਲਾਂ ਦੇ ਉਦੇਸ਼ ਅਤੇ ਪ੍ਰਬੰਧ ਅਦਿ ਵੀ ਬਦਲ ਜਾਂਦੇ ਹਨ। ਸਮਾਜ ਦੇ ਨਾਲ ਸਕੂਲ ਬਦਲਦਾ ਜ਼ਰੂਰ ਹੈ ਪਰ ਸਕੂਲ ਸਮਾਜਿਕ ਪਰਿਵਰਤਨ ਲਿਆਉਣ ਵਿਚ ਮਦਦ ਕਰਨ ਦੇ ਨਾਲ ਸਮਾਜਿਕ ਸਥਿਰਤਾ ਵਿਚ ਵੀ ਮਦਦ ਕਰਦਾ ਹੈ। ਸਕੂਲ ਦੇ ਸਭ ਕੰਮ ਤੇ ਪ੍ਰਬੰਧ ਹਮੇਸ਼ਾਂ ਸਮਾਜ ਦੇ ਅਨੁਸਾਰੀ ਹੁੰਦੇ ਹਨ। ਸਮਾਜਿਕ ਪਰਿਵਰਤਨ ਕਰ ਕੇ ਹੀ ਅੱਜ ਦੇ ਸਕੂਲਾਂ ਦੇ ਕਰਤੱਵਾਂ ਵਿਚ ਵੀ ਵਿਸ਼ੇਸ਼ ਤਬਦੀਲੀਆਂ ਆਈਆਂ ਹਨ। ਇਸ ਸਮੇਂ ਸਕੂਲਾਂ ਨੂੰ ਸਿਰਫ ਸਿੱਖਿਆਤਮਕ ਕਰਤੱਵਾਂ ਦੀ ਹੀ ਪੂਰਤੀ ਨਹੀਂ ਕਰਨੀ ਪੈਂਦੀ ਸਗੋਂ ਉਨ੍ਹਾਂ ਨੂੰ ਘਰ ਅਤੇ ਸਮਾਜ ਦੇ ਅਨੁਕੂਲ ਵਾਤਾਵਰਣ ਵੀ ਪੇਸ਼ ਕਰਨਾ ਪੈਂਦਾ ਹੈ ਜਿਵੇਂ-ਗਿਆਨ ਲਈ ਸਿੱਖਿਆ, ਪਿਛੋਕੜ ਲਈ ਸਿੱਖਿਆ, ਪੱਧਰ ਤੇ ਮੁੱਲ ਨਿਰਧਾਰਨ ਲਈ ਸਿੱਖਿਆ, ਸ਼ਿਲਪ ਬੁੱਧੀ, ਸੰਸਕ੍ਰਿਤੀ ਰਚਨਾਤਮਕ ਸਾਹਿਤ ਦੇ ਵਾਧੇ ਤੇ ਵਰਤਮਾਨ ਸੰਸਾਰ ਨੂੰ ਸਮਝਣ ਆਦਿ ਲਈ ਸਿੱਖਿਆ। ਲੋਕਤੰਤਰ-ਪ੍ਰਣਾਲੀ ਦੇ ਪੱਖ ਤੋਂ ਅੱਜ ਸੰਸਾਰ ਵਿਚ ਵਿਸ਼ਵਾਸ਼ਯੋਗ ਸਿੱਖਿਆ ਹੀ ਨਹੀਂ ਦਿੱਤੀ ਜਾਂਦੀ ਸਗੋਂ ਉਸ ਨੂੰ ਸਮਾਜਿਕ ਆਦਰਸ਼ ਦੇ ਰੂਪ ਵਿਚ ਸਵੀਕਾਰ ਕੀਤਾ ਗਿਆ ਹੈ। ਫ਼ਿਰ ਵੀ ਸਕੂਲ ਇੱਕਲਾ ਹੀ ਇਨ੍ਹਾਂ ਸਾਰੇ ਕਰੱਤਵਾਂ ਦਾ ਪਾਲਣ ਕਰ ਸਕਣ ਦੇ ਸਮਰੱਥ ਨਹੀਂ, ਸਗੋਂ ਇਹ ਘਰ ਅਤੇ ਸਿੱਖਿਆ ਦੇ ਹੋਰ ਅਣਉਪਚਾਰਕ ਕਾਰਜ ਸਥਾਨਾਂ ਵਿਚ ਵਿਚੋਲੇ ਦਾ ਕੰਮ ਕਰਦਾ ਹੈ। ਕਰਤੱਵ – ਅੱਜ ਦੇ ਸਕੂਲਾਂ ਦੇ ਮੁੱਖ ਕਰਤੱਵ ਇਹ ਹਨ - 1. ਸਮਾਜਿਕ ਜੀਵਨ ਦੀ ਰਖਵਾਲੀ ਅਤੇ ਪਾਲਣਾ – ਸਕੂਲ ਦਾ ਮੁੱਖ ਕਰਤੱਵ ਸਮਾਜਿਕ ਜੀਵਨ ਦੀ ਰਖਵਾਲੀ ਕਰਨਾ ਹੈ। ਇਸ ਨੂੰ ਪੂਰਾ ਕਰਨ ਲਈ ਸਮਾਜ ਦੀ ਰਖਵਾਲੀ ਕਰਨਾ ਹੈ। ਇਸ ਨੂੰ ਪੂਰਾ ਕਰਨ ਲਈ ਸਕੂਲ ਸਮਾਜ ਦੀਆਂ ਤੁਰੀਆਂ ਆ ਰਹੀਆਂ ਪਰੰਪਰਾਵਾਂ, ਅਨੁਭਵਾਂ, ਕਦਰਾਂ-ਕੀਮਤਾ ਤੇ ਸਮਾਜਿਕ ਰਹੁ-ਰੀਤਾਂ ਨੂੰ ਇਕ ਯੁੱਗ ਤੋਂ ਦੂਸਰੇ ਯੁੱਗ ਤੱਕ ਪਹੁੰਚਾਉਂਦਾ ਹੈ ਅਤੇ ਸਾਰੇ ਬੱਚਿਆਂ ਨੂੰ ਸਫ਼ਲ ਜੀਵਨ ਬਿਤਾਉਣ ਲਈ ਸਮਾਨ ਪੱਧਰ ਤੇ ਸਭਿਆਚਾਰ ਪੱਖ ਤੋਂ ਤਿਆਰ ਕਰਦਾ ਹੈ। 2. ਸੰਸਕ੍ਰਿਤੀ ਤੇ ਸਭਿਅਤਾ ਦੀ ਪਾਲਣਾ – ਸਕੂਲ ਬੱਚਿਆਂ ਨੂੰ ਉਨ੍ਹਾਂ ਦੀ ਸੰਸਕ੍ਰਿਤੀ ਜਾਂ ਉਨ੍ਹਾਂ ਦੇ ਵਿਰਸੇ ਸਬੰਧੀ ਹੀ ਜਾਣਕਾਰੀ ਨਹੀਂ ਦਿੰਦਾ ਸਗੋਂ ਆਪਣੇ ਸਮਾਜ ਵਿਚ ਚੰਗੇ ਪਰਿਵਰਤਨ ਲਿਆਉਣ ਦੇ ਸਮੱਰਥ ਬਣਾਉਂਦਾ ਹੈ ਤਾਂ ਕਿ ਉਹ ਆਪਣੀ ਮਿਹਨਤ ਅਤੇ ਵਿਰਸੇ ਦੇ (ਅਨੁਭਵਾਂ) ਦਾ ਆਧਾਰ ਤੇ ਇਕ ਸੁਖੀ ਸਮਾਜ ਦੇ ਨਿਰਮਾਣ ਵਿਚ ਸਹਾਇਕ ਸਾਬਤ ਹੋ ਸਕਣ। ਇਸ ਲਈ ਸਕੂਲ ਸਮਾਜਿਕ ਸਥਿਰਤਾ ਤੇ ਸਮਾਜਿਕ ਪਰਿਵਰਤਨ ਦੋਹਾਂ ਵਿਚ ਸਹਾਈ ਸਿੱਧ ਹੁੰਦਾ ਹੈ। 3. ਵਿਅਕਤੀ ਦੇ ਸਰਬੰਗੀ ਵਿਕਾਸ ਦਾ ਨਿਰਮਾਣ – ਸਰੀਰਕ, ਸਮਾਜਿਕ, ਭਾਵਾਤਮਕ, ਬੌਧਿਕ, ਨੈਤਿਕ, ਧਾਰਮਿਕ ਅਤੇ ਅਧਿਆਤਮਿਕ ਪੱਖਾਂ ਤੋਂ ਬੱਚੇ ਦੇ ਵਿਅਕਤੀਤਵ ਦਾ ਵਿਕਾਸ ਕਰਨਾ ਸਕੂਲ ਦਾ ਕਰਤੱਵ ਹੈ। ਪਾਠ-ਕਰਮ, ਵਿਦਿਅਕ ਕਿਰਿਆਵਾਂ, ਲਲਿਤ ਕਲਾਵਾਂ, ਸ਼ਿਲਪ-ਕਲਾਵਾਂ, ਖੇਡਾਂ, ਨਾਟਕ ਭਾਸ਼ਣ, ਸਮਾਜ ਸੇਵਾ ਤੇ ਇਸ ਕਿਸਮ ਦੀਆਂ ਹੋਰ ਕਿਰਿਆਵਾਂ ਦੁਆਰਾ ਸਕੂਲ ਬੱਚੇ ਦੀ ਰਚਨਾਤਮਕ, ਸਮਾਜਿਕ, ਕਲਾਤਮਿਕ ਅਤੇ ਹੋਰ ਕਈ ਪ੍ਰਕਾਰ ਦੀਆਂ ਭਾਵਨਾਵਾਂ ਦੀ ਪੂਰਤੀ ਜਾਂ ਸੰਤੁਸ਼ਟੀ ਕਰਨ ਵਿਚ ਸਹਾਇਕ ਸਿੱਧ ਹੁੰਦਾ ਹੈ। ਇਸ ਪ੍ਰਕਾਰ ਬੱਚਾ ਗਿਆਨ ਦੇ ਵਾਧੇ ਨਾਲ ਆਪਣੀਆਂ ਕਲਾਵਾਂ, ਸੁਭਾਅ ਤੇ ਅਨੁਭਵਾਂ (ਅਰਥਾਤ ਸਰਬੰਗੀ ਵਿਕਾਸ) ਨੂੰ ਵਿਕਸਤ ਕਰਨ ਵਿਚ ਸਫਲਤਾ ਪ੍ਰਾਪਤ ਕਰਦਾ ਹੈ। 4. ਸਮਾਜਿਕ ਯੋਗਤਾ ਦਾ ਵਿਕਾਸ – ਸਕੂਲ ਆਪਣੇ ਸਮਾਜਿਕ ਢਾਂਚੇ ਦੇ ਅਨੁਸਾਰ (ਸਾਮਵਾਦ, ਪਰਜਾਤੰਤਰ ਜਾਂ ਰਾਜਤੰਤਰੀ) ਹੀ ਆਪਣੀ ਰਾਜਨੀਤੀ ਬਾਰੇ ਬੱਚਿਆਂ ਨੂੰ ਸੁਚੇਤ ਕਰਦੇ ਹਨ ਜਿਵੇਂ ਪਰਜਾ-ਤੰਤਰੀ ਸਮਾਜ ਵਿਚ ਬੱਚੇ ਨੂੰ ਲੋਕ-ਰਾਜ ਸਬੰਧੀ ਗੱਲਾਂ ਦੀ ਜਾਣਕਾਰੀ, ਸਿੱਖਿਆ ਅਤੇ ਸਕੁਲ ਦੇ ਹੋਰ ਯੋਜਨਾ-ਬੱਧ ਕੰਮਾਂ ਦੁਆਰਾ ਦਿੱਤੀ ਜਾਂਦੀ ਹੈ। ਇਥੇ ਸਕੁਲ ਦਾ ਕਰਤੱਵ ਬੱਚੇ ਨੂੰ ਲੋਕ-ਰਾਜੀ ਸਰਕਾਰ ਵਿਚ ਹਿੱਸਾ ਲੈਣ ਆਪਣੇ ਕਰਤੱਵਾਂ ਤੇ ਅਧਿਕਾਰ ਪ੍ਰਤਿ ਸੁਚੇਤ ਰਹਿਣ ਦੀ ਟਰੇਨਿੰਗ ਦੇਣਾ ਹੈ। ਸਕੁਲ ਪਹਿਲਾਂ ਸਮਾਜ ਵਿਚ ਆਈਆਂ ਆਰਥਿਕ, ਭੌਤਿਕ ਤੇ ਰਾਜਨੀਤਿਕ ਤਬਦੀਲੀਆਂ ਦਾ ਬਾਰੀਕੀ ਨਾਲ ਅਧਿਐਨ ਅਤੇ ਵਿਸ਼ਲੇਸ਼ਣ ਕਰਦਾ ਹੈ ਫਿਰ ਇਸ ਦੇ ਆਧਾਰ ਤੇ ਆਪਣੀ ਸਿੱਖਿਆ-ਪ੍ਰਣਾਲੀ ਵਿਚ ਜ਼ਰੂਰਤ ਅਨੁਸਾਰ ਤਬਦੀਲੀਆਂ ਅਤੇ ਸੋਧ ਲਿਆ ਕੇ ਸਮਾਜਕ ਵਿਕਾਸ ਅਤੇ ਉੱਨਤੀ ਲਈ ਰਾਹ ਤਿਆਰ ਕਰਦਾ ਹੈ। 5. ਸਕੂਲ-ਜੀਵਨ ਤੋਂ ਬਾਅਦ ਦਾ ਅਨੁਕੂਲਣ – ਪ੍ਰਸਿੱਧ ਫਿਲਾਸਫ਼ਰ ਤੇ ਵਿਦਿਆ ਸ਼ਾਸਤਰੀ ਬ੍ਰਾਊਨ ਅਨੁਸਾਰ ਬੱਚੇ ਨੂੰ ਸਕੁਲੀ-ਜੀਵਨ ਤੋਂ ਬਾਅਦ ਦੇ ਸਮੇਂ ਲਈ ਤਿਆਰ ਕਰਨਾ ਸਕੂਲ ਦਾ ਮੁੱਖ ਕਰਤੱਵ ਹੈ। ਬੱਚਾ ਆਪਣੇ ਜੀਵਨ ਦਾ ਕੀਮਤੀ ਸਮਾਂ ਸਕੂਲ ਵਿਚ ਬਤੀਤ ਕਰਦਾ ਹੈ। ਇਸ ਲਈ ਸਕੂਲ ਦਾ ਇਹ ਕਰਤੱਵ ਹੈ ਕਿ ਉਹ ਉਸ ਦੌਰਾਨ ਬੱਚਿਆਂ ਦੇ ਨਿਰਮਾਣ ਵਿਚ ਸਹਾਇਤਾ ਕਰੇ ਤਾਂ ਜੋ ਉਹ ਸਕੂਲ ਤੋਂ ਬਾਅਦ ਆਪਣੇ ਜੀਵਨ ਵਿਚ ਕਿੱਤੇ ਸਬੰਧੀ, ਰਾਜਸੀ ਅਤੇ ਨਿੱਜੀ ਖੇਤਰ ਵਿਚ ਸਫਲਤਾ ਦੇ ਰਾਹ ਤੇ ਜਾ ਸਕਣ ਦੇ ਸਮਰੱਥ ਹੋਣ। ਸਕੂਲ ਤੋਂ ਬਾਅਦ ਵਿਅਕਤੀ ਨੂੰ ਆਪਣੀ ਯੋਗਤਾ ਅਤੇ ਪਾਤਰਤਾ ਦੇ ਆਧਾਰ ਤੇ ਸਮਾਜ ਵਿਚ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ। ਸਮਾਜ ਵਿਚ ਸਫ਼ਲ ਵਿਅਕਤੀ ਪ੍ਰਮਾਣਿਤ ਹੋਣ ਤੇ ਹੀ ਸਕੂਲ ਦੀ ਸਿੱਖਿਆ ਸਲਾਹੀ ਜਾ ਸਕਦੀ ਹੈ। 6. ਜੀਵਨ ਦੇ ਉੱਚ ਆਦਰਸ਼ਾਂ ਦੀ ਸਿਖਲਾਈ – ਸੰਯੁਕਤ ਪਰਿਵਾਰ ਦੇ ਅਲੋਪ ਹੋਣ ਨਾਲ ਅਤੇ ਉਨ੍ਹਾਂ ਤੋਂ ਧਾਰਮਿਕ ਸੰਸਥਾਵਾਂ ਦਾ ਪ੍ਰਭਾਵ ਘੱਟ ਜਾਣ ਨਾਲ ਨੈਤਿਕ ਤੇ ਧਾਰਮਿਕ ਸਿੱਖਿਆ ਦੀ ਜ਼ਿੰਮੇਵਾਰੀ ਦਾ ਭਾਰ ਵੀ ਸਕੂਲ ਤੇ ਆ ਪਿਆ ਹੈ। ਪਹਿਲਾਂ ਇਹ ਕੰਮ ਜਿਥੇ ਪਰਿਵਾਰ ਅਤੇ ਧਾਰਮਿਕ ਸੰਸਥਾਂਵਾਂ ਦੁਆਰਾ ਕੀਤਾ ਜਾਂਦਾ ਸੀ ਉਥੇ ਹੁਣ ਸਕੂਲ ਦਾ ਕਰਤੱਵ ਬਣ ਗਿਆ ਹੈ ਕਿ ਉਹ ਸਮਾਜਿਕ, ਆਰਥਿਕ ਤੇ ਲੋਕਤੰਤਰੀ (ਰਾਜਨੀਤਿਕ) ਆਦਰਸ਼ਾਂ ਦੇ ਨਾਲ ਨਾਲ ਬੱਚਿਆਂ ਨੂੰ ਨੈਤਿਕ ਕਿਸਮ ਦੀ ਸਿੱਖਿਆ ਤੋਂ ਜਾਣੂ ਕਰੇ ਜਿਸ ਦੇ ਆਂਧਾਰ ਤੇ ਉਹ ਪਾਪ-ਪੁੰਨ, ਸਦਾਚਾਰ-ਦੁਰਾਚਾਰ ਦੇ ਫ਼ਰਕ ਨੂੰ ਪਛਾਣਨ ਦੇ ਸਮਰੱਥ ਹੋ ਜਾਣ। ਇਕ ਈਮਾਰਨਦਾਰ ਨਾਗਰਿਕ ਦੇ ਤੌਰ ਤੇ ਪ੍ਰਸ਼ੰਸਾ, ਸਚਾਈ, ਚੰਗਿਆਈ ਤੇ ਸੁੰਦਰਤਾ ਦੀ ਭਾਵਨਾ ਵੀ ਉਨ੍ਹਾਂ ਵਿਚ ਵਿਕਸਿਤ ਹੋਈ ਹੋਵੇ ਪਰ ਇਨ੍ਹਾਂ ਸਾਰੇ ਆਦਰਸ਼ਾਂ ਦੀ ਪੂਰਤੀ ਲਈ ਸਕੂਲ ਅਤੇ ਘਰ ਦੇ, ਸਕੂਲ ਅਤੇ ਸਮਾਜ ਦੇ ਪਰਸਪਰ ਸਬੰਧਾਂ ਦਾ ਹੋਣਾ ਬਹੁਤ ਜ਼ਰੂਰੀ ਹੈ।
ਸਕੂਲ ਦੀਆਂ ਕਿਸਮਾਂ – ਸਕੂਲ ਆਰੰਭ ਤੋਂ ਲੈ ਕੇ ਹੁਣ ਤਕ ਕਈ ਕਿਸਮ ਦੇ ਸਮਾਜਿਕ, ਵਿਗਿਆਨਕ, ਰਾਜਨੀਤਿਕ, ਆਰਥਿਕ, ਧਾਰਮਿਕ ਅਤੇ ਦਾਰਸ਼ਨਿਕ ਪ੍ਰਭਾਵਾਂ ਅਧੀਨ ਕਈ ਰੂਪ ਬਦਲਦਾ ਆਇਆ ਹੈ। ਅਜੋਕੇ ਸਕੂਲ ਨੇ ਉਪਰੋਕਤ ਕਾਰਨ ਕਰਕੇ, ਸਮਾਜਿਕ ਗੁੰਝਲਾਂ ਕਰਕੇ ਜਾਂ ਇਸ ਦੇ ਉਪਰੋਕਤ ਕਿਸਮ ਦੇ ਕਈ ਕਰਤੱਵਾਂ ਜਾਂ ਆਦਰਸ਼ਾਂ ਕਰਕੇ ਇਕੋ ਹੀ ਸਮੇਂ ਵਿਚ ਕਈ ਰੂਪ ਧਾਰ ਲਏ ਹਨ ਇਸੇ ਕਰਕੇ ਅੱਜ ਕਈ ਕਿਸਮਾਂ ਦੇ ਸਕੂਲ ਪ੍ਰਚੱਲਿਤ ਹਨ ਜਿਵੇਂ ਉਮਰ ਅਨੁਸਾਰ ਮੁੱਢਲੀ ਹਾਲਤ ਵਿਚ – ਬਾਲਵਾੜੀ ਸਕੂਲਾ, ਮੁੱਢਲੇ ਸਕੂਲ (ਪ੍ਰਾਇਮਰੀ) ਤੇ ਜੂਨੀਅਰ ਬੇਸਿਕ ਸਕੂਲ। ਵਿਚਕਾਰਲੀ ਹਾਲਤ (ਸੈਕੰਡਰੀ ਸਟੇਜ) ਵਿਚ ਮਿਡਲ ਸਕੂਲ, ਹਾਈ ਸਕੂਲ, ਹਾਇਰ ਸੈਕੰਡਰੀ ਸਕੂਲ, ਤਕਨੀਕੀ ਸਕੂਲ। ਇਨ੍ਹਾਂ ਤੋਂ ਬਿਨਾਂ ਪਬਲਿਕ ਸਕੂਲ, ਪੇਂਡੂ ਸਕੂਲ, ਸੈਨਿਕ ਸਕੂਲ ਆਦਿ ਹਨ। ਅੱਜ ਦੇ ਸਮਾਜ ਦੀਆਂ ਜ਼ਰੂਰਤਾਂ ਨੂੰ ਮੁੱਖ ਰਖਦੇ ਹੋਏ ਤੇ ਇਸ ਦੇ ਆਦਰਸ਼ਾਂ ਅਨੁਸਾਰ ਕੁਝ ਖਾਸ ਕਿਸਮਾਂ ਦੇ ਸਕੂਲ ਵੀ ਹਨ ਜਿਵੇਂ :- ਅਸਾਧਾਰਣ ਬੱਚਿਆਂ ਲਈ ਸਕੂਲ ਜਿਨ੍ਹਾਂ ਵਿਚ ਮੰਦ ਬੁੱਧੀ ਵਾਲੇ, ਗੂੰਗੇ ਬਹਿਰੇ, ਅੰਨ੍ਹੇ, ਲੂਲੇ ਲੰਗੜੇ ਅਤੇ ਹੋਰ ਕਿਸਮ ਦੀਆਂ ਤਰੁੱਟੀਆਂ ਵਾਲੇ ਬੱਚਿਆਂ ਨੂੰ ਜੀਵਨ ਯੋਗ ਬਣਾਉਣ ਵਾਸਤੇ ਖਾਸ ਕਿਸਮ ਦਾ ਪ੍ਰਬੰਧ ਹੁੰਦਾ ਹੈ। ਭਾਰਤ ਵਿਚ ਸਕੂਲਾਂ ਦੀਆਂ ਵੱਖ ਵੱਖ ਕਿਸਮਾਂ ਇਸ ਪ੍ਰਕਾਰ ਹਨ: - ਬਾਲਵਾੜੀ ਸਕੂਲ –ਪੱਛਮੀ ਦੇਸ਼ਾਂ ਵਿਚ ਪ੍ਰੀ-ਪ੍ਰਾਇਮਰੀ ਸਿੱਖਿਆ ਦੀ ਵਿਚਾਰਧਾਰਾ ਬਹੁਤ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ। ਦੋ ਸਾਲ ਤੋਂ ਛੇ ਸਾਲ ਦੀ ਉਮਰ ਤਕ ਦੇ ਬੱਚਿਆਂ ਨੂੰ ਸਿੱਖਿਆ (ਨਰਸਰੀ ਸਿੱਖਿਆ) ਦੇਣ ਦਾ ਵਿਚਾਰ ਸਭ ਤੋਂ ਪਹਿਲਾਂ ਯੂਨਾਨ ਦੇ ਮਸ਼ਹੂਰ ਚਿੰਤਕ ਦੇ ਦਾਰਸ਼ਨਿਕ ਅਫਲਾਤੂਨ (ਪਲੈਟੋ) ਨੇ ਹੀ ਦਿੱਤਾ। ਯੂਨਾਨੀਆਂ ਨੇ ਇਸ ਵਿਚਾਰ ਨੂੰ ਸ਼ਲਾਘਾ ਸਹਿਤ ਸਵੀਕਾਰਿਆ ਅਤੇ ਬੱਚੇ ਦੀ ਇਸ ਅਵਸਥਾ ਦੀ ਸਿੱਖਿਆ ਦੀ ਜ਼ਿੰਮੇਵਾਰੀ ਮਾਂ ਉੱਤੇ ਛੱਡ ਦਿੱਤੀ। ਇਕ ਹੋਰ ਸਿੱਖਿਆਵੇਤਾ ਤੇ ਦਾਰਸ਼ਨਿਕ ਕੁਮੀਨੀਅਸ (1592-1670) ਨੇ ਵੀ ਇਸ ਕਿਸਮ ਦੀ ਸਿੱਖਿਆ ਦੀ ਪੁਸ਼ਟੀ ਕੀਤੀ। ਬਾਅਦ ਵਿਚ ਰੂਸੋ, ਫ੍ਰੋਬੈੱਲ, ਅਤੇ ਮੌਂਟੇਸਰੀ ਜਿਹੇ ਸਿੱਖਿਆ ਸ਼ਾਸਤਰੀਆਂ ਨੇ ਸਿੱਖਿਆ ਸਬੰਧੀ ਸਿਧਾਂਤ ਪੇਸ਼ ਕਰ ਕੇ ਇਸ ਨੂੰ ਹੋਰ ਮਹੱਤਵ ਦਿੱਤਾ। ਭਾਰਤ ਵਿਚ ਸਿੱਖਿਆ ਸਬੰਧੀ ਰਸਮੀ ਸਕੂਲਾਂ ਦੀ ਤੇ ਖ਼ਾਸ ਕਰ ਕੇ ਇਸ ਕਿਸਮ ਦੇ (ਬਾਲਵਾੜੀ) ਸਕੂਲਾਂ ਦੀ ਅਜੇ ਕਮੀ ਹੀ ਰਹੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਸ਼ਹਿਰਾਂ ਵਿਚ ਕਈ ਬਾਲਵਾੜੀ ਸਕੂਲ, ਹੈਪੀ ਸਕੂਲ, ਸ਼ਿਸ਼ੂ ਨਿਕੇਤਨ, ਮੋਂਟੇਸਰੀ ਸਕੂਲ, ਨਰਸਰੀ ਸਕੂਲ ਆਦਿ ਦੀ ਸ਼ਕਲ ਵਿਚ ਉਭਰ ਕੇ ਸਾਹਮਣੇ ਆਏ ਹਨ। ਇਨ੍ਹਾਂ ਸਕੂਲਾਂ ਆਦਿ ਦੀ ਸ਼ਕਲ ਵਿਚ ਉਭਰ ਕੇ ਸਾਹਮਣੇ ਆਏ ਹਨ। ਇਨ੍ਹਾਂ ਸਕੂਲਾਂ ਵਿਚ ਤਿੰਨ ਸਾਲ ਤੋਂ 5 ਸਾਲ ਦੀ ਉਮਰ ਦੇ ਬੱਚੇ ਦਾਖਲ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ 7-8 ਸਾਲ ਤਕ ਸਿੱਖਿਆ ਦਿੱਤੀ ਜਾਂਦੀ ਹੈ। ਨਰਸਰੀ ਸਿੱਖਿਆ ਨੂੰ ਆਗਾਮੀ ਸਿੱਖਿਆ ਦਾ ਆਧਾਰ ਮੰਨਿਆ ਜਾਂਦਾ ਹੈ ਤੇ ਸੈਕੰਡਰੀ ਐਜੂਕੇਸ਼ਨ ਕਮਿਸ਼ਨ ਨੇ ਵੀ ਨਰਸਰੀ ਸਿੱਖਿਆ ਦੀ ਮਹੱਤਤਾ ਉਪਰ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਸ ਅਵਸਥਾ ਵਿਚ ਬੱਚੇ ਨੂੰ ਮਨੋਰੰਜਨ ਕਰਨ ਵਾਲੇ ਪਦਾਰਥਾਂ ਦੁਆਰਾ ਸਿੱਖਿਆ ਦਿੱਤੀ ਜਾਂਦੀ ਹੈ। ਮਨੋਰੰਜਨ ਭਰੀਆਂ ਕਿਰਿਆਵਾਂ ਦੁਆਰਾ ਬੱਚੇ ਦੇ ਜੀਵਨ ਦਾ ਸੁਭਾਅ, ਸਫ਼ਾਈ ਤੇ ਸਿਹਤ ਸਬੰਧੀ ਚੰਗੇ ਵਿਚਾਰ ਪੈਦਾ ਹੁੰਦੇ ਹਨ ਅਤੇ ਊਸ ਵਿਚ ਅਜਿਹੀਆਂ ਸਮਾਜਿਕ ਭਾਂਵਨਾਵਾਂ ਉਜਾਗਰ ਹੁੰਦੀਆਂ ਹਨ ਜਿਨ੍ਹਾਂ ਦੇ ਆਧਾਰ ਤੇ ਉਹ ਇਕ ਚੰਗਾ ਸਮਾਜਿਕ ਪ੍ਰਾਣੀ ਬਣਦਾ ਹੈ।
ਮੁਢਲੇ ਸਕੂਲ ਜਾਂ ਪ੍ਰਾਇਮਰੀ ਸਕੂਲ – ਭਾਰਤ ਦੀ ਸਿੱਖਿਆ ਪ੍ਰਣਾਲੀ ਵਿਚ ਮੁੱਢਲੀ ਸਿੱਖਿਆ ਦਾ ਪਹਿਲਾ ਸਥਾਨ (ਕ੍ਰਮ) ਹੈ। ਇਸ ਦੀ ਸਿੱਖਿਆ ਦੀ ਮਿਆਦ ਚਾਰ-ਪੰਜ ਸਾਲ ਹੁੰਦੀ ਹੈ, ਭਿੰਨਤਾ ਦੇ ਕਾਰਨ ਇਸ ਦੀ ਮਿਆਦ ਛੇ-ਸੱਤ ਜਾਂ ਦਸ ਗਿਆਰ੍ਹਾਂ ਸਾਲ ਵੀ ਮਨਜ਼ੂਰ ਹੈ। ਇਹ ਮਿਆਦ ਮਨੋਵਿਗਿਆਨਕ ਪੱਖ ਤੋਂ ਵੀ ਠੀਕ ਹੈ। ਇਸ ਉਮਰੇ ਬੱਚਾ ਸ਼ਿਸ਼ੂ ਅਵਸਥਾ ਤੋਂ ਬਾਲ-ਅਵਸਥਾ ਵਿਚ ਦਾਖ਼ਲ ਹੋ ਰਿਹਾ ਹੁੰਦਾ ਹੈ। ਸਹੀ-ਅਰਥਾਂ ਵਿਚ ਮੁੱਢਲੀ ਸਿੱਖਿਆ ਹੀ ਇਕ ਕਿਸਮ ਦੀ ਬੁਨਿਆਦੀ ਸਿੱਖਿਆ ਹੈ। ਭਾਰਤੀ ਸੰਵਿਧਾਨ ਵਿਚ ਚੌਦ੍ਹਾਂ ਸਾਲ ਤਕ ਪ੍ਰਾਇਮਰੀ ਸਿੱਖਿਆ ਨੂੰ ਸਭ ਲਈ ਅਤੇ ਮੁਫ਼ਤ ਰੂਪ ਵਿਚ ਸਵੀਕਾਰ ਕੀਤਾ ਗਿਆ ਹੈ। ਲਾਜ਼ਮੀ ਸਿੱਖਿਆ ਐਕਟ ਇਸ ਪਾਸੇ ਇਕ ਮਹੱਤਵਪੂਰਨ ਕਦਮ ਹੈ।
