ਸਤਵੰਤ ਕੌਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਤਵੰਤ ਕੌਰ : ਜਿਸ ਦਾ ਪੂਰਾ ਸਿਰਲੇਖ ਸ੍ਰੀਮਤੀ ਸਤਵੰਤ ਕੌਰ ਦੀ ਜੀਵਨ ਵਿਥਿਆ ਹੈ ਭਾਈ ਵੀਰ ਸਿੰਘ ਦੁਆਰਾ ਰਚਿਤ ਇਕ ਇਤਿਹਾਸਿਕ ਪ੍ਰੇਮ-ਕਹਾਣੀ ਹੈ। ਇਸ ਦਾ ਪਹਿਲਾ ਭਾਗ 1900 ਵਿਚ ਅਤੇ ਦੂਸਰਾ 1927 ਵਿਚ ਛਾਪਿਆ ਗਿਆ ਸੀ। ਪਿੱਛੋਂ ਦੇ ਐਡੀਸ਼ਨਾਂ ਵਿਚ ਦੋਵਾਂ ਭਾਗਾਂ ਨੂੰ ਇਕੱਠਾ ਕਰਕੇ ਇਕ ਭਾਗ ਬਣਾ ਕੇ ਛਾਪਿਆ ਗਿਆ ਸੀ। ਇਸ ਦਾ ਕਥਾਨਕ ਅਠਾਰ੍ਹਵੀਂ ਸਦੀ ਵਿਚ ਅਫ਼ਗਾਨ ਹਮਲਿਆਂ ਦੇ ਪਿਛੋਕੜ ਵਿਚ ਤਿਆਰ ਕੀਤਾ ਗਿਆ ਹੈ। 1756 ਵਿਚ ਅਹਮਦ ਸ਼ਾਹ ਦੁੱਰਾਨੀ ਦੇ ਚੌਥੇ ਹਮਲੇ ਵਿਚ ਇਹ ਇਕ ਬਹਾਦਰ ਸਿੱਖ ਲੜਕੀ ਸਤਵੰਤ ਕੌਰ ਦੀ ਕਹਾਣੀ ਨਾਲ ਸੰਬੰਧਿਤ ਹੈ ਜਿਸ ਨੂੰ ਕਾਬੁਲ ਚੁੱਕ ਕੇ ਲੈ ਜਾਇਆ ਜਾਂਦਾ ਹੈ ਅਤੇ ਉਥੇ ਅਕਹਿ ਮੁਸੀਬਤਾਂ ਵਿਚੋਂ ਗੁਜਰਨਾ ਪੈਂਦਾ ਹੈ ਪਰੰਤੂ ਇਹਨਾਂ ਸਾਰੀਆਂ ਮੁਸੀਬਤਾਂ ਦੇ ਬਾਵਜੂਦ ਇਹ ਆਪਣੇ ਧਰਮ ਪ੍ਰਤੀ ਸ਼ਰਧਾ ਵਿਚ ਪਰਪੱਕ ਰਹਿੰਦੀ ਹੈ। ਇਸ ਦੇ ਅਫ਼ਗਾਨ ਰਾਜਧਾਨੀ ਕਾਬਲ ਵਿਚ ਗੁਜ਼ਾਰੇ ਦਿਨ ਦਿਲ ਕੰਬਾਉਣ ਵਾਲੀ ਬਹਾਦਰੀ ਨਾਲ ਭਰਪੂਰ ਹਨ। ਇਸ ਨੂੰ ਜਬਰੀ ਚੁੱਕ ਕੇ ਲੈਜਾਣ ਵਾਲੇ ਤੋਂ ਇਸ ਨੂੰ ਇਕ ਹੋਰ ਅਫ਼ਗਾਨ ਦਰਬਾਰੀ ਨੇ ਖ਼ਰੀਦ ਲਿਆ ਸੀ। ਇਸ ਪਰਵਾਰ ਵਿਚ ਰਹਿੰਦਿਆਂ ਇਸ ਨੇ ਦਰਬਾਰੀ ਦੀ ਪਤਨੀ ਅਤੇ ਇਸ ਦੇ ਛੋਟੇ ਜਿਹੇ ਬੱਚੇ (ਫਾਤਿਮਾ) ਦਾ ਪਿਆਰ ਜਿੱਤ ਲਿਆ ਅਤੇ ਇਸ ਤਰ੍ਹਾਂ ਇਹ ਅਫ਼ਗਾਨ ਤੋਂ ਬਚਦੀ ਰਹੀ। ਇਕ ਦਿਨ ਉਸ ਦੇ ਸ਼ਰਾਬੀ ਪਤੀ ਤੋਂ ਨਾਟਕੀ ਢੰਗ ਨਾਲ ਉਸਦੀ ਜਾਨ ਬਚਾ ਕੇ ਇਹ ਫਾਤਿਮਾ ਨੂੰ ਆਪਣਾ ਰਿਣੀ ਬਣਾ ਲੈਂਦੀ ਹੈ। ਉਸ ਅਫ਼ਗਾਨ ਨੂੰ ਅਪਰਾਧ ਕਰਨ ਲਈ ਜੇਲ੍ਹ ਵਿਚ ਰਖਿਆ ਜਾਂਦਾ ਹੈ ਅਤੇ ਸ਼ਾਹੀ ਹੁਕਮ ਰਾਹੀਂ ਇਸ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ। ਸਤਵੰਤ ਕੌਰ ਫਿਰ ਆਪਣੀ ਮਾਲਕਣ ਦੇ ਪਤੀ ਨੂੰ ਚਲਾਕੀ ਨਾਲ ਬਚਾ ਕੇ ਮਾਲਕਣ ਦਾ ਮਨ ਜਿੱਤ ਲੈਂਦੀ ਹੈ।ਇਹ ਫ਼ਾਤਿਮਾ ਦੇ ਕੱਪੜੇ ਪਹਿਨਕੇ ਪਾਲਕੀ ਵਿਚ ਬੈਠ ਕੇ ਅਫ਼ਗਾਨ ਨੂੰ ਮਿਲਣ ਲਈ ਜੇਲ੍ਹ ਜਾਂਦੀ ਹੈ। ਇਹ ਅਫ਼ਗਾਨ ਨੂੰ ਪਾਲਕੀ ਵਿਚ ਬਾਹਰ ਭਿਜਵਾ ਦਿੰਦੀ ਹੈ ਅਤੇ ਉਸਦੀ ਥਾਂ ਆਪ ਜੇਲ੍ਹ ਵਿਚ ਬੰਦ ਹੋ ਜਾਂਦੀ ਹੈ। ਇਸ ਧੋਖੇ ਦਾ ਅਗਲੇ ਦਿਨ ਪਤਾ ਲਗਦਾ ਹੈ ਜਦੋਂ ਕੈਦੀ ਨੂੰ ਮੌਤ ਦੀ ਸਜ਼ਾ ਦੇਣ ਲਈ ਬਾਹਰ ਲੈ ਜਾਇਆ ਜਾਂਦਾ ਹੈ।
ਸਤੰਵਤ ਕੌਰ ਨੂੰ ਪ੍ਰਾਣ ਦੰਡ ਮੁਲਤਵੀ ਕਰ ਦਿੱਤਾ ਜਾਂਦਾ ਹੈ। ਜਦੋਂ ਇਹ ਕਹਾਣੀ ਅਮੀਰ (ਸ਼ਾਇਦ ਅਹਮਦ ਸ਼ਾਹ ਦੁੱਰਾਨੀ) ਦੇ ਕੰਨਾਂ ਤਕ ਪਹੁੰਚਦੀ ਹੈ ਤਾਂ ਉਹ ਇਸ ਦੀ ਦਲੇਰੀ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਇਸ ਦੀ ਬੇਨਤੀ ਤੇ ਉਹ ਦਰਬਾਰੀ ਨੂੰ ਮੁਆਫ਼ ਕਰ ਦਿੰਦਾ ਹੈ ਪਰੰਤੂ ਇਸ ਨੂੰ ਵਾਪਸ ਭਾਰਤ ਵਿਚਲੇ ਇਸ ਦੇ ਪਿੰਡ ਖੰਨਾ ਭੇਜਣ ਦੀ ਥਾਂ ਤੇ ਇਸ ਨੂੰ ਆਪਣੀਆਂ ਬੇਗਮਾਂ ਵਿਚੋਂ ਇਕ ਬੇਗਮ ਦੇ ਤੌਰ ਤੇ ਆਪਣੇ ਹਰਮ ਵਿਚ ਰਖਣ ਲਈ ਬਜ਼ਿੱਦ ਹੁੰਦਾ ਹੈ। ਜਿਸ ਇਮਾਰਤ ਵਿਚ ਇਸ ਨੂੰ ਰੱਖਿਆ ਜਾਂਦਾ ਹੈ ਉਸ ਵਿਚ ਅੱਗ ਲੱਗ ਜਾਂਦੀ ਹੈ ਜਿਸ ਕਰਕੇ ਇਸ ਨੂੰ ਨਿਕਲਣ ਦਾ ਇਕ ਚੰਗਾ ਮੌਕਾ ਹੱਥ ਲੱਗ ਜਾਂਦਾ ਹੈ। ਫਾਤਿਮਾ ਦੇ ਘਰ ਵਿਚ ਇਸ ਨੂੰ ਉਹਨਾਂ ਵੱਲੋਂ ਛੁਪਾ ਕੇ ਰੱਖਿਆ ਜਾਂਦਾ ਹੈ। ਇਸ ਘਰ ਵਿਚ ਸੁਰੰਗ ਰਾਹੀਂ ਇਹ ਸ਼ਹਿਰ ਵਿਚ ਰਹਿੰਦੇ ਇਕ ਹਿੰਦੂ ਪਰਵਾਰ ਨਾਲ ਆਪਣਾ ਸੰਪਰਕ ਬਣਾ ਲੈਂਦੀ ਹੈ। ਇਕ ਟੋਲੀ ਜਿਸ ਦੀ ਅਗਵਾਈ ਇਕ ਬਜੁਰਗ ਲੱਧਾ ਸਿੰਘ ਕਰ ਰਿਹਾ ਸੀ, ਨਾਲ ਇਹ ਇਕ ਲੜਕੇ ਦੇ ਭੇਸ ਵਿਚ ਪੰਜਾਬ ਵਲ ਚੱਲ ਪੈਂਦੀ ਹੈ। ਇਸ ਕਾਫ਼ਲੇ ਨੂੰ ਖ਼ਜ਼ਾਨੇ ਵਿਚੋਂ ਗੁਆਚੇ ਇਕ ਸ਼ਾਹੀ ਹੀਰੇ ਸੰਬੰਧੀ ਪੁੱਛ ਪੜਤਾਲ ਕਰਨ ਲਈ ਇਕ ਅਫ਼ਗਾਨ ਦਸਤੇ ਦੁਆਰਾ ਰੋਕ ਲਿਆ ਜਾਂਦਾ ਹੈ। ਦਰਅਸਲ ਇਸ ਦਸਤੇ ਦਾ ਨੇਤਾ ਆਗਾ ਖ਼ਾਨ ਇਕ ਸਿੱਖ ਸਰਦਾਰ ਦਾ ਪੁੱਤਰ ਸੀ ਜਿਸ ਨੂੰ ਉਸਦੀ ਮਾਤਾ ਅਤੇ ਨੌਕਰਾਣੀ ਸਮੇਤ ਉਸ ਵੇਲੇ ਅਗਵਾ ਕਰ ਲਿਆ ਗਿਆ ਸੀ ਜਦੋਂ ਨਾਦਰ ਸ਼ਾਹ ਨੇ ਭਾਰਤ ਉੱਤੇ ਹਮਲਾ ਕੀਤਾ ਸੀ। ਇਸ ਦੀ ਮਾਤਾ ਦਾ ਰਸਾਲੇ ਦੇ ਸਿਪਾਹੀ ਨਾਲ ਵਿਆਹ ਕਰਨ ਤੋਂ ਇਨਕਾਰ ਕਰਨ ਤੇ ਸਿਰ ਕਲਮ ਕੀਤਾ ਗਿਆ ਸੀ ।ਲੜਕਾ ਇਸ ਦੇ ਮੁਤਬੰਨੇ ਦੇ ਤੌਰ ਤੇ ਵੱਡਾ ਹੋਇਆ ਪਰੰਤੂ ਪਰਵਾਰ ਦੀ ਇਕ ਬਜੁਰਗ ਨੌਕਰਾਣੀ ਰਾਹੀਂ ਇਸ ਨੂੰ ਇਸ ਭੇਦ ਦਾ ਪਤਾ ਲੱਗ ਚੁੱਕਾ ਸੀ। ਹੁਣ ਇਹ ਆਪਣੇ ਆਪ ਨੂੰ ਅਫ਼ਗਾਨ ਦਸਤਿਆਂ ਤੋਂ ਵੱਖ ਕਰ ਲੈਂਦਾ ਹੈ ਅਤੇ ਸਤਵੰਤ ਕੌਰ ਲੜਕੇ ਦੇ ਪਹਿਰਾਵੇ ਵਿਚ ਜਸਵੰਤ ਸਿੰਘ ਅਤੇ ਨੌਕਰਾਣੀ ਨਾਲ ਭਾਰਤ ਵੱਲ ਚੱਲ ਪੈਂਦਾ ਹੈ। ਇਹ ਸਾਰੇ ਠੀਕ ਠਾਕ ਅੰਮ੍ਰਿਤਸਰ ਪਹੁੰਚ ਜਾਂਦੇ ਹਨ। ਆਗਾ ਖ਼ਾਨ ਆਪਣੇ ਬਜੁਰਗਾਂ ਦੇ ਧਰਮ ਨੂੰ ਅਪਣਾ ਲੈਂਦਾ ਹੈ ਅਤੇ ਅਲਾਂਬਾ ਸਿੰਘ ਬਣ ਜਾਂਦਾ ਹੈ। ਇਸ ਨੇ ਖ਼ਾਲਸੇ ਦੀ ਸ਼ਾਨ ਸ਼ੌਕਤ ਲਈ ਲੜਨ ਦੀ ਸੌਂਹ ਖਾਧੀ। ਸਤਵੰਤ ਕੌਰ ਦੀ ਵੀ ਇਹੋ ਇੱਛਾ ਸੀ। ਇਸ ਲੜਕੀ ਦਾ ਅੰਮ੍ਰਿਤ ਛਕਣ ਬਾਅਦ ਨਾਂ ਤੇਜ ਕੌਰ ਰੱਖਿਆ ਗਿਆ ਅਤੇ ਇਸ ਨੇ ਵੀ ਇਹੋ ਸੌਂਹ ਖਾਧੀ।
ਆਗਾ ਖ਼ਾਨ ਜਿਹੜਾ ਹੁਣ ਅਲਾਂਬਾ ਸਿੰਘ ਸੀ, ਨੇ ਆਪਣੀ ਭੈਣ ਲੱਭੀ। ਸਤਵੰਤ ਕੌਰ ਖੰਨੇ ਵਿਖੇ ਆਪਣੇ ਮਾਪਿਆਂ ਨੂੰ ਆ ਕੇ ਮਿਲਦੀ ਹੈ। ਫ਼ਾਤਿਮਾ ਆਪਣੇ ਪਤੀ ਦੀ ਭਾਲ ਵਿਚ ਪੰਜਾਬ ਆਉਂਦੀ ਹੈ ਜੋ ਸਿੱਖਾਂ ਵਿਰੁੱਧ ਕੀਤੇ ਗਏ ਅਹਮਦ ਸ਼ਾਹ ਦੇ ਹਮਲੇ ਵਿਚ ਜਖ਼ਮੀ ਹੋ ਗਿਆ ਸੀ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹ ਸਤਵੰਤ ਕੌਰ ਨੂੰ ਮਿਲਦੀ ਹੈ, ਅੰਮ੍ਰਿਤ ਛਕ ਲੈਂਦੀ ਹੈ ਅਤੇ ਧਰਮ ਅਤੇ ਹਥਿਆਰਾਂ ਪੱਖੋਂ ਉਸ ਦੀ ਸਾਥਣ ਬਣ ਜਾਂਦੀ ਹੈ। ਸੁੰਦਰੀ ਅਤੇ ਬਿਜੈ ਸਿਘ ਦੇ ਬਿਪਰੀਤ ਸਤਵੰਤ ਕੌਰ ਦਾ ਕਥਾਨਕ ਇਤਿਹਾਸਿਕ ਭੁੱਲਾਂ ਨਾਲ ਭਰਪੂਰ ਹੈ। ਪਿਸ਼ਾਵਰ, ਬੋਧੀ ਵਿਹਾਰਾਂ ਅਤੇ ਮਰਾਠਿਆਂ ਦੇ ਵਾਪਸ ਪਰਤਣ ਦੇ ਇਤਿਹਾਸ ਦਾ ਜਿਨ੍ਹਾਂ ਅਧਿਆਵਾਂ ਵਿਚ ਜ਼ਿਕਰ ਕੀਤਾ ਗਿਆ ਹੈ ਉਹਨਾਂ ਦਾ ਸਮੇਂ ਦੇ ਇਤਿਹਾਸ ਨਾਲ ਕੋਈ ਸੰਬੰਧ ਨਹੀਂ ਹੈ। ਇਸ ਕਹਾਣੀ ਵਿਚ ਕਰਾਮਾਤੀ ਅਤੇ ਅਸਧਾਰਨ ਤੱਤ ਇਕ ਦੂਜੇ ਨਾਲ ਜੁੜੇ ਹੋਏ ਹਨ। ਸ਼ੈਲੀ ਅਲੰਕਾਰਿਕ ਹੈ। ਕਥਾਨਕ ਅਤੇ ਪਾਤਰ ਸਿੱਖ ਪਰੰਪਰਾ ਦੀ ਬਹਾਦਰੀ ਅਤੇ ਸਿੱਖ ਧਰਮ ਵਿਚ ਨੈਤਿਕਤਾ ਦਾ ਨਮੂਨਾ ਦਰਸਾਉਣ ਲਈ ਘੜ੍ਹੇ ਗਏ ਹਨ।
ਲੇਖਕ : ਮ.ਪ.ਕ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First