ਸਤਬੀਰ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਬੀਰ ਸਿੰਘ (1932-1994) : ਦਾ ਜਨਮ ਅਜੋਕੇ ਪਾਕਿਸਤਾਨ ਵਿਚ ਜੇਹਲਮ ਵਿਖੇ 1 ਮਾਰਚ 1932 ਨੂੰ ਹੋਇਆ। ਇਸਦੇ ਪਿਤਾ ਦਾ ਨਾਂ ਭਾਈ ਹਰਨਾਮ ਸਿੰਘ ਅਤੇ ਮਾਤਾ ਦਾ ਨਾਂ ਰਣਜੀਤ ਕੌਰ ਸੀ। 62 ਸਾਲ ਦੀ ਉਮਰ ਵਿਚ 70 ਤੋਂ ਵਧੇਰੇ ਕਿਤਾਬਾਂ ਦੀ ਸੂਚੀ ਸਤਬੀਰ ਸਿੰਘ ਦੇ ਜਨਮ ਦਾ ਅੱਛਾ ਖਾਸਾ ਲੇਖਾ ਜੋਖਾ ਪੇਸ਼ ਕਰਦੀ ਹੈ। ਇਸ ਸੂਚੀ ਵਿਚ ਸੂਖਮ ਖੋਜ , ਪਾਠਗਤ ਟਿੱਪਣੀਆਂ, ਇਤਿਹਾਸ ਅਤੇ ਬਿਰਤਾਂਤ ਸ਼ਾਮਲ ਹਨ। ਖੋਜ ਦੇ ਸੁਭਾਵਿਕ ਤੋਹਫ਼ੇ ਤੋਂ ਇਲਾਵਾ ਸਤਬੀਰ ਸਿੰਘ ਦੀ ਵੱਡੀ ਦੇਣ ਦਾ ਭੇਤ ਉਸਦੀ ਆਦਤ ਦੀ ਨੇਮਬੱਧਤਾ ਸੀ। ਇਹ ਸਵੇਰੇ ਬਹੁਤ ਜਲਦੀ ਉਠ ਜਾਂਦਾ ਸੀ। ਜਦੋਂ ਦੂਜੇ ਵਿਅਕਤੀ ਉਨੀਂਦੀਆਂ ਅੱਖਾਂ ਮਲ ਰਹੇ ਹੁੰਦੇ ਉਦੋਂ ਤਕ ਸਤਬੀਰ ਸਿੰਘ ਅੱਛਾ ਖਾਸਾ ਕੰਮ ਕਰ ਚੁਕਾ ਹੁੰਦਾ। ਫਿਰ ਇਹ ਲੈਕਚਰਾਂ ਅਤੇ ਹੋਰ ਜਨ ਕਾਰਜਾਂ ਦੇ ਰੋਜ਼ਾਨਾ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ ਮਸਰੂਫ ਹੋ ਜਾਂਦਾ। ਇਹ ਬਹੁ-ਪੱਖੀ ਪੰਥਕ ਜਿੰਮੇਵਾਰੀਆਂ ਨੂੰ ਉਤਸ਼ਾਹਪੂਰਵਕ ਅਤੇ ਵਿਸ਼ੇਸ਼ ਮੁਹਾਰਤ ਸਹਿਤ ਨਿਪਟਾਉਂਦਾ। ਇਸ ਕੋਲ ਹੋਰ ਕੰਮ ਲਈ ਸਮਾਂ ਸੀ। ਇਸਨੇ ਆਪਣੇ ਸਮੇਂ ਵਿਚ ਪ੍ਰਭਾਵਸ਼ਾਲੀ ਕੰਮ ਕੀਤੇ।ਇਸਦੇ ਜੀਵਨ ਦੀ ਇਕ ਹੋਰ ਵਿਸ਼ੇਸ਼ ਰੁਚੀ ਇਹ ਸੀ ਕਿ ਇਹ ਗਰਮੀਆਂ ਦੀਆਂ ਛੁੱਟੀਆਂ ਦਾ ਕੁਝ ਸਮਾਂ ਪਹਾੜੀ ਨਗਰ ਤੇ ਬਿਤਾਉਂਦਾ। ਸਰੀਰ ਅਤੇ ਮਨ ਨੂੰ ਤਾਜ਼ਗੀ ਦੇਣ ਤੋਂ ਇਲਾਵਾ ਇਹ ਬਦਲਾਉ ਇਸਦੇ ਪਛੜੇ ਹੋਏ ਕੰਮਾਂ ਨੂੰ ਸਮੇਟਣ ਵਿਚ ਮਦਦ ਕਰਦਾ ।