ਜੂਨੀਅਰ ਬੇਸਿਕ ਸਕੂਲ – ਇਸ ਕਿਸਮ ਦੀ ਸਿੱਖਿਆ ਵਿਚ ਬੁਨਿਆਦੀ ਕਿਰਿਆਵਾਂ, ਗਾਂਧੀ-ਦਰਸ਼ਨ ਅਤੇ ਸਮੂਹਿਕ ਕੰਮ ਨੂੰ ਮਹੱਤਵ ਦਿੱਤਾ ਜਾਂਦਾ ਹੈ ਅਤੇ ਮਾਤ-ਭਾਸ਼ਾ ਵਿਚ ਪੜ੍ਹਾਉਣ ਦੀਆਂ ਪ੍ਰਣਾਲੀਆਂ ਨੂੰ ਅਪਣਾਇਆ ਜਾਂਦਾ ਹੈ ।ਇਸ ਤੋਂ ਬਿਨ੍ਹਾਂ ਪੜ੍ਹਨ ਲਿਖਣ ਦੇ ਨਾਲ ਇਸ ਵਿਚ ਬੱਚਿਆਂ ਨੂੰ ਸਮਵਾਇ-ਵਿਧੀ, ਰਚਨਾਤਮਕ ਕੰਮ ਅਤੇ ਸ਼ਿਲਪ ਆਦਿ ਵੀ ਸਿਖਾਏ ਜਾਂਦੇ ਹਨ ਪਰ ਕੁਝ ਸਮੱਸਿਆਵਾਂ ਤੇ ਰੁਕਾਵਟਾਂ ਜਿਵੇਂ ਯੋਗ ਅਧਿਆਪਕ, ਸੁਯੋਗ ਸਾਧਨ, ਸਮੁੱਚਾ ਪਾਠ ਕ੍ਰਮ, ਦ੍ਰਿੜ੍ਹ ਆਰਥਿਕ ਹਾਲਤ ਅਤੇ ਪੜ੍ਹਾਉਣ ਦੀਆਂ ਖ਼ਾਸ ਪ੍ਰਣਾਲੀਆਂ ਕਰਕੇ ਇਸ ਕਿਸਮ ਦੇ ਸਕੂਲ ਬਹੁਤ ਪ੍ਰਚਲਿਤ ਨਹੀਂ ਹੋ ਸਕੇ। ਮਿਡਲ ਜਾਂ ਸੀਨੀਅਰ ਬੇਸਿਕ ਸਕੂਲ - ਮੁੱਢਲੀ ਸਿੱਖਿਆ ਦੀ ਸਮਾਪਤੀ ਉਪਰੰਤ ਬੱਚੇ ਨੂੰ ਛੇਵੀਂ, ਸਤਵੀਂ ਤੇ ਅੱਠਵੀਂ ਜਮਾਤ ਦੀ ਸਿੰਖਿਆ ਇਨ੍ਹਾਂ ਸਕੂਲਾਂ ਵਿਚ ਦਿੱਤੀ ਜਾਂਦੀ ਹੈ।ਇਹ ਮੁੱਢਲੀ ਤੇ ਸੈਕੰਡਰੀ ਸਿੱਖਿਆ ਦੀ ਵਿਚਕਾਰਲੀ ਕੜੀ ਹੈ। ਭਾਰਤੀ ਸਿੱਖਿਆ ਕਮਿਸ਼ਨ ਨੇ ਇਸ ਨੂੰ ‘ਸੀਨੀਅਰ ਬੇਸਿਕ’ ਦਾ ਨਾਂ ਦਿੱਤਾ ਹੈ। ਇਸ ਵਿਚ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ, ਵਿਦੇਸ਼ੀ ਭਾਸ਼ਾ ਦੇ ਤੌਰ ਤੇ ਅੰਗਰੇਜ਼ੀ, ਸਮਾਜਿਕ ਅਧਿਐਨ, ਗਣਿਤ, ਸਾਧਾਰਨ-ਵਿਗਿਆਨ ਅਤੇ ਸ਼ਿਲਪ ਆਦਿ ਪੜ੍ਹਾਏ ਜਾਂਦੇ ਹਨ। ਇਨ੍ਹਾਂ ਦੇ ਨਾਲ ਨਾਲ ਸੰਸਕ੍ਰਿਤ, ਡਰਾਇੰਗ, ਸੰਗੀਤ, ਗ੍ਰਹਿ-ਵਿਗਿਆਨ ਨੂੰ ਇੱਛਤ ਵਿਸ਼ੇ ਬਣਾਇਆ ਗਿਆ ਹੈ। ਅੱਠਵੀਂ ਜਮਾਤ ਤੋਂ ਬਾਅਦ ਮਿਡਲ ਪ੍ਰੀਖਿਆ ਹੁੰਦੀ ਹੈ ਇਸ ਤੋਂ ਬਾਅਦ ਬੱਚੇ ਹਾਈ ਜਾਂ ਹਾਇਰ ਸੈਕੰਡਰੀ ਸਕੂਲਾਂ ਵਿਚ ਦਾਖ਼ਲ ਹੁੰਦੇ ਹਨ।
ਹਾਈ ਸਕੂਲ – ਹਾਈ ਸਕੂਲ ਦੀ ਸਿੰਖਿਆ ਦਾ ਸਮਾਂ ਦੋ ਸਾਲ ਹੈ। ਮਿਡਲ ਵਾਲੇ ਵਿਸ਼ਿਆਂ ਨੂੰ ਹੀ ਇਨ੍ਹਾਂ ਦੋ ਸਾਲਾਂ ਵਿਚ ਪੜ੍ਹਾਇਆ ਜਾਂਦਾ ਹੈ। ਦੋ ਸਾਲਾਂ ਬਾਅਦ ਵਿਦਿਆਲੇ ਦੁਆਰਾ ਜਾਂ ਸਕੂਲ ਬੋਰਡ ਦੁਆਰਾ ਪ੍ਰੀਖਿਆ ਲਈ ਜਾਂਦੀ ਹੈ। ਹਾਇਰ ਸੈਕੰਡਰੀ ਸਕੂਲ – ਸੈਕੰਡਰੀ ਸਿੱਖਿਆ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਦੋ ਸਾਲਾਂ ਦੇ ਹਾਈ ਸਕੂਲ ਦੀ ਥਾਂ ਤੇ ਮਿਡਲ ਤੋਂ ਬਾਅਦ ਤਿੰਨ ਸਾਲਾਂ ਦਾ ਹਾਇਰ ਸੈਕੰਡਰੀ ਸਕੂਲ ਹੋਂਦ ਵਿਚ ਆਇਆ। ਇਨ੍ਹਾਂ ਦੇ ਕੋਰਸਾਂ ਤੇ ਵਿਸ਼ਿਆਂ ਵਿਚ ਵੀ ਕੁਝ ਤਬਦੀਲੀਆਂ ਕੀਤੀਆਂ ਗਈਆਂ। ਪੰਜਾਬ ਨੇ 1958 ਈ. ਵਿਚ ਇਸ ਪ੍ਰਣਾਲੀ ਨੂੰ ਅਪਣਾ ਕੇ ਕਈ ਕਈ ਹਾਈ ਸਕੂਲਾਂ ਨੂੰ ਹਾਇਰ ਸੈਕੰਡਰੀ ਸਕੂਲਾਂ ਵਿਚ ਤਬਦੀਲ ਕੀਤਾ । ਇਸ ਅਨੁਸਾਰ 10ਵੇਂ ਤੇ 11 ਵੇਂ ਸਾਲਾਂ ਤੋਂ ਬਾਅਦ ਦੋ ਪ੍ਰੀਖਿਆਵਾਂ ਹੁੰਦੀਆਂ ਸਨ। ਕਾਲਜਾਂ ਵਿਚ ਇੰਟਰਮੀਡੀਏਟ ਦੀ ਪ੍ਰੀਖਿਆ ਹਟਾ ਕੇ ਤਿੰਨ ਸਾਲ ਡਿਗਰੀ ਕੋਰਸ ਚਾਲੂ ਕਰ ਦਿੱਤਾ ਗਿਆ ਤੇ ਹਾਈ ਸਕੂਲਾਂ ਦੇ ਵਿਦਿਆਰਥੀਆਂ ਦੇ 11 ਸਲ ਪੂਰੇ ਕਰਨ ਲਈ ਕਾਲਜਾਂ ਵਿਚ ਪ੍ਰੀ-ਯੂਨੀਵਰਸਿਟੀ ਦੀਆਂ ਜਮਾਤਾਂ ਚਾਲੂ ਕੀਤੀਆਂ। ਤਕਨੀਕੀ ਸਕੂਲ – ਵਿਦਿਆਰਥੀ ਦੇ 