ਸਤਕਰਤਾਰੀਏ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਕਰਤਾਰੀਏ. ਵਿ—ਸਤ੍ਯਰੂਪ ਕਰਤਾਰ ਦੇ ਉਪਾਸਕ। ੨ ਸੰਗ੍ਯਾ—ਲਹੌਰ ਨਿਵਾਸੀ ਸੰਗਤੀਆ ਸੋਢੀ ਸੰਮਤ ੧੬੫੦ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਇਆ. ਇਹ “ਸਤਕਰਤਾਰ” ਸ਼ਬਦ ਹਰ ਵੇਲੇ ਮੁਖੋਂ ਬੋਲਦਾ ਰਹਿੰਦਾ ਸੀ. ਸੰਗਤੀਏ ਦਾ ਚੇਲਾ ਸੰਗਤਦਾਸ ਵਡਾ ਕਰਣੀ ਵਾਲਾ ਨਾਮ ਦਾ ਰਸੀਆ ਹੋਇਆ. ਉਸ ਦੀ ਸੰਪ੍ਰਦਾਯ ਦੇ ਲੋਕ ਸਤਕਰਤਾਰੀਏ ਪ੍ਰਸਿੱਧ ਹੋਏ. ਇਨ੍ਹਾਂ ਦਾ ਮੁੱਖ ਅਸਥਾਨ ਬਿਆਸ ਦੇ ਕਿਨਾਰੇ ਹਰਗੋਬਿੰਦਪੁਰੇ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਤਕਰਤਾਰੀਏ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਤਕਰਤਾਰੀਏ: ਪੰਜਾਬ ਦੀ ਇਕ ਲਘੂ ਧਾਰਮਿਕ ਸੰਪ੍ਰਦਾਇ ਜਿਸ ਦਾ ਆਰੰਭ ਲਾਹੌਰ ਦੇ ਇਕ ਸੋਢੀ ਭਾਈ ਸੰਗਤੀਆ ਦੁਆਰਾ ਹੋਇਆ। ਭਾਈ ਸੰਗਤੀਆ ਨੇ ਗੁਰੂ ਅਰਜਨ ਦੇਵ ਜੀ ਤੋਂ ਸੰਨ 1593 ਈ. (1650 ਬਿ.) ਵਿਚ ਸਿੱਖੀ ਧਾਰਣ ਕੀਤੀ ਸੀ। ਇਹ ਹਰ ਵੇਲੇ ‘ਸਤਕਰਤਾਰ’ ਸ਼ਬਦ ਆਪਣੇ ਮੂੰਹੋਂ ਉਚਾਰਦਾ ਰਹਿੰਦਾ ਸੀ, ਜਿਸ ਕਰਕੇ ਇਸ ਨੂੰ ‘ਸਤਕਰਤਾਰੀਆ’ ਕਿਹਾ ਜਾਣ ਲਗਾ। ਇਸ ਦਾ ਇਕ ਝੁਲਕਾ ਖਤ੍ਰੀ ਚੇਲਾ ਭਾਈ ਸੰਗਤ ਦਾਸ ਬੜਾ ਧਰਮੀ ਪੁਰਸ਼ ਸੀ। ਉਸ ਨੇ ਆਪਣੇ ਅਨੁਯਾਈਆਂ ਨੂੰ ‘ਸਤਕਰਤਾਰ’ ਦੇ ਨਾਮ-ਅਭਿਆਸ ਲਈ ਪ੍ਰੇਰਣਾ ਦਿੱਤੀ ਅਤੇ ਪਰਸਪਰ ਮਿਲਣ ਵੇਲੇ ਵੀ ਇਸੇ ਸ਼ਬਦ ਨੂੰ ਉਚਾਰਨਾ ਦਸਿਆ। ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਉਤੇ ਪ੍ਰਸੰਨ ਹੋ ਕੇ ਸ੍ਰੀ ਹਰਗੋਬਿੰਦਪੁਰ ਵਿਚ ਧਰਮਸ਼ਾਲਾ ਸਥਾਪਿਤ ਕਰਨ ਦੀ ਖੁਲ੍ਹ ਦਿੱਤੀ। ਇਹ ਧਰਮਸ਼ਾਲਾ ਹੁਣ ਤਕ ਇਸ ਸੰਪ੍ਰਦਾਇ ਦਾ ਮੁੱਖ ਧਰਮ ਕੇਂਦਰ ਚਲਿਆ ਆ ਰਿਹਾ ਹੈ। ਇਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਹਰਿਗੋਬਿੰਦ ਜੀ ਵਲੋਂ ਭਾਈ ਸੰਗਤਦਾਸ ਨੂੰ ਪ੍ਰਦਾਨ ਕੀਤੇ ਸ਼ਸਤ੍ਰ ਵੀ ਧਰਮਸ਼ਾਲਾ ਵਿਚ ਸੰਭਾਲੇ ਹੋਏ ਪਏ ਹਨ। ਇਸ ਸੰਪ੍ਰਦਾਇ ਦੀਆਂ ਧਾਰਮਿਕ ਮਾਨਤਾਵਾਂ ਉਤੇ ਉਦਾਸੀ ਸੰਪ੍ਰਦਾਇ ਦੀਆਂ ਮਾਨਤਾਵਾਂ ਦਾ ਕਾਫ਼ੀ ਪ੍ਰਭਾਵ ਹੈ।

            ਸੰਗਤ ਦਾਸ ਦੇ ਛੋਟੇ ਪੁੱਤਰ ਦਰਬਾਰੀ ਦਾਸ ਨੇ ਇਸ ਸੰਪ੍ਰਦਾਇ ਦਾ ਇਕ ਕੇਂਦਰ ਫਗਵਾੜਾ ਨਗਰ ਵਿਚ ਸਥਾਪਿਤ ਕੀਤਾ। ਇਸ ਸੰਪ੍ਰਦਾਇ ਦਾ ਇਕ ਹੋਰ ਕੇਂਦਰ ਹਿਮਾਚਲ ਪ੍ਰਦੇਸ਼ ਦੇ ਮੰਡੀ ਨਗਰ ਵਿਚ ਵੀ ਹੈ। ਇਨ੍ਹਾਂ ਦੇ ਬਟਾਲਾ ਸਥਿਤ ਕੇਂਦਰ ਨੂੰ ਸੰਨ 1940 ਈ. ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਵਿਵਸਥਾ ਅਧੀਨ ਲੈ ਲਿਆ ਸੀ ਜੋ ਹੁਣ ਵੀ ‘ਗੁਰਦੁਆਰਾ ਸਤਕਰਤਾਰੀਆਂ’ ਵਜੋਂ ਪ੍ਰਸਿੱਧ ਹੈ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਤਕਰਤਾਰੀਏ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਕਰਤਾਰੀਏ : ਇਕ ਧਾਰਮਿਕ ਸੰਪਰਦਾਇ ਹੈ ਜਿਹੜਾ ਦੂਰੋਂ ਜਿਹੇ ਸਿੱਖ ਧਰਮ ਨਾਲ ਸੰਬੰਧਿਤ ਹੈ। ਇਸ ਦੀ ਨੀਂਹ ਗੁਰੂ ਹਰਗੋਬਿੰਦ (1595-1644) ਦੇ ਸਮਕਾਲੀ ਇਕ ਜੁਲਕਾ ਖੱਤਰੀ ਸੰਗਤ ਦਾਸ ਨੇ ਰੱਖੀ ਸੀ। ਇਸ ਸੰਪਰਦਾਇ ਦਾ ਨਾਂ ਸਤਕਰਤਾਰੀਆ ਸੰਗਤ ਦਾਸ ਦੇ ਲਾਹੌਰ ਦੇ ਭਾਈ ਸੰਗਤੀਆ ਸੋਢੀ ਤੋਂ ਲਿਆ ਗਿਆ ਹੈ ਜਿਸ ਨੂੰ 1593 ਵਿਚ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਵਿਚ ਪ੍ਰਵੇਸ਼ ਕਰਵਾਇਆ ਸੀ ਅਤੇ ਜੋ ਅਕਸਰ ਸਤਕਰਤਾਰ ਸ਼ਬਦ ਬੋਲਦਾ ਰਹਿੰਦਾ ਸੀ ਜਿਸਦਾ ਅਰਥ ਸੱਚਾ ਕਰਤਾਪੁਰਖ (ਪਰਮਾਤਮਾ) ਹੈ। ਇਸ ਤਰ੍ਹਾਂ ਇਹਨਾਂ ਦੇ ਨਾਂ ਨਾਲ ਸਤਕਾਰਤਾਰੀਆ ਅੱਲ ਜੁੜ ਗਈ। ਸੰਗਤ ਦਾਸ ਨੂੰ ਇਹ ਉਪਨਾਮ ਵਿਰਸੇ ਵਿਚ ਪ੍ਰਾਪਤ ਹੋਇਆ ਅਤੇ ਇਸ ਤਰ੍ਹਾਂ ਇਸ ਸੰਪਰਦਾਇ ਨੂੰ ਸਤਕਰਤਾਰੀਆ ਕਿਹਾ ਜਾਣ ਲੱਗਿਆ। ਇਕ ਦੂਸਰੇ ਨੂੰ ਮਿਲਣ ਸਮੇਂ ਅਜੇ ਵੀ ਇਹ ਸਤਕਰਤਾਰ ਹੀ ਬੁਲਾਉਂਦੇ ਹਨ ਅਤੇ ਇਸੇ ਨੂੰ ਸਿਮਰਨ ਕਰਨ ਲਈ ਵੀ ਵਰਤਦੇ ਹਨ। ਸੰਗਤ ਦਾਸ ਨੇ ਗੁਰੂ ਹਰਗੋਬਿੰਦ ਜੀ ਦੀ ਬਖਸ਼ਿਸ਼ ਪ੍ਰਾਪਤ ਕੀਤੀ ਜਿਨ੍ਹਾਂ ਨੇ ਇਸ ਨੂੰ ਗੁਰਦਾਸਪੁਰ ਜ਼ਿਲੇ ਵਿਚ ਬਿਆਸ ਦਰਿਆ ਦੇ ਕੰਢੇ ਤੇ ਸ੍ਰੀ ਹਰਗੋਬਿੰਦਪੁਰ ਵਿਖੇ ਆਪਣੀ ਧਰਮਸ਼ਾਲਾ ਬਣਾਉਣ ਦੀ ਆਗਿਆ ਦੇ ਦਿੱਤੀ ਸੀ। ਇਸ ਜਗ੍ਹਾ ਤੇ ਇਹ ਚਾਰ ਮੰਜ਼ਲੀ ਇਮਾਰਤ ਜਿਹੜੀ ਧਰਮਸਾਲਾ ਸਤਕਰਤਾਰੀਆ ਕਰਕੇ ਜਾਣੀ ਜਾਂਦੀ ਹੈ ਸੰਪਰਦਾਇ ਦਾ ਅੱਜ ਵੀ ਮੁੱਖ ਕੇਂਦਰ ਹੈ। ਦੂਸਰਾ ਕੇਂਦਰ ਕਪੂਰਥਲਾ ਜ਼ਿਲੇ ਵਿਚ ਫਗਵਾੜਾ ਵਿਖੇ ਸੰਗਤਦਾਸ ਦੇ ਛੋਟੇ ਲੜਕੇ ਦਰਬਾਰੀ ਦਾਸ ਨੇ ਸਥਾਪਿਤ ਕੀਤਾ ਸੀ। ਤੀਸਰਾ ਕੇਂਦਰ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸ਼ਹਿਰ ਮੰਡੀ ਵਿਖੇ ਸਥਿਤ ਹੈ। ਇਕ ਹੋਰ ਕੇਂਦਰ ਗੁਰਦਾਸਪੁਰ ਜ਼ਿਲੇ ਦੇ ਬਟਾਲਾ ਵਿਖੇ ਹੈ ਜਿਸ ਦਾ ਪ੍ਰਬੰਧ 1940 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥਾਂ ਵਿਚ ਲੈ ਲਿਆ ਸੀ। ਅਜੇ ਵੀ ਇਸ ਨੂੰ ‘ਗੁਰਦੁਆਰਾ ਸਤਕਰਤਾਰੀਆ` ਕਿਹਾ ਜਾਂਦਾ ਹੈ।

    ਸਤਕਰਤਾਰੀਏ ਆਮ ਤੌਰ ਤੇ ਉਦਾਸੀ ਰਸਮੋ ਰਿਵਾਜ਼ਾਂ ਨੂੰ ਹੀ ਮੰਨਦੇ ਹਨ। ਸਿੱਖ ਧਰਮ ਨਾਲ ਤਾਂ ਇਹਨਾਂ ਦਾ ਸੰਬੰਧ ਇਤਨਾ ਹੀ ਹੈ ਕਿ ਸ੍ਰੀ ਹਰਗੋਬਿੰਦਪੁਰ ਵਿਖੇ ਇਹਨਾਂ ਦੀ ਧਰਮਸਾਲਾ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਇਥੇ ਗੁਰੂ ਹਰਗੋਬਿੰਦ ਜੀ ਦੁਆਰਾ ਭਾਈ ਸੰਗਤ ਦਾਸ ਨੂੰ ਬਖਸ਼ੀ ਹੋਈ ਕਹੀ ਜਾਂਦੀ ਸੰਜੋਅ ਸੰਭਾਲ ਕੇ ਰੱਖੀ ਹੋਈ ਹੈ।


ਲੇਖਕ : ਤ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.