ਸਤਲੁਜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਲੁਜ (ਨਾਂ,ਪੁ) ਪੰਜਾਬ ਦਾ ਇੱਕ ਪ੍ਰਸਿੱਧ ਦਰਿਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਤਲੁਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਲੁਜ [ਨਿਪੁ] ਪੂਰਬੀ ਪੰਜਾਬ ਦਾ ਇੱਕ ਪ੍ਰਮੁੱਖ ਦਰਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4562, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਤਲੁਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਲੁਜ. ਦੇਖੋ, ਸਤਦ੍ਰਵ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਤਲੁਜ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਤਲੁਜ : ਭਾਰਤ-ਪਾਕਿਸਤਾਨ ਦਾ ਇਹ ਲਗਭਗ 1,450 ਕਿ. ਮੀ. ਲੰਬਾ ਦਰਿਆ ਹੈ। ਇਹ ਪੰਜਾਬ ਦੇ ਉਨ੍ਹਾਂ ਪੰਜ ਦਰਿਆਵਾਂ ਵਿਚੋਂ ਸਭ ਤੋਂ ਵੱਡਾ ਦਰਿਆ ਹੈ ਜਿਨ੍ਹਾਂ ਕਰ ਕੇ ਇਸ ਰਾਜ ਦਾ ਨਾਂ ‘ਪੰਜ-ਆਬ’ (ਪੰਜ ਪਾਣੀਆਂ ਦੀ ਧਰਤੀ) ਪਿਆ ਹੈ। ਟਾਲਮੀ ਅਤੇ ਐਰੀਅਨ ਨੇ ਇਸ ਦਰਿਆ ਦਾ ਨਾਂ ਜ਼ਾਰਾਦਰਾਸ ਲਿਖਿਆ ਹੈ ਅਤੇ ਵੇਦਾਂ ਵਿਚ ਇਸ ਨੂੰ ਸਤਦੁਰੀ ਅਤੇ ਸਤੁਦਰੂ ਜਾਂ ਹਜ਼ਾਰ ਵਹਿਣਾਂ ਵਾਲਾ ਲਿਖਿਆ ਹੈ। ਸਤਲੁਜ ਤਿੱਬਤ ਵਿਚ ਸਥਿਤ ਪ੍ਰਸਿੱਧ ਝੀਲ ਮਾਨਸੋਰਵਰ ਤੇ ਪੱਛਮ ਵਿਚੋਂ ਨਿਕਲਦਾ ਹੈ। ਤਿੱਬਤ ਵਿਚ ਇਸ ਨੂੰ ਲੈਂਗਚੈਨ ਖਬਾਬ ਕਿਹਾ ਜਾਂਦਾ ਹੈ। ਇਸ ਦਾ ਨਿਕਾਸ ਸਥਾਨ 4,633 