12 ਸਾਲਾਂ ਦੀ ਉਮਰ ਵਿਚ ਜਾਂ ਮਿਡਲ ਸਿੱਖਿਆ ਪ੍ਰਾਪਤ ਕਰਨ ਉਪਰੰਤ ਉਸ ਨੂੰ ਆਪਣੀ ਯੋਗਤਾ ਅਨੁਸਾਰ ਕਿੱਤਿਆਂ ਜਾਂ ਧੰਦਿਆਂ ਵਿਚ ਲਗਣ ਦੇ ਸਮਰੱਥ ਬਣਾਉਣ ਲਈ ਅੱਜਕੱਲ੍ਹ ਕੁਝ ਤਕਨੀਕੀ ਸਕੂਲ ਵੀ ਖੁਲ੍ਹ ਗਏ ਹਨ। ਜਿਵੇਂ ਵਪਾਰਕ, ਪੌਲੀਟੈਕਨਿਕ ਅਤੇ ਉਦਯੋਗਿਕ ਸਕੂਲ ਆਦਿ। ਇਨ੍ਹਾਂ ਸਕੂਲਾਂ ਵਿਚ ਮਿਡਲ ਸਕੂਲ ਪਾਸ ਕਰਨ ਤੋਂ ਬਾਅਦ ਹੀ ਦਾਖ਼ਾਲਾ ਮਿਲ ਸਕਦਾ ਹੈ। ਪਬਲਿਕ ਸਕੂਲ – ਅੰਗਰੇਜ਼ੀ ਰਾਜ ਸਮੇਂ ਪੱਛਮੀ ਦੇਸ਼ਾਂ ਵਾਂਗ ਸਾਡੇ ਦੇਸ਼ ਵਿਚਕਈ ਥਾਵਾਂ ਤੇ ਪਬਲਿਕ ਸਕੂਲ ਖੁੱਲ੍ਹੇ। ਇਨ੍ਹਾਂ ਦਾ ਮੁੱਖ ਮਨੋਰਥ ਰਾਜਕੁਮਾਰਾਂ ਜਾਂ ਧੰਨਵਾਨ ਵਿਅਕਤੀਆਂ ਦੇ ਬੱਚਿਆਂ ਨੂੰ ਸਿੱਖਿਆ ਦੇਣਾ ਸੀ। ਇਨ੍ਹਾਂ ਸਕੂਲਾਂ ਵਿਚ ਨਰਸਰੀ ਤੋਂ ਸੈਕੰਡਰੀ ਸਿੱਖਿਆ (ਸੀਨੀਅਰ ਕੈਂਬਰਿਜ) ਸਰਟੀਫੀਕੇਟ ਤਕ ਪੂਰੇ ਰੂਪ ਵਿਚ ਸਿੱਖਿਆ ਦਿੱਤੀ ਜਾਂਦੀ ਸੀ ਤੇ ਇਨ੍ਹਾ ਵਿਚ ਅਧਿਆਪਕ ਵੀ ਆਮ ਤੌਰ ਤੇ ਅੰਗਰੇਜ਼ ਹੀ ਹੋਇਆ ਕਰਦੇ ਸਨ ਪਰ ਬਾਅਦ ਵਿਚ ਹੋਰ ਲੋਕਾਂ ਦੇ ਬੱਚੇ ਵੀ ਇਨ੍ਹਾਂ ਸਕੂਲਾਂ ਵਿਚ ਦਾਖ਼ਲ ਹੋਣ ਲਗ ਪਏ। ਅੱਜਕੱਲ੍ਹ ਇਨ੍ਹਾਂ ਵਿਚ ਅੰਗਰੇਜ਼ ਅਧਿਆਪਕਾਂ ਦਾ ਹੋਣਾ ਜ਼ਰੂਰੀ ਨਹੀਂ ਹੈ ਤੇ ਇਥੇ ਬੱਚੇ ਵੀ ਉਨ੍ਹਾਂ ਲੋਕਾਂ ਦੇ ਹੀ ਪੜ੍ਹਦੇ ਹਨ ਜਿਹੜੇ ਫ਼ੀਸ ਦੀ ਭਾਰੀ ਰਕਮ ਦੇ ਸਕਣ ਦੇ ਸਮਰਥ ਹਨ। ਇਹ ਸਕੂਲ ਚਾਰ ਕਿਸਮਾਂ ਦੇ ਹਨ: – (1) ਮਿਊ ਕਾਲਜ, ਅਜਮੇਰ ਅਤੇ ਪ੍ਰਿੰਸ ਕਾਲਜ ਆਦਿ ਇਨ੍ਹਾਂ ਦੀ ਸਥਾਪਨਾ ਰਾਜ ਘਰਾਣਿਆਂ ਲਈ ਕੀਤੀ ਗਈ ਸੀ। ਇਥੇ ਹੁਣ ਧੰਨਵਾਨ ਲੋਕਾਂ ਦੇ ਬੱਚੇ ਵੀ ਪੜ੍ਹਦੇ ਹਨ। (2) ਕੁਝ ਸਕੂਲ ਸਿਰਫ਼ ਯੂਰਪੀ ਅਤੇ ਐਂਗਲੋ-ਭਾਰਤੀ ਬੱਚਿਆਂ ਲਈ ਸ਼ਿਮਲੇ ਦਾਰਜੀਲਿੰਗ ਆਦਿ ਵਿਚ ਖੋਲ੍ਹੇ ਗਏ ਸਨ। (3) ਕੁਝ ਸੈਨਿਕ ਸਕੂਲ ਸੈਨਿਕ ਸਿੱਖਿਆ ਲਈ ਖੋਲ੍ਹੇ ਗਏ ਸਨ ਜਿਵੇਂ ਸਾਰੇ ਕਿੰਗ ਜਾਰਜ ਸਕੂਲਾਂ ਨੂੰ ਹੁਣ ਸੈਨਿਕ ਸਕੂਲ ਕਿਹਾ ਜਾਂਦਾ ਹੈ। ਇਹ ਲਾਰੈਂਸ, ਸਨਾਵਰ ਅਤੇ ਲਵੈਡਨ ਸਕੂਲ ਆਦਿ ਹਨ। (4) ਇਸ ਪ੍ਰਣਾਲੀ ਤੋਂ ਮਗਰੋਂ ਦੇ ਖੁਲ੍ਹੇ ਪਬਲਿਕ ਸਕੂਲ ਜਿਵੇਂ ਡੇਲੀ ਕਾਲਜ ਇੰਦੌਰ, ਵਨਸਥਲੀ, ਸਿੰਧੀਆ ਸਕੂਲ ਗਵਾਲੀਅਰ, ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਆਦਿ ਹਨ।ਇਹ ਸਾਰੇ ਸਕੂਲ ਆਮ ਤੌਰ ਤੇ ਰਿਹਾਇਸ਼ੀ ਹਨ। ਵੱਖ ਵੱਖ ਵਿਅਕਤੀਆਂ ਜਾਂ ਸੰਸਥਾਵਾਂ ਦੁਆਰਾ ਚਲਾਏ ਗਏ ਹਨ। ਸਿੱਖਿਆ ਦਾ ਮਧਿਅਮ ਅੰਗਰੇਜ਼ੀ ਹੈ ਜੋ ਸ਼ੁਰੂ ਤੋਂ ਪੜ੍ਹਾਈ ਜਾਂਦੀ ਹੈ। ਸਾਰੇ ਸਾਧਨ ਤੇ ਮਨੁੱਖੀ ਸਹੂਲਤਾਂ ਇਥੇ ਮਿਲਦੀਆਂ ਹਨ। ਭੌਤਿਕ, ਬੌਧਿਕ ਅਤੇ ਰਸਾਤਮਕ ਆਦਿ ਸਾਰੀਆਂ ਗੱਲਾਂ ਤੇ ਜ਼ੋਰ ਦਿੱਤਾ ਜਾਂਦਾ ਹੈ। ਇਨ੍ਹਾਂ ਸਕੂਲਾਂ ਦੀ ਫੀਸ ਅਤੇ ਹੋਰ ਖਰਚੇ ਬਹੁਤ ਜ਼ਿਆਦਾ ਹੋਣ ਕੇ ਬਹੁਤ ਘੱਟ ਲੋਕ ਹੀ ਬਰਦਾਸ਼ਤ ਕਰ ਸਕਦੇ ਹਨ। ਇਨ੍ਹਾਂ ਸਕੂਲਾਂ ਵਿਚ ਭਾਰਤੀ ਸੰਸਕ੍ਰਿਤੀ ਦੇ ਅਧਿਐਨ ਦੀ ਥੁੜ੍ਹ ਹੋਣ ਕਰੇ ਕੇ, ਵਿਦੇਸ਼ੀ ਭਾਸ਼ਾ ਤੇ ਜ਼ੋਰ ਹੋਣ ਕਰ ਕੇ ਅਤੇ ਵਿਦੇਸ਼ੀ ਪ੍ਰੀਖਿਆ ਕਰ ਕੇ ਇਨ੍ਹਾਂ ਸਕੂਲਾਂ ਨੇ ਆਜ਼ਾਦ ਭਾਰਤ ਵਿਚ ਆਪਣੀ ਪ੍ਰਣਾਲੀ ਹੁਣ ਬਹੁਤ ਬਦਲ ਲਈ ਹੈ। ਉਪਰੋਕਤ ਸਾਰੀਆਂ ਕਿਸਮਾਂ ਦੇ ਸਕੂਲਾਂ ਵਿਚ ਦਿਨ ਸਕੂਲ ਅਤੇ ਰਿਹਾਇਸ਼ੀ ਸਕੂਲ ਦੋਵੇਂ ਕਿਸਮਾਂ ਪਾਈਆਂ ਜਾਂਦੀਆਂ ਹਨ। ਹਰ ਦੇਸ਼ ਦੀਆਂ ਆਪਣੀਆਂ ਸਿੱਖਿਆ ਪ੍ਰਣਾਲੀਆਂ ਹੁੰਦੀਆਂ ਹਨ ਜਾਂ ਇਉਂ ਕਹਿ ਲਵੋ ਕਿ ਦੇਸ਼ਾਂ ਦੇ ਰਾਜਨੀਤਿਕ ਤੇ ਆਰਥਿਕ ਢਾਂਚਿਆਂ ਅਨੁਸਾਰ ਉਥੋਂ ਦੀਆਂ ਸਿੱਖਿਆ ਪ੍ਰਣਾਲੀਆਂ ਵੱਖ ਵੱਖ ਹੁੰਦੀਆਂ ਹਨ। ਰੂਸ ਜਾਂ ਹੋਰ ਸਾਮਵਾਦੀ ਦੇਸ਼ਾਂ ਵਿਚ ਆਪਣੇ ਨਾਗਰਿਕਾਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੇ ਸਿਰ ਹੈ ਇਸ ਲਈ ਉਥੇ ਕੋਈ ਅਰਧ-ਸਰਕਾਰੀ ਜਾਂ ਗ਼ੈਰ-ਸਰਕਾਰੀ ਸਕੂਲ ਨਹੀਂ ਹੁੰਦੇ ਹਨ ਪਰ ਇਸ ਦੇ ਉਲਟ ਅਮਰੀਕਾ ਜਾਂ ਹੋਰ ਪਰਜਾਤੰਤਰ ਦੇਸ਼ਾਂ ਵਿਚ ਖ਼ਾਸ ਕਰ ਕੇ ਉੱਨਤਸ਼ੀਲ ਦੇਸ਼ਾਂ ਵਿਚ ਨਾਗਰਿਕਾਂ ਨੂੰ ਸਿੱਖਿਆ ਦੇਣ ਲਈ ਸਰਕਾਰੀ, ਅਰਧ-ਸਰਕਾਰੀ ਤੇ ਗ਼ੈਰ-ਸਰਕਾਰੀ ਸਭ ਕਿਸਮਾਂ ਦੇ ਸਕੂਲ ਹੁੰਦੇ ਹਨ। ਭਾਰਤ ਦੀ ਆਧੁਨਿਕ ਸਿੱਖਿਆ ਪ੍ਰਣਾਲੀ ਦਾ ਆਰੰਭ 19ਵੀਂ ਸਦੀ ਤੋਂ ਮੰਨਿਆ ਜਾ ਸਕਦਾ ਹੈ। ਮੈਕਾਲੇ ਦੁਆਰਾ ਭਾਰਤ ਵਿਚ ਅੰਗਰੇਜ਼ੀ ਪ੍ਰਣਾਲੀ ਸ਼ੁਰੂ ਹੋਈ। ਮੈਕਾਲੇ ਦੁਆਰਾ ਪੇਸ਼ ਕੀਤੀ ਗਈ ਸਿੱਖਿਆ ਪ੍ਰਣਾਲੀ ਦੀਆਂ ਖਾਮੀਆਂ ਨੂੰ 1854 ਈ. ਵਿਚ ਮਿਸਟਰ ਵੁੱਡ ਨੇ ਪੂਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਸਿੱਖਿਆ ਪ੍ਰਣਾਲੀ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ :–
ਮੁਢਲੀ, ਮਾਧਮਿਕ ਅਤੇ ਵਿਸ਼ਵ ਵਿਦਿਆਲੀ। ਇਸ ਤੋਂ ਮਗਰੋਂ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਭਾਰਤ ਦੀ ਸਿੱਖਿਆ ਪ੍ਰਣਾਲੀ ਵਿਚ ਕੀ ਪਰਿਵਰਤਨ ਆਉਂਦੇ ਰਹੇ ਜਿਵੇਂ ਨੰਬਰਵਾਰ ਸਭ ਤੋਂ ਪਹਿਲਾਂ ਸਕੂਲ ਵਿਚ :(1) ਮੁਢਲੀ ਸਿੱਖਿਆ ਅਧੀਨ (i) ਪੂਰਵ ਸਕੂਲ ਸਿੱਖਿਆ ਜਾਂ ਬਲਵਾੜੀ (ii) ਨਿਮਨ ਬੁਨਿਆਦੀ (ਜੂਨੀਅਰ ਬੇਸਿਕ) ਜਾਂ ਰਵਾਇਤੀ ਮੁੱਢਲੀ ਸਿੱਖਿਆ । (2) ਸੈਕੰਡਰੀ ਅਵਸਥਾ ਅਧੀਨ (i) ਮਿਡਲ ਜਾਂ ਉੱਚ ਬੁਨਿਆਦ ਸਿੱਖਿਆ। (ii) ਹਾਈ ਸਕੂਲ ਸਿੱਖਿਆ (2 ਸਾਲ) ਜਾਂ ਹਾਇਰ ਸੈਕੰਡਰੀ ਸਿੱਖਿਆ (3 ਸਾਲ)
ਜਾਂ ਇਨ੍ਹਾਂ ਦੀ ਥਾਂ ਤੇ ਤਕਨੀਕੀ ਜਾਂ ਸੈਨਿਕ ਸਿੱਖਿਆ । (3) ਵਿਸ਼ਵ ਵਿਦਿਆਲਿਆਂ ਜਾਂ ਯੂਨੀਵਰਸਿਟੀ ਅਵਸਥਾ ਅਧੀਨ (i) ਇੰਟਰਮੀਡੀਏਟ ਤੇ ਡਿਗਰੀ ਸਿੱਖਿਆ ਹਾਈ ਸਕੂਲ ਦੇ 10 ਸਾਲਾਂ ਉਪਰੰਤ 10 + 2+ 2 = ( 2 ਸਾਲ ਐਫ. ਏ. 2 ਸਾਲ ਬੀ. ਏ . ) ਜਾਂ 10 + 1 + 3 (ਹਾਈ ਸਕੂਲ 10+ਪ੍ਰੀ-ਯੂਨੀਵਰਸਿਟੀ ਤੇ 3 ਸਾਲਾ ਡਿਗਰੀ ਅਰਥਾਤ ਟੀ. ਡੀ. ਸੀ.) ਜਾਂ ਫਿਰ 11+3 = ਹਾਇਰਸੈਕੰਡਰੀ + ਟੀ. ਡੀ. ਸੀ. ਪਰ ਹੁਣ ਉਪਰੋਕਤ ਨੰ: 1 ਪ੍ਰਣਾਲੀ ਖ਼ਤਮ ਕਰ ਦਿੱਤੀ ਗਈ ਹੈ। (ii) ਪੋਸਟ ਗਰੈਜੂਏਟ ਸਿੱਖਿਆ ਤੇ ਖੋਜ ਦਾ ਕੰਮ ਅਰਥਾਤ ਐਮ. ਏ. ਜਾਂ ਪੀ. ਐਚ. ਡੀ.। (iii) ਪੋਸਟ ਗਰੈਜੂਏਟ ਦੇ ਬਦਲੇ ਪ੍ਰਾਪਤ ਸਿੱਖਿਆ ਜਿਵੇਂ: ਇੰਜੀਨੀਅਰਿੰਗ, ਡਾਕਟਰੀ ਚਕਿਤਸਾ, ਪਸ਼ੂ-ਚਕਿਤਸਾ, ਤਕਨੀਕੀ ਸਿੱਖਿਆ, ਖੇਤੀ, ਵਪਾਰ, ਕਾਨੂੰਨ , ਲਲਿਤ ਕਲਾਵਾਂ, ਗ੍ਰਹਿ-ਵਿਗਿਆਨ ਤੇ ਸੈਨਿਕ ਸਿੱਖਿਆ ਆਦਿ ਸਬੰਧੀ ਟਰੇਨਿੰਗ ਆਦਿ। ਅੱਜਕੱਲ੍ਹ ਇਸ ਪ੍ਰਣਾਲੀ ਤੇ ਮੁੜ ਛਾਣ-ਬੀਣ ਕਰ ਕੇ ਇਸ ਵਿਚ ਹੋਰ ਤਬਦੀਲੀ ਲਿਆਂਦੀ ਗਈ ਹੈ। ਅਜੋਕੀ 14- ਸਾਲਾ ਸਿੱਖਿਆ ਜਿਹੜੀ ਡਿਗਰੀ ਪੱਧਰ ਤੇ ਦਿੱਤੀ ਜਾਂਦੀ ਨੂੰ ਨਾਕਾਫੀ ਸਮਝ ਕੇ 15- ਸਾਲਾ ਸਿੱਖਿਆ (10 +2+3) ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਗਿਆ ਹੈ। ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਸਾਰੇ ਦੇਸ਼ ਵਿਚ ਸਿੱਖਿਆ ਦੀ ਪ੍ਰਣਾਲੀ ਇਕਸਾਰ ਹੋਵੇ ਤਾਂ ਜੋ ਇਕ ਖੇਤਰ ਤੋਂ ਦੂਜੇ ਖੇਤਰ ਵਿਚ ਬਦਲ ਕੇ ਜਾਣ ਵਾਲੇ ਵਿਦਿਆਰਥੀਆਂ ਨੂੰ ਬਹੁਤੀਆਂ ਸਮੱਸਿਆਵਾਂ ਦਾ ਸਾਮ੍ਹਣਾ ਨਾ ਕਰਨਾ ਪਵੇ। ਇਸ ਮੰਤਵ ਲਈ 10 ਸਾਲਾਂ ਦੀ ਪੜ੍ਹਾਈ ਤੋਂ ਬਾਅਦ ਦੋ-ਸਾਲਾ ਕੋਰਸ (ਪ੍ਰੀ-ਯੂਨੀਵਰਸਿਟੀ) ਸਕੂਲਾਂ ਨਾਲ ਹੋਰ ਜੋੜ ਦਿੱਤਾ। ਇਹ ਦੋ-ਸਾਲ ਕਾਲਜਾਂ ਵਿਚ ਜਾਂ ਸਕੂਲਾਂ ਵਿਚ ਲਗਾਏ ਜਾਂਦੇ ਹਨ ਅਤੇ ਜਮਾਤਾਂ ਦਾ ਇਮਤਿਹਾਨ ਸਕੂਲ ਬੋਰਡ ਰਾਹੀਂ ਹੁੰਦਾ ਹੈ ਅਤੇ ਫਿਰ 3 ਸਾਲਾ ਡਿਗਰੀ ਦੀ ਸਿੱਖਿਆ ਕਾਲਜਾਂ ਵਿਚ ਦਿੱਤੀ ਜਾਂਦੀ ਹੈ।ਸਮਾਜਿਕ ਵਿਕਾਸ ਦੇ ਨਾਲ ਸਿੱਖਿਆ ਸਰਬ-ਵਿਆਪੀ ਤਾਂ ਹੋਈ ਪਰ ਇਸ ਦੇ ਨਾਲ ਇਸ ਖੇਤਰ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਵੀ ਖਾਸ ਕਰ ਉੱਨਤਸ਼ੀਲ ਦੇਸ਼ਾਂ ਵਿਚ ਸਾਹਮਣੇ ਆਈਆਂ। ਇਨ੍ਹਾਂ ਸਮੱਸਿਆਵਾਂ ਦਾ ਸਬੰਧ ਸਕੂਲ ਦੇ ਪ੍ਰਬੰਧਕ ਅਧਿਕਾਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਹੀ ਨਹੀਂ ਸਗੋਂ ਇਨ੍ਹਾਂ ਦਾ ਪ੍ਰਭਾਵ ਸਮੁੱਚੇ ਸਮਾਜ ਤੇ ਪੈਂਦਾ ਹੈ।
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11419, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਸਕੂਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਕੂਲ, ਅੰਗਰੇਜ਼ੀ / ਪੁਲਿੰਗ : ਵਿਦਿਆਲਾ, ਪਾਠਸ਼ਾਲਾ, ਮਦਰਸਾ, ਬਹੁਤਿਆਂ ਬਾਲਕਾਂ ਦੇ ਇਕੱਠੇ ਪੜ੍ਹਨ ਦੀ ਥਾਂ
–ਸਕੂਲੀ, ਵਿਸ਼ੇਸ਼ਣ : ਸਕੂਲ ਸਬੰਧੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-04-30-04-19-11, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First