ਇਹ ਇਸ ਨੇਮ ਤੇ ਹਮੇਸ਼ਾਂ ਕਾਇਮ ਰਹਿ ਕੇ ਬੇਹੱਦ ਪ੍ਰਤੀਕੂਲ ਪ੍ਰਸਥਿਤੀਆਂ ਵਿਚ ਵੀ ਇਸ ਨੇਮ ਵਿਚ ਵਿਘਨ ਨਾ ਪੈਣ ਦਿੰਦਾ।

    ਸਤਬੀਰ ਸਿੰਘ ਬਹੁਤ ਹੀ ਮਿਲਣਸਾਰ ਵਿਅਕਤੀ ਸੀ। ਇਸ ਸਭ ਦਾ ਸ਼ੁਭਚਿੰਤਕ ਸੀ ਅਤੇ ਸਭ ਦੀ ਸਹਾਇਤਾ ਕਰਨੀ ਚਾਹੁੰਦਾ ਸੀ। ਇਸਦੇ ਮਨ ਵਿਚ ਕਿਸੇ ਪ੍ਰਤੀ ਖੋਟ ਨਹੀਂ ਸੀ। ਇਹ ਹਮਦਰਦੀ ਪੂਰਵਕ ਸਭ ਦੀਆਂ ਸਮੱਸਿਆਵਾਂ ਨੂੰ ਸੁਣਦਾ ਅਤੇ ਜਿੱਥੋਂ ਤਕ ਹੋ ਸਕਦਾ ਉਹ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ। ਦੋਸਤ ਉਸ ਕੋਲ ਬੈਠੇ ਰਹਿੰਦੇ ਅਤੇ ਵੱਖ ਵੱਖ ਮਾਮਲਿਆਂ ਤੇ ਇਸਦੀ ਸਲਾਹ ਲੈਣ ਦੀ ਕੋਸ਼ਿਸ਼ ਕਰਦੇ। ਦੋਸਤਾਂ ਨਾਲ ਇਹ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਖੁਸ਼ੀ ਮਹਿਸੂਸ ਕਰਦਾ ਅਤੇ ਦੂਜਿਆਂ ਦੀ ਸਹਾਇਤਾ ਕਰਨਾ ਇਸਦੇ ਜੀਵਨ ਦੀ ਲਾਲਸਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਦੀ ਬਹੁਤ ਸਾਰੀ ਜੁੰਮੇਵਾਰੀ ਸਤਬੀਰ ਸਿੰਘ ਨੂੰ ਸੌਂਪੀ ਹੋਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੱਖ ਵੱਖ ਸਾਧਨਾਂ ਰਾਹੀਂ ਆ ਰਹੇ ਸਾਹਿਤ ਦੀ ਗੁਣਵੱਤਾ ਦੀ ਘੋਖ ਕਰਨਾ ਉਸਦੀ ਇਕ ਪ੍ਰਮੁੱਖ ਜੁੰਮੇਵਾਰੀ ਸੀ।ਇਹ ਲਿਖਤਾਂ ਨੂੰ ਬਹੁਤ ਧਿਆਨ ਨਾਲ ਵੇਖਦਾ ਅਤੇ ਆਪਣੀ ਰਾਇ ਪ੍ਰਗਟ ਕਰਦਾ। ਇਹ ਹਮੇਸ਼ਾਂ ਖ਼ਾਲਸਾ ਸਕੂਲਾਂ ਅਤੇ ਕਾਲਜਾਂ ਦੀ ਭਲਾਈ ਅਤੇ ਬੇਹਤਰੀ ਲਈ ਕੰਮ ਕਰਦਾ ਰਹਿੰਦਾ ਸੀ। ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਵਿਚ ਸ਼ਾਮਲ ਹੋ ਕੇ ਬਗੈਰ ਕਿਸੇ ਡਰ ਅਤੇ ਲਿਹਾਜ ਦੇ ਇਹ ਆਪਣੇ ਵਿਚਾਰ ਪ੍ਰਗਟ ਕਰਦਾ। ਇਹ ਸਰਕਾਰ ਦੇ ਵਿਸ਼ਵਾਸਪਾਤਰਾਂ ਵਿਚ ਸ਼ਾਮਲ ਸੀ ਅਤੇ ਸਰਕਾਰ ਨੂੰ ਬਹੁਤ ਸਾਰੇ ਮਸਲਿਆਂ ਤੇ ਸਲਾਹ ਦਿੰਦਾ ਸੀ। ਇਹ ਆਪਣੇ ਦੋਸਤਾਂ ਨੂੰ ਤਰੱਕੀ ਕਰਦੇ ਵੇਖ ਕੇ ਖੁਸ਼ ਹੁੰਦਾ ਸੀ ਅਤੇ ਕਿਸੇ ਪ੍ਰਤੀ ਮਨ ਵਿਚ ਗਿਲਾ ਨਹੀਂ ਰੱਖਦਾ ਸੀ।

    ਇਹ ਆਪਣੇ ਪੁਰਾਣੇ ਦੋਸਤਾਂ ਨੂੰ ਕਦੇ ਨਹੀਂ ਭੁੱਲਦਾ ਸੀ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰੂਪ ਸਿੰਘ ਲਈ ਇਸਦੇ ਮਨ ਵਿਚ ਬਹੁਤ ਸਤਿਕਾਰ ਸੀ। ਇਹ ਉਸਨੂੰ ਆਪਣਾ ਨੇੜਲਾ ਸਾਥੀ ਅਤੇ ਉਪਕਾਰੀ ਵਜੋਂ ਸਵੀਕਾਰ ਕਰਦਾ ਅਤੇ ਹਮੇਸ਼ਾਂ ਬੜੇ ਮਾਣ ਨਾਲ ਕਹਿੰਦਾ ਕਿ ਉਹ ਜੋ ਕੁਝ ਵੀ ਹੈ ਉਹ ਸਰਦਾਰ ਸਰੂਪ ਸਿੰਘ ਦੀ ਬਦੌਲਤ ਹੈ। ਇਸੇ ਤਰਾਂ ਇਹ ਆਪਣੇ ਪੁਰਾਣੇ ਫੈਡਰੇਸ਼ਨ ਸਾਥੀਆਂ ਨੂੰ ਮਾਣ ਦੇਣ ਤੋਂ ਕਦੇ ਵੀ ਸੰਕੋਚ ਨਾ ਕਰਦਾ, ਜਿਨ੍ਹਾਂ ਵਿਚ ਡਾ. ਜਸਵੰਤ ਸਿੰਘ ਨੇਕੀ , ਡਾ. ਭਾਈ ਹਰਬੰਸ ਲਾਲ , ਜਸਦੇਵ ਸਿੰਘ ਸੰਧੂ ਅਤੇ ਦਿਲਬੀਰ ਸਿੰਘ ਸ਼ਾਮਲ ਸਨ

    ਲੇਖਨ ਇਸਦੇ ਜੀਵਨ ਦੀ ਪ੍ਰਮੁੱਖ ਖਿੱਚ ਸੀ। 74 ਕਿਤਾਬਾਂ ਇਸਦੇ ਨਾਂ ਹਨ। ਇਸਦੀ ਇੱਛਾ ਸੀ ਕਿ ਉਹ ਦਰਬਾਰ ਸਾਹਿਬ ਦੇ ਸਨਮੁਖ ਦਸ ਗੁਰੂ ਸਾਹਿਬਾਨ ਦਾ ਜੀਵਨ ਭੇਟ ਕਰਨ ਦੇ ਯੋਗ ਹੋ ਸਕੇ। ਜਦੋਂ ਇਸਨੇ ਇਹ ਉਦੇਸ਼ ਹਾਸਲ ਕੀਤਾ ਤਾਂ ਇਹ ਇਸ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਸੀ। ਪੇਸ਼ ਕਰਨ ਲਈ ਇਸ ਨੇ ਸੈਟ ਨੂੰ ਸੋਨੇ ਦੇ ਵਰਕ ਵਿਚ ਲਪੇਟਿਆ ਸੀ। ਇਹਨਾਂ ਵਿਚ ਵਿਲੱਖਣ ਅਤੇ ਨਵੀਨ ਸਿਰਲੇਖ ਸ਼ਾਮਲ ਸਨ ਜਿਵੇਂ ਬਲਿਉ ਚਿਰਾਗ, ਕੁਦਰਤੀ ਨੂਰ, ਪਰਬਤ ਮੇਰਾਣੁ, ਪੂਰੀ ਹੋਈ ਕਰਾਮਾਤਿ, ਪਰਤਖ ਹਰੀ, ਗੁਰ ਭਾਰੀ, ਨਿਰਭਉ ਨਿਰਵੈਰੁ , ਅਸ਼ਟਮ ਬਲਬੀਰਾ, ਇਤਿ ਜਿਨਿ ਕਰੀ ਅਤੇ ਪੁਰਖ ਭਗਵੰਤ। ਇਸੇ ਤਰ੍ਹਾਂ ਇਸਨੇ ਬੂਟੇ ਸ਼ਾਹ ਅਤੇ ਮੈਲਕਾਮ ਦੁਆਰਾ ਲਿਖੀਆਂ ਉੱਤਮ ਰਚਨਾਵਾਂ ਦਾ ਪੰਜਾਬੀ ਸੰਸਕਰਣ ਤਿਆਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰ ਵਿਸਥਾਰ ਭਾਗ-1, ਭਾਗ 2, ਅਤੇ 3 ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰ ਵਿਸਥਾਰ ਭਾਗ ਚੌਥਾ ਇਸ ਦੀਆਂ ਰਚਨਾਵਾਂ ਦੀ ਇਕ ਹੋਰ ਮਹੱਤਵਪੂਰਨ ਲੜੀ ਹੈ। ਇਸ ਦੀਆਂ ਹੋਰ ਪ੍ਰਕਾਸ਼ਨਾਵਾਂ ਇਸ ਪ੍ਰਕਾਰ ਹਨ: ਅਨਾਦਿ ਅਨਾਹਿਤ, ਸਾਡਾ ਇਤਿਹਾਸ-ਭਾਗ ਪਹਿਲਾ, ਸਾਡਾ ਇਤਿਹਾਸ-ਭਾਗ ਦੂਜਾ , ਸੌ ਸਵਾਲ, ਸਿੱਖ ਜਰਨੈਲ, ਪੁਰਾਤਨ ਇਤਿਹਾਸਿਕ ਜੀਵਨੀਆਂ, ਸਿੱਖ ਅਜਾਇਬ ਘਰ ਐਲਬਮ, ਕੀਨੋ ਬਡੋ ਕਲੂ ਮੈ ਸਾਕਾ , ਬੀਰ ਪਰੰਪਰਾ ਦਾ ਵਿਕਾਸ ਅਤੇ ਜਿਸ ਡਿਠਿਆ ਸਭ ਦੁਖ ਜਾਇ।

        18 ਅਗਸਤ 1994 ਨੂੰ ਸਤਬੀਰ ਸਿੰਘ ਪਟਿਆਲਾ ਵਿਖੇ ਅਕਾਲ ਚਲਾਣਾ ਕਰ ਗਿਆ।


ਲੇਖਕ : ਜ.ਸ.ਸੰ. ਅਤੇ ਅਨੁ. ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.