ਮੀ. ਦੀ ਉਚਾਈ ਉੱਤੇ ਸਥਿਤ ਹੈ। ਸ਼ਿਪਕੀ ਤਕ ਸਤਲੁਜ ਉੱਤਰ ਪੱਛਮ ਦਿਸ਼ਾ ਵੱਲ ਕੈਲਾਸ਼ ਪਰਬਤ ਦੀਆਂ ਦੱਖਣੀ ਢਲਾਨਾਂ ਦੇ ਨਾਲ ਨਾਲ ਵਗਦਾ ਹੈ। ਇਥੇ ਇਹ 3,048 ਮੀ. ਦੀ ਉਚਾਈ ਤੇ ਵਹਿੰਦਾ ਹੈ। ਸ਼ਿਪਕੀ ਤੋਂ ਦੱਖਣ-ਪੱਛਮ ਵੱਲ ਮੋੜ ਖਾ ਕੇ ਇਹ ਹਿਮਾਚਲ ਦੀ ਕਨਾਵਾਰ ਘਾਟੀ ਵਿਚ ਦਾਖਲ ਹੁੰਦਾ ਹੈ। ਇਥੇ ਹੀ ਦਾਹਲਾਂਗ ਦੇ ਲਾਗੇ ਸਪਿਤੀ ਦੀ ਲੀ ਨਦੀ ਇਸ ਵਿਚ ਆ ਕੇ ਮਿਲ ਜਾਂਦੀ ਹੈ। ਕਨਾਵਾਰ ਦੀ ਘਾਟੀ ਵਿਚ ਇਹ 128 ਕਿ. ਮੀ. ਦੀ ਦੂਰੀ ਤਕ ਵਹਿੰਦਾ ਹੈ। ਇਸ ਘਾਟੀ ਵਿਚੋਂ ਨਿਕਲ ਕੇ ਇਹ ਪੱਛਮ-ਦੱਖਣ-ਪੱਛਮ ਦਿਸ਼ਾ ਵਿਚ ਦੀ ਗੁਜ਼ਰਦਾ ਹੋਇਆ ਡੂੰਘੀਆਂ ਪਹਾੜੀ ਘਾਟੀਆਂ ਵਿਚੋਂ ਲੰਘਦਾ ਹੈ। ਇਸੇ ਰਸਤੇ ਵਿਚ ਰਾਮਪੁਰ ਸ਼ਹਿਰ ਅਤੇ ਬਿਲਾਸਪੁਰ ਦੇ ਕਸਬੇ ਆਉਂਦੇ ਹਨ। ਬਿਲਾਸਪੁਰ ਵਿਚੋਂ ਲੰਘ ਕੇ ਸਤਲੁਜ ਹਿਮਾਲਾ ਵਿਚੋਂ ਉਸ ਤੰਗ ਘਾਟੀ ਰਾਹੀਂ ਬਾਹਰ ਨਿਕਲ ਕੇ ਰੋਪੜ ਦੀ ਜਸਵਾਨ ਦੂਨ ਵਿਚ ਦਾਖ਼ਲ ਹੁੰਦਾ ਹੈ ਜਿਥੇ ਅੱਜਕੱਲ੍ਹ ਭਾਖੜਾ ਡੈਮ ਬਣਾਇਆ ਗਿਆ ਹੈ। ਇਥੋਂ ਇਹ ਇਕ ਦਮ ਦੱਖਣ-ਪੂਰਬ ਨੂੰ ਮੋੜ ਖਾ ਕੇ ਆਨੰਦਪੁਰ ਸਾਹਿਬ ਦੇ ਲਾਗਿਉਂ ਦੀ ਲੰਘ ਕੇ ਰੋਪੜ ਪਹੁੰਚਦਾ ਹੈ। ਰੋਪੜ ਤੋਂ ਇਹ ਮੈਦਾਨੀ ਇਲਾਕੇ ਵਿਚ ਪਰਵੇਸ਼ ਕਰਦਾ ਹੈ ਅਤੇ ਪੱਛਮ ਵੱਲ ਨੂੰ ਵਗਦਾ ਹੈ। ਇਸ ਦੇ ਦੱਖਣ ਵਿਚ ਪੰਜਾਬ ਦਾ ਮਾਲਵਾ ਅਤੇ ਉੱਤਰ ਵਿਚ ਦੁਆਬਾ ਹੈ। ਕਪੂਰਥਲਾ ਜ਼ਿਲ੍ਹੇ ਦੀ ਦੱਖਣ-ਪੱਛਮੀ ਹਦ ਦੇ ਲਾਗੇ ਹਰੀ ਕੇ ਪੱਤਣ ਉੱਤੇ ਬਿਆਸ ਦਰਿਆ ਅਤੇ ਬੇਈਂ ਨਦੀਆ ਮਿਲਦੇ ਹਨ। ਇਥੋਂ ਅਗੇ ਇਹ ਉੱਤਰ ਵਿਚ ਦੁਆਬਾ ਬਾਰੀ (ਪਾਕਿਸਤਾਨ) ਅਤੇ ਦੱਖਣ ਵਿਚ ਫਿਰੋਜ਼ਪੁਰ (ਭਾਰਤ) ਤੇ ਬਹਾਵਲਪੁਰ (ਪਾਕਿਸਤਾਨ) ਦੀ ਹੱਦ ਬਣਾਉਂਦਾ ਹੋਇਆ ਦੱਖਣ-ਪੱਛਮ ਵੱਲ ਚਲਾ ਜਾਂਦਾ ਹੈ। ਇਥੋਂ ਇਹ ਦਰਿਆ 105 ਕਿ. ਮੀ. ਤਕ ਹਿੰਦ-ਪਾਕਿ ਦੀ ਸਰਹੱਦ ਬਣਾਉਂਦਾ ਹੋਇਆ ਪਾਕਿਸਤਾਨੀ ਇਲਾਕੇ ਵਿਚ ਜਾ ਦਾਖਲ ਹੁੰਦਾ ਹੈ। ਫਿਰ ਪੰਜਨਦ (ਮਡਵਾਲਾ) ਦੀ ਥਾਂ ਤੇ ਰਾਵੀ ਚਨਾਬ ਤੇ ਜਿਹਲਮ ਸਾਰੇ ਇਸ ਵਿਚ ਆ ਮਿਲਦੇ ਹਨ। ਮਿੱਠਣਕੋਟ ਦੇ ਅਸਥਾਨ ਤੇ ਸਤਲੁਜ ਸਿੰਧ ਦਰਿਆ ਨਾਲ ਮਿਲ ਜਾਂਦਾ ਹੈ। ਸਤਲੁਜ ਨੇ ਕਈ ਵਾਰ ਆਪਣਾ ਵਹਿਣ ਬਦਲਿਆ ਹੈ। ਏਅਰੀਅਨ ਦੇ ਸਮੇਂ ਵਿਚ ਸਤਲੁਜ ਸਿੱਧਾ ਰਣਕੱਛ (ਸਮੁੰਦਰ) ਵਿਚ ਡਿਗਦਾ ਸੀ। ਸੰਨ 1000 ਵਿਚ ਇਹ ਹਾਕੜਾ ਦਾ ਸਹਾਇਕ ਦਰਿਆ ਸੀ ਅਤੇ ਉਦੋਂ ਇਹ ਖਾੜੀ ਨਾਰ ਵਿਚ ਡਿਗਦਾ ਸੀ। ਇਸ ਦੇ ਪੁਰਾਣੇ ਵਹਿਣ ਦੀਆਂ ਨਿਸ਼ਾਨੀਆਂ ਅੱਜ ਵੀ ਨਾਰ ਖਾੜੀ ਤੋਂ ਲੈ ਕੇ ਬਹਾਵਲਪੁਰ ਅਤੇ ਬੀਕਾਨੇਰ ਵਿਚ ਦੀ ਹਰਿਆਣੇ ਦੇ ਸਰਸਾ ਜ਼ਿਲ੍ਹੇ ਤਕ ਮਿਲਦੀਆਂ ਹਨ ਜੋ ਟੋਹਾਣੇ ਕੋਲ ਜਾ ਕੇ ਖਤਮ ਹੋ ਜਾਂਦੀਆਂ ਹਨ। ਸੰਨ 1245 ਵਿਚ ਸਤਲੁਜ ਨੇ ਆਪਣਾ ਰਸਤਾ ਉੱਤਰ ਵੱਲ ਬਦਲ ਲਿਆ। ਇਸ ਤਬਦੀਲੀ ਦੇ ਕਾਰਨ ਅਤੇ ਦਰਿਆ ਹਾਕੜਾ ਦੇ ਸੁੱਕਣ ਕਰ ਕੇ ਇਨ੍ਹਾਂ ਦੇ ਰਸਤੇ ਵਿਚ ਪੈਣ ਵਾਲਾ ਦੱਖਣੀ ਪੰਜਾਬ, ਰਾਜਸਥਾਨ, ਬਹਾਵਲਪੁਰ ਅਤੇ ਸਿੰਧ ਦਾ ਇਲਾਕਾ ਬੰਜਰ ਹੋ ਗਿਆ ਅਤੇ ਇਨ੍ਹਾਂ ਇਲਾਕਿਆਂ ਤੋਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਘਾਟ ਛੱਡਣੇ ਪਏ। ਇਸ ਦੇ ਨਵੇਂ ਰਸਤੇ ਬਾਰੇ ਇਹ ਖਿਆਲ ਹੈ ਕਿ ਇਸ ਦਾ ਵਹਿਣ ਮੌਜੂਦਾ ਘੱਗਰ ਦਰਿਆ ਦਾ ਵਹਿਣ ਸੀ। ਸੰਨ 1593 ਦੇ ਲਾਗੇ ਸਤਲੁਜ ਘੱਗਰ ਨੂੰ ਛੱਡ ਕੇ ਫਿਰ ਉੱਤਰ ਨੂੰ ਵਗਣ ਲੱਗ ਪਿਆ ਅਤੇ ਉਧਰ ਬਿਆਸ ਦਰਿਆ ਆਪਣਾ ਵਹਿਣ ਬਦਲ ਕੇ ਦੱਖਣ ਨੂੰ ਆ ਗਿਆ ਤੇ ਫਿਰ ਦੋਨੋਂ ਮਿਲ ਕੇ ਵਗਣ ਲਗ ਪਏ।

        ਸਤਲੁਜ ਅਤੇ ਬਿਆਸ ਦੋਹਾਂ ਦਰਿਆਵਾਂ ਦੇ ਮਿਲਣ ਪਿੱਛੋਂ ਨਵੇਂ ਦਰਿਆ ਦੇ ਕਈ ਨਾਂ ਪੈ ਗਏ ਸਨ ਜਿਵੇਂ ਕਿ ਮਛੂਵਾਹ, ਹਰਿਆਨੀ, ਡੰਡ, ਨੂਰਨੀ, ਨੀਲੀ, (ਨੀਲੀਬਾਰ ਦਾ ਨਾਂ ਇਸ ਕਰਕੇ ਪਿਆ ਹੈ) ਅਤੇ ਘਾਰਾ ਆਦਿ।

        ਇਸ ਤੋਂ ਪਿੱਛੋਂ ਸਤਲੁਜ ਇਕ ਵਾਰ ਫਿਰ ਬਿਆਸ ਨੂੰ ਛੱਡ ਕੇ ਘੱਗਰ ਨਾਲ ਜਾ ਮਿਲਿਆ ਪਰ 1796 ਈ. ਵਿਚ ਘੱਗਰ ਨੂੰ ਛੱਡ ਕੇ ਬਿਆਸ ਨਾਲ ਆ ਮਿਲਿਆ ਅਤੇ ਅਜੋਕੇ ਰਾਹ ਤੇ ਚਲ ਪਿਆ।

        ਸਤਲੁਜ ਦਾ ਮੈਦਾਨੀ ਰਸਤਾ ਵਧੇਰੇ ਖੁਸ਼ਕ ਇਲਾਕੇ ਵਿਚੋਂ ਦੀ ਹੈ ਇਸ ਲਈ ਇਸ ਦਾ ਪਾਣੀ ਕਾਫ਼ੀ ਸਮੇਂ ਤੋਂ ਸਿੰਜਾਈ ਲਈ ਵਰਤਿਆ ਜਾਂਦਾ ਰਿਹਾ ਹੈ। ਅੰਗਰੇਜ਼ੀ ਰਾਜ ਤੋਂ ਪਹਿਲਾਂ ਸਤਲੁਜ ਵਿਚੋਂ ਕੱਢੀਆਂ ਬਰਸਾਤੀ ਨਹਿਰਾਂ ਲਾਹੌਰ, ਮਿੰਟਗੁਮਰੀ ਅਤੇ ਮੁਲਤਾਨ ਦੇ ਕੁਝ ਇਲਾਕੇ ਨੂੰ ਸਿੰਜਦੀਆਂ ਸਨ। ਇਨ੍ਹਾਂ ਵਿਚੋਂ ਕੁਝ ਦੇ ਨਾਂ ਇਹ ਹਨ: ਕਟੋਰਾ, ਖਾਨਵਾਹ ਵਾਰਾ, ਸੋਹਾਗ, ਮੈਲਸੀ, ਦੀਵਾਨਵਾਹ (1831 ਈ. ਵਿਚ ਦੀਵਾਨ ਸਾਵਣ ਮਲ ਨੇ ਕੱਢੀ) ਮੁਹੰਮਦ ਵਾਹ, ਸਰਦਾਰ ਵਾਹ, ਬਹਾਵਲ ਵਾਹ, ਲੋਧਰਾਂ ਨਹਿਰਾਂ ਆਦਿ। ਇਹ ਸਾਰੀਆਂ ਸੱਜੇ ਪਾਸਿਉਂ ਨਿਕਲਦੀਆਂ ਹਨ। ਅੰਗਰੇਜ਼ੀ ਰਾਜ ਸਮੇਂ ਇਸ ਦਰਿਆ ਵਿਚੋਂ ਬੰਨ੍ਹ ਲਾ ਕੇ ਪੰਜਾਬ, ਬਹਾਵਲਪੁਰ ਅਤੇ ਬੀਕਾਨੇਰ ਲਈ ਬਰਸਾਤੀ ਅਤੇ ਬਾਰਾਮਾਸੀ ਨਹਿਰਾਂ ਕੱਢੀਆਂ ਗਈਆਂ। ਰੋਪੜ ਦੇ ਬੰਨ੍ਹ ਤੋਂ ਸਰਹਿੰਦ ਨਹਿਰ, ਫ਼ਿਰੋਜ਼ਪੁਰ ਤੋਂ ਨਹਿਰ ਗੰਗ (ਬਾਰਾਂਮਾਸੀ) ਗਰੇ ਅਤੇ ਦੀਪਾਲ ਪੁਰ (ਬਰਸਾਤੀ) ਨਹਿਰਾਂ, ਸੁਲੇਮਾਨ ਕੀ ਤੋਂ ਫੋਰਡਵਾਹ ਪੂਰਬੀ ਸਾਦਕੀਆਂ ਅਤੇ ਪਾਕਪਟਨ ਨਹਿਰਾਂ, ਇਸਲਾਮਾਬਾਦ ਤੋਂ ਬਹਾਵਲਪੁਰ ਅਤੇ ਕਾਇਮਪੁਰ ਨਹਿਰਾਂ ਅਤੇ ਪੰਜਨਦ ਤੋਂ ਅੱਬਾਸੀਆ, ਪੰਜਨਦ ਅਤੇ ਮੈਲਸੀ ਨਹਿਰਾਂ ਕੱਢੀਆਂ ਗਈਆਂ। ਇਨ੍ਹਾਂ ਨਹਿਰਾਂ ਨੂੰ ‘ਸਤਲੁਜ ਘਾਟੀ ਨਹਿਰਾਂ’ ਕਿਹਾ ਜਾਂਦਾ ਹੈ। ਦੇਸ਼ ਦੀ ਵੰਡ ਦੇ ਸਮੇਂ ਸਰਹਿੰਦ, ਗਰੇ ਅਤੇ ਗੰਗ ਨਹਿਰ ਨੂੰ ਛੱਡ ਕੇ ਬਾਕੀ ਸਾਰੀਆਂ ਪਾਕਿਸਤਾਨ ਵਿਚ ਚਲੀਆਂ ਗਈਆਂ ਹਨ। ਭਾਰਤੀ ਪੰਜਾਬ ਅਤੇ ਰਾਜਸਥਾਨ ਦੀ ਸਿੰਜਾਈ ਦੀ ਲੋੜ ਨੂੰ ਪੂਰਾ ਕਰਨ ਲਈ ਆਜ਼ਾਦੀ ਤੋਂ ਪਿੱਛੋਂ ਇਸ ਵਿਚੋਂ ਹੋਰ ਨਹਿਰਾਂ ਕੱਢੀਆਂ ਗਈਆਂ। ਭਾਖੜਾ ਨੰਗਲ ਦੇ ਨਵੇਂ ਬੰਨ੍ਹ ਤੋਂ ਭਾਖੜਾ ਮੇਨ ਕੈਨਾਲ ਅਤੇ ਸਤਲੁਜ ਯਮਨਾ ਲਿੰਕ ਕੈਨਾਲ ਕੱਢੀ ਗਈ ਹੈ। ਭਾਖੜਾ ਮੇਨ ਕੈਨਾਲ ਅੱਗੋਂ ਫਿਰ ਦੋ ਸ਼ਾਖਾਵਾਂ ਵਿਚ ਵੰਡੀ ਹੋਈ ਹੈ। ਭਾਖੜਾ ਬੰਨ੍ਹ ਕਰ ਕੇ ਪਾਣੀ ਰੁਕ ਜਾਣ ਨਾਲ ਹੜ੍ਹਾਂ ਤੋਂ ਬਚਾਅ ਹੋ ਗਿਆ ਹੈ। ਰੋਪੜ ਤੋਂ ਦੁਆਬੇ ਨੂੰ ਸਿੰਜਣ ਲਈ ਇਕ ਨਵੀਂ ਨਹਿਰ ਕੱਢੀ ਗਈ ਹੈ। ਇਸ ਤੋਂ ਇਲਾਵਾ ਰੋਪੜ ਤੋਂ ਸਰਹਿੰਦ ਕੈਨਾਲ ਵੀ ਕੱਢੀ ਗਈ ਹੈ ਜਿਸ ਤੋਂ ਅੱਗੇ ਪੰਜ ਛੋਟੀਆਂ ਨਹਿਰਾਂ ਕੱਢੀਆਂ ਗਈਆਂ ਹਨ। ਹਰੀ ਕੇ ਪੱਤਣ ਤੋਂ ਇਕ ਨਵੀਂ ਨਹਿਰ ਰਾਜਸਥਾਨ ਫੀਡਰ ਅਤੇ ਦੂਜੀ ਇੰਦਰਾ ਗਾਂਧੀ ਕੈਨਾਲ ਜਿਹੜੀ ਕਿ ਬਹੁਤ ਵੱਡੀ ਹੈ, ਕੱਢੀ ਗਈ ਹੈ। ਰਾਸਥਾਨ ਵਿਚ ਦਾਖ਼ਲ ਹੋਣ ਤੀਕ ਇਹ ਦੋਵੇਂ ਨਹਿਰਾਂ ਨਾਲ ਨਾਲ ਚਲਦੀਆਂ ਹਨ। ਨਹਿਰ ਸਰਹਿੰਦ ਨੂੰ ਵੀ ਚੌੜਾ ਕੀਤਾ ਗਿਆ ਹੈ। ਭਾਰਤ ਵਿਚ ਇਨ੍ਹਾਂ ਨਹਿਰਾਂ ਦੇ ਨਿਕਲਣ ਨਾਲ ਪਾਕਿਸਤਾਨੀ ਨਹਿਰਾਂ ਲਈ ਪਾਣੀ ਦੀ ਥੁੜ੍ਹ ਹੋ ਜਾਣੀ ਲਾਜ਼ਮੀ ਸੀ। ਇਸ ਲਈ ਪਾਕਿਸਤਾਨ ਸਰਕਾਰ ਨੇ ਪੱਛਮੀ ਦਰਿਆਵਾਂ ਦੇ ਫਾਲਤੂ ਪਾਣੀ ਨੂੰ ਸਤਲੁਜ ਵਿਚ ਪਾਉਣ ਲਈ ਇਛੋਗਿਲ ਨਾਮੀ ਨਵੀਂ ਨਹਿਰ ਬਣਾਈ ਹੈ ਤਾਂ ਜੋ ਸਤਲੁਜ ਵਿਚੋਂ ਨਿਕਲਣ ਵਾਲੀਆਂ ਪਾਕਿਸਤਾਨੀ ਨਹਿਰਾਂ ਨੂੰ ਪਾਣੀ ਮਿਲ ਸਕੇ।

        ਸਥਿਤੀ –– 30° 40' ਉ. ਵਿਥ.; 81° 30' ਪੂ. ਲੰਬ.


ਲੇਖਕ : ਮਨਜੀਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3722, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-13-04-25-48, ਹਵਾਲੇ/ਟਿੱਪਣੀਆਂ: ਹ. ਪੁ.––ਇੰਪ. ਗ. ਇੰਡ.; 23 : 178; ਗੋਲਡਨ ਮੈਟੈਰੀਕੁਲੇਸ਼ਨ ਜਿਓਗ੍ਰਫੀ; ਵੇਲਿਸਟਨਜ਼ ਜਿਓਗ੍ਰਾਫੀ ਡਿਕਸ਼ਨਰੀ; ਐਨ. ਬ੍ਰਿ. ਮਾ. 9 : 700; -ਪੰ. ਵਿ. ਕੋ. 3 : 565.

ਸਤਲੁਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਤਲੁਜ, (ਸੰਸਕ੍ਰਿਤ) / ਪੁਲਿੰਗ : ਪੰਜਾਬ ਦਾ ਇਕ ਪ੍ਰਸਿੱਧ ਦਰਿਆ, ਸਤਦ੍ਰਵ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-12-57-